ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਚੀਨ ਦੇ ਵੂਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਵੇਲੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਹੈ। ਜਿੱਥੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉੱਥੇ ਹੀ ਇਸ ਬੀਮਾਰੀ ਸਬੰਧੀ ਦਹਿਸ਼ਤ ਅਤੇ ਇਸ ਦੀ ਦਵਾਈ ਲੱਭ ਲੈਣ ਦੇ ਦਾਅਵੇ ਵੀ ਤੇਜ਼ੀ ਨਾਲ ਫੈਲ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਸੱਚਾਈ ਅਤੇ ਭਰੋਸੇਯੋਗਤਾ ਦੀ ਬੇਸ਼ੱਕ ਕੋਈ ਪੁਸ਼ਟੀ ਨਹੀਂ ਹੈ ਪਰ ਦਹਿਸ਼ਤ ਦੇ ਇਸ ਮਾਹੌਲ ਵਿਚ ਇਨ੍ਹਾਂ ਦਾਅਵਿਆਂ ’ਤੇ ਯਕੀਨ ਹੋ ਜਾਣਾ ਸੁਭਾਵਿਕ ਹੁੰਦਾ।
ਇਨ੍ਹਾਂ ਦਾਅਵਿਆਂ ਦੀ ਕਤਾਰ ਵਿਚ ਚੀਨ ਹੀ ਸਭ ਤੋਂ ਮੋਹਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਮਹੀਨੇ ਚੀਨ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਉਸਨੇ ਇਕ ਦਵਾਈ ਦੀ ਖੋਜ ਕੱਢ ਲਈ ਹੈ। ਦਾਅਵੇ ਮੁਤਾਬਕ ਇਸ ਦਵਾਈ ਨੂੰ ਚੀਨ ਸੈਨਾ ਦੀ ਮੇਜਰ ਜਨਰਲ ਟੀਮ ਨੇ ਤਿਆਰ ਕੀਤਾ ਹੈ। ਇਹ ਉਹੀ ਟੀਮ ਸੀ ਜਿਸ ਨੇ ਕੁਝ ਸਾਲ ਪਹਿਲਾਂ ਸਾਰਸ ਅਤੇ ਈਬੋਲਾ ਜਿਹੀ ਖਤਰਨਾਕ ਬਿਮਾਰੀ ਤੋਂ ਬਚਣ ਦੇ ਲਈ ਦਵਾਈ ਬਣਾਈ ਸੀ।
ਇਸੇ ਤਰ੍ਹਾਂ ਦਾ ਦਾਅਵਾ ਥਾਈਲੈਂਡ ਦੇ ਡਾਕਟਰਾਂ ਨੇ ਵੀ ਕੀਤਾ। ਦਾਅਵੇ ਮੁਤਾਬਕ ਕੋਰੋਨਾ ਵਾਇਰਸ ਦੇ ਮਰੀਜ਼ ਦੇ 48 ਘੰਟੇ ਵਿਚ ਠੀਕ ਹੋਣ ਦੀ ਗੱਲ ਕੀਤੀ। ਡਾਕਟਰ ਕ੍ਰਿਏਨਸਾਕ ਮੁਤਾਬਕ ਉਸਨੇ ਕੋਰੋਨਾ ਵਾਇਰਸ ਤੋਂ ਪੀੜਤ 71 ਸਾਲ ਦੀ ਇੱਕ ਬਜ਼ੁਰਗ ਔਰਤ ਨੂੰ ਆਪਣੀ ਨਵੀਂ ਦਵਾਈ ਦੇ ਕੇ 48 ਘੰਟੇ ਵਿੱਚ ਠੀਕ ਕਰ ਦਿੱਤਾ। ਡਾਕਟਰ ਮੁਤਾਬਕ ਉਨਾਂ ਨੇ 'ਐਂਟੀ-ਫਲੂ ਡਰੱਗ ਓਸੇਲਟਾਮਿਵਿਰ ਨੂੰ ਐਚ.ਆਈ.ਵੀ. ਦੇ ਇਲਾਜ ਲਈ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ 'ਲੋਪਿਨਾਵਿਰ ਅਤੇ ਰਿਟੋਨਾਵਿਰ' ਨਾਲ ਮਿਲਾ ਕੇ ਤਿਆਰ ਕੀਤਾ ਹੈ।
ਇਸੇ ਤਰ੍ਹਾਂ ਦਵਾਈ ਬਣਾਉਣ ਦਾ ਇਕ ਦਾਅਵਾ ਪਿਛਲੇ ਦਿਨੀਂ ਪੀ.ਜੀ.ਆਈ. ਦੇ ਐਕਸਪੈਰੀਮੈਂਟਲ ਫਾਰਮੇਕੋਲਾਜੀ ਲੈਬਾਰਟਰੀ, ਡਿਪਾਰਟਮੈਂਟ ਆਫ਼ ਫਾਰਮੇਕੋਲਾਜੀ ਨੇ ਵੀ ਕੀਤਾ। ਦਾਅਵੇ ਮੁਤਾਬਕ ਪੀ.ਜੀ.ਆਈ. ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਦਵਾਈ ਲੱਭ ਲਈ ਹੈ, ਜਿਸ ਦਾ ਛੇਤੀ ਪ੍ਰੀਖਣ ਵੀ ਕੀਤਾ ਜਾਵੇਗਾ। ਇਸ ਅਨੁਸਾਰ ਪੰਜ ਅਜਿਹੇ ਪ੍ਰੋਟੀਨ ਖੋਜੇ ਗਏ ਹਨ, ਜੋ ਇਸ ਵਾਇਰਸ ਨੂੰ ਰੋਕਣ ਵਿਚ ਸਹਾਈ ਹਨ।
ਹੋਮਿਓਪੈਥੀ ਦਵਾਈ ਨਾਲ ਕੋਰੋਨਾ ਦੇ ਠੀਕ ਹੋਣ ਦੀ ਵਕਾਲਤ
ਕੁਝ ਦਿਨ ਪਹਿਲਾਂ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਹੋਮਿਓਪੈਥੀ ਅਤੇ ਯੂਨਾਨੀ ਦਵਾਈ ਦੀ ਕਰੋਨਾ ਵਾਇਰਸ ਦੇ ਤੋੜ ਵਜੋਂ ਵਕਾਲਤ ਕੀਤੀ ਸੀ। ਬਿਆਨ ਵਿਚ ਕਿਹਾ ਗਿਆ ਸੀ ਕਿ "ਕੋਰੋਨਾਵਾਇਰਸ ਦੀ ਲਾਗ ਦੀ ਰੋਕਥਾਮ ਲਈ ਹੋਮਿਓਪੈਥ ਅਤੇ ਯੂਨਾਨੀ ਦਵਾਈਆਂ ਲਾਭਦਾਇਕ ਹਨ। ਮੰਤਰਾਲੇ ਦਾ ਤਰਕ ਸੀ ਕਿ ਇਹ ਦਵਾਈਆਂ ਮਨੁੱਖ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਦੀਆਂ ਹਨ, ਜਿਸ ਕਾਰਨ ਵਾਇਰਸ ਦੀ ਲਾਗ ਨਹੀਂ ਲੱਗਦੀ।
ਸਿਹਤ ਮਾਹਰਾਂ ਦੀ ਕੀ ਹੈ ਰਾਇ
ਕੋਰੋਨਾ ਵਾਇਰਸ ਦੀ ਦਵਾਈ ਅਤੇ ਇਸ ਦਾਅਵਿਆਂ ਸਬੰਧੀ ਜਗਬਾਣੀ ਵੱਲੋਂ ਜਦੋਂ ਸਿਹਤ ਮਾਹਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਈ ਖੁਲਾਸੇ ਕੀਤੇ। ਗੱਲਬਾਤ ਦੌਰਾਨ ਹੋਮਿਓਪੈਥੀ ਮਾਹਰ ਡਾ. ਸਿਮਰਤ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ ਅਤੇ ਨਾ ਹੀ ਕੋਈ ਇਸਦੀ ਕੋਈ ਵਿਸ਼ੇਸ਼ ਦਵਾਈ ਹੈ। ਉਨ੍ਹਾਂ ਦੱਸਿਆ ਕਿ ਹੋਮਿਓਪੈਥੀ ਵਿਚ ਵੀ ਇਸ ਕੋਈ ਪੁਖਤਾ ਹੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੁਝ ਸਿਹਤ ਮਾਹਰਾਂ ਵੱਲੋਂ ਇਸ ਲਈ ਹੋਮਿਓਪੈਥੀ ਦਵਾਈ ‘ਆਰਸੈਨਿਕ ਐਲਬਮ’ ਦਿੱਤੀ ਜਾ ਰਹੀ ਹੈ, ਜੋ ਕਿ ਇਸਦੀ ਪੁਖਤਾ ਦਵਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ‘ਆਰਸੈਨਿਕ ਐਲਬਮ’ ਇਕ ਕਿਸਮ ਦਾ ਜ਼ਹਿਰ ਹੈ, ਜਿਸ ਨਾਲ ਇਮਿਊਨ ਸਿਸਟਮ ਥੋੜ੍ਹੇ ਸਮੇਂ ਲਈ ਕੁਝ ਮਜ਼ਬੂਤ ਹੋ ਸਕਦਾ ਹੈ ਪਰ ਇਹ ਇਸ ਸਹੀ ਹੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਾਇਰਸ ਦੀ ਪਛਾਣ ਕਾਫੀ ਹੱਦ ਤੱਕ ਹੋ ਚੁੱਕੀ ਅਤੇ ਜਲਦੀ ਹੀ ਇਸਦੀ ਸਹੀ ਦਵਾਈ ਵੀ ਹੋਂਦ ਵਿਚ ਆ ਜਾਵੇਗੀ।
ਜਾਣਬੁੱਝ ਕੇ ਫੈਲਾਈ ਜਾ ਰਹੀ ਹੈ ਕਰੋਨਾ ਦੀ ਦਹਿਸ਼ਤ : ਡਾ. ਅਜ਼ਾਦ
ਇਸ ਬਿਮਾਰੀ ਅਤੇ ਦਵਾਈ ਦੇ ਦਾਅਵਿਆਂ ਸਬੰਧ ਜਦੋਂ ਡਾ. ਅਮਰ ਸਿੰਘ ਅਜ਼ਾਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਿਮਾਰੀ ਓਨੀ ਭਿਆਨਕ ਨਹੀਂ ਹੈ, ਜਿੰਨੀ ਇਸ ਦੀ ਦਹਿਸ਼ਤ ਫੈਲਾਈ ਜਾ ਰਹੀ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਕਿ ਵੈਕਸੀਨ ਵੇਚਣ ਦੀ ਖਾਤਿਰ ਵੱਡੀਆਂ ਕੰਪਨੀਆਂ ਇਹ ਦਹਿਸ਼ਤ ਫੈਲਾਅ ਰਹੀਆਂ ਹੋਣ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਖਦਸ਼ਾ ਇਸ ਤੋਂ ਵੀ ਖੜ੍ਹਾ ਹੁੰਦਾ ਹੈ ਕਿ ਜਰਮਨ ਦੀ ਵਾਇਰਸ ਵੈਕਸਨ ਬਣਾਉਣ ਵਾਲੀ ਕੰਪਨੀ ਨੂੰ ਖਰੀਦਣ ਲਈ ਅਮਰੀਕਾ ਜੱਦੋਜ਼ਹਿਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ WHO ਦੀ ਰਿਪੋਰਟ ਮੁਤਾਬਕ ਵੱਖ-ਵੱਖ ਦੇਸ਼ਾਂ ਨੇ ਹੁਣ ਤੱਕ 178 ਕਿਸਮ ਦੇ ਵਾਇਰਸ ਦੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਇਹ ਸਾਰੇ ਵਾਇਰਸ ਇਕ ਦੂਜੇ ਤੋਂ ਭਿੰਨ ਹਨ। ਉਨ੍ਹਾਂ ਦੱਸਿਆ ਕਿ ਭਿੰਨ-ਭਿੰਨ ਕਿਸਮਾਂ ਦੇ ਇਨ੍ਹਾਂ ਵਾਇਰਸਾਂ ਲਈ ਵਿਸ਼ੇਸ਼ ਦਵਾਈ ਤਿਆਰ ਕਰਨਾ ਐਨਾ ਆਸਾਨ ਨਹੀਂ ਬਲਕਿ ਇਹ ਵੱਡਾ ਚੈਲਿੰਜ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਫਲੂ ਨਾਲ ਅਮਰੀਕਾ ਵਿਚ ਹਰ ਸਾਲ ਕਰੀਬ 35 ਹਜ਼ਾਰ ਲੋਕ ਮਰ ਜਾਂਦੇ ਹਨ ਫਿਰ ਇਸ ਵਾਇਰਸ ਲਈ ਐਨੀ ਦਹਿਸ਼ਤ ਕਿਉਂ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ, ਸਾਡੇ ਸਰੀਰ ਦੀ ਬਣਤਰ ਅਨੁਸਾਰ ਅਸੀਂ ਥੋੜ੍ਹੇ ਦਿਨਾਂ ਵਿਚ ਇਸ ਵਾਇਰਸ ਨਾਲ ਲੜਨ ਦੇ ਆਪਣੇ ਆਪ ਕਾਬਿਲ ਹੋ ਜਾਵਾਂਗੇ।
'ਕੋਵਿਡ-19 ਪਿੱਛੋਂ ਗੰਭੀਰ ਆਰਥਿਕ ਮੰਦੀ ਆਉਣ ਦੀ ਚੇਤਾਵਨੀ'
NEXT STORY