ਲੁਧਿਆਣਾ, (ਮਹੇਸ਼)- ਨਸ਼ੇ ਦੀ ਪੂਰਤੀ ਲਈ ਖਿਡੌਣਾ ਪਿਸਤੌਲ ਨਾਲ ਡਰਾ-ਧਮਕਾ ਕੇ ਦੋ ਦਰਜਨ ਤੋਂ ਵੱਧ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਸ ਦੇ ਨੱਕ ਵਿਚ ਦਮ ਕਰਨ ਵਾਲੇ ਦੋ ਬਦਮਾਸ਼ ਆਖਿਰਕਾਰ ਪੁਲਸ ਦੇ ਹੱਥੇ ਚੜ੍ਹ ਹੀ ਗਏ, ਜਿਨ੍ਹਾਂ ਕੋਲੋਂ ਲੁੱਟੇ ਗਏ 12 ਮੋਬਾਇਲ, ਖਿਡੌਣਾ ਪਿਸਤੌਲ ਤੇ ਵਾਰਦਾਤਾਂ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਖਿਲਾਫ ਸਲੇਮ ਟਾਬਰੀ ਥਾਣੇ ਵਿਚ ਲੁੱਟ-ਖੋਹ ਦਾ ਕੇਸ ਦਰਜ ਕੀਤਾ ਹੈ। ਅਸਿਸਟੈਂਟ ਪੁਲਸ ਕਮਿਸ਼ਨਰ ਸਚਿਨ ਗੁਪਤਾ ਤੇ ਸਲੇਮ ਟਾਬਰੀ ਪੁਲਸ ਸਟੇਸ਼ਨ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਦੀ ਪਛਾਣ ਸੇਖੇਵਾਲ ਰੋਡ ਦੇ ਸਰਵਾਨੰਦ ਕਾਲੋਨੀ ਇਲਾਕੇ ਦੇ ਲਵਲੀ ਕੁਮਾਰ ਉਰਫ ਮੋਨੂ ਤੇ ਪਿੰਡ ਭੱਟੀਆਂ ਦੀ ਚਿੱਟੀ ਕਾਲੋਨੀ ਦੇ ਮਨਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ।
ਬਰਾੜ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਨੇ ਇਕ ਦੇ ਬਾਅਦ ਇਕ ਤਾਬੜਤੋੜ ਦੋ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਾਰਾਬਾਰਾ ਰੋਡ, ਬਹਾਦੁਰ ਕੇ ਰੋਡ ਤੇ ਜਲੰਧਰ ਬਾਈਪਾਸ ਦੇ ਆਲੇ-ਦੁਆਲੇ ਲਗਦੇ ਇਲਾਕੇ ਵਿਚ ਦਹਿਸ਼ਤ ਮਚਾਈ ਹੋਈ ਸੀ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸਲੇਮ ਟਾਬਰੀ ਇਲਾਕੇ ਤੋਂ ਕਾਬੂ ਕੀਤਾ ਗਿਆ। ਅਮਨ ਨੇ ਦੱਸਿਆ ਕਿ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਦੋਵੇਂ ਦੋਸ਼ੀ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹਨ ਪਰ ਨਸ਼ੇ ਦੀ ਲੱਤ ਨੇ ਇਨ੍ਹਾਂ ਨੂੰ ਅਪਰਾਧ ਦੀ ਦਲ-ਦਲ ਵਿਚ ਧੱਕ ਦਿੱਤਾ। ਇਹ ਰਾਹਗੀਰਾਂ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਮੋਬਾਇਲ ਤੇ ਹੋਰ ਸਾਮਾਨ ਲੁੱਟ ਲੈਂਦੇ ਸਨ। ਲੁੱਟੇ ਗਏ ਮੋਬਾਇਲ ਨੂੰ 1000-1500 ਰੁਪਏ ਵਿਚ ਵੇਚ ਕੇ ਉਸ ਕੋਲੋਂ ਹਾਸਲ ਹੋਈ ਨਕਦੀ ਨਾਲ ਇਹ ਨਸ਼ਾ ਕਰਦੇ ਸਨ। ਜਾਂਚ ਦੌਰਾਨ ਇਨ੍ਹਾਂ ਨੇ ਦੋ ਦਰਜਨ ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਆਪਣੀ ਸਰਗਰਮੀ ਕਬੂਲ ਕੀਤੀ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਫਿਲਹਾਲ ਅਜੇ ਤੱਕ ਇਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ।
15 ਪੇਟੀਆਂ ਦੇਸੀ ਸ਼ਰਾਬ ਸਣੇ 1 ਕਾਬੂ
NEXT STORY