ਹਰ ਸਾਲ ਗੀਤਾ ਜੈਅੰਤੀ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਧੂਮ-ਧੜੱਕੇ ਨਾਲ ਮਨਾਈ ਜਾਂਦੀ ਹੈ। ਇਸੇ ਜਗ੍ਹਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਯੁੱਧ ਦੇ ਮੈਦਾਨ 'ਚ ਅਰਜੁਨ ਨੂੰ ਨਿਰਾਸ਼ਾ ਨੇ ਘੇਰ ਲਿਆ ਸੀ। ਇਸ ਦੀ ਵਜ੍ਹਾ ਸੀ ਪਰਿਵਾਰ ਪ੍ਰਤੀ ਉਸ ਦਾ ਮੋਹ ਅਤੇ ਆਪਣਿਆਂ ਨੂੰ ਗੁਆਉਣ ਦਾ ਡਰ। ਉਹ ਸੋਚ ਰਿਹਾ ਸੀ ਕਿ ਜਿਨ੍ਹਾਂ ਨਾਲ ਮੈਂ ਯੁੱਧ ਕਰ ਰਿਹਾ ਹਾਂ, ਉਹ ਸਾਰੇ ਮੇਰੇ ਆਪਣੇ ਹੀ ਤਾਂ ਹਨ। ਮੈਂ ਇਨ੍ਹਾਂ ਨੂੰ ਕਿਵੇਂ ਮਾਰ ਸਕਦਾ ਹਾਂ? ਉਹ ਆਪਣਾ ਆਤਮ-ਵਿਸ਼ਵਾਸ ਗੁਆ ਬੈਠਾ ਤੇ ਸੋਗ 'ਚ ਡੁੱਬ ਗਿਆ। ਅਜਿਹੀ ਸਥਿਤੀ 'ਚ ਉਸ ਦੇ ਸਾਰਥੀ ਬਣੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਸ ਨੂੰ ਜੀਵਨ ਦੇ ਰਹੱਸ ਬਾਰੇ ਜੋ ਕੁਝ ਕਿਹਾ, ਉਹੀ ਗੀਤਾ ਦਾ ਅਰਥ ਹੈ।
ਅਰਜੁਨ ਦੇ ਦਿਲ 'ਚ ਆਪਣਿਆਂ ਪ੍ਰਤੀ ਪਿਆਰ ਅਤੇ ਮਮਤਾ ਉਸ ਨੂੰ ਲੜਨ ਤੋਂ ਰੋਕ ਰਹੀ ਸੀ। ਇਸ ਦੇ ਉਲਟ ਦੁਸ਼ਮਣ ਪੱਖ 'ਚ ਕੌਰਵ ਖੜ੍ਹੇ ਸਨ, ਜੋ ਪੂਰੀ ਤਰ੍ਹਾਂ ਪਾਂਡਵਾਂ ਨੂੰ ਮਿਟਾ ਦੇਣਾ ਚਾਹੁੰਦੇ ਸਨ। ਉਹ ਤਾਂ ਹਰ ਕੀਮਤ 'ਤੇ ਯੁੱਧ ਜਿੱਤਣਾ ਚਾਹੁੰਦੇ ਸਨ, ਚਾਹੇ ਉਸ ਦੇ ਲਈ ਉਨ੍ਹਾਂ ਨੂੰ ਯੁੱਧ ਦੇ ਨਿਯਮਾਂ ਦੀ ਵੀ ਉਲੰਘਣਾ ਕਰਨੀ ਪਵੇ। ਅਰਜੁਨ ਨੂੰ ਯੁੱਧ ਤੋਂ ਪਿੱਛੇ ਹਟਦਾ ਦੇਖ ਕੇ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਉਹ ਸੱਚੇ ਮਨ ਨਾਲ ਆਪਣਾ ਕੰਮ ਕਰੇ ਅਤੇ ਨਤੀਜਿਆਂ ਦੀ ਚਿੰਤਾ ਨਾ ਕਰੇ।
ਆਤਮ-ਵਿਸ਼ਵਾਸ ਘਟ ਜਾਣ 'ਤੇ ਸਹੀ ਫੈਸਲੇ ਤਕ ਪਹੁੰਚਣਾ ਸੰਭਵ ਨਹੀਂ। ਸ਼੍ਰੀ ਕ੍ਰਿਸ਼ਨ ਉਸ ਦੇ ਸਾਹਮਣੇ ਵਿਰਾਟ ਰੂਪ 'ਚ ਪ੍ਰਗਟ ਹੋਏ। ਸਮੁੱਚੇ ਬ੍ਰਹਿਮੰਡ ਦੇ ਜੀਵ ਉਨ੍ਹਾਂ ਦੇ ਮੂੰਹ 'ਚ ਜਾਂਦੇ ਦੇਖ ਕੇ ਅਰਜੁਨ ਘਬਰਾ ਗਿਆ। ਇਨ੍ਹਾਂ 'ਚ ਉਹ ਸਾਰੇ ਵੀ ਸਨ, ਜਿਨ੍ਹਾਂ ਨੂੰ ਮੋਹ-ਵੱਸ ਅਰਜੁਨ ਆਪਣੇ ਸਮਝ ਰਿਹਾ ਸੀ।
ਅਰਜੁਨ ਦੀ ਇਸ ਦੁਚਿੱਤੀ ਨੂੰ ਦੂਰ ਕਰਨ ਲਈ ਸ਼੍ਰੀ ਕ੍ਰਿਸ਼ਨ ਨੇ ਉਸ ਦੀ ਸੱਚਾਈ ਨਾਲ ਪਛਾਣ ਕਰਵਾਈ। ਸ਼੍ਰੀ ਕ੍ਰਿਸ਼ਨ ਦਾ ਵਿਰਾਟ ਰੂਪ ਦੇਖ ਕੇ ਤੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਅਰਜੁਨ ਦੇ ਮਨ ਦੀ ਉਥਲ-ਪੁਥਲ ਸ਼ਾਂਤ ਹੋਈ ਅਤੇ ਉਹ ਸਮਝ ਗਿਆ ਕਿ ਕਰਮ ਹੀ ਉਸ ਦਾ ਫਰਜ਼ ਹੈ ਅਤੇ ਉਸ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ।
ਗੀਤਾ 'ਚ ਜੋ ਕੁਝ ਵੀ ਕਿਹਾ ਗਿਆ ਹੈ, ਉਸ ਸਭ ਨਾਲ ਮਨੁੱਖ ਅੰਦਰ ਮੌਜੂਦ ਤਣਾਅ, ਡਰ, ਨਿਰਾਸ਼ਾ, ਪ੍ਰੇਸ਼ਾਨੀ ਤੇ ਗੁੱਸੇ ਵਰਗੇ ਵਿਕਾਰਾਂ ਤੋਂ ਮੁਕਤੀ ਹਾਸਿਲ ਕੀਤੀ ਜਾ ਸਕਦੀ ਹੈ। ਮਨੁੱਖ ਦਾ ਖ਼ੁਦ ਨੂੰ ਪਛਾਣ ਲੈਣਾ ਸੌਖਾ ਹੋ ਜਾਂਦਾ ਹੈ ਅਤੇ ਉਹ ਇਸ ਦੇ ਦਮ 'ਤੇ ਸਹੀ ਫੈਸਲਾ ਲੈਣ ਦੇ ਸਮਰੱਥ ਹੁੰਦਾ ਹੈ। ਕਿਸੇ ਵੀ ਸਥਿਤੀ 'ਚ ਨਿਰਾਸ਼ਾ ਨੂੰ ਹਾਵੀ ਨਾ ਹੋਣ ਦੇਣ ਨਾਲ ਸਹੀ ਰਾਹ ਨਜ਼ਰ ਆਉਣ ਲੱਗਦਾ ਹੈ।
ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਉਸ ਦੇ ਮਨ 'ਚ ਉੱਠਣ ਵਾਲੀ 'ਅਗਰ-ਮਗਰ' ਦੀ ਭਾਵਨਾ, ਜਿਵੇਂ ਜੇ (ਅਗਰ) ਇਹ ਹੁੰਦਾ ਤਾਂ ਮੈਂ ਅਜਿਹਾ ਕਰਦਾ ਪਰ (ਮਗਰ) ਅਜਿਹਾ ਨਹੀਂ ਹੋਇਆ, ਵਗੈਰਾ-ਵਗੈਰਾ। ਮਨੁੱਖ ਆਪਣੀ ਗਲਤੀ ਲਈ ਵੀ ਦੂਜਿਆਂ ਤੇ ਸਥਿਤੀਆਂ ਨੂੰ ਹੀ ਦੋਸ਼ ਦਿੰਦਾ ਹੈ, ਜਦਕਿ ਉਸ ਦੇ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਹੈ। ਜੇ ਅਗਰ-ਮਗਰ ਕਰਨੀ ਛੱਡ ਕੇ ਇਕ ਟੀਚਾ ਮਿੱਥ ਕੇ ਕੋਈ ਕੰਮ ਕੀਤਾ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ।
ਗੀਤਾ 'ਚ ਕਰਮ ਦੀ ਪ੍ਰਧਾਨਤਾ ਹੈ। ਮਨੁੱਖ ਜਿਸ ਵੀ ਅਵਸਥਾ 'ਚੋਂ ਲੰਘ ਰਿਹਾ ਹੈ, ਉਸ ਦੇ ਮੁਤਾਬਿਕ ਨਿਭਾਇਆ ਗਿਆ ਫਰਜ਼ ਹੀ ਉਸ ਦਾ ਕਰਮ ਹੈ। ਕੋਈ ਵੀ ਕਰਮ ਤਾਂ ਹੀ ਸਹੀ ਨਤੀਜੇ ਦੇ ਸਕਦਾ ਹੈ, ਜੇ ਉਹ ਪੂਰੇ ਆਤਮ-ਵਿਸ਼ਵਾਸ ਦੇ ਨਾਲ-ਨਾਲ ਅਨੁਸ਼ਾਸਨਬੱਧ ਹੋ ਕੇ ਕੀਤਾ ਜਾਵੇ। ਅਨੁਸ਼ਾਨਹੀਣਤਾ ਰਾਹ ਤੋਂ ਭਟਕਾਉਂਦੀ ਹੈ ਤੇ ਅਸਫਲਤਾ ਵੱਲ ਧੱਕ ਦਿੰਦੀ ਹੈ।
ਜਦੋਂ ਜਾਗੋ, ਉਦੋਂ ਸਵੇਰਾ : ਭਾਵਨਾਤਮਕ ਉਥਲ-ਪੁਥਲ ਨਾਲ ਮਨ 'ਤੇ ਨਫਰਤ, ਕ੍ਰੋਧ ਅਤੇ ਡਰ ਦਾ ਸਾਮਰਾਜ ਛਾ ਜਾਂਦਾ ਹੈ, ਮੱਤ ਮਾਰੀ ਜਾਂਦੀ ਹੈ, ਆਦਮੀ ਕਰਨਾ ਕੁਝ ਚਾਹੁੰਦਾ ਹੈ ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਇਥੋਂ ਤਕ ਕਿ ਟੀਚਾ ਵੀ ਨਜ਼ਰ ਤੋਂ ਓਹਲੇ ਹੋਣ ਲੱਗਦਾ ਹੈ। ਗੀਤਾ 'ਚ ਇਸ ਦੇ ਹੱਲ ਦੀ ਬਹੁਤ ਸੌਖੀ ਵਿਧੀ ਦੱਸੀ ਗਈ ਹੈ। ਕਰਮ 'ਤੇ ਕੰਟਰੋਲ ਲਈ ਮਨ, ਸਰੀਰ, ਆਤਮਾ ਅਤੇ ਬੁੱਧੀ ਦਾ 'ਇਕ' ਹੋਣਾ ਜ਼ਰੂਰੀ ਹੈ। ਇਸ ਨਾਲ ਹੋਵੇਗਾ ਇਹ ਕਿ ਸਮਰੱਥਾ ਦੀ ਪਛਾਣ ਕਰ ਕੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕੀਤਾ ਜਾ ਸਕਦਾ ਹੈ।
ਯੋਗਤਾ ਟੀਚੇ ਦੀ ਪ੍ਰਾਪਤੀ ਵੱਲ ਲੈ ਕੇ ਜਾਣ ਵਾਲਾ ਪਹਿਲਾ ਕਦਮ ਹੈ, ਮਿਸਾਲ ਵਜੋਂ ਪਿਤਾ ਦੇ ਵਪਾਰ ਅਤੇ ਉਸ ਦੇ ਅਹੁਦੇ ਦਾ ਵਾਰਿਸ ਪੁੱਤਰ ਨੂੰ ਮੰਨਿਆ ਜਾਂਦਾ ਹੈ। ਉਸ ਵਿਚ ਯੋਗਤਾ ਹੈ ਜਾਂ ਨਹੀਂ ਜਾਂ ਸਿਰਫ ਪੁੱਤਰ ਹੋਣ ਦੇ ਨਾਤੇ ਉਹ ਵਾਰਿਸ ਬਣ ਜਾਂਦਾ ਹੈ, ਉਦੋਂ ਜ਼ਰੂਰੀ ਨਹੀਂ ਕਿ ਪਿਤਾ ਜਾਂ ਅਹੁਦੇ ਦਾ ਵੱਕਾਰ ਬਣਿਆ ਰਹੇ।
ਇਸੇ ਤਰ੍ਹਾਂ ਸਬਰ ਬਾਰੇ ਕਿਹਾ ਗਿਆ ਹੈ ਕਿ ਉਲਟ ਸਥਿਤੀਆਂ, ਭਾਵ ਬੁਰੇ ਹਾਲਾਤ ਵਿਚ ਵੀ ਸਬਰ ਰੱਖਣ ਅਤੇ ਸੁੱਖ-ਦੁੱਖ 'ਚ ਬੇਚੈਨ ਨਾ ਹੋਣ ਵਾਲਾ ਮਨੁੱਖ ਹੀ ਸਫਲਤਾ ਦਾ ਹੱਕਦਾਰ ਹੁੰਦਾ ਹੈ। ਜਿਥੋਂ ਤਕ ਸਬਰ ਦੀ ਗੱਲ ਹੈ, ਇਹ ਤਾਂ ਹੀ ਸੰਭਵ ਹੈ, ਜੇ ਵਿਅਕਤੀ ਸ਼ਾਂਤ ਮਨ ਨਾਲ ਸੋਚ-ਵਿਚਾਰ ਕਰੇ, ਹਰੇਕ ਪ੍ਰਾਣੀ ਪ੍ਰਤੀ ਸਨਮਾਨ ਦੀ ਇਕੋ ਜਿਹੀ ਭਾਵਨਾ ਰੱਖਦਿਆਂ ਕਰਮ ਕਰੇ। ਇਹ ਸਫਲਤਾ ਦੀ ਗਾਰੰਟੀ ਹੈ।
ਗੀਤਾ 'ਚ ਦੱਸਿਆ ਗਿਆ ਹੈ ਕਿ ਮੋਹ ਅਨੁਸ਼ਾਸਨਬੱਧ ਜੀਵਨ ਲਈ ਰੁਕਾਵਟ ਬਣ ਜਾਂਦਾ ਹੈ। ਅਰਜੁਨ ਵੀ ਇਸੇ ਕਾਰਨ ਆਪਣੇ ਟੀਚੇ ਤੋਂ ਭਟਕ ਗਿਆ ਸੀ। ਸ਼੍ਰੀ ਕ੍ਰਿਸ਼ਨ ਨੇ ਸਭ ਤੋਂ ਪਹਿਲਾਂ ਉਸ ਦਾ ਮੋਹ ਭੰਗ ਕੀਤਾ ਤੇ ਉਸ ਨੂੰ ਅਸਲੀਅਤ ਦੇ ਦਰਸ਼ਨ ਕਰਵਾਏ। ਜਦੋਂ ਮੋਹ ਨਾਲ ਵਾਸਨਾ, ਕ੍ਰੋਧ ਅਤੇ ਲਾਲਚ ਵੀ ਮਿਲ ਜਾਂਦੇ ਹਨ, ਜੀਵਨ 'ਚ ਅਨੁਸ਼ਾਸਨ ਵੀ ਨਹੀਂ ਰਹਿੰਦਾ, ਉਦੋਂ ਫਿਰ ਪਤਨ ਹੋਣਾ ਤੈਅ ਹੈ।
ਜੀਵਨ ਦੀ ਸੱਚਾਈ ਗੀਤਾ ਦੇ ਸਲੋਕਾਂ 'ਚ ਲੁਕੀ ਹੈ। ਜੇ ਗੀਤਾ ਦੇ ਸੰਦੇਸ਼ਾਂ ਨੂੰ ਜੀਵਨ 'ਚ ਉਤਾਰ ਲਿਆ ਜਾਵੇ ਤਾਂ ਅਸਫਲਤਾ ਸਾਡੇ ਨੇੜੇ ਵੀ ਨਹੀਂ ਆ ਸਕਦੀ ਤੇ ਜੀਵਨ ਸੁਖੀ ਬਣ ਜਾਵੇਗਾ।
(pooranchandsarin@gmail.com)
ਮੈਕਾਲੇ ਬਾਰੇ ਕਿਸੇ ਵੀ ਚਿੰਤਕ ਨੇ ਸਹੀ ਤੱਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ
NEXT STORY