ਹੁਸ਼ਿਆਰਪੁਰ/ਤਲਵਾੜਾ— ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਦੋ ਬੱਚੀਆਂ ਦੀ ਮਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਤਲਵਾੜਾ ਪੁਲਸ ਨੇ ਵਿਆਹੁਤਾ ਦੇ ਪਤੀ, ਸਹੁਰਾ ਅਤੇ ਸੱਸ ਖਿਲਾਫ ਕੇਸ ਦਰਜ ਕਰ ਲਿਆ ਹੈ। ਵਿਆਹੁਤਾ ਦੇ ਪਿਤਾ ਪਿਆਰੇ ਲਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਲੜਕੀ ਅਨੀਤਾ ਰਾਣੀ ਦਾ ਵਿਆਹ ਪ੍ਰਦੀਪ ਕੁਮਾਰ ਪੁੱਤਰ ਹੁਸ਼ਿਆਰ ਸਿੰਘ ਵਾਸੀ ਮੁਹੱਲਾ ਦੋਸੜਕਾ (ਤਲਵਾੜਾ) ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ। ਘਰੇਲੂ ਕਲੇਸ਼ ਕਾਰਨ ਪਿਛਲੇ ਕਰੀਬ 5-6 ਮਹੀਨਿਆਂ ਤੋਂ ਅਨੀਤਾ ਰਾਣੀ ਪੇਕੇ ਘਰ ਰਹਿ ਰਹੀ ਸੀ। ਕਰੀਬ 15 ਦਿਨ ਪਹਿਲਾਂ ਉਸ ਦੀ ਨਨਾਣ ਪਰਵਿੰਦਰ ਅਤੇ ਉਸ ਦਾ ਪਤੀ ਭੂਸ਼ਨ ਉਸ ਨੂੰ ਆਪਣੀ ਜ਼ਿੰਮੇਵਾਰੀ 'ਤੇ ਸਹੁਰਾ ਘਰ ਲੈ ਗਏ ਸਨ। 27 ਅਗਸਤ ਨੂੰ ਰਾਤ ਕਰੀਬ ਸਾਢੇ ਅੱਠ ਵਜੇ ਪ੍ਰਦੀਪ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਅਨੀਤਾ ਰਾਣੀ ਨੇ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਪਿਆਰੇ ਲਾਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਲੜਕੇ ਅਮਨ ਕੁਮਾਰ ਨਾਲ ਦੋਸੜਕਾ ਪਹੁੰਚੇ ਤਾਂ ਅਨੀਤਾ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਮਾਪਿਆਂ ਨੇ ਮਾਮਲੇ ਦੀ ਫਾਰੈਂਸਿਕ ਜਾਂਚ ਦੀ ਮੰਗ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ 3 ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਜਦਕਿ ਪਰਿਵਾਰਕ ਮੈਂਬਰ ਨੇ ਦੋਬਾਰਾ ਪੋਸਟਮਾਰਟਮ ਦੀ ਮੰਗ ਕਰਦੇ ਹੋਏ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ 24 ਘੰਟਿਆਂ 'ਚ ਗ੍ਰਿਫਤਾਰ (ਵੀਡੀਓ)
NEXT STORY