ਪਟਿਆਲਾ/ਰੱਖੜਾ (ਰਾਣਾ)-ਪਟਿਆਲਾ ਤੋਂ ਚੰਡੀਗੜ੍ਹ-ਰਾਜਪੁਰਾ ਰੋਡ 'ਤੇ ਸਥਿਤ ਪੇਂਡੂ ਬਲਾਕ ਤੇ ਪੰਚਾਇਤ ਵਿਭਾਗ ਪੰਚਾਇਤ ਸੰਮਤੀ ਸਨੌਰ ਦੇ ਮੁੱਖ ਦਫਤਰ ਅੱਗੇ ਸੜਕ ਨਾਲ ਲਗਦੀ ਕਰੋੜਾਂ ਰੁਪਏ ਦੀ ਸਰਕਾਰੀ ਜਾਇਦਾਦ 'ਤੇ ਕੰਡਿਆਲੀ ਤਾਰ ਲਾ ਕੇ ਤੂੜੀ ਦੇ ਸਟਾਲਾਂ ਨਾਲ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਸਾਰਾ ਨਜ਼ਾਰਾ ਤੱਕ ਰਿਹਾ ਹੈ।
ਜਦੋਂ ਪੱਕੇ ਤੌਰ 'ਤੇ ਇਸ ਜ਼ਮੀਨ 'ਤੇ ਕਬਜ਼ਾ ਬਰਕਰਾਰ ਹੋ ਜਾਵੇਗਾ, ਉਦੋਂ ਆਪਣੀ ਨੀਂਦ 'ਚੋਂ ਪ੍ਰਸ਼ਾਸਨ ਜਾਗੇਗਾ। ਜ਼ਿਕਰਯੋਗ ਹੈ ਕਿ ਜਮਾਬੰਦੀ 2006-07 ਅਨੁਸਾਰ ਮਾਲਕੀ ਖਾਨੇ ਵਿਚ ਸਰਕਾਰੀ ਮਾਲਕੀ ਦਾ ਇੰਦਰਾਜ ਦਰਜ ਹੈ। ਉਕਤ ਰਕਬੇ ਦਾ ਕਬਜ਼ਾ ਜਮਾਬੰਦੀ ਅਨੁਸਾਰ ਦਰਜ ਰਿਪੋਰਟ ਨੰਬਰ 15 ਮਿਤੀ. 11-09-2012 ਰਾਹੀਂ ਖਸਰਾ ਨੰਬਰ 2138/1308 ਰਕਬਾ 32 ਵਿੱਘੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਦਿੱਤਾ ਗਿਆ ਹੈ। ਇਹ ਰਕਬਾ ਜ਼ਿਲਾ ਪੰਚਾਇਤ ਤੇ ਵਿਕਾਸ ਅਫਸਰ ਪਟਿਆਲਾ ਦੀ ਨਿਗਰਾਨੀ ਹੇਠ ਪਿਛਲੇ ਕਾਫੀ ਸਮੇਂ ਤੱਕ ਪਸ਼ੂ ਮੇਲਾ ਗਰਾਊਂਡ ਲਈ ਵਰਤਿਆ ਜਾਂਦਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਜਗ੍ਹਾ 'ਤੇ ਕੋਈ ਮੰਡੀ ਨਹੀਂ ਲੱਗੀ। ਇਸ ਲਈ ਸਰਕਾਰ ਨੇ ਇਸ ਰਕਬੇ ਵਿਚੋਂ 2013 ਵਿਚ 2 ਏਕੜ ਰਕਬਾ ਪੰਚਾਇਤ ਸੰਮਤੀ ਸਨੌਰ ਦਾ ਦਫਤਰ ਬਣਾਉਣ ਲਈ ਦੇ ਦਿੱਤਾ, ਜਿਸ ਵਿਚ ਸਨੌਰ ਬਲਾਕ ਦਫਤਰ ਦੀ ਬਿਲਡਿੰਗ ਬਣ ਕੇ ਦਫਤਰ ਚਾਲੂ ਹੋ ਗਿਆ ਹੈ। ਇਸ ਬਿਲਡਿੰਗ ਤੋਂ ਬਾਹਰ 22 ਵਿੱਘੇ 8 ਬਿਸਵੇ ਰਕਬਾ ਬਚਦਾ ਹੈ, ਜਿਸ ਦੇ ਕੁਝ ਹਿੱਸੇ ਵਿਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਹੈ। ਉਥੇ ਹੀ ਨਾਜਾਇਜ਼ ਕਾਬਜ਼ਕਾਰਾਂ ਵੱਲੋਂ ਆਪਣੇ ਕਬਜ਼ੇ ਕਰਨ ਲਈ ਮੰਦਰ ਅਤੇ ਮਸਜਿਦ ਦੀ ਉਸਾਰੀ ਕਰਨ ਉਪਰੰਤ ਹੋਰ ਵੀ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਕੁਝ ਥਾਵਾਂ 'ਤੇ ਤੂੜੀ ਦੇ ਸਟਾਲ ਲਾ ਕੇ ਕੰਡਿਆਲੀ ਤਾਰ ਫੇਰ ਦਿੱਤੀ ਹੈ, ਜੋ ਕਿ ਪੂਰੀ ਤਰ੍ਹਾਂ ਨਾਜਾਇਜ਼ ਹੈ।
ਇਸ ਜਗ੍ਹਾ ਦੀ ਪੂਰੀ ਮਾਲਕੀ ਦਾ ਹੱਕ ਬਲਾਕ ਸੰਮਤੀ ਸਨੌਰ ਕੋਲ
ਪਟਿਆਲਾ-ਰਾਜਪੁਰਾ ਰੋਡ ਨੇੜੇ ਸਰਕਾਰੀ ਜਗ੍ਹਾ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਦੀ ਪੂਰੀ ਮਾਲਕੀ ਦਾ ਹੱਕ ਪੇਂਡੂ ਵਿਕਾਸ ਤੇ ਪੰਚਾਇਤ ਸੰਮਤੀ ਸਨੌਰ ਬਲਾਕ ਨੂੰ ਸੌਂਪਿਆ ਗਿਆ ਹੈ। ਦਿਨੋ-ਦਿਨ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਦੇਖਦੇ ਹੋਏ ਸਨੌਰ ਬਲਾਕ ਸੰਮਤੀ ਵੱਲੋਂ ਏ. ਡੀ. ਸੀ. ਵਿਕਾਸ ਅਤੇ ਡੀ. ਡੀ. ਪੀ. ਓ. ਪਟਿਆਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਨਾਜਾਇਜ਼ ਕਾਬਜ਼ਕਾਰਾਂ ਨੂੰ ਕੀਤਾ ਜਾਵੇਗਾ ਨੋਟਿਸ ਜਾਰੀ : ਢਿੱਲੋਂ
ਜਦੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਸਬੰਧੀ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਮਾਲਕੀ ਦੀ ਜ਼ਮੀਨ 'ਤੇ ਕਿਸੇ ਕਿਸਮ ਦਾ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਰਾਜਪੁਰਾ ਰੋਡ ਨੇੜੇ ਹੋਏ ਕਬਜ਼ਿਆਂ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਲਦ ਹੀ ਕਬਜ਼ੇ ਛੁਡਵਾਉਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕੇਜਰੀਵਾਲ ਸਮੱਸਿਆਵਾਂ ਦਾ ਹੱਲ ਬਾਹਰੋਂ ਨਾ ਲੱਭਣ : ਰਾਣਾ ਗੁਰਜੀਤ
NEXT STORY