ਜਲੰਧਰ, (ਬੁਲੰਦ)- ਨਿਗਮ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਸਮੇਂ ਬੇਹੱਦ ਹਾਸੋਹੀਣੀ ਬਣੀ ਹੋਈ ਹੈ। ਪਾਰਟੀ ਲਈ ਜਿੱਥੇ ਇਕ ਪਾਸੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਚਿੱਤ ਕਰਨ ਦੀ ਵਿਓਂਤਬੰਦੀ ਬਣਾਉਣੀ ਔਖੀ ਹੋ ਗਈ ਹੈ ਉਥੇ ਦੂਜੇ ਪਾਸੇ ਪਾਰਟੀ ਨੂੰ ਭਾਜਪਾ ਦੇ ਸਿਫਾਰਸ਼ੀ ਉਮੀਦਵਾਰਾਂ ਤੇ ਬਾਗੀ ਅਕਾਲੀ, ਆਜ਼ਾਦ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਮਨਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਪੈ ਰਿਹਾ ਹੈ। ਪਾਰਟੀ ਦੀ ਅੱਜ ਉਨ੍ਹਾਂ ਦੇ ਵਾਰਡ ਨੰਬਰ 42 ਤੋਂ ਉਮੀਦਵਾਰ ਵਿਜੇ ਸਹੋਤਾ ਨੇ ਨੱਕ ਕਟਵਾ ਦਿੱਤੀ। ਸਹੋਤਾ ਇਲਾਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਪਤਨੀ ਦੇ ਹੱਕ ਵਿਚ ਬੈਠ ਗਏ। ਜਿਸ ਨਾਲ ਅਕਾਲੀ ਦਲ ਨੂੰ ਡੂੰਘਾ ਸਦਮਾ ਲੱਗਾ ਹੈ। ਅਕਾਲੀ ਦਲ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਸ਼੍ਰੋਅਦ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਕਿਸੇ ਵੀ ਹਾਲਤ ਵਿਚ ਉਹ ਸੀਟ ਸਹੋਤਾ ਨੂੰ ਦੇਣਾ ਨਹੀਂ ਚਾਹੁੰਦੇ ਸਨ ਪਰ ਭਾਜਪਾ ਦੀ ਸਿਫਾਰਿਸ਼ 'ਤੇ ਉਨ੍ਹਾਂ ਨੂੰ ਇਹ ਵਾਰਡ ਵੀ ਅਕਾਲੀ ਦਲ ਵਿਚ ਲੈਣਾ ਪਿਆ ਤੇ ਇਕ ਦਲਿਤ ਆਗੂ ਦੀ ਸਿਫਾਰਿਸ਼ 'ਤੇ ਇਹ ਸੀਟ ਵੀ ਸਹੋਤਾ ਨੂੰ ਦੇਣੀ ਪਈ ਪਰ ਸਹੋਤਾ ਨੇ ਸਿੱਧਾ ਅਕਾਲੀ ਦਲ ਦੀਆਂ ਨੀਤੀਆਂ 'ਤੇ ਸਵਾਲ ਖੜ੍ਹਾ ਕਰਕੇ ਉਨ੍ਹਾਂ ਦੀ ਪਾਰਟੀ ਨੂੰ ਅਲਵਿਦਾ ਕਹਿ ਕੇ ਰਿੰਕੂ ਦੇ ਹੱਕ ਵਿਚ ਬੈਠ ਕੇ ਅਕਾਲੀ ਦਲ ਨੂੰ ਡੂੰਘੀ ਸੱਟ ਮਾਰੀ ਹੈ।
ਇਸੇ ਤਰ੍ਹਾਂ ਪਾਰਟੀ ਦਾ ਅੱਜ ਸਾਰਾ ਦਿਨ ਬਾਗੀ ਤੇ ਨਾਰਾਜ਼ ਵਰਕਰਾਂ ਤੇ ਆਗੂਆਂ ਨੂੰ ਮਨਾਉਣ ਵਿਚ ਹੀ ਬੀਤਿਆ। ਵਾਰਡ ਨੰਬਰ 8 ਤੇ 12 ਤੋਂ ਬਲਬੀਰ ਬਿੱਟੂ ਤੇ ਉਨ੍ਹਾਂ ਦੀ ਪਤਨੀ ਨੂੰ ਟਿਕਟ ਦੇਣ ਤੋਂ ਨਾਰਾਜ਼ ਇਲਾਕੇ ਦੇ ਅਕਾਲੀ ਆਗੂਆਂ ਵੱਲੋਂ ਵਰਕਰਾਂ ਨੂੰ ਅੱਜ ਸਾਰਾ ਦਿਨ ਅਕਾਲੀ ਦਲ ਦੇ ਵੱਡੇ ਨੇਤਾ ਮਨਾਉਂਦੇ ਰਹੇ। ਇਸੇ ਤਰ੍ਹਾਂ ਗੋਲਡੀ ਭਾਟੀਆ ਨੂੰ ਬੀਬੀ ਜਾਗੀਰ ਕੌਰ ਤੋਂ ਲੈ ਕੇ ਬਿਕਰਮ ਮਜੀਠੀਆ ਤੱਕ ਦੇ ਸੰਦੇਸ਼ ਆਏ ਪਰ ਗੋਲਡੀ ਆਜ਼ਾਦ ਚੋਣ ਲੜਨ 'ਤੇ ਅੜੇ ਹੋਏ ਹਨ, ਜਿਸ ਨਾਲ ਪਾਰਟੀ ਦੀ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ।
ਵਾਰਡ ਨੰਬਰ 50 ਤੇ 51 ਤੋਂ ਪਾਰਟੀ ਦੇ ਡਿਪਟੀ ਮੇਅਰ ਰਹੇ ਓਬਰਾਏ ਪਤੀ-ਪਤਨੀ ਨੇ ਅਕਾਲੀ ਤੇ ਭਾਜਪਾ ਦੋਵਾਂ ਪਾਰਟੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਥੇ ਨਾ ਸਿਰਫ ਅਕਾਲੀ ਦਲ ਦੀ, ਸਗੋਂ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਸਾਖ ਦਾਅ 'ਤੇ ਹੈ। ਜੇਕਰ ਓਬਰਾਏ ਪਤੀ-ਪਤਨੀ ਨੂੰ ਬੜ੍ਹਤ ਮਿਲਦੀ ਹੈ ਤਾਂ ਇਸ ਨਾਲ ਸੈਂਟਰਲ ਹਲਕੇ ਵਿਚ ਮਨੋਰੰਜਨ ਕਾਲੀਆ ਦੀ ਸਾਖ ਨੂੰ ਧੱਕਾ ਲੱਗੇਗਾ ਕਿਉਂਕਿ ਕਾਲੀਆ ਦੇ ਕਹਿਣ 'ਤੇ ਹੀ ਅਕਾਲੀ ਦਲ ਨੇ ਓਬਰਾਏ ਦੀ ਟਿਕਟ ਕੱਟੀ ਹੈ। ਅਕਾਲੀ ਦਲ ਵਿਚ ਇਹ ਆਮ ਚਰਚਾ ਦਾ ਵਿਸ਼ਾ ਹੈ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਇੰਨੀਆਂ ਪ੍ਰੇਸ਼ਾਨੀਆਂ ਤੋਂ ਖੁਦ ਨੂੰ ਬਚਾਅ ਕੇ ਕਿਵੇਂ ਚੰਗੇ ਨਤੀਜੇ ਸਾਹਮਣੇ ਲਿਆਉਂਦਾ ਹੈ।
ਆਮ ਆਦਮੀ ਪਾਰਟੀ ਦੇ ਵਫਦ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ
NEXT STORY