ਮੈਨੂੰ ਇਸ ਗੱਲ ਦਾ ਤਾਂ ਪੱਕਾ ਯਕੀਨ ਨਹੀਂ ਹੈ ਕਿ ਪਾਕਿਸਤਾਨ ਟੀ. ਵੀ. ਵਿਚ ਪ੍ਰੋਡਿਊਸਰ ਵਜੋਂ ਮੈਂ ਜੋ ਵਰ੍ਹੇ ਬਿਤਾਏ, ਟੀ. ਵੀ. ਦੀ ਦੁਨੀਆ ਨੇ ਮੈਨੂੰ ਹੋਰ ਕੁਝ ਦਿੱਤਾ ਜਾਂ ਨਹੀਂ ਦਿੱਤਾ ਪਰ ਇਕ ਤੋਹਫਾ ਮੈਨੂੰ ਜ਼ਰੂਰ ਦਿੱਤਾ ਅਤੇ ਉਹ ਸੀ ਨਵਾਂ ਨਜ਼ਰੀਆ।
ਆਮ ਕਹਾਵਤ ਹੈ ਕਿ ਸਮਾਂ ਬਦਲਣ ਦੇ ਨਾਲ-ਨਾਲ ਬੰਦਾ ਵੀ ਬਦਲਦਾ ਰਹਿੰਦਾ ਹੈ। ਹੋ ਸਕਦਾ ਹੈ ਕਿ ਇਹ ਕਹਾਵਤ ਸਹੀ ਹੋਵੇ ਪਰ ਮੇਰੇ ਖਿਆਲ ਮੁਤਾਬਿਕ ਸਮਾਂ ਚਾਹੇ ਨਾ ਵੀ ਬਦਲੇ ਪਰ ਜੇ ਬੰਦੇ ਦਾ ਮਾਹੌਲ ਬਦਲ ਜਾਵੇ ਤਾਂ ਉਸ ਦਾ ਨਜ਼ਰੀਆ ਵੀ ਬਦਲ ਜਾਂਦਾ ਹੈ। ਇਕ ਬੰਦਾ ਜਦੋਂ ਥਾਣੇਦਾਰ ਜਾਂ ਜੱਜ ਬਣਦਾ ਹੈ ਤਾਂ ਉਸ ਦਾ ਲੋਕਾਂ ਨੂੰ ਦੇਖਣ ਦਾ ਅੰਦਾਜ਼ ਵੀ ਬਦਲ ਜਾਂਦਾ ਹੈ, ਭਾਵ ਉਸ ਦਾ ਨਜ਼ਰੀਆ ਬਦਲ ਜਾਂਦਾ ਹੈ।
ਮੇਰਾ ਨਜ਼ਰੀਆ ਵੀ ਬਦਲਦਾ ਰਿਹਾ ਹੈ ਅਤੇ ਇਸ ਦਾ ਅੰਦਾਜ਼ਾ ਮੈਨੂੰ ਉਦੋਂ ਲੱਗਾ, ਜਦੋਂ ਮੈਂ 1973 ਵਿਚ ਪਾਕਿ ਟੀ. ਵੀ. ਵਿਚ ਪ੍ਰੋਡਿਊਸਰ ਵਜੋਂ ਭਰਤੀ ਹੋਇਆ ਅਤੇ ਗੱਲਾਂ ਨਾਲੋਂ ਵੱਖਰੀ ਜਿਸ ਚੀਜ਼ ਨੇ ਮੇਰੇ 'ਤੇ ਪ੍ਰਭਾਵ ਪਾਇਆ, ਉਹ ਸੀ ਮਸ਼ਹੂਰ ਤੇ ਵੀ. ਆਈ. ਪੀ. ਲੋਕਾਂ ਨੂੰ ਦੇਖਣ ਦਾ ਨਜ਼ਰੀਆ।
ਬੰਦਾ ਜਦੋਂ ਐਕਟਰਾਂ, ਐਕਟ੍ਰੈੱਸਾਂ, ਗਾਉਣ ਵਾਲਿਆਂ, ਕਾਮੇਡੀਅਨਾਂ ਜਾਂ ਸਕ੍ਰੀਨ ਦੇ ਜ਼ਰੀਏ ਲੋਕਾਂ 'ਤੇ ਆਪਣਾ ਜਾਦੂ ਕਰਨ ਵਾਲਿਆਂ ਨੂੰ ਦੇਖਦਾ ਹੈ ਤਾਂ ਇਹ ਲੋਕ ਉਸ ਦੇ 'ਆਈਡਲ' ਬਣ ਜਾਂਦੇ ਹਨ ਤੇ ਉਹ ਬੰਦਾ ਖਿਆਲੀ ਦੁਨੀਆ ਵਿਚ ਖ਼ੁਦ ਉਨ੍ਹਾਂ ਵਰਗਾ ਹੀ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਨ੍ਹਾਂ ਬਾਰੇ ਮੀਡੀਆ ਰਾਹੀਂ ਜਾਣਕਾਰੀ ਇਕੱਠੀ ਕਰਦਾ ਹੈ।
ਜੇ ਕਿਤੇ ਰੱਬ-ਸਬੱਬੀਂ ਉਸ ਦੀ ਉਨ੍ਹਾਂ ਨਾਲ ਮੁਲਾਕਾਤ ਹੋ ਜਾਵੇ ਤਾਂ ਉਹ ਬੜੇ ਮਾਣ ਨਾਲ ਉਨ੍ਹਾਂ ਨਾਲ ਫੋਟੋ ਖਿਚਵਾਉਂਦਾ ਹੈ, ਉਨ੍ਹਾਂ ਦੇ ਆਟੋਗ੍ਰਾਫ ਲੈਂਦਾ ਹੈ ਤੇ ਇਸ ਮੁਲਾਕਾਤ ਦਾ ਖੂਬ ਢਿੰਡੋਰਾ ਪਿੱਟਦਾ ਹੈ।
ਟੀ. ਵੀ. ਵਿਚ ਆਉਣ ਤੋਂ ਪਹਿਲਾਂ ਮੈਂ ਵੀ ਕੁਝ-ਕੁਝ ਇਸ ਬੀਮਾਰੀ ਦਾ ਸ਼ਿਕਾਰ ਸੀ ਪਰ ਟੀ. ਵੀ. ਦੀ ਦੁਨੀਆ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਾਰੀ ਪੋਲ ਖੁੱਲ੍ਹ ਗਈ। ਅਸਲੀ ਜ਼ਿੰਦਗੀ ਵਿਚ ਉਹ ਨਾ ਤਾਂ ਇੰਨੇ ਸੋਹਣੇ ਤੇ ਖਿੱਚਪਾਊ ਹੁੰਦੇ ਹਨ, ਜਿੰਨੇ ਉਹ ਸਕ੍ਰੀਨ 'ਤੇ ਨਜ਼ਰ ਆਉਂਦੇ ਹਨ।
ਮੇਕਅਪ ਦਾ ਪੋਚਾ ਉਨ੍ਹਾਂ ਦਾ ਹੁਲੀਆ ਬਦਲ ਦਿੰਦਾ ਹੈ ਤੇ ਰਹਿੰਦੀ-ਖੂੰਹਦੀ ਕਸਰ ਸਟੂਡੀਓ ਦੀਆਂ ਲਾਈਟਾਂ ਕੱਢ ਦਿੰਦੀਆਂ ਹਨ, ਬਾਕੀ ਕਮਾਲ ਕੈਮਰਾਮੈਨ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਇਕ ਵੱਖਰੀ ਦਿਖ ਵਾਲੇ ਬਣ ਜਾਂਦੇ ਹਨ ਤੇ ਉਨ੍ਹਾਂ ਦੀ ਸਾਰੀ ਬਦਸੂਰਤੀ, ਐਬ ਲੁਕ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਚ ਹੋਰ ਕੋਈ ਖਾਸ ਗੱਲ ਨਹੀਂ ਹੁੰਦੀ ਕਿਉਂਕਿ ਉਹ ਵੀ ਆਮ ਲੋਕਾਂ ਵਾਂਗ ਅਹਿਸਾਸਾਂ ਦੀ ਘਾਟ ਦੇ ਮਾਰੇ, ਖੁਸ਼ਾਮਦੀ, ਝੂਠੇ, ਲਾਲਚੀ, ਧੋਖੇਬਾਜ਼, ਚੋਰ ਅਤੇ ਕੁਝ ਭੁੱਖੇ-ਨੰਗੇ ਹੁੰਦੇ ਹਨ।
ਟੀ. ਵੀ. ਨੇ ਮੇਰਾ ਉਨ੍ਹਾਂ ਪ੍ਰਤੀ ਨਜ਼ਰੀਆ ਬਦਲ ਦਿੱਤਾ ਅਤੇ ਉਨ੍ਹਾਂ ਦੇ ਉਲਟ ਮੇਰੇ ਲਈ ਉਹ ਬੰਦੇ ਖਾਸ ਬਣ ਗਏ, ਜਿਨ੍ਹਾਂ ਨੂੰ ਸਮਾਜ ਚੁੱਕ ਕੇ ਕੂੜੇ ਦੇ ਢੇਰ 'ਤੇ ਸੁੱਟ ਦਿੰਦਾ ਹੈ। ਅਜਿਹੇ ਕੂੜੇ ਦੇ ਢੇਰ 'ਤੇ ਸੁੱਟੇ ਇਨਸਾਨ ਪ੍ਰਦੇਸਾਂ ਵਿਚ 'ਫਾਲਤੂ' ਮਿਲਦੇ ਹਨ। ਜਦੋਂ ਕੋਈ ਬੰਦਾ ਯੂਰਪ ਜਾਂਦਾ ਹੈ ਤਾਂ ਟੂਰਿਸਟਾਂ ਦੀਆਂ ਪਸੰਦੀਦਾ ਥਾਵਾਂ 'ਤੇ ਉਸ ਵਰਗੇ ਲੋਕਾਂ ਦੀ ਭਰਮਾਰ ਹੁੰਦੀ ਹੈ।
ਅਜਿਹੇ ਲੋਕ ਹਰ ਜਗ੍ਹਾ ਮਿਲਦੇ ਹਨ ਅਤੇ ਸਪੇਨ ਅਜਿਹੇ ਲੋਕਾਂ ਨਾਲ ਭਰਿਆ ਪਿਆ ਹੈ। ਉਨ੍ਹਾਂ ਵਿਚ ਅਕਸਰ ਅਫਰੀਕਾ ਦੇ ਕਾਲੇ ਲੋਕ ਵੀ ਹੁੰਦੇ ਹਨ, ਜਿਹੜੇ ਪੈਸਾ ਕਮਾਉਣ ਲਈ ਸਭ ਕੁਝ ਕਰਦੇ ਹਨ। ਉਨ੍ਹਾਂ ਵਿਚ ਕੁਝ ਦੁਕਾਨਦਾਰ ਵੀ ਹੁੰਦੇ ਹਨ, ਜਿਨ੍ਹਾਂ ਦੀ ਦੁਕਾਨ ਇਕ ਚਾਦਰ ਹੁੰਦੀ ਹੈ, ਜਿਸ ਨੂੰ ਜ਼ਮੀਨ 'ਤੇ ਵਿਛਾ ਕੇ ਉਸ 'ਤੇ ਉਹ ਨਕਲੀ ਚੀਜ਼ਾਂ ਸਜਾ ਕੇ ਬੈਠੇ ਹੁੰਦੇ ਹਨ ਪਰ ਉਨ੍ਹਾਂ ਨੂੰ ਅਸਲੀ ਕਹਿੰਦੇ ਹਨ ਤੇ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦੇ ਹਨ। ਹਰ ਚੀਜ਼ ਦੀ ਪਹਿਲੀ ਕੀਮਤ ਹੋਰ ਹੁੰਦੀ ਹੈ, ਜੋ ਘਟਦੀ-ਘਟਦੀ ਅੱਧੀ ਰਹਿ ਜਾਂਦੀ ਹੈ।
ਸਪੇਨ ਵਿਚ ਮੇਰੇ ਅਪਾਰਟਮੈਂਟ ਨਾਲ ਲੱਗਦੇ ਸਮੁੰਦਰ ਦੇ ਕਿਨਾਰੇ 'ਤੇ ਅਜਿਹੀਆਂ 'ਦੁਕਾਨਾਂ' ਦੀ ਭਰਮਾਰ ਹੈ। ਸਪੇਨ ਦੇ ਕਾਨੂੰਨ ਮੁਤਾਬਿਕ ਇਹ ਲੋਕ ਸਮੁੰਦਰ ਕੰਢੇ ਆਪਣੀ ਦੁਕਾਨ ਨਹੀਂ ਸਜਾ ਸਕਦੇ ਤੇ ਪੁਲਸ ਅਕਸਰ ਇਨ੍ਹਾਂ ਨੂੰ ਛਾਪੇ ਮਾਰ ਕੇ ਫੜਦੀ ਰਹਿੰਦੀ ਹੈ। ਕੁਝ ਤਾਂ ਪੁਲਸ ਦੇ ਆਉਣ ਦੀ ਭਿਣਕ ਲੱਗਦਿਆਂ ਹੀ ਆਪਣੀ ਚਾਦਰ ਸਾਮਾਨ ਸਮੇਤ ਲਪੇਟ ਕੇ ਭੱਜ ਜਾਂਦੇ ਹਨ।
ਇਕ ਦਿਨ ਮੈਂ ਅਜਿਹੇ ਹੀ ਕਿਸੇ ਦੁਕਾਨਦਾਰ ਕੋਲ ਜਾ ਕੇ ਬੈਠ ਗਿਆ ਤੇ ਉਸ ਨੇ ਦੱਸਿਆ ਕਿ ਸਪੇਨ ਦੇ ਇਸ ਸਮੁੰਦਰ ਕੰਢੇ ਦੁਕਾਨ ਲਾਉਂਦਿਆਂ ਉਸ ਨੂੰ 10 ਸਾਲ ਹੋ ਗਏ ਹਨ ਤੇ ਅੱਜ ਪਹਿਲੀ ਵਾਰ ਕੋਈ ਯੂਰਪੀ ਬੰਦਾ ਉਸ ਕੋਲ ਆ ਕੇ ਬੈਠਾ ਹੈ।
ਮੈਂ ਉਸ ਨੂੰ ਕੁਰੇਦਣ ਲੱਗਾ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਂ ਮਹਿਮਦੋ ਹੈ ਅਤੇ ਉਹ ਸੇਨੇਗਲ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। ਜਦੋਂ ਉਸ ਦਾ ਖਾਨਦਾਨ ਵਧ ਗਿਆ ਤੇ ਆਮਦਨ ਘਟ ਗਈ ਤਾਂ ਘਰ ਵਿਚ ਆਈ ਗਰੀਬੀ ਨੂੰ ਦੂਰ ਕਰਨ ਲਈ ਉਹ ਆਪਣਾ ਸਭ ਕੁਝ ਵੇਚ ਕੇ ਏਜੰਟਾਂ ਦੇ ਜ਼ਰੀਏ ਸਪੇਨ ਪਹੁੰਚ ਗਿਆ।
ਕਈ ਸਾਲ ਧੱਕੇ ਖਾਣ ਤੋਂ ਬਾਅਦ ਉਹ ਇਸ ਕਾਰੋਬਾਰ ਵਿਚ ਆ ਗਿਆ ਤੇ ਹੁਣ ਚੀਨ ਦੇ ਬਣੇ ਨਕਲੀ ਪਰਸ ਵੇਚਦਾ ਹੈ। ਸਾਰਾ ਦਿਨ ਗਾਹਕਾਂ ਦੀ ਖੁਸ਼ਾਮਦ ਕਰ-ਕਰ ਕੇ ਉਸ ਦਾ ਮੂੰਹ ਟੇਢਾ ਹੋ ਜਾਂਦਾ ਹੈ ਅਤੇ ਨਾਲ ਹੀ ਪੁਲਸ ਨਾਲ ਵੀ ਲੁਕਣਮੀਟੀ ਚੱਲਦੀ ਰਹਿੰਦੀ ਹੈ। ਸ਼ਾਮ ਨੂੰ ਬੜੀ ਮੁਸ਼ਕਿਲ ਨਾਲ 20 ਯੂਰੋ ਕਮਾ ਕੇ ਘਰ ਜਾਂਦਾ ਹੈ। ਉਹ 5 ਲੜਕਿਆਂ ਨਾਲ ਇਕ ਕਮਰੇ ਵਿਚ ਰਹਿੰਦਾ ਹੈ ਅਤੇ ਉਸ ਦੇ ਹਿੱਸੇ ਕਮਰੇ ਦਾ ਇਕ ਮਹੀਨੇ ਦਾ ਕਿਰਾਇਆ 50 ਯੂਰੋ ਆਉਂਦਾ ਹੈ। ਸੇਨੇਗਲ ਵਿਚ ਉਸ ਦੇ ਘਰ ਵਿਚ ਖਾਣ ਵਾਲੇ 7 ਮੈਂਬਰ ਹਨ, ਜਿਨ੍ਹਾਂ ਨੂੰ ਉਹ ਹਰ ਮਹੀਨੇ 150 ਯੂਰੋ ਭੇਜਦਾ ਹੈ। ਕਈ ਵਾਰ ਉਸ ਦੀ ਇੰਨੀ ਕਮਾਈ ਨਹੀਂ ਹੁੰਦੀ ਕਿ 150 ਯੂਰੋ ਘਰ ਭੇਜ ਸਕੇ ਪਰ ਉਹ ਰਕਮ ਉਧਾਰ ਫੜ ਕੇ ਭੇਜ ਦਿੰਦਾ ਹੈ। ਇਸ ਹਾਲਤ ਵਿਚ ਉਹ ਖ਼ੁਦ ਵੀ ਭੁੱਖਾ ਰਹਿੰਦਾ ਹੈ ਤੇ ਆਪਣੀ ਹਰ ਇੱਛਾ ਦਫਨ ਕਰ ਦਿੰਦਾ ਹੈ।
ਉਸ ਦੇ ਆਲੇ-ਦੁਆਲੇ ਘੁੰਮਦੇ ਦੂਜੇ ਮੁਲਕਾਂ ਤੋਂ ਆਏ ਸੈਲਾਨੀ ਅੱਯਾਸ਼ੀ ਕਰ ਰਹੇ ਹੁੰਦੇ ਹਨ ਅਤੇ ਉਹ ਭੁੱਖੇ ਢਿੱਡ ਉਨ੍ਹਾਂ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦਾ ਰਹਿੰਦਾ ਹੈ। ਉਹ ਰੋਜ਼ ਸੇਨੇਗਲ ਵਾਪਿਸ ਜਾਣ ਦੇ ਸੁਪਨੇ ਦੇਖਦਾ ਹੈ ਪਰ ਖਾਲੀ ਜੇਬ ਦੇਖ ਕੇ ਠੰਡਾ ਹਉਕਾ ਭਰ ਕੇ ਰਹਿ ਜਾਂਦਾ ਹੈ।
ਜਦੋਂ ਕਦੇ ਉਹ ਸੇਨੇਗਲ ਜਾਣ ਦੇ ਕਾਬਿਲ ਹੋ ਜਾਂਦਾ ਹੈ ਤਾਂ ਸੇਨੇਗਲ ਵਿਚ ਕਦਮ ਰੱਖਦਿਆਂ ਹੀ ਹਰ ਬੰਦਾ ਉਸ ਨੂੰ ਜੋਕਾਂ ਵਾਂਗ ਚਿੰਬੜ ਜਾਂਦਾ ਹੈ—ਦੋਸਤ, ਰਿਸ਼ਤੇਦਾਰ ਅਤੇ ਸਰਕਾਰੀ ਮਹਿਕਮਿਆਂ ਦੇ ਲੋਕ। ਆਪਣੀ ਜਨਮ ਭੂਮੀ 'ਤੇ ਪਹੁੰਚ ਕੇ ਸਾਹ ਲੈਣ ਅਤੇ ਕੁਝ-ਕੁਝ ਯੂਰਪ ਵਿਚ ਰਹਿਣ ਦੀ ਸ਼ਾਨ ਦਿਖਾਉਣ ਦੀ ਉਸ ਨੂੰ ਇਥੇ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਹਰ ਬੰਦਾ ਉਸ ਨੂੰ ਧੋਖਾ ਦੇਣ ਲਈ ਬੈਠਾ ਹੁੰਦਾ ਹੈ। ਜਦੋਂ ਉਹ ਸਪੇਨ ਵਾਪਿਸ ਆਉਂਦਾ ਹੈ ਤਾਂ ਉਸ ਦੀ ਹਾਲਤ ਉਸ ਪਰਿੰਦੇ ਵਰਗੀ ਹੁੰਦੀ ਹੈ, ਜਿਸਦੇ ਸਰੀਰ ਉਤੋਂ ਸਾਰੇ ਖੰਭ ਨੋਚ ਲਏ ਗਏ ਹੋਣ ਤੇ ਸਿਰਫ ਚਮੜੀ ਹੀ ਬਾਕੀ ਰਹਿ ਗਈ ਹੋਵੇ।
ਕੁਝ ਦੇਰ ਚੁੱਪ ਰਹਿ ਕੇ ਉਹ ਬੋਲਿਆ, ''ਮੈਂ ਗੁਲਾਮ ਹਾਂ। ਸਾਡੀ ਕਿਸਮਤ ਵਿਚ ਗੁਲਾਮੀ ਲਿਖੀ ਗਈ ਹੈ। ਪਹਿਲਾਂ ਅਮਰੀਕਾ ਤੋਂ ਗੋਰੇ ਲੋਕ ਆ ਕੇ ਸਾਨੂੰ ਗੁਲਾਮ ਬਣਾ ਕੇ ਲੈ ਜਾਂਦੇ ਸਨ ਤੇ ਹੁਣ ਅਸੀਂ ਖ਼ੁਦ ਆ ਕੇ ਉਨ੍ਹਾਂ ਦੇ ਗੁਲਾਮ ਬਣਦੇ ਹਾਂ। ਅਸੀਂ ਉਹ ਗੁਲਾਮ ਹਾਂ, ਜਿਨ੍ਹਾਂ ਨੂੰ ਮਾਲਕ ਅਤੇ ਉਸ ਦੇ ਬੰਦੇ ਜੋਕਾਂ ਵਾਂਗ ਚਿੰਬੜੇ ਹੁੰਦੇ ਹਨ।''
ਉਸ ਦੀਆਂ ਗੱਲਾਂ ਸੁਣ ਕੇ ਜਦੋਂ ਮੈਂ ਆਪਣੇ ਆਲੇ-ਦੁਆਲੇ ਨਜ਼ਰ ਦੌੜਾਈ ਤਾਂ ਮੈਨੂੰ ਉਸ ਵਰਗੇ ਕਰੋੜਾਂ ਗੁਲਾਮ ਨਜ਼ਰ ਆਏ, ਜਿਨ੍ਹਾਂ ਨੂੰ ਅਣਗਿਣਤ ਜੋਕਾਂ ਚਿੰਬੜੀਆਂ ਹੋਈਆਂ ਹਨ। ਉਸ ਵਰਗੇ ਲੱਖਾਂ ਲੋਕ ਪ੍ਰਦੇਸਾਂ ਵਿਚ ਗੁਲਾਮੀ ਵਰਗੀ ਜ਼ਿੰਦਗੀ ਹੰਢਾਅ ਰਹੇ ਹਨ। ਉਨ੍ਹਾਂ 'ਚੋਂ ਹਜ਼ਾਰਾਂ ਰੋਜ਼ ਆਪਣੀ ਮਿੱਟੀ, ਆਪਣੇ ਬਚਪਨ ਦੀਆਂ ਯਾਦਾਂ ਦੀ ਖਿੱਚ ਲਈ ਅਤੇ ਕੁਝ-ਕੁਝ ਵਿਦੇਸ਼ ਰਹਿਣ ਦੀ ਆਨ-ਬਾਨ ਦਿਖਾਉਣ ਵਾਸਤੇ ਆਪਣੇ ਦੇਸ਼ ਜਾਂਦੇ ਹਨ ਪਰ ਇਹ 'ਬਾਹਰੋਂ ਆਇਆ' ਬੰਦਾ ਇਨਸਾਨ ਨਹੀਂ ਹੈ, ਸਗੋਂ ਸ਼ਿਕਾਰ ਹੈ, ਇਕ ਸਾਮੀ ਹੈ। ਹਰ ਬੰਦਾ ਛੁਰੇ, ਕੁਹਾੜੇ ਤਿਆਰ ਕਰਕੇ ਬੈਠਾ ਹੁੰਦਾ ਹੈ। ਹਰ ਜਗ੍ਹਾ ਜੋਕਾਂ ਦਾ ਰਾਜ ਹੈ। ਉਸ ਦੀ ਕਿਤੇ ਕੋਈ ਸੁਣਵਾਈ ਨਹੀਂ। ਉਹ ਲਾਵਾਰਿਸ ਹੈ। ਇਨ੍ਹਾਂ ਲਾਵਾਰਿਸ ਗੈਰ-ਮੁਲਕੀਆਂ ਵਿਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। ਕਦੇ-ਕਦੇ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਪੰਜਾਬੀ ਮਾਵਾਂ ਪੁੱਤ ਨਹੀਂ, ਸਗੋਂ 'ਗੁਲਾਮ' ਪੈਦਾ ਕਰਨ ਵਾਲੀਆਂ ਫੈਕਟਰੀਆਂ ਹਨ।
ਵਿਗੜੀ ਮਾਨਸਿਕਤਾ ਦਾ ਹੱਲ ਸਮਾਜ ਖ਼ੁਦ ਲੱਭੇ
NEXT STORY