ਫਿਰੋਜ਼ਪੁਰ,(ਹਰਚਰਨ, ਬਿੱਟੂ)- ਜਦੋਂ ਕਿਤੇ ਅਚਾਨਕ ਹਾਦਸਾ ਵਾਪਰਦਾ ਹੈ ਤਾਂ ਸਰਕਾਰਾਂ ਦੇ ਨੁਮਾਇਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਲਈ ਪਹੁੰਚ ਜਾਂਦੇ ਹਨ ਪਰ ਜਿਸ ਕਾਰਨ ਕਰਕੇ ਹਾਦਸਾ ਵਾਪਰਦਾ ਹੈ, ਉਸ ਵੱਲ ਜ਼ਰਾ ਵੀ ਧਿਆਨ ਨਹੀਂ ਦਿੱਤਾ ਜਾਂਦਾ। ਵਾਰ-ਵਾਰ ਸਮਾਜ ਸੇਵੀ ਸੰਸਥਾ ਵੱਲੋਂ ਅਤੇ ਅਖਬਾਰਾਂ ਵਿਚ ਖਬਰਾਂ ਲਗਾ ਕੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਦਾ ਸੁਧਾਰ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਪਿੰਡ ਝੋਕ ਹਰੀਹਰ ਨਜ਼ਦੀਕ ਫਿਰੋਜ਼ਪੁਰ ਫੀਡਰ ਨਹਿਰ ਨਿਕਲਦੀ ਹੈ, ਜਿਸ ਦੇ ਪੁਲ ਦੀ ਚੌੜਾਈ ਘੱਟ ਹੋਣ ਕਰਕੇ ਕੁਝ ਸਮਾਂ ਪਹਿਲਾਂ ਕਿਸੇ ਵਾਹਨ ਨੂੰ ਕਰਾਸ ਕਰਦਿਆਂ ਇਸ ਪੁਲ 'ਤੇ ਪਾਈਪਾਂ ਦਾ ਭਰਿਆ ਟਰੱਕ ਫਸ ਗਿਆ ਸੀ। ਭਾਵੇਂ ਉਸ ਸਮੇਂ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਪੁਲ ਦੀ ਰੇਲਿੰਗ ਜ਼ਰੂਰ ਟੁੱਟ ਗਈ ਸੀ।
ਇਸ ਨੂੰ ਦੇਖਦੇ ਹੋਏ 'ਜਗ ਬਾਣੀ' ਅਖਬਾਰ ਵਿਚ 17 ਮਈ 2017 ਨੂੰ 'ਫਿਰੋਜ਼ਪੁਰ ਬਾਣੀ' ਦੇ ਪਹਿਲੇ ਪੇਜ 'ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮਹਿਕਮੇ ਨਾਲ ਸਬੰਧਿਤ ਕਿਸੇ ਅਧਿਕਾਰੀ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਇਸ ਰੋਡ ਉਪਰੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਹੁਣ ਧੁੰਦ ਦਾ ਸਮਾਂ ਆਉਣ ਵਾਲਾ ਹੈ। ਜੇਕਰ ਇਸ ਵੱਲ ਛੇਤੀ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਕੀ ਹੈ ਲੋਕਾਂ ਦੀ ਮੰਗ
ਇਲਾਕੇ ਦੇ ਮੋਹਤਬਰ ਬੰਦਿਆਂ ਵਿਰਸਾ ਸਿੰਘ ਚੂਹੜ ਖਿਲਚੀ, ਦਿਆਲ ਚੰਦ ਸ਼ਰਮਾ ਬਜੀਦਪੁਰ, ਬਖਤੌਰ ਸਿੰਘ ਢਿੱਲੋਂ ਬਸਤੀ ਨੱਥੇਸ਼ਾਹ, ਰਣਜੀਤ ਸਿੰਘ ਸਾਮਾਂ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਸਰੰਪਚ ਰੁਕਨਾ ਮੂੰਗਲਾ, ਗੁਰਦਿਆਲ ਸਿੰਘ ਨਸੀਰਾ ਖਿਲਚੀ, ਬੇਅੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਉਪਲ, ਨਿਰਮਲ ਸਿੰਘ ਸੰਧੂ ਝੋਕ ਹਰੀਹਰ, ਜੋਗਿੰਦਰ ਸਿੰਘ ਮਾਣਕ ਨੂਰਪੁਰ ਸੇਠਾਂ, ਧਰਮਿੰਦਰ ਸਿੰਘ ਬੱਬੂ ਪੰਚ ਨੂਰਪੁਰ ਸੇਠਾਂ, ਗੁਰਭੇਜ ਸਿੰਘ ਠੇਕੇਦਾਰ, ਹਰਜਿੰਦਰ ਸਿੰਘ ਪਹਾੜ, ਸੁਖਦੇਵ ਸਿੰਘ ਝੋਕ ਹਰੀਹਰ, ਜੀਤ ਸਿੰਘ ਨੰਬਰਦਾਰ ਧੀਰਾ ਪੱਤਰਾ, ਸਰੂਪ ਸਿੰਘ ਸੰਧੂ, ਵਿਜੇ ਸ਼ਰਮਾ ਅਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀਆਂ ਟੁੱਟੀਆਂ ਗਰਿਲਾਂ ਨੂੰ ਤੁਰੰਤ ਲਾਇਆ ਜਾਵੇ।
ਜਬਰ-ਜ਼ਨਾਹ ਕਰਨ ਸਬੰਧੀ 2 ਖਿਲਾਫ ਮਾਮਲਾ ਦਰਜ
NEXT STORY