ਜਲੰਧਰ (ਵਿਸ਼ੇਸ਼)– ਰੂਸ-ਯੂਕ੍ਰੇਨ ਜੰਗ ਕਾਰਨ ਜਿੱਥੇ ਕਣਕ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ, ਉੱਥੇ ਹੀ ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਵਪਾਰੀ ਐੱਮ. ਐੱਸ. ਪੀ. ਤੋਂ ਵੱਧ ਕੀਮਤ ’ਤੇ ਖੇਤਾਂ ’ਚ ਹੀ ਕਿਸਾਨਾਂ ਤੋਂ ਕਣਕ ਖ਼ਰੀਦ ਰਹੇ ਹਨ। ਕਣਕ ਲਈ ਮਾਰਾਮਾਰੀ ਕੌਮਾਂਤਰੀ ਬਾਜ਼ਾਰ ’ਚ ਜ਼ਬਰਦਸਤ ਮੰਗ ਕਾਰਨ ਹੋ ਰਹੀ ਹੈ। ਇਸ ਦੀ ਕੀਮਤ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਮਾਹਿਰਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਜ਼ਿਆਦਾ ਮਾਤਰਾ ’ਚ ਐਕਸਪੋਰਟ ਹੋਣ ਕਾਰਨ ਕਣਕ ਦੀ ਕਿੱਲਤ ਹੋ ਸਕਦੀ ਹੈ।
ਦੇਸ਼ ’ਚ ਵੀ ਆ ਸਕਦਾ ਹੈ ਕਣਕ ਦਾ ਸੰਕਟ
ਇਕ ਮੀਡੀਆ ਰਿਪੋਰਟ ’ਚ ਓਰਿਗੋ ਕਮੋਡਿਟੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਬ੍ਰਿਜਰਾਜ ਸਿੰਘ ਦਾ ਕਹਿਣਾ ਹੈ ਕਿ ਭਵਿੱਖ ਦੀਆਂ ਉਲਟ ਸਥਿਤੀਆਂ ਨੂੰ ਵੇਖਦੇ ਹੋਏ ਸਰਕਾਰ ਨੂੰ ਕਣਕ ਦੇ ਐਕਸਪੋਰਟ ਸਬੰਧੀ ਮੁੜ-ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੇ ਕਣਕ ਦਾ ਐਕਸਪੋਰਟ ਚੱਲ ਰਿਹਾ ਹੈ ਪਰ ਅਜਿਹਾ ਵੀ ਹੋ ਸਕਦਾ ਹੈ ਕਿ 5-6 ਮਹੀਨੇ ਬਾਅਦ ਭਾਰਤ ਨੂੰ ਕਣਕ ਦਾ ਇੰਪੋਰਟ ਦੁੱਗਣੀ ਕੀਮਤ ’ਤੇ ਕਰਨਾ ਪੈ ਜਾਵੇ। ਇਸ ਵੇਲੇ ਦੇਸ਼ ਵਿਚ ਕਣਕ ਦੀ ਸਪਲਾਈ ਕਾਫ਼ੀ ਘੱਟ ਹੈ ਅਤੇ ਕਾਰੋਬਾਰੀਆਂ ਨੂੰ ਵੀ ਲੋੜੀਂਦੀ ਮਾਤਰਾ ’ਚ ਕਣਕ ਨਹੀਂ ਮਿਲ ਰਹੀ। ਕਣਕ ਦੀ ਪੈਦਾਵਾਰ ’ਚ ਕਮੀ ਅਤੇ ਪੀ. ਐੱਮ. ਗਰੀਬ ਕਲਿਆਣ ਯੋਜਨਾ ਨੂੰ 6 ਮਹੀਨੇ ਹੋਰ ਵਧਾ ਦੇਣ ਨਾਲ ਕਣਕ ਦੀ ਕਿੱਲਤ ਹੋ ਸਕਦੀ ਹੈ। ਇਸ ਦੇ ਨਾਲ ਹੀ ਜੇ ਕਿਤੇ ਕੋਵਿਡ ਦੀ ਲਹਿਰ ਮੁੜ ਆ ਗਈ ਤਾਂ ਸਰਕਾਰ ਕੋਲ ਗਰੀਬਾਂ ਨੂੰ ਵੰਡਣ ਲਈ ਕਣਕ ਦਾ ਸਟਾਕ ਵੀ ਨਹੀਂ ਬਚੇਗਾ।
ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਮੰਗ ਕਾਰਨ ਹੋਰ ਵਧ ਸਕਦੀਆਂ ਹਨ ਕੀਮਤਾਂ
ਆਉਣ ਵਾਲੇ ਦਿਨਾਂ ’ਚ ਦੇਸ਼ ਵਿਚ ਕਣਕ ਦੀਆਂ ਕੀਮਤਾਂ ’ਚ ਭਾਰੀ ਉਛਾਲ ਆ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਟੀਚਾ ਕਿਵੇਂ ਪੂਰਾ ਹੋਵੇਗਾ, ਇਹ ਵੀ ਵੱਡਾ ਸਵਾਲ ਹੈ। ਅਸਲ ’ਚ ਖੁੱਲ੍ਹੇ ਬਾਜ਼ਾਰ ’ਚ ਕਣਕ ਦੀ ਮੰਗ ਜ਼ਿਆਦਾ ਹੈ ਅਤੇ ਕਿਸਾਨਾਂ ਨੂੰ ਕੀਮਤ ਵੀ ਜ਼ਿਆਦਾ ਮਿਲ ਰਹੀ ਹੈ। ਅਜਿਹੀ ਹਾਲਤ ’ਚ ਕਿਸਾਨ ਸਰਕਾਰੀ ਏਜੰਸੀਆਂ ਦੀ ਬਜਾਏ ਨਿੱਜੀ ਕਾਰੋਬਾਰੀਆਂ ਨੂੰ ਕਣਕ ਦੀ ਵਿਕਰੀ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਸਾਲ ਕਣਕ ਦੀ ਸਰਕਾਰੀ ਖ਼ਰੀਦ ’ਚ 444 ਲੱਖ ਟਨ ਦਾ ਟੀਚਾ ਹੈ ਪਰ ਜਿਸ ਹਿਸਾਬ ਨਾਲ ਸਰਕਾਰ ਨੂੰ ਕਣਕ ਮਿਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਹ 300 ਲੱਖ ਟਨ ਤਕ ਹੀ ਪਹੁੰਚ ਸਕੇਗੀ।
ਸਰਕਾਰੀ ਖ਼ਰੀਦ 39 ਫ਼ੀਸਦੀ ਘਟੀ
17 ਅਪ੍ਰੈਲ ਤਕ ਕਣਕ ਦੀ ਖ਼ਰੀਦ 69.24 ਲੱਖ ਟਨ ਤਕ ਹੋ ਚੁੱਕੀ ਹੈ। ਇਹ ਸਾਲਾਨਾ ਆਧਾਰ ’ਤੇ 39 ਫ਼ੀਸਦੀ ਘੱਟ ਹੈ। ਇਕ ਸਾਲ ਪਹਿਲਾਂ ਇਸੇ ਮਿਆਦ ’ਚ 102 ਲੱਖ ਟਨ ਕਣਕ ਦੀ ਸਰਕਾਰੀ ਖ਼ਰੀਦ ਹੋਈ ਸੀ। ਸੂਬਾਵਾਰ ਅੰਕੜੇ ਵੇਖੀਏ ਤਾਂ ਮੱਧ ਪ੍ਰਦੇਸ਼ ’ਚ 8.99 ਲੱਖ ਟਨ, ਪੰਜਾਬ ’ਚ 32.17 ਲੱਖ ਟਨ, ਹਰਿਆਣਾ ’ਚ 27.76 ਲੱਖ ਟਨ ਅਤੇ ਉੱਤਰ ਪ੍ਰਦੇਸ਼ ’ਚ 0.30 ਲੱਖ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਟਾਂਡਾ: ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਧਾਹਾਂ ਮਾਰਦੀਆਂ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ ਵਿਦਾਈ
ਇਸ ਸਾਲ ਰਿਕਾਰਡ ਖ਼ਰੀਦ ਦਾ ਟੀਚਾ
ਓਰਿਗੋ ਕਮੋਡਿਟੀਜ਼ ਮੁਤਾਬਕ 1 ਅਪ੍ਰੈਲ 2022 ਤਕ ਭਾਰਤ ਸਰਕਾਰ ਕੋਲ ਕਣਕ ਦਾ ਕੈਰੀ ਫਾਰਵਰਡ ਸਟਾਕ ਸਾਲਾਨਾ ਆਧਾਰ ’ਤੇ 30.4 ਫ਼ੀਸਦੀ ਅਤੇ ਮਾਸਿਕ ਆਧਾਰ ’ਤੇ 19 ਫ਼ੀਸਦੀ ਘੱਟ ਸੀ। ਉਸ ਵੇਲੇ ਕਣਕ ਦੀ ਮਾਤਰਾ 18.99 ਮਿਲੀਅਨ ਟਨ ਸੀ। ਇਹ ਉਨ੍ਹਾਂ ਦੇ 20.5 ਮਿਲੀਅਨ ਟਨ ਦੇ ਅਨੁਮਾਨ ਨਾਲੋਂ ਵੀ ਕਾਫ਼ੀ ਘੱਟ ਹੈ। ਇਸ ਸਾਲ ਕੇਂਦਰ ਸਰਕਾਰ ਨੇ ਰਿਕਾਰਡ 444 ਲੱਖ ਟਨ ਕਣਕ ਦੀ ਸਰਕਾਰੀ ਖ਼ਰੀਦ ਦਾ ਟੀਚਾ ਤੈਅ ਕੀਤਾ ਹੈ। ਪਿਛਲੇ ਸਾਲ ਸਰਕਾਰ ਨੇ 433.44 ਲੱਖ ਟਨ ਕਣਕ ਖ਼ਰੀਦਣ ਦਾ ਟੀਚਾ ਰੱਖਿਆ ਸੀ ਪਰ ਸਰਕਾਰੀ ਖਰੀਦ ਘੱਟ ਹੈ ਕਿਉਂਕਿ ਕਿਸਾਨ ਸਰਕਾਰੀ ਖ਼ਰੀਦ ਕੇਂਦਰ ਦੇ ਬਦਲੇ ਕਾਰੋਬਾਰੀਆਂ ਨੂੰ ਕਣਕ ਵੇਚ ਰਹੇ ਹਨ।
ਗਰਮ ਮੌਸਮ ਨੇ ਘਟਾਈ ਪੈਦਾਵਾਰ
ਇਸ ਸਾਲ ਹੋਲੀ ਤੋਂ ਬਾਅਦ ਮੌਸਮ ਜ਼ਿਆਦਾ ਗਰਮ ਹੋ ਗਿਆ ਹੈ। ਇਹ ਮੌਸਮ ਕਣਕ ਪੱਕਣ ਦਾ ਹੈ। ਅਜਿਹੇ ਸਮੇਂ ’ਚ ਤਾਪਮਾਨ ਵਧਣ ਕਾਰਨ ਕਣਕ ਦੀ ਪੈਦਾਵਾਰ ’ਤੇ ਅਸਰ ਪਿਆ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਪ੍ਰਮੁੱਖ ਕਣਕ ਉਤਪਾਦਕ ਖੇਤਰਾਂ ਵਿਚ ਇਹ ਅਸਰ ਨਜ਼ਰ ਆ ਰਿਹਾ ਹੈ। ਬ੍ਰਿਜਰਾਜ ਸਿੰਘ ਮੁਤਾਬਕ ਫ਼ਸਲ ਸਾਲ 2022-23 ਵਿਚ ਕਣਕ ਦਾ ਉਤਪਾਦਨ ਪਹਿਲਾਂ ਦੇ 111.3 ਮਿਲੀਅਨ ਟਨ ਦੇ ਅਗਾਊਂ ਅਨੁਮਾਨ ਦੇ ਮੁਕਾਬਲੇ ਘਟ ਕੇ 95-100 ਮਿਲੀਅਨ ਟਨ ਰਹੇਗਾ। ਇਹ ਸਾਲ 2021-22 ਦੇ 109.5 ਮਿਲੀਅਨ ਟਨ ਉਤਪਾਦਨ ਦੇ ਮੁਕਾਬਲੇ ਘੱਟ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੀ ਐਡਵਾਈਜ਼ਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਤੋਂ 40 ਬੀਬੀਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
NEXT STORY