ਯਸ਼ ਭਾਰਤੀ ਪੁਰਸਕਾਰ ਕੀ ਨਿੱਜੀ ਅਤੇ ਪਾਰਟੀ ਹਿੱਤਾਂ ਦੀ ਪੂਰਤੀ ਦਾ ਜ਼ਰੀਆ ਨਹੀਂ ਬਣ ਗਿਆ? ਕੀ ਪਾਰਟੀ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਯਸ਼ ਭਾਰਤੀ ਪੁਰਸਕਾਰ ਨੂੰ ਸਿਆਸੀ ਹੱਥਕੰਡਾ ਨਹੀਂ ਬਣਾਇਆ ਗਿਆ? ਕੀ ਅਜਿਹੇ ਲੋਕਾਂ ਨੂੰ ਯਸ਼ ਭਾਰਤੀ ਪੁਰਸਕਾਰ ਨਹੀਂ ਦਿੱਤੇ ਗਏ ਜੋ ਚਾਪਲੂਸੀ ਵਾਲੀ ਸਭਿਅਤਾ 'ਚ ਯਕੀਨ ਰੱਖਦੇ ਰਹੇ ਹਨ, ਜਿਨ੍ਹਾਂ ਦੀ ਵਫਾਦਾਰੀ ਸੱਤਾਧਾਰੀ ਪਾਰਟੀ ਪ੍ਰਤੀ ਰਹੀ?
ਕੀ ਇਹ ਸੱਚ ਨਹੀਂ ਕਿ ਪਾਰਟੀਬਾਜ਼ੀ ਵਾਲੀ ਸਿਆਸਤ ਤੋਂ ਅੱਡ ਰਹਿਣ ਅਤੇ ਸਹੀ ਅਰਥਾਂ 'ਚ ਪਾਤਰਤਾ ਰੱਖਣ ਵਾਲੇ ਲੋਕਾਂ, ਸਾਹਿਤਕਾਰਾਂ ਨੂੰ ਯਸ਼ ਭਾਰਤੀ ਪੁਰਸਕਾਰ ਤੋਂ ਦੂਰ ਰੱਖਿਆ ਗਿਆ? ਕੀ ਇਹ ਸਹੀ ਨਹੀਂ ਕਿ ਰਾਸ਼ਟਰਵਾਦੀ ਸੋਚ ਵਾਲੇ ਲੋਕਾਂ ਨੂੰ ਕਦੇ ਵੀ ਯਸ਼ ਭਾਰਤੀ ਪੁਰਸਕਾਰ ਦੇ ਲਾਇਕ ਨਹੀਂ ਸਮਝਿਆ ਗਿਆ?
ਕੀ ਇਹ ਸਹੀ ਨਹੀਂ ਕਿ ਅਮਿਤਾਭ ਬੱਚਨ ਦੇ ਪਰਿਵਾਰ ਦੇ ਚਾਰ-ਚਾਰ ਮੈਂਬਰਾਂ ਨੂੰ ਯਸ਼ ਭਾਰਤੀ ਪੁਰਸਕਾਰ ਦਿੱਤਾ ਗਿਆ? ਕੀ ਅਭਿਸ਼ੇਕ ਬੱਚਨ ਤੇ ਉਸ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਵੀ ਯਸ਼ ਭਾਰਤੀ ਪੁਰਸਕਾਰ ਦਾ ਹੱਕ ਰੱਖਦੇ ਸਨ? ਇਨ੍ਹਾ ਦੋਹਾਂ ਨੇ ਯੂ. ਪੀ. ਦੇ ਵਿਕਾਸ ਤੇ ਸਨਮਾਨ ਲਈ ਕੀ ਯੋਗਦਾਨ ਦਿੱਤਾ ਹੈ?
ਕੀ ਇਹ ਸਹੀ ਨਹੀਂ ਕਿ ਯਸ਼ ਭਾਰਤੀ ਪੁਰਸਕਾਰ ਵੰਡਣ ਦੀ ਜ਼ਿੰਮੇਵਾਰੀ ਰੱਖਣ ਵਾਲੇ ਸਰਕਾਰੀ ਅਧਿਕਾਰੀਆਂ ਨੇ ਆਪਣੀਆਂ ਪਤਨੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਹ ਪੁਰਸਕਾਰ ਦਿਵਾਏ ਹਨ? ਕੀ ਇਹ ਸਹੀ ਨਹੀਂ ਕਿ ਯਸ਼ ਭਾਰਤੀ ਪੁਰਸਕਾਰ ਲੈਣ ਵਾਲੇ ਇਕ ਬਜ਼ੁਰਗ ਕਥਿਤ ਸਾਹਿਤਕਾਰ ਨੇ ਮੰਚ 'ਤੇ ਅਖਿਲੇਸ਼ ਯਾਦਵ ਦੇ ਪੈਰ ਛੂਹੇ ਸਨ?
ਸਿਰਫ ਯਸ਼ ਭਾਰਤੀ ਪੁਰਸਕਾਰਾਂ ਦੀ ਗੱਲ ਨਹੀਂ ਹੈ ਸਗੋਂ ਸਾਰੇ ਸਰਕਾਰੀ ਪੁਰਸਕਾਰਾਂ ਨੂੰ ਸੱਤਾਧਾਰੀ ਪਾਰਟੀ ਆਪਣਾ ਹੱਥਕੰਡਾ ਬਣਾ ਕੇ ਆਪਣੀ ਇੱਛਾ ਨੂੰ ਅਮਲੀ ਰੂਪ ਦਿੰਦੀ ਹੈ। ਅਜਿਹੇ ਪੁਰਸਕਾਰਾਂ ਨੂੰ ਪਾਰਟੀਬਾਜ਼ੀ ਵਾਲੀ ਸਿਆਸਤ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ।
ਯਸ਼ ਭਾਰਤੀ ਪੁਰਸਕਾਰ ਨੂੰ ਲੈ ਕੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਖਤ ਕਦਮ ਚੁੱਕੇ ਹਨ ਅਤੇ ਯਸ਼ ਭਾਰਤੀ ਪੁਰਸਕਾਰ ਦੀ ਸਮੀਖਿਆ ਕਰਵਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇਗੀ ਕਿ ਇਹ ਪੁਰਸਕਾਰ ਕਿਵੇਂ ਦਿੱਤੇ ਗਏ। ਉਨ੍ਹਾਂ ਨੇ ਯਸ਼ ਭਾਰਤੀ ਪੁਰਸਕਾਰ ਬੰਦ ਕਰਨ ਦੀ ਵੀ ਲੋੜ ਦਰਸਾਈ ਹੈ। ਇਹ ਇਕ ਚੰਗਾ ਕੰਮ ਹੈ।
ਜੇਕਰ ਯਸ਼ ਭਾਰਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰਾਂ, ਕਲਾਕਾਰਾਂ ਆਦਿ ਦੀ ਜਾਂਚ ਹੋ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਇਹ ਪੁਰਸਕਾਰ ਸੱਤਾਧਾਰੀ ਪਾਰਟੀ ਦਾ ਹੱਥਕੰਡਾ ਮਾਤਰ ਰਿਹਾ ਹੈ ਤੇ ਇਸ ਦੇ ਜ਼ਰੀਏ ਸੱਤਾਧਾਰੀ ਪਾਰਟੀ ਆਪਣੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਦੀ ਰਹੀ ਹੈ।
ਹੁਣ ਸਮੀਖਿਆ ਹੋਣੀ ਤੈਅ ਹੈ ਅਤੇ ਸਮੀਖਿਆ ਹੋਣ ਨਾਲ ਇਸ ਪੁਰਸਕਾਰ ਨਾਲ ਜੁੜੀਆਂ ਕਈ ਕਹਾਣੀਆਂ ਸਾਹਮਣੇ ਆਉਣਗੀਆਂ। ਯਸ਼ ਭਾਰਤੀ ਪੁਰਸਕਾਰ ਦੀ ਸ਼ੁਰੂਆਤ ਮੁਲਾਇਮ ਸਿੰਘ ਯਾਦਵ ਨੇ ਆਪਣੇ ਬੰਦਿਆਂ ਨੂੰ ਸਨਮਾਨਿਤ ਕਰਨ ਤੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਸੀ। ਯਸ਼ ਭਾਰਤੀ ਪੁਰਸਕਾਰ ਦੇਸ਼ ਦੇ ਨਾਮੀ ਪੁਰਸਕਾਰਾਂ 'ਚ ਸ਼ਾਮਲ ਹੋ ਗਿਆ। ਉਂਝ ਇਹ ਪੁਰਸਕਾਰ ਸਿਰਫ ਯੂ. ਪੀ. ਨਾਲ ਸਬੰਧਤ ਲੋਕਾਂ ਨੂੰ ਹੀ ਦਿੱਤਾ ਜਾਂਦਾ ਹੈ। ਇਸ ਪੁਰਸਕਾਰ 'ਚ 11 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪੁਰਸਕਾਰ ਲੈਣ ਵਾਲੇ ਨੂੰ ਉਮਰ ਭਰ ਲਈ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।
ਜਦ ਇੰਨੀ ਵੱਡੀ ਇਨਾਮੀ ਰਕਮ ਤੇ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਹੋਵੇ ਤਾਂ ਇਸ ਪੁਰਸਕਾਰ ਨੂੰ ਹਾਸਲ ਕਰਨ ਲਈ ਮੁਕਾਬਲੇਬਾਜ਼ੀ ਚੱਲੇਗੀ ਹੀ। ਇਸ ਦੇ ਲਈ ਸਾਹਿਤਕਾਰ, ਪੱਤਰਕਾਰ, ਕਲਾਕਾਰ ਆਦਿ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ, ਸੱਤਾਧਾਰੀ ਨੇਤਾਵਾਂ ਨਾਲ ਨੇੜਤਾ ਵਧਾਉਂਦੇ ਹਨ ਅਤੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਾਂਗ ਕੰਮ ਵੀ ਕਰਦੇ ਹਨ। ਚਾਪਲੂਸੀ ਕਰਨਾ ਵੀ ਇਸੇ 'ਚ ਸ਼ਾਮਲ ਹੈ।
ਯਸ਼ ਭਾਰਤੀ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਪੁਰਸਕਾਰਾਂ ਦੀ ਵੀ ਸਮੀਖਿਆ ਹੋ ਜਾਵੇ ਤਾਂ ਸਾਫ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ 'ਪੁਰਸਕਾਰਾਂ ਦੀ ਸਿਆਸਤ' ਚਲਦੀ ਹੈ। ਦੇਸ਼ 'ਚ ਜ਼ਿਆਦਾਤਰ ਸਮੇਂ ਤਕ ਕਾਂਗਰਸ ਦਾ ਰਾਜ ਰਿਹਾ ਹੈ, ਪੱਛਮੀ ਬੰਗਾਲ 'ਚ 3 ਦਹਾਕੇ ਕਮਿਊਨਿਸਟਾਂ ਦਾ ਰਾਜ ਰਿਹਾ ਹੈ ਤਾਂ ਬਿਹਾਰ ਤੇ ਯੂ. ਪੀ. 'ਚ ਜਾਤਵਾਦੀ ਸ਼ਾਸਨ ਲੰਬੇ ਸਮੇਂ ਤਕ ਰਿਹਾ ਹੈ। ਇਸ ਲਈ ਕਿਹਾ ਜਾਣਾ ਚਾਹੀਦਾ ਹੈ ਕਿ ਅਜਿਹੀ ਸੱਤਾ ਦੌਰਾਨ ਕਥਿਤ ਸੈਕੁਲਰ ਟਾਈਪ ਦੇ ਸਾਹਿਤਕਾਰਾਂ ਤੇ ਪੱਤਰਕਾਰਾਂ ਦੀ ਫੌਜ ਖੜ੍ਹੀ ਹੋ ਗਈ। ਸਰਕਾਰੀ ਸਹਾਇਤਾ ਪ੍ਰਾਪਤ ਪੱਤਰਕਾਰ, ਸਾਹਿਤਕਾਰ ਉਹੀ ਕਰਦੇ ਹਨ ਜੋ ਸੱਤਾਧਾਰੀ ਪਾਰਟੀ ਕਰਨ ਲਈ ਕਹਿੰਦੀ ਹੈ।
ਭਾਰਤੀ ਸੈਨਿਕ ਸਰਹੱਦ 'ਤੇ ਆਪਣੀਆਂ ਜਾਨਾਂ ਦੇ ਕੇ ਦੇਸ਼ ਦੀ ਰੱਖਿਆ ਕਰਦੇ ਹਨ ਪਰ ਅਜਿਹੇ ਲੋਕਾਂ ਲਈ ਭਾਰਤੀ ਸੈਨਿਕ ਹਿੰਸਾ ਦਾ ਪ੍ਰਤੀਕ ਹੁੰਦੇ ਹਨ। ਇਨ੍ਹਾਂ ਦੀ ਮਨੁੱਖਤਾ, ਉਦਾਰਤਾ ਤੇ ਧਰਮ ਨਿਰਪੱਖਤਾ ਏਕਾਤਮਕ, ਇਕ ਪੱਖੀ ਹੁੰਦੀ ਹੈ। ਇਸ ਦੀ ਮਿਸਾਲ ਵਾਰ-ਵਾਰ ਮਿਲਦੀ ਹੈ।
ਅਖਲਾਕ ਕਾਂਡ ਨੂੰ ਹੀ ਦੇਖ ਲਓ, ਜਿਸ ਨੂੰ ਲੈ ਕੇ ਦੇਸ਼ ਭਰ 'ਚ ਅਸਹਿਣਸ਼ੀਲਤਾ ਦੀ ਖੇਡ ਖੇਡੀ ਗਈ ਤੇ ਬਹੁਗਿਣਤੀ ਸਮਾਜ ਨੂੰ ਹਿੰਸਕ ਦੱਸਿਆ ਗਿਆ ਪਰ ਜਦੋਂ ਯੂ. ਪੀ. 'ਚ ਮੁਸਲਿਮ ਗਰਮਦਲੀਆਂ ਨੇ ਰਾਮਬਾਬੂ ਗੁਪਤਾ ਦੀ ਹੱਤਿਆ ਕੀਤੀ, ਪਸ਼ੂ ਤਸਕਰਾਂ ਨੇ ਥਾਣੇਦਾਰ ਮੋਹਨ ਮਿਸ਼ਰ ਦੀ ਹੱਤਿਆ ਕੀਤੀ, ਉਦੋਂ ਸਾਹਿਤਕਾਰਾਂ ਨੇ ਅਸਹਿਣਸ਼ੀਲਤਾ ਦੇ ਕੋਈ ਸਵਾਲ ਨਹੀਂ ਉਠਾਏ? ਜਦੋਂ ਇਹ ਸਿੱਧ ਹੋ ਗਿਆ ਕਿ ਅਖਲਾਕ ਬੇਕਸੂਰ ਨਹੀਂ ਸੀ, ਉਦੋਂ ਅਸਹਿਣਸ਼ੀਲਤਾ ਦਾ ਸਵਾਲ ਉਠਾਉਣ ਵਾਲੇ ਸਾਹਿਤਕਾਰਾਂ ਨੇ ਚੁੱਪ ਵੱਟ ਲਈ।
ਮਾਇਆਵਤੀ ਨੇ ਆਪਣੇ ਸ਼ਾਸਨਕਾਲ 'ਚ ਯਸ਼ ਭਾਰਤੀ ਪੁਰਸਕਾਰ ਬੰਦ ਕਰਵਾ ਦਿੱਤੇ ਸਨ ਅਤੇ ਦਲੀਲ ਦਿੱਤੀ ਕਿ ਇਹ ਪੁਰਸਕਾਰ ਹਾਸਲ ਕਰਨ ਵਾਲੇ ਲੋਕਾਂ ਦਾ ਸਮਾਜ ਸੁਧਾਰ ਵਿਚ ਕੋਈ ਯੋਗਦਾਨ ਨਹੀਂ ਹੈ। ਇਹ ਸਿਰਫ ਚਾਪਲੂਸੀ ਕਰਨ ਵਾਲੇ ਲੋਕ ਹਨ।
ਹੁਣ ਦੇਸ਼ 'ਚ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਸਾਹਿਤ ਅਤੇ ਸਭਿਅਤਾ 'ਤੇ ਆਧਾਰਿਤ ਪੁਰਸਕਾਰਾਂ ਦੀ ਚੋਣ ਨੀਤੀ ਬਦਲੀ ਹੈ। ਪੁਰਸਕਾਰ ਚੋਣ ਨੀਤੀ ਕਠੋਰ ਅਤੇ ਪਾਰਦਰਸ਼ੀ ਹੋਣ ਨਾਲ ਯੋਗ, ਪਾਤਰਤਾ ਰੱਖਣ ਵਾਲੇ ਸਾਹਿਤਕਾਰ, ਕਲਾਕਾਰ ਇਹ ਪੁਰਸਕਾਰ ਲੈਣ ਦੇ ਹੱਕਦਾਰ ਬਣ ਰਹੇ ਹਨ। ਯੂ. ਪੀ. 'ਚ ਯੋਗੀ ਸਰਕਾਰ ਆਉਣ ਤੋਂ ਬਾਅਦ ਹੁਣ ਚਾਪਲੂਸ ਸਾਹਿਤਕਾਰਾਂ ਦੀ ਦੁਕਾਨਦਾਰੀ ਬੰਦ ਹੋਵੇਗੀ।
ਯਸ਼ ਭਾਰਤੀ ਪੁਰਸਕਾਰ ਬੰਦ ਤਾਂ ਨਹੀਂ ਕੀਤਾ ਜਾਣਾ ਚਾਹੀਦਾ ਪਰ ਚੋਣ ਨੀਤੀ ਬਦਲਣੀ ਚਾਹੀਦੀ ਹੈ ਅਤੇ ਸਮਾਜ ਸੁਧਾਰ ਤੇ ਸਮਾਜਿਕ ਚੇਤਨਾ ਦੀ ਅਲਖ ਜਗਾਉਣ ਵਾਲੇ ਨੂੰ ਹੀ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ। (guptvishnu@gmail.com)
ਤੁਰਕੀ ਦੇ ਸਮੁੱਚੇ ਨਵੀਨੀਕਰਨ ਵੱਲ ਵਧ ਰਹੇ ਨੇ ਏਰਦੋਗਨ
NEXT STORY