ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਅਕਸਰ ਇਹ ਮੰਨਿਆ ਜਾਂਦਾ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਜਨਪ੍ਰਤੀਨਿਧੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੇ ਹਨ। ਖ਼ਾਸ ਕਰਕੇ ਵੀ.ਆਈ.ਪੀ. ਕਲਚਰ ਅਤੇ ਸੁਰੱਖਿਆ ਘੇਰਿਆਂ ਦੇ ਇਸ ਦੌਰ ਵਿੱਚ ਕਿਸੇ ਆਮ ਨਾਗਰਿਕ ਲਈ ਆਪਣੇ ਵਿਧਾਇਕ ਨਾਲ ਅੱਧੀ ਰਾਤ ਨੂੰ ਰਾਬਤਾ ਕਾਇਮ ਕਰਨਾ ਇੱਕ ਸੁਪਨੇ ਵਰਗਾ ਲੱਗਦਾ ਹੈ। ਪਰ ਬਰਨਾਲਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬੀਤੀ ਰਾਤ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਸਿਆਸਤ ਵਿੱਚ ਨਿਮਰਤਾ ਅਤੇ ਆਮ ਲੋਕਾਂ ਪ੍ਰਤੀ ਪਿਆਰ ਦੀ ਇੱਕ ਨਵੀਂ ਪਰਿਭਾਸ਼ਾ ਲਿਖ ਦਿੱਤੀ ਹੈ। ਵਿਧਾਇਕ ਕਾਲੇ ਢਿੱਲੋਂ ਨੇ ਅੱਧੀ ਰਾਤ ਨੂੰ ਇੱਕ 3.5 ਸਾਲ ਦੇ ਬੱਚੇ ਦੀ ਮਾਸੂਮ ਜਿੱਦ ਨੂੰ ਪੂਰਾ ਕਰਨ ਲਈ ਨਾ ਸਿਰਫ਼ ਆਪਣਾ ਰੁਤਬਾ ਪਾਸੇ ਰੱਖਿਆ, ਬਲਕਿ ਇਹ ਵੀ ਸਾਬਤ ਕਰ ਦਿੱਤਾ ਕਿ ਉਹ ਜਨਤਾ ਦੇ ਦਿਲਾਂ 'ਤੇ ਰਾਜ ਕਿਉਂ ਕਰਦੇ ਹਨ।
ਫੇਸਬੁੱਕ ਦੀ ਫੋਟੋ ਤੋਂ ਸ਼ੁਰੂ ਹੋਈ ਮਾਸੂਮ ਦੀ ਜਿੱਦ
ਮਿਲੀ ਜਾਣਕਾਰੀ ਅਨੁਸਾਰ, ਇਹ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਬੀਤੀ ਰਾਤ ਤਕਰੀਬਨ 11 ਵਜੇ ਵਾਪਰੀ। ਬਰਨਾਲਾ ਦੇ ਇੱਕ ਸਥਾਨਕ ਨਿਵਾਸੀ ਆਪਣੇ ਸਾਢੇ ਤਿੰਨ ਸਾਲ ਦੇ ਬੇਟੇ ਮਯੂਰ ਗੁਪਤਾ (ਜਿਸ ਨੂੰ ਪਿਆਰ ਨਾਲ 'ਮੈਰੀ' ਕਿਹਾ ਜਾਂਦਾ ਹੈ) ਦੇ ਨਾਲ ਮੋਬਾਈਲ 'ਤੇ ਫੇਸਬੁੱਕ ਸਕ੍ਰੋਲ ਕਰ ਰਹੇ ਸਨ। ਇਸੇ ਦੌਰਾਨ ਸਕ੍ਰੀਨ 'ਤੇ ਹਲਕਾ ਵਿਧਾਇਕ ਕਾਲੇ ਢਿੱਲੋਂ ਦੀ ਇੱਕ ਤਸਵੀਰ ਸਾਹਮਣੇ ਆਈ। ਤਸਵੀਰ ਦੇਖਦੇ ਹੀ ਮਾਸੂਮ ਮੈਰੀ ਨੇ ਆਪਣੇ ਪਿਤਾ ਕੋਲ ਇੱਕ ਅਣੋਖੀ ਜਿੱਦ ਫੜ ਲਈ। ਬੱਚੇ ਨੇ ਕਿਹਾ, "ਪਾਪਾ, ਮੇਰੀ ਹੁਣੇ ਕਾਲੇ ਢਿੱਲੋਂ ਅੰਕਲ ਨਾਲ ਵੀਡੀਓ ਕਾਲ 'ਤੇ ਗੱਲ ਕਰਵਾਓ।" ਤ ਦਾ ਸਮਾਂ ਕਾਫੀ ਹੋ ਚੁੱਕਾ ਸੀ ਅਤੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਪਰਿਵਾਰ ਨੂੰ ਪਤਾ ਸੀ ਕਿ ਇਕ ਵਿਧਾਇਕ ਦੀ ਦਿਨ ਭਰ ਦੀ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਹੈ। ਪਿਤਾ ਨੇ ਬੱਚੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਤ ਬਹੁਤ ਹੋ ਚੁੱਕੀ ਹੈ ਅਤੇ ਅੰਕਲ ਸੋ ਗਏ ਹੋਣਗੇ, ਪਰ ਮਾਸੂਮ ਬੱਚਾ ਆਪਣੀ ਜ਼ਿੱਦ 'ਤੇ ਅੜਿਆ ਰਿਹਾ।
"ਬੱਚੇ ਨੂੰ ਨਾਰਾਜ਼ ਨਾ ਕਰੋ" – ਵਿਧਾਇਕ ਦਾ ਤੁਰੰਤ ਹੁੰਗਾਰਾ
ਆਪਣੇ ਬੇਟੇ ਦੀ ਵਧਦੀ ਜਿੱਦ ਨੂੰ ਦੇਖਦੇ ਹੋਏ, ਪਿਤਾ ਨੇ ਹਿੰਮਤ ਕਰਕੇ ਰਾਤ ਦੇ 11 ਵਜੇ ਵਿਧਾਇਕ ਕਾਲੇ ਢਿੱਲੋਂ ਦੇ ਨਿੱਜੀ ਵਟਸਐਪ ਨੰਬਰ 'ਤੇ ਇੱਕ ਮੈਸੇਜ ਛੱਡਿਆ। ਮੈਸੇਜ ਵਿੱਚ ਲਿਖਿਆ ਗਿਆ ਕਿ ਉਨ੍ਹਾਂ ਦਾ ਛੋਟਾ ਬੇਟਾ ਇਸ ਵੇਲੇ ਉਨ੍ਹਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਲਈ ਬਹੁਤ ਬੇਤਾਬ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਆਮ ਤੌਰ 'ਤੇ ਵੱਡੇ ਆਗੂ ਰਾਤ ਵੇਲੇ ਫੋਨ ਜਾਂ ਮੈਸੇਜਾਂ ਤੋਂ ਦੂਰੀ ਬਣਾ ਲੈਂਦੇ ਹਨ, ਪਰ ਜਿਵੇਂ ਹੀ ਕਾਲੇ ਢਿੱਲੋਂ ਨੇ ਇਹ ਮੈਸੇਜ ਦੇਖਿਆ, ਉਨ੍ਹਾਂ ਨੇ ਬਿਨਾਂ ਕੋਈ ਦੇਰੀ ਕੀਤੇ ਬੇਹੱਦ ਨਿਮਰਤਾ ਨਾਲ ਜਵਾਬ ਦਿੱਤਾ: "ਕੀ ਹਾਲ ਹੈ ਜੀ, ਮੇਰੀ ਗੱਲ ਹੁਣੇ ਕਰਵਾਓ, ਬੱਚੇ ਨੂੰ ਬਿਲਕੁਲ ਨਾਰਾਜ਼ ਨਾ ਕਰੋ।"
ਇੰਨਾ ਮੈਸੇਜ ਆਉਣ ਤੋਂ ਤੁਰੰਤ ਬਾਅਦ MLA ਕਾਲੇ ਢਿੱਲੋਂ ਨੇ ਖੁਦ ਵੀਡੀਓ ਕਾਲ ਕੀਤੀ। ਉਨ੍ਹਾਂ ਨੇ ਨਾ ਸਿਰਫ ਫੋਨ ਚੁੱਕਿਆ, ਬਲਕਿ ਬੜੇ ਹੀ ਨਿੱਘੇ ਅਤੇ ਪਿਆਰ ਭਰੇ ਅੰਦਾਜ਼ ਵਿੱਚ 3.5 ਸਾਲ ਦੇ ਮੈਰੀ ਨਾਲ ਦੋ-ਢਾਈ ਮਿੰਟ ਤੱਕ ਗੱਲਬਾਤ ਕੀਤੀ। ਵਿਧਾਇਕ ਨੇ ਬੱਚੇ ਨੂੰ ਲਾਡ ਲਡਾਇਆ ਅਤੇ ਉਸ ਦਾ ਹਾਲ-ਚਾਲ ਪੁੱਛਿਆ। ਅੱਧੀ ਰਾਤ ਨੂੰ ਆਪਣੇ ਮਨਪਸੰਦ ਆਗੂ ਨੂੰ ਸਕ੍ਰੀਨ 'ਤੇ ਦੇਖ ਕੇ ਬੱਚੇ ਦੇ ਚਿਹਰੇ 'ਤੇ ਆਈ ਮੁਸਕਾਨ ਅਤੇ ਖੁਸ਼ੀ ਦੇਖਣ ਯੋਗ ਸੀ। ਇਹ ਘਟਨਾ ਅੱਜ ਦੇ ਦੌਰ ਦੀ ਸਿਆਸਤ ਵਿੱਚ ਇੱਕ ਵੱਡਾ ਸੁਨੇਹਾ ਦਿੰਦੀ ਹੈ। ਆਮ ਤੌਰ 'ਤੇ ਰਾਜਨੀਤੀ ਨੂੰ ਸਿਰਫ਼ ਵੋਟਾਂ, ਰੈਲੀਆਂ ਅਤੇ ਬਿਆਨਬਾਜ਼ੀ ਤੱਕ ਸੀਮਤ ਦੇਖਿਆ ਜਾਂਦਾ ਹੈ, ਪਰ ਬਰਨਾਲਾ ਦੇ ਵਿਧਾਇਕ ਨੇ ਇਹ ਸਾਬਤ ਕੀਤਾ ਹੈ ਕਿ 'ਲੀਡਰ' ਉਹ ਹੁੰਦਾ ਹੈ ਜੋ ਹਰ ਵਕਤ ਆਪਣੀ ਜਨਤਾ ਦੇ ਸੁਖ-ਦੁਖ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਲਈ ਉਪਲਬਧ ਹੋਵੇ।
ਪਰਿਵਾਰ ਨੇ ਵਿਧਾਇਕ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਾਲੇ ਢਿੱਲੋਂ ਜੀ ਸਿਰਫ਼ ਇੱਕ ਸਿਆਸਤਦਾਨ ਨਹੀਂ, ਬਲਕਿ ਇਕ ਬਹੁਤ ਹੀ ਨੇਕਦਿਲ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ। ਬਰਨਾਲਾ ਦੇ ਲੋਕਾਂ ਵਿੱਚ ਵੀ ਇਸ ਘਟਨਾ ਤੋਂ ਬਾਅਦ ਵਿਧਾਇਕ ਦੇ ਇਸ ਮਿਲਣਸਾਰ ਅਤੇ ਸਾਊ ਸੁਭਾਅ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਆਗੂ ਹੀ ਅਸਲ ਵਿੱਚ ਜਨਤਾ ਦੇ ਦਿਲਾਂ ਦੀ ਧੜਕਣ ਹੁੰਦੇ ਹਨ, ਜੋ ਅਹੁਦੇ ਦੇ ਹੰਕਾਰ ਤੋਂ ਕੋਹਾਂ ਦੂਰ ਹਨ।
ਸਿਵਲ ਹਸਪਤਾਲ ਬਰਨਾਲਾ ਦਾ ਬਲੱਡ ਬੈਂਕ 5 ਮਹੀਨਿਆਂ ਤੋਂ ਠੱਪ! 6 ਲੱਖ ਦੀ ਆਬਾਦੀ ਰੱਬ ਆਸਰੇ
NEXT STORY