ਗੁਰਦਾਸਪੁਰ/ਕਾਹਨੂੰਵਾਨ, (ਵਿਨੋਦ, ਸੁਨੀਲ)— ਪਿਛਲੇ ਦਿਨੀਂ ਨੇੜਲੇ ਅੱਡਾ ਭੈਣੀ ਮੀਆਂ ਖਾਂ ਵਿਚ ਦੋ ਦੁਕਾਨਾਂ 'ਤੇ ਚੋਰੀ ਹੋ ਗਈ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਥਾਣਾ ਭੈਣੀ ਮੀਆਂ ਖਾਂ ਦੇ ਬਿਲਕੁਲ ਨੇੜੇ ਹਨ ਪਰ ਇਸਦੇ ਬਾਵਜੂਦ ਚੋਰਾਂ ਨੇ ਦੁਕਾਨਾਂ ਵਿਚ ਚੋਰੀ ਕੀਤੀ।
ਦੁਕਾਨਦਾਰ ਸੱਤੇ ਮੀਟ ਵਾਲੇ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸਿਓਂ ਸੰਨ੍ਹ ਲਾ ਕੇ ਦੁਕਾਨ ਵਿਚੋਂ 5-6 ਮੁਰਗਿਆਂ ਸਮੇਤ ਨਕਦੀ ਚੋਰੀ ਕਰ ਲਈ ਅਤੇ ਉਸਦਾ ਗੱਲਾ ਵੀ ਤੋੜ ਕੇ ਦੁਕਾਨ ਤੋਂ ਬਾਹਰ ਸੁੱਟ ਦਿੱਤਾ। ਇਸ ਤੋਂ ਪਹਿਲਾਂ ਵੀ ਚੋਰਾਂ ਵਲੋਂ ਸ਼ਟਰ ਤੋੜਨ ਦਾ ਯਤਨ ਕੀਤਾ ਗਿਆ ਸੀ।
ਇਸੇ ਤਰ੍ਹਾਂ ਥਾਣਾ ਦੀ ਕੰਧ ਨਾਲ ਲੱਗਦੀ ਦੁਕਾਨ ਆਜ਼ਾਦ ਰੈਡੀਮੇਡ ਹਾਊਸ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਰਾਤ ਦੇ ਸਮੇਂ ਉਸਦੀ ਦੁਕਾਨ ਦਾ ਸ਼ਟਰ ਤੋੜ ਦਿੱਤਾ ਅਤੇ ਦੁਕਾਨ ਦੇ ਅੱਗੇ ਲੱਗਿਆ ਸ਼ੀਸ਼ੇ ਦਾ ਦਰਵਾਜ਼ਾ ਵੀ ਪੱਥਰ ਮਾਰ ਕੇ ਤੋੜ ਦਿੱਤਾ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਥਾਣਾ ਭੈਣੀ ਮੀਆਂ ਖਾਂ ਨੂੰ ਚੋਰੀ ਦੀ ਜਾਣਕਾਰੀ ਦੇਣ ਗਏ ਤਾਂ ਥਾਣਾ ਇੰਚਾਰਜ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ਉਨ੍ਹਾਂ ਦੇ ਨਾਲ ਬਦਸਲੂਕੀ ਕੀਤਾ।
ਥਾਣਾ ਇੰਚਾਰਜ ਸਰਬਜੀਤ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦੀ ਅੱਡਾ ਮਾਰਕੀਟ ਦੇ ਪ੍ਰਧਾਨ ਨਾਲ ਹੋ ਰਹੀਆਂ ਚੋਰੀਆਂ 'ਤੇ ਲਗਾਮ ਲਾਉਣ ਸਬੰਧੀ ਗੱਲਬਾਤ ਹੋਈ ਸੀ ਅਤੇ ਫੈਸਲਾ ਲਿਆ ਗਿਆ ਸੀ ਕਿ ਬਾਜ਼ਾਰ ਵਿਚ ਰਾਤ ਦੇ ਸਮੇਂ ਇਕ ਚੌਕੀਦਾਰ ਦੀ ਬਜਾਏ ਦੋ ਚੌਕੀਦਾਰ ਰੱਖੇ ਜਾਣ। ਪੁਲਸ ਵੀ ਆਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ।
4 ਮੰਜ਼ਿਲਾ ਹੌਜ਼ਰੀ ਇਮਾਰਤ 'ਚ ਲੱਗੀ ਭਿਆਨਕ ਅੱਗ (ਵੀਡੀਓ)
NEXT STORY