ਸਿਰਫ 2 ਦਿਨਾਂ ਦੇ ਵਕਫੇ ਵਿਚ ਹੋਈਆਂ ਚਾਰ ਘਟਨਾਵਾਂ 'ਤੇ ਗੌਰ ਕਰੋ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਹੀ ਪਰਿਵਾਰ ਦੇ 11 ਮੈਂਬਰਾਂ ਨੇ ਇਕੱਠਿਆਂ ਆਪਣੀ ਜੀਵਨ ਲੀਲਾ ਇਹ ਮੰਨਦਿਆਂ ਖਤਮ ਕਰ ਲਈ ਕਿ ਉਨ੍ਹਾਂ ਦੇ ਪਰਿਵਾਰ ਦੇ ਮਰ ਚੁੱਕੇ ਮੁਖੀ ਦੀ ਭਟਕਦੀ ਆਤਮਾ ਨੂੰ ਮੁਕਤੀ ਮਿਲੇਗੀ ਅਤੇ ਉਹ ਮੁਕਤ ਆਤਮਾ ਸਮੂਹਿਕ ਖ਼ੁਦਕੁਸ਼ੀ ਕਰਨ ਵਾਲੇ ਹਰੇਕ ਮੈਂਬਰ ਨੂੰ ਮੁੜ ਜ਼ਿੰਦਾ ਕਰ ਦੇਵੇਗੀ ਅਤੇ ਸਭ ਕੁਝ ਪਹਿਲਾਂ ਵਾਂਗ ਚੱਲਣ ਲੱਗੇਗਾ।
ਇਹ ਪਰਿਵਾਰ ਆਰਥਿਕ ਤੌਰ 'ਤੇ ਖੁਸ਼ਹਾਲ ਸੀ ਅਤੇ ਮੁਕਾਬਲਤਨ ਪੜ੍ਹਿਆ-ਲਿਖਿਆ ਵੀ। ਰਾਜਧਾਨੀ ਦਿੱਲੀ ਵਿਚ ਹੀ ਇਕ ਮਜ਼ਦੂਰ ਬਾਪ ਸ਼ਰਾਬ ਦੇ ਨਸ਼ੇ ਵਿਚ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ ਤੇ ਜਦੋਂ 5 ਸਾਲਾਂ ਦੇ ਬੇਟੇ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਸ਼ਰਾਬੀ ਨੇ ਆਪਣੇ ਬੇਟੇ ਦਾ ਸਿਰ ਕੰਧ ਨਾਲ ਟਕਰਾ ਦਿੱਤਾ ਅਤੇ ਉਸ ਬੱਚੇ ਦੀ ਮੌਤ ਹੋ ਗਈ।
ਮਹਾਰਾਸ਼ਟਰ ਦੇ ਧੁਲੇ ਖੇਤਰ ਦੇ ਇਕ ਪਿੰਡ ਵਿਚ 5 ਮਜ਼ਦੂਰਾਂ ਨੂੰ 'ਬੱਚਾ ਚੋਰ' ਸਮਝ ਕੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸੇ ਦਿਨ ਤਾਮਿਲਨਾਡੂ ਵਿਚ ਵੀ ਬਾਹਰੋਂ ਆਏ ਮਜ਼ਦੂਰਾਂ ਦੀ ਇਹੋ ਹਾਲਤ ਹੋਈ। ਇਨ੍ਹਾਂ ਘਟਨਾਵਾਂ ਤੋਂ ਕੁਝ ਦਿਨ ਪਹਿਲਾਂ ਆਸਾਮ ਅਤੇ ਤ੍ਰਿਪੁਰਾ ਵਿਚ ਵੀ ਕੁਝ ਲੋਕਾਂ ਨੂੰ ਬੱਚਾ ਚੋਰ ਸਮਝ ਕੇ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਸਮੂਹਿਕ ਖ਼ੁਦਕੁਸ਼ੀ ਹੋਵੇ ਜਾਂ ਭੀੜ ਵਲੋਂ ਹੱਤਿਆ ਜਾਂ ਫਿਰ ਸ਼ਰਾਬੀਆਂ ਦਾ ਆਪਣੇ ਪਰਿਵਾਰਕ ਮੈਂਬਰਾਂ 'ਤੇ ਅੱਤਿਆਚਾਰ—ਤਿੰਨ ਤੱਥ ਸਾਫ ਦਿਖਾਈ ਦਿੰਦੇ ਹਨ : ਪਹਿਲਾ—ਇਹ ਕਿ ਸਮਾਜ ਦਾ ਇਕ ਵਰਗ ਮਾਨਸਿਕ ਤੌਰ 'ਤੇ ਬੀਮਾਰ ਹੈ, ਦੂਜਾ—ਇਨ੍ਹਾਂ 'ਚੋਂ ਕਿਸੇ ਵੀ ਘਟਨਾ ਨੂੰ 'ਨਾ ਹੋਣ ਦੇਣ ਵਿਚ' ਸਰਕਾਰ, ਕਾਨੂੰਨ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਤੀਜਾ—ਭੀੜ ਵਲੋਂ ਨਿਆਂ। ਇਹ ਮਾਨਸਿਕਤਾ ਇਸ ਲਈ ਹੈ ਕਿ ਲੋਕਾਂ ਦਾ ਨਿਆਂ ਵਿਵਸਥਾ ਅਤੇ ਸਰਕਾਰ ਉੱਤੋਂ ਭਰੋਸਾ ਟੁੱਟਦਾ ਜਾ ਰਿਹਾ ਹੈ।
ਜ਼ਰਾ ਇਸ ਮਨੋਦਸ਼ਾ ਦਾ ਵਿਸ਼ਲੇਸ਼ਣ ਕਰੋ : ਕਿਸੇ ਵਿਅਕਤੀ, ਪਰਿਵਾਰ ਜਾਂ ਸਮੂਹ ਨੂੰ ਜੇ ਆਤਮਾ ਦੇ ਭਟਕਣ, ਉਸ ਦੇ ਮੁਕਤੀ ਪ੍ਰਾਪਤ ਕਰਨ ਵਿਚ ਭਰੋਸਾ ਹੈ ਜਾਂ ਫਿਰ ਇਹ ਭਰੋਸਾ ਹੈ ਕਿ ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੇਗੀ, ਜਦੋਂ ਪੁੱਤਰ ਆਪਣਾ ਜੀਵਨ ਦਾਨ ਦੇਵੇ। ਕੀ ਆਈ. ਪੀ. ਸੀ. ਦੀ ਧਾਰਾ ਇਸ ਦੀ ਵਿਚਾਰਧਾਰਾ ਨੂੰ ਬਦਲ ਸਕਦੀ ਹੈ? ਜਾਂ ਥਾਣੇ ਦਾ ਅਫਸਰ ਉਸ ਨੂੰ ਸਮਝਾ ਸਕਦਾ ਹੈ?
ਭਾਵ ਇਹ ਸ਼ੁੱਧ ਤੌਰ 'ਤੇ ਵਿਸ਼ਵਾਸ ਦਾ ਮਾਮਲਾ ਹੈ। ਜੇ ਉਸ ਨੂੰ ਇਹ ਵੀ ਭਰੋਸਾ ਹੋ ਜਾਵੇ ਕਿ ਨਰ ਬਲੀ ਦੇਣ ਨਾਲ ਭਗਵਾਨ ਉਸ ਤੋਂ ਖੁਸ਼ ਹੋ ਕੇ ਉਸ ਨੂੰ ਅਥਾਹ ਧਨ-ਜਾਇਦਾਦ ਦੇ ਦੇਣਗੇ ਜਾਂ ਉਸ ਨੂੰ ਅਥਾਹ ਤਾਕਤਾਂ ਮਿਲ ਜਾਣਗੀਆਂ ਜਾਂ ਸਵਰਗ ਵਿਚ ਜਗ੍ਹਾ ਮਿਲੇਗੀ ਤਾਂ ਕੀ ਕੋਈ ਕਲੈਕਟਰ ਜਾਂ ਭਾਰਤੀ ਸੰਵਿਧਾਨ ਦੀ ਧਾਰਾ 51 (ਅ) (ਜ) ਉਸ ਦਾ ਵਿਚਾਰ ਬਦਲ ਸਕਦੀ ਹੈ?
ਅਸਲ ਵਿਚ ਇਹ ਬੀਮਾਰੀ (ਗੈਰ-ਵਿਗਿਆਨਕ ਅਤੇ ਗੈਰ-ਦਲੀਲੀ ਸੋਚ) ਸਿਰਫ ਅਨਪੜ੍ਹ ਲੋਕਾਂ ਵਿਚ ਹੋਵੇ, ਅਜਿਹਾ ਵੀ ਨਹੀਂ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ ਵਿਚ ਵਰ੍ਹਿਆਂ ਤੋਂ ਬੰਦ ਇਕ ਆਈ. ਏ. ਐੱਸ. ਜੋੜਾ ਵੀ ਧਰਮ ਨੂੰ ਮੰਨਣ ਵਾਲਾ ਸੀ, ਨਿੱਤ ਪੂਜਾ-ਪਾਠ ਕਰਦਾ ਸੀ।
ਇਸੇ ਤਰ੍ਹਾਂ ਦੇਵੀ ਦੇ ਦਰਸ਼ਨ ਕਰਨ ਵਾਲਾ ਮੰਤਰੀ ਜਾਂ ਨੇਤਾ ਵੀ ਪੂਜਾ-ਪਾਠ ਕਰ ਕੇ ਪੁੰਨ ਕਮਾਉਣ ਦਾ ਭਰੋਸਾ ਰੱਖਦਾ ਹੈ। ਜਦੋਂ ਚਾਰਾ ਘਪਲਾ ਹੋ ਰਿਹਾ ਸੀ, ਉਦੋਂ ਵੀ ਉਸ ਵਿਚ ਸ਼ਾਮਲ ਸਾਰੇ ਅਧਿਕਾਰੀ ਤੇ ਨੇਤਾ 'ਛੱਠ ਪੂਜਾ' ਕਰਦੇ ਰਹੇ। ਅਸਲ ਵਿਚ ਠੇਕੇਦਾਰ ਵਲੋਂ ਖਰੀਦੀ ਗਈ ਹਵਾਈ ਟਿਕਟ 'ਤੇ ਤਿਰੁਪਤੀ ਬਾਲਾਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਇੰਜੀਨੀਅਰ ਨੇ ਸਾਇੰਸ ਵੀ ਪੜ੍ਹੀ ਹੁੰਦੀ ਹੈ, ਉਹ ਧਾਰਮਿਕ ਵੀ ਹੁੰਦਾ ਹੈ, ਫਿਰ ਵੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋ ਕੇ ਸਮਾਜ ਨੂੰ ਖੋਖਲਾ ਕਰਦਾ ਹੈ।
ਅਸਲ ਵਿਚ ਇਸ ਇੰਜੀਨੀਅਰ ਜਾਂ ਨੇਤਾ ਜਾਂ ਸਮੂਹਿਕ ਖ਼ੁਦਕੁਸ਼ੀ ਕਰਨ ਵਾਲੇ ਪਰਿਵਾਰ ਦੇ 11 ਮੈਂਬਰਾਂ ਜਾਂ ਫਿਰ ਨਰ ਬਲੀ ਦੇ ਕੇ ਭਗਵਾਨ ਨੂੰ ਖੁਸ਼ ਕਰਨ ਵਾਲੇ ਵਿਅਕਤੀ ਵਿਚ ਮਨੋਵਿਕਾਰ ਦੀ ਡਿਗਰੀ ਦਾ ਹੀ ਫਰਕ ਹੁੰਦਾ ਹੈ। ਉਸ ਅਧਿਕਾਰੀ ਨੇ ਸ਼ਾਇਦ ਹੀ ਕਦੇ ਸੋਚਿਆ ਹੋਵੇ ਕਿ ਠੇਕੇਦਾਰ ਉਸ 'ਤੇ ਜੋ ਖਰਚਾ ਤਿਰੁਪਤੀ ਯਾਤਰਾ ਲਈ ਕਰ ਰਿਹਾ ਹੈ, ਉਸ ਦਾ ਖਮਿਆਜ਼ਾ ਕੁਝ ਸਾਲਾਂ ਬਾਅਦ ਉਸ ਵਲੋਂ ਬਣਾਏ ਗਏ ਘਟੀਆ ਮਟੀਰੀਅਲ ਵਾਲੇ ਪੁਲ ਦੇ ਡਿੱਗਣ ਨਾਲ ਆਮ ਲੋਕਾਂ ਨੂੰ ਮੌਤ ਦੇ ਰੂਪ ਵਿਚ ਭੁਗਤਣਾ ਪਵੇਗਾ।
ਤਾਂ ਕੀ ਧਰਮ ਗਲਤ ਹੈ? ਧਰਮ ਦੇ ਨਾਂ 'ਤੇ ਖੂਨ ਵਹਾਉਣ, ਨਰ ਬਲੀ ਦੇਣ ਜਾਂ ਫਿਰ ਸਮੂਹਿਕ ਖ਼ੁਦਕੁਸ਼ੀ ਕਰਨ ਜਾਂ ਭ੍ਰਿਸ਼ਟ ਤਰੀਕਿਆਂ ਨਾਲ ਪੈਸਾ ਕਮਾ ਕੇ ਅਤੇ ਸਰਕਾਰੀ ਖਰਚੇ 'ਤੇ ਮੰਦਰ-ਮਸਜਿਦ ਬਣਾਉਣ ਨਾਲ 'ਪੁੰਨ' ਖੱਟਿਆ ਜਾ ਸਕਦਾ ਹੈ? ਸ਼ਾਇਦ ਅਸੀਂ ਭੁੱਲ ਜਾਂਦੇ ਹਾਂ ਕਿ ਧਰਮ, ਈਸ਼ਵਰ ਭਗਤੀ, ਲੋਕ-ਪ੍ਰਲੋਕ ਦਾ ਲਾਭ ਉਦੋਂ ਤਕ ਸੰਭਵ ਨਹੀਂ, ਜਦੋਂ ਤਕ ਵਿਅਕਤੀ ਸੱਚਾਈ ਨੂੰ ਨਹੀਂ ਅਪਣਾਉਂਦਾ।
ਝਾਰਖੰਡ ਜਾਂ ਛੱਤੀਸਗੜ੍ਹ ਦੇ ਕਈ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿਚ ਹਰ ਚੌਥੇ ਦਿਨ ਮਾਨਸਿਕ ਬੀਮਾਰੀ ਤੋਂ ਪੀੜਤ ਅਤੇ ਭਟਕ ਕੇ ਕਿਸੇ ਪਿੰਡ ਵਿਚ ਪਹੁੰਚੀ ਔਰਤ ਨੂੰ 'ਡਾਇਣ' ਦੱਸ ਕੇ ਉਥੋਂ ਦੇ ਲੋਕ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੰਦੇ ਹਨ।
ਮੁਸ਼ਕਿਲ ਇਹ ਹੈ ਕਿ ਸਮਾਜ ਦੀ ਨਿੱਜੀ ਆਸਥਾ ਜਾਂ ਸਮੂਹਿਕ ਸੋਚ ਉੱਤੋਂ ਧਾਰਮਿਕ ਅੰਧਵਿਸ਼ਵਾਸ ਦਾ ਪਰਦਾ ਹਟਾਉਣ ਅਤੇ ਵਿਗਿਆਨਕ ਸੋਚ ਵਿਕਸਿਤ ਕਰਨ ਵਿਚ ਸਰਕਾਰ ਦੀ ਕੋਈ ਭੂਮਿਕਾ ਸੰਭਵ ਨਹੀਂ। ਜੇ ਕੋਈ ਆਦਮੀ ਕਿਸੇ ਅਖੌਤੀ ਸੰਤ ਨੂੰ 'ਈਸ਼ਵਰ' ਮੰਨ ਕੇ ਆਪਣੀ ਜਵਾਨ ਧੀ ਨੂੰ 'ਸਾਧਨਾ' ਲਈ ਉਸ ਕੋਲ ਭੇਜ ਦਿੰਦਾ ਹੈ ਤਾਂ ਸਰਕਾਰ, ਕਾਨੂੰਨ ਜਾਂ ਕੋਈ ਰਸਮੀ ਸਰਕਾਰੀ ਤੰਤਰ ਉਸ ਨੂੰ ਰੋਕ ਨਹੀਂ ਸਕਦਾ।
ਜੇ ਉਹ ਧੀ ਚੀਕ-ਚੀਕ ਕੇ ਕਹਿੰਦੀ ਵੀ ਹੈ ਕਿ ਅਖੌਤੀ ਸੰਤ ਉਸ ਨਾਲ ਬਲਾਤਕਾਰ ਕਰਦਾ ਹੈ ਤਾਂ 'ਭਗਤੀ' ਵਿਚ ਅੰਨ੍ਹਾ ਉਸ ਦਾ ਪਿਓ ਉਸ ਨੂੰ ਡਾਂਟ ਕੇ ਮੁੜ ਉਥੇ ਭੇਜ ਦਿੰਦਾ ਹੈ ਕਿਉਂਕਿ ਉਸ ਅਖੌਤੀ ਸੰਤ ਨੇ ਪਿਓ ਨੂੰ ਭਰੋਸਾ ਦਿਵਾਇਆ ਹੁੰਦਾ ਹੈ ਕਿ ਉਸ ਦੀ ਧੀ 'ਤੇ ਕਿਸੇ ਬੁਰੀ ਆਤਮਾ ਦਾ ਸਾਇਆ ਹੈ। ਕੁਝ ਦਿਨਾਂ ਬਾਅਦ ਲਾਚਾਰ ਧੀ ਹਮੇਸ਼ਾ ਲਈ ਵਿਰੋਧ ਛੱਡ ਕੇ ਸਮਰਪਣ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਕਿਤਿਓਂ ਸਹਾਰਾ ਨਹੀਂ ਮਿਲਦਾ।
ਫਿਰ ਇਸ ਤੋਂ ਕਿਵੇਂ ਬਚੀਏ? ਸਰਕਾਰ, ਕਾਨੂੰਨ ਜਾਂ ਕਿਸੇ ਵੀ ਰਸਮੀ ਸੰਸਥਾ ਦਾ ਵਿਅਕਤੀ ਦੇ ਵਿਸ਼ਵਾਸ ਨੂੰ ਲੈ ਕੇ ਕੋਈ ਰੋਲ ਨਹੀਂ ਹੈ। ਵਿਅਕਤੀ ਦੀ ਸੋਚ ਵਿਗਿਆਨਕ ਨਹੀਂ। ਧਰਮ ਦਾ ਵਿਗੜਿਆ ਚਿਹਰਾ ਬਾਬਿਆਂ ਦੇ ਰੂਪ ਵਿਚ ਬੇਹੱਦ ਪ੍ਰਭਾਵਸ਼ਾਲੀ ਬਣ ਜਾਂਦਾ ਹੈ, ਇੰਨਾ ਕਿ ਉਹ ਆਪਣੇ ਸ਼ਰਧਾਲੂਆਂ ਦੀਆਂ ਵੋਟਾਂ ਆਪਣੇ ਅੱਗੇ ਦੰਡੌਤ ਕਰਨ ਵਾਲੇ ਮੰਤਰੀਆਂ ਦੇ ਹੱਕ ਵਿਚ ਭੁਗਤਣ ਦਾ ਭਰੋਸਾ ਦਿੰਦੇ ਹਨ। ਦਹਿਸ਼ਤ ਵਿਚ ਵਿਰੋਧੀ ਸੁਰ ਦਾ ਨਿਕਲਣਾ ਮੁਸ਼ਕਿਲ ਹੁੰਦਾ ਹੈ, ਫਿਰ ਰਾਹ ਕੀ ਹੈ?
ਦੂਜਾ ਪਹਿਲੂ ਲਓ : ਸ਼ਰਾਬ ਪੀਣਾ ਗੈਰ-ਕਾਨੂੰਨੀ ਨਹੀਂ। ਨਸ਼ੇ ਵਿਚ ਪਤਨੀ ਨੂੰ ਰੋਜ਼ ਕੁੱਟਣਾ ਉਦੋਂ ਗੈਰ-ਕਾਨੂੰਨੀ ਹੈ, ਜਦੋਂ ਪਤਨੀ ਪੁਲਸ ਥਾਣੇ ਤਕ ਜਾਣ ਦੀ ਹਿੰਮਤ ਨਹੀਂ ਜੁਟਾਉਂਦੀ ਤੇ ਸੋਚਦੀ ਹੈ ਕਿ ਆਪਣੇ 2 ਬੱਚਿਆਂ ਨੂੰ ਲੈ ਕੇ ਉਹ ਬੇਸਹਾਰਾ ਹੋ ਜਾਵੇਗੀ। ਇਸੇ ਦਾ ਲਾਭ ਉਠਾ ਕੇ ਇਕ ਸ਼ਰਾਬੀ ਆਪਣੇ ਮਾਸੂਮ ਬੱਚੇ ਦੀ ਜਾਨ ਲੈ ਲੈਂਦਾ ਹੈ।
ਸੋਸ਼ਲ ਮੀਡੀਆ ਦੀ ਗਲਤ ਜਾਣਕਾਰੀ ਜਾਂ ਅਫਵਾਹ ਦੇ ਆਧਾਰ 'ਤੇ ਕੁਝ ਵਿਗੜੀ ਮਾਨਸਿਕਤਾ ਵਾਲੇ ਜਾਂ ਗੁੰਡਾ ਕਿਸਮ ਦੇ ਲੋਕ ਕਿਸੇ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੰਦੇ ਹਨ, ਜਿਵੇਂ 'ਬੱਚਾ ਚੋਰ' ਸਮਝ ਕੇ 5 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ।
ਅਜਿਹੇ ਲੋਕਾਂ ਨੂੰ ਬੱਚਿਆਂ ਦੀ ਚਿੰਤਾ ਨਹੀਂ ਹੈ, ਸਗੋਂ ਉਹ ਮੂਲ ਤੌਰ 'ਤੇ ਅਪਰਾਧੀ ਹਨ, ਜੋ ਸੜਕਾਂ 'ਤੇ ਸਿਰਫ ਸਮੂਹਿਕ ਅਪਰਾਧ ਕਰਨ ਲਈ ਕਿਸੇ ਬਹਾਨੇ ਦੀ ਭਾਲ ਵਿਚ ਰਹਿੰਦੇ ਹਨ। ਅਖਲਾਕ, ਪਹਿਲੂ ਖਾਨ, ਜ਼ੁਨੈਦ ਇਸੇ ਸਮੂਹਿਕ ਅਪਰਾਧ ਦੇ ਸ਼ਿਕਾਰ ਰਹੇ।
ਹੱਲ ਇਕ ਹੀ ਹੈ। ਸਾਨੂੰ ਗੈਰ-ਰਾਜਕੀ (ਨਾਨ-ਸਟੇਟ) ਪਰ ਭਰੋਸੇਯੋਗ ਸਮਾਜਿਕ-ਧਾਰਮਿਕ ਸੰਸਥਾਵਾਂ (ਨਾ ਕਿ ਬਾਬੇ) ਵਿਕਸਿਤ ਕਰਨੀਆਂ ਪੈਣਗੀਆਂ, ਜੋ ਅਖੌਤੀ ਬਾਬਿਆਂ ਦੇ ਚੁੰਗਲ ਵਿਚ ਫਸੇ ਕਰੋੜਾਂ ਲੋਕਾਂ ਨੂੰ ਧਾਰਮਿਕ ਅੰਧਵਿਸ਼ਵਾਸ 'ਚੋਂ ਕੱਢ ਸਕਣ। ਇਸ ਦੇ ਲਈ ਸਾਨੂੰ ਸਮਾਜ ਦੀ ਤਰਕਸ਼ਕਤੀ ਵਧਾਉਣੀ ਪਵੇਗੀ, ਧਰਮ ਨੂੰ ਅਖੌਤੀ ਬਾਬਿਆਂ ਦੇ ਚੁੰਗਲ 'ਚੋਂ ਕੱਢ ਕੇ ਇਨ੍ਹਾਂ ਸੰਸਥਾਵਾਂ ਦੇ ਹਵਾਲੇ ਕਰਨਾ ਪਵੇਗਾ।
ਲੋਕਾਂ ਨੂੰ 'ਗੀਤਾ' ਵਰਗੇ ਅਦਭੁੱਤ ਧਰਮ ਗ੍ਰੰਥ ਪੜ੍ਹਨ ਲਈ ਪ੍ਰੇਰਿਤ ਕਰਨਾ ਪਵੇਗਾ ਅਤੇ ਧਰਮ ਦੇ ਵਿਗੜੇ ਚਿਹਰੇ ਵਿਰੁੱਧ ਉਹੀ ਅੰਦੋਲਨ ਛੇੜਨਾ ਪਵੇਗਾ, ਜੋ 15ਵੀਂ ਸਦੀ ਵਿਚ ਮਾਰਟਿਨ ਲੂਥਰ ਨੇ ਇਸਾਈ ਧਰਮ ਵਿਰੁੱਧ ਤਰਕਸ਼ੀਲਤਾ ਲਿਆਉਣ ਲਈ ਛੇੜਿਆ ਸੀ।
- ਐੱਨ. ਕੇ. ਸਿੰਘ
ਹੁਣ ਅਮਰੀਕਾ ਤੋਂ ਪਹਿਲਾਂ ਵਰਗੀ ਸੁਰੱਖਿਆ ਦੀ ਉਮੀਦ ਨਹੀਂ ਕਰ ਸਕਦੇ ਯੂਰਪੀਅਨ ਦੇਸ਼
NEXT STORY