ਅੰਮ੍ਰਿਤਸਰ, (ਮਮਤਾ)-' ਪ੍ਰੀ-ਬੋਰਡ ਤੋਂ ਵੀ ਸੌਖਾ ਸੀ ਅੱਜ ਦਾ ਪੇਪਰ ਪਰ ਅੱਗੇ ਵੇਖੋ ਕੀ ਹੁੰਦਾ ਹੈ।' ਅੱਜ ਸੀ. ਬੀ. ਐੱਸ. ਈ. ਬੋਰਡ ਦੀ 12ਵੀਂ ਦੀ ਪ੍ਰੀਖਿਆ ਦੇ ਕੇ ਕੇਂਦਰਾਂ ਤੋਂ ਬਾਹਰ ਨਿਕਲਦੇ ਵਿਦਿਆਰਥੀਆਂ ਦੇ ਚਿਹਰੇ 'ਤੇ ਖੁਸ਼ੀ ਦੇ ਨਾਲ-ਨਾਲ ਅੱਗੇ ਦੇ ਪੇਪਰਾਂ ਦੀ ਚਿੰਤਾ ਦੇ ਅਜਿਹੇ ਹੀ ਹਾਵ-ਭਾਵ ਦੇਖਣ ਨੂੰ ਮਿਲੇ।
ਜ਼ਿਲਾ ਅੰਮ੍ਰਿਤਸਰ ਵਿਚ ਅੱਜ ਵੱਖ-ਵੱਖ ਸਕੂਲਾਂ ਵਿਚ ਬਣੇ ਪ੍ਰੀਖਿਆ ਕੇਂਦਰਾਂ ਤੋਂ ਜਦੋਂ ਪ੍ਰੀਖਿਆ ਦੇ ਕੇ ਬੱਚੇ ਨਿਕਲੇ ਤਾਂ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਕਾਫ਼ੀ ਮੁਸ਼ਕਲ ਸਨ ਜਿਸ ਕਾਰਨ ਉਨ੍ਹਾਂ ਦੇ ਮਨ ਵਿਚ ਕਾਫ਼ੀ ਡਰ ਬਣਿਆ ਹੋਇਆ ਸੀ ਪਰ ਪੇਪਰ ਆਸਾਨ ਆਉਣ ਨਾਲ ਹੁਣ ਸਾਰਾ ਡਰ ਨਿਕਲ ਗਿਆ।
ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਸਾਰੇ ਸੈਂਟਰਾਂ ਵਿਚ ਪ੍ਰੀਖਿਆ ਸ਼ੁਰੂ ਹੋਈ ਅਤੇ ਡੇਢ ਵਜੇ ਦੇ ਕਰੀਬ ਸਮਾਪਤ ਹੋਈ। ਇਸ ਦੌਰਾਨ ਸੈਂਟਰਾਂ ਦੇ ਬਾਹਰ ਨਾ ਤਾਂ ਮਾਤਾ-ਪਿਤਾ ਨੂੰ ਖੜ੍ਹੇ ਹੋਣ ਦਿੱਤਾ ਜਦੋਂ ਕਿ ਸੈਂਟਰਾਂ ਦੇ ਅੰਦਰ ਦੂਜੇ ਸਕੂਲਾਂ ਤੋਂ ਬੱਚੇ ਲੈ ਕੇ ਆਏ ਅਧਿਆਪਕਾਂ ਨੂੰ ਵੀ ਨਹੀਂ ਦਾਖਲ ਹੋਣ ਦਿੱਤਾ ਗਿਆ।
ਡੇਟਸ਼ੀਟ ਸਬੰਧੀ ਅੰਸ਼ੁਲ, ਹਰਮਨ, ਅਨੁਜ, ਸੌਰਭ ਨੇ ਗੱਲਬਾਤ ਦੌਰਾਨ ਕਿਹਾ ਕਿ ਚਾਹੇ ਹੋਰ ਪੇਪਰਾਂ ਵਿਚ ਤਿੰਨ ਚਾਰ ਛੁੱਟੀਆਂ ਹਨ ਪਰ ਅਕਾਊਂਟਸ ਅਤੇ ਫਿਜ਼ਿਕਸ ਵਿਚ ਕੋਈ ਛੁੱਟੀ ਨਾ ਹੋਣ ਕਾਰਨ ਵੀ ਉਹ ਚਿੰਤਤ ਹੈ ਕਿ ਉਹ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨਗੇ। ਇਸੇ ਤਰ੍ਹਾਂ 10ਵੀਂ ਦੀ ਆਪਸ਼ਨਲ ਆਈ. ਟੀ. ਵਿਸ਼ੇ ਦੀ ਪ੍ਰੀਖਿਆ ਦੇ ਕੇ ਆਏ ਵਿਦਿਆਰਥੀਆਂ ਸੌਰਵ, ਪੀਊਸ਼, ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦਾ ਪੇਪਰ ਵੀ ਅੱਜ ਬਹੁਤ ਆਸਾਨ ਸੀ ਪਰ ਅੱਗੇ ਦੀ ਚਿੰਤਾ ਸਿਰ 'ਤੇ ਹੈ ਕਿ ਪੇਪਰ ਕਿਵੇਂ ਹੋਣਗੇ। ਵਿਦਿਆਰਥੀਆਂ ਨੇ ਦੱਸਿਆ ਕਿ ਸੈਂਟਰ ਦੂਜੇ ਸਕੂਲਾਂ ਵਿਚ ਹੋਣ ਦੇ ਕਾਰਨ ਉਨ੍ਹਾਂ ਨੂੰ ਪ੍ਰੀਖਿਆ ਦਾ ਕਾਫ਼ੀ ਡਰ ਸਤਾ ਰਿਹਾ ਸੀ ਪਰ ਸਟਾਫ ਦਾ ਰਵੱਈਆ ਕਾਫ਼ੀ ਸਹਿਯੋਗਾਤਮਕ ਹੋਣ ਕਾਰਨ ਉਨ੍ਹਾਂ ਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ।
ਹਾਦਸੇ 'ਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ
NEXT STORY