ਚੀਨ ਦੀ ਰਾਜਧਾਨੀ ਬੀਜਿੰਗ ਸਬ-ਵੇ ਭਾਵ ਉੱਥੋਂ ਦੀ ਮੈਟਰੋ ਟ੍ਰੇਨ ਇਸ ਸਮੇਂ ਘਾਟੇ ’ਚ ਜਾ ਰਹੀ ਹੈ, ਹੁਣ ਪ੍ਰਸ਼ਾਸਨ ’ਤੇ ਇਸ ਗੱਲ ਦਾ ਸੰਕਟ ਪੈਦਾ ਹੋ ਗਿਆ ਹੈ ਕਿ ਘਾਟੇ ’ਚ ਚੱਲਣ ਵਾਲੀ ਬੀਜਿੰਗ ਮੈਟਰੋ ਨੂੰ ਇੰਝ ਕਦੋਂ ਤੱਕ ਚਲਾਇਆ ਜਾ ਸਕਦਾ ਹੈ?
ਪ੍ਰਸ਼ਾਸਨਿਕ ਪੱਧਰ ’ਤੇ ਇਹ ਗੱਲ ਉਠਾਈ ਜਾ ਰਹੀ ਹੈ ਕਿ ਬੀਜਿੰਗ ਮੈਟਰੋ ਦੇ ਕਿਰਾਏ ’ਚ ਜਲਦੀ ਹੀ ਵਾਧਾ ਕਰਨਾ ਹੋਵੇਗਾ, ਨਹੀਂ ਤਾਂ ਇਸ ਦੇ ਸਟਾਫ ਦਾ ਖਰਚ ਕੱਢਣਾ ਵੀ ਬੀਜਿੰਗ ਪ੍ਰਸ਼ਾਸਨ ਲਈ ਭਾਰੀ ਪੈ ਜਾਵੇਗਾ। ਇਸ ਗੱਲ ਨੂੰ ਲੈ ਕੇ ਚੀਨ ਦੇ ਸੋਸ਼ਲ ਮੀਡੀਆ ਸੀਨਾ ਵੇਈਬੋ ’ਤੇ ਲੋਕਾਂ ’ਚ ਬਹਿਸ ਤੇਜ਼ ਹੋ ਗਈ ਹੈ ਕਿ ਕੀ ਬੀਜਿੰਗ ਸਬ-ਵੇ ਦੀ ਆਰਥਿਕ ਹਾਲਤ ਇੰਨੀ ਖਰਾਬ ਹੈ ਕਿ ਉਸ ਨੂੰ ਇਸ ਔਖੇ ਸਮੇਂ ’ਚ ਵੀ ਕਿਰਾਇਆ ਵਧਾਉਣਾ ਹੋਵੇਗਾ? ਕੁਝ ਲੋਕ ਲਿਖ ਰਹੇ ਹਨ ਕਿ ਜੇ ਬੀਜਿੰਗ ਸਬ-ਵੇ ਕਿਰਾਇਆ ਵਧਾਉਂਦਾ ਹੈ ਤਾਂ ਵੀ ਇਹ ਸਭ ਤੋਂ ਸਸਤੀ ਅਤੇ ਤੇਜ਼ ਸਵਾਰੀ ਹੋਵੇਗੀ ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਯਾਤਰਾ ਲਈ ਤੀਤੀ ਕੈਬ ਬੁੱਕ ਨਹੀਂ ਕਰ ਸਕਦੇ।
ਬੀਜਿੰਗ ਸਬ-ਵੇ ਦਾ ਪੂਰਾ ਕੰਮ 3 ਕੰਪਨੀਆਂ ਮਿਲ ਕੇ ਦੇਖਦੀਆਂ ਹਨ ਜਿਨ੍ਹਾਂ ’ਚ ਬੀਜਿੰਗ ਮੈਟਰੋ ਆਪ੍ਰੇਸ਼ਨ ਕੰਪਨੀ ਲਿਮਟਿਡ, ਬੀਜਿੰਗ ਰੇਲ ਟ੍ਰਾਂਜ਼ਿਟ ਆਪ੍ਰੇਸ਼ਨ ਮੈਨੇਜਮੈਂਟ ਕੰਪਨੀ ਲਿਮਟਿਡ ਅਤੇ ਬੀਜਿੰਗ ਛਿਨਕਾਂਗ ਸਬ-ਵੇ ਕੰਪਨੀ ਲਿਮਟਿਡ ਨੇ ਮਿਲ ਕੇ ਸਾਲ 2022 ਦਾ ਆਪਣਾ ਬੀਜਿੰਗ ਸਬ-ਵੇ ਨੂੰ ਚਲਾਉਣ ਦੇ ਪੂਰੇ ਖਰਚ ਦਾ ਬਿਓਰਾ ਪੇਸ਼ ਕੀਤਾ। ਇਨ੍ਹਾਂ ’ਚੋਂ ਪਹਿਲੀਆਂ 2 ਕੰਪਨੀਆਂ ਬੀਜਿੰਗ ਇਨਫ੍ਰਾਸਟ੍ਰੱਕਚਰ ਇਨਵੈਸਟਮੈਂਟ ਕਾਰਪ ਵੱਲੋਂ ਸੰਚਾਲਿਤ ਹੁੰਦੀਆਂ ਹਨ। ਬੀਜਿੰਗ ਮੈਟਰੋ ਨੂੰ ਚਲਾਉਣ ਦੇ ਖਰਚ ਦਾ ਸੂਖਮ ਅਧਿਐਨ ਕਰਨ ਤੋਂ ਪਤਾ ਲੱਗਾ ਕਿ ਬੀਜਿੰਗ ਮੈਟਰੋ ਕੰਪਨੀ ਜਿਸ ਦੇ ਹੱਥ ’ਚ ਬੀਜਿੰਗ ਮੈਟਰੋ ਦੀਆਂ 17 ਲਾਈਨਾਂ ਦਾ ਸੰਚਾਲਨ ਦਾ ਕੰਮ ਹੈ, ਦੀ ਕੁਲ ਲਾਗਤ ਸਾਲ 2022 ’ਚ 12365 ਅਰਬ ਯੂਆਨ ਆਈ ਸੀ।
ਇਨ੍ਹਾਂ ’ਚ ਕਾਮਿਆਂ ਨੂੰ ਪੈਸੇ ਦੇਣ ਦਾ ਖਰਚ ਸਭ ਤੋਂ ਵੱਧ ਸੀ ਜੋ 49 ਫੀਸਦੀ ਸੀ। ਇਹ ਰਕਮ 6.05 ਅਰਬ ਯੂਆਨ ਬੈਠਦੀ ਹੈ। ਉੱਥੇ ਹੀ ਸੁਰੱਖਿਆ ’ਤੇ 1.3 ਅਰਬ ਯੂਆਨ ਦਾ ਖਰਚ ਆਇਆ, ਜੋ ਕੁਲ ਖਰਚੇ ਦਾ 11 ਫੀਸਦੀ ਸੀ। ਇੰਨਾ ਖਰਚ ਤਾਂ ਸਾਲਾਨਾ ਬਿਜਲੀ ਦੇ ਬਿੱਲ ਦਾ ਆਉਂਦਾ ਹੈ।
ਹਾਲਾਂਕਿ ਇਹ ਆਰਥਿਕ ਨੁਕਸਾਨ ਬੀਜਿੰਗ ਸਬ-ਵੇ ਨੂੰ ਪਹਿਲੀ ਵਾਰ ਨਹੀਂ ਹੋਇਆ ਹੈ, ਅਜਿਹੇ ਕਈ ਨੁਕਸਾਨ ਬੀਜਿੰਗ ਸਬ-ਵੇ ਪਹਿਲਾਂ ਵੀ ਝੱਲ ਚੁੱਕੀ ਹੈ ਪਰ ਇਸ ਵਾਰ ਇਹ ਨੁਕਸਾਨ ਵੱਧ ਇਸ ਲਈ ਵੀ ਲੱਗ ਰਿਹਾ ਹੈ ਕਿਉਂਕਿ ਇਸ ਸਮੇਂ ਚੀਨ ਦੀ ਆਰਥਿਕ ਹਾਲਤ ਖਸਤਾਹਾਲ ਚੱਲ ਰਹੀ ਹੈ। ਕਈ ਸੂਬਾਈ ਸਰਕਾਰਾਂ ਕੋਲ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਵੀ ਨਹੀਂ ਹਨ।
ਚੀਨ ਦੇ ਟਾਈਮਜ਼ ਵੀਕਲੀ ਦੇ ਵੀ-ਚੈਟ ਜਨਤਕ ਅਕਾਊਂਟ ’ਤੇ ਸਾਂਝੇ ਹੋਏ ਅੰਕੜਿਆਂ ਅਨੁਸਾਰ ਸ਼ਹਿਰ ਦੀਆਂ 32 ਮੈਟਰੋ ਕੰਪਨੀਆਂ ਨੇ ਆਪਣੀ ਪਰਫਾਰਮੈਂਸ ਨੂੰ ਲੋਕਾਂ ਨਾਲ ਸਾਂਝਾ ਕੀਤਾ ਜਿਨ੍ਹਾਂ ’ਚੋਂ ਸਿਰਫ 7 ਮੈਟਰੋ ਕੰਪਨੀਆਂ ਨੇ ਆਪਣਾ ਨੁਕਸਾਨ ਦਿਖਾਇਆ, ਇਸ ਨੁਕਸਾਨ ਨੂੰ ਜੇ ਪੈਸਿਆਂ ’ਚ ਦੇਖੀਏ ਤਾਂ ਇਹ ਰਕਮ 91.4 ਅਰਬ ਯੂਆਨ ਹੁੰਦੀ ਹੈ, ਜੋ 12.79 ਅਰਬ ਅਮਰੀਕੀ ਡਾਲਰ ਹੈ।
ਮੈਟਰੋ ਨੂੰ ਹੋ ਰਹੇ ਇਸ ਨੁਕਸਾਨ ਬਾਰੇ ਸੋਸ਼ਲ ਮੀਡੀਆ ’ਤੇ ਚਰਚਾ ਗਰਮ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੀ ਆਰਥਿਕ ਦੁਰਦਸ਼ਾ ਦਰਮਿਆਨ ਬੀਜਿੰਗ ਮੈਟਰੋ ਨੂੰ ਹੋ ਰਹੇ ਆਰਥਿਕ ਨੁਕਸਾਨ ਕਾਰਨ ਜੋ ਸਬਸਿਡੀ ਯਾਤਰੀਆਂ ਨੂੰ ਦਿੱਤੀ ਜਾ ਰਹੀ ਹੈ, ਉਸ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਇਸ ਨੂੰ ਦੇਖਦੇ ਹੋਏ ਬੀਜਿੰਗ ਮੈਟਰੋ ਜਲਦੀ ਹੀ ਆਪਣੇ ਕਿਰਾਏ ’ਚ ਵਾਧਾ ਕਰ ਸਕਦੀ ਹੈ। ਕੁਝ ਨੈਟੀਜ਼ਨਾਂ ਨੇ ਇਸ ਦੀ ਆਲੋਚਨਾ ਕਰਦੇ ਹੋਏ ਲਿਖਿਆ ਹੈ ਕਿ ਬੀਜਿੰਗ ਮੈਟਰੋ ’ਤੇ ਲੋੜ ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮਾਂ ਨੂੰ ਰੱਖਿਆ ਗਿਆ ਹੈ ਜਿਸ ਨਾਲ ਇਸ ਦੇ ਰੱਖ-ਰਖਾਅ ਦਾ ਖਰਚ ਵਧਿਆ ਹੈ, ਅਜਿਹੇ ’ਚ ਇੰਨੇ ਸੁਰੱਖਿਆ ਮੁਲਾਜ਼ਮਾਂ ਨੂੰ ਰੱਖਣ ਦੀ ਕੋਈ ਲੋੜ ਨਹੀਂ ਹੈ।
ਆਪਣੇ ਸਵਾਰਥਾਂ ਦੀ ਪੂਰਤੀ ਦਾ ਇਕ ਸਾਧਨ ਹੈ ਸਿਆਸਤ
NEXT STORY