ਟਾਂਡਾ (ਵਰਿੰਦਰ ਪੰਡਿਤ)— ਟਾਂਡਾ ਦੇ ਪਿੰਡ ਮਿਆਣੀ, ਕਾਹਲਵਾਂ, ਬੱਲੜਾ, ਕਮਾਲਪੁਰ ਅਤੇ ਇਬਰਾਹਿਮਪੁਰ ਦੇ ਖੇਤਾਂ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਭਿਆਨਕ ਅੱਗ ਲੱਗਣ ਦੇ ਕਾਰਨ 122 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਗਈ। ਦੇਖਦੇ ਹੀ ਦੇਖਦੇ ਹੀ ਭਿਆਨਕ ਰੂਪ ਧਾਰ ਚੁੱਕੀ ਅੱਗ ਨੇ ਕਰੀਬ 800 ਏਕੜ ਨਾੜ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਦੁਪਹਿਰ ਕਰੀਬ 2 ਵਜੇ ਨੂੰ ਲੱਗੀ।
ਅੱਗ ਦੁਪਹਿਰ ਦੋ ਵਜੇ ਪਿੰਡ ਇਬ੍ਰਾਹਿਮਪੁਰ ਦੇ ਧੁੱਸੀ ਬੰਨ੍ਹ ਨਜ਼ਦੀਕ ਖੇਤਾਂ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਤੇਜ਼ ਹਵਾ ਕਾਰਨ ਇਹ ਭਿਆਨਕ ਰੂਪ ਧਾਰਨ ਕਰ ਕੇ ਕਾਹਲਵਾਂ, ਬਲੜਾ, ਮਿਆਣੀ, ਅਬਦੁੱਲਾਪੁਰ, ਤੱਲਾ ਮੱਦਾ, ਕਮਾਲਪੁਰ ਅਤੇ ਗਿਲਜੀਆਂ ਪਿੰਡਾਂ ਦੇ ਖੇਤਾਂ 'ਚ ਫੈਲ ਗਈ। ਉਕਤ ਪਿੰਡਾਂ ਦੇ ਲੋਕਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਅੱਗ ਅੱਗੇ ਲਾਚਾਰ ਦਿਸੇ ਅਤੇ ਕਈ ਕਿਸਾਨਾਂ ਦੇ ਸਾਹਮਣੇ ਹੀ ਉਨ੍ਹਾਂ ਦੀ ਫਸਲ ਸੜ ਕੇ ਸੁਆਹ ਹੋ ਗਈ। ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਹੋਈ ਪਰ ਇਸ ਤੋਂ ਪਹਿਲਾਂ ਅੱਗ ਦੇ ਕਹਿਰ ਨਾਲ ਉਕਤ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੀ 122 ਏਕੜ ਤੋਂ ਜ਼ਿਆਦਾ ਕਣਕ ਦੀ ਫਸਲ ਤੇ 800 ਏਕੜ ਤੋਂ ਜ਼ਿਆਦਾ ਨਾੜ ਸੜ ਕੇ ਸੁਆਹ ਹੋ ਗਿਆ ਸੀ।
ਕਿੰਝ ਲੱਗੀ ਅੱਗ
ਅੱਗ ਕਿੰਝ ਲੱਗੀ ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਮੌਕੇ 'ਤੇ ਮੌਜੂਦ ਕਿਸਾਨਾਂ ਤੋਂ ਵੱਖੋ-ਵੱਖਰੀ ਮਿਲੀ ਅਪੁਸ਼ਟ ਜਾਣਕਾਰੀ ਮੁਤਾਬਕ ਅੱਗ ਪਿੰਡ ਇਬ੍ਰਾਹਿਮਪੁਰ ਮੰਡ ਤੋਂ ਸ਼ੁਰੂ ਹੋਈ। ਕਿਸੇ ਕੰਬਾਈਨ ਤੋਂ ਹੋਈ ਸਪਾਰਕਿੰਗ ਜਾਂ ਕਿਸੇ ਕਿਸਾਨ ਵੱਲੋਂ ਨਾੜ ਨੂੰ ਲਾਈ ਅੱਗ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਸੀ।
ਕਿਨ੍ਹਾਂ ਕਿਸਾਨਾਂ ਦਾ ਹੋਇਆ ਨੁਕਸਾਨ
ਅੱਗ ਲੱਗਣ ਨਾਲ ਮਿਆਣੀ ਨਿਵਾਸੀ ਕਿਸਾਨਾਂ 'ਚੋਂ ਦਲੇਰ ਸਿੰਘ ਪੁੱਤਰ ਬਲਬੀਰ ਸਿੰਘ ਦੀ ਲਗਭਗ 20 ਏਕੜ, ਸਵਰਨ ਸਿੰਘ ਪੁੱਤਰ ਜਿੰਦਾ ਸਿੰਘ ਦੀ 6 ਏਕੜ, ਲਖਵਿੰਦਰ ਸਿੰਘ ਪੁੱਤਰ ਮੁਬਾਰਕ ਸਿੰਘ ਦੀ 3 ਏਕੜ, ਸੁਰਿੰਦਰ ਸਿੰਘ ਬਾਲੂ ਦੀ 5 ਏਕੜ, ਜੋਗਿੰਦਰ ਸਿੰਘ ਫੌਜੀ ਪੁੱਤਰ ਰੂੜ ਸਿੰਘ ਦੀ 22 ਏਕੜ, ਸਰਬਜੀਤ ਸਿੰਘ ਪੁੱਤਰ ਪੂਰਨ ਸਿੰਘ ਦੀ 8 ਏਕੜ ਅਤੇ ਰਣਵੀਰ ਸਿੰਘ ਬਿੱਲਾ ਦੀ ਲਗਭਗ 6 ਕਨਾਲ ਕਣਕ ਦੀ ਫਸਲ ਨਸ਼ਟ ਹੋਈ। ਇਸੇ ਤਰ੍ਹਾਂ ਇਬ੍ਰਾਹਿਮਪੁਰ ਪਿੰਡ ਦੇ ਕਿਸਾਨਾਂ ਮੋਹਨ ਸਿੰਘ ਪਟਵਾਰੀ ਪੁੱਤਰ ਵਰਿਆਮ ਸਿੰਘ ਦੀ ਲਗਭਗ 18 ਏਕੜ, ਜਰਨੈਲ ਸਿੰਘ ਦੀ 12 ਏਕੜ, ਸੁਰਿੰਦਰ ਸਿੰਘ ਪੁੱਤਰ ਕਾਕਾ ਸਿੰਘ ਦੀ ਡੇਢ ਏਕੜ, ਸੁਰਿੰਦਰ ਸਿੰਘ ਪੁੱਤਰ ਦੇਵਾ ਸਿੰਘ ਦੀ ਡੇਢ ਏਕੜ, ਰੁਲਦਾ ਸਿੰਘ ਦੀ 8 ਏਕੜ, ਬਲਕਾਰ ਸਿੰਘ ਪੁੱਤਰ ਬੰਤਾ ਸਿੰਘ ਦੀ 3 ਏਕੜ ਅਤੇ ਕਮਾਲਪੁਰ ਨਿਵਾਸੀ ਕਿਸਾਨ ਨੰਬਰਦਾਰ ਕ੍ਰਿਸ਼ਨ ਸਿੰਘ ਦੀ 8 ਏਕੜ ਕਣਕ ਦੀ ਫਸਲ ਨਸ਼ਟ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਹੋਰ ਪਿੰਡਾਂ ਦੇ ਵੀ ਕੁਝ ਕਿਸਾਨਾਂ ਦੀ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹੀ ਹੈ।
ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਦੇ ਲੇਟ ਪਹੁੰਚਣ ਕਾਰਨ ਲੋਕਾਂ 'ਚ ਰੋਸ
ਅੱਗ ਨਾਲ ਹੋਈ ਫਸਲ ਦੀ ਤਬਾਹੀ ਦਾ ਮੰਜ਼ਰ ਦੇਖਣ ਵਾਲੇ ਕਿਸਾਨਾਂ 'ਚ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨਕ ਅਧਿਕਾਰੀਆਂ ਦੇ ਲੇਟ ਪਹੁੰਚਣ ਕਾਰਨ ਰੋਸ ਦਿਸਿਆ। ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਦਸੂਹਾ ਅਤੇ ਨਾਇਬ ਤਹਿਸੀਲਦਾਰ ਟਾਂਡਾ ਵਰਿੰਦਰ ਭਾਟੀਆ ਨੇ ਪਹੁੰਚ ਕੇ ਜਾਇਜ਼ਾ ਲਿਆ। ਅੱਗ ਲੱਗਣ ਨਾਲ ਹੋਏ ਨੁਕਸਾਨ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਦੇ ਲੇਟ ਪਹੁੰਚਣ ਬਾਰੇ ਜਦੋਂ ਡੀ. ਸੀ. ਹੁਸ਼ਿਆਰਪੁਰ ਈਸ਼ਾ ਕਾਲੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦਾ ਪਤਾ ਕਰਵਾਉਣਗੇ ਅਤੇ ਜਲਦ ਨੁਕਸਾਨ ਦੀ ਰਿਪੋਰਟ ਤਿਆਰ ਕਰਵਾ ਕੇ ਕਿਸਾਨਾਂ ਦੀ ਮਦਦ ਲਈ ਸਰਕਾਰ ਨੂੰ ਭੇਜਣਗੇ।
ਰੂਹ ਕੰਬਾਊ ਵਾਰਦਾਤ : ਤਾਂਤਰਿਕ ਨੇ 3 ਸਾਲਾ ਬੱਚੇ ਦੀ ਦਿੱਤੀ ਬਲੀ
NEXT STORY