ਜਿਵੇਂ-ਜਿਵੇਂ ਪੰਜਾਬ ਤੇ ਗੋਆ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਇੰਝ ਲੱਗਦਾ ਹੈ ਕਿ 'ਆਮ ਆਦਮੀ ਪਾਰਟੀ' (ਆਪ) ਆਪਣੇ ਅੰਦਰ ਹੀ ਇਕ ਸਿਆਸੀ ਮੁਕਾਬਲੇਬਾਜ਼ੀ ਵਿਚ ਫਸਦੀ ਜਾ ਰਹੀ ਹੈ, ਜਿਸ ਵਿਚ ਦੋਹਾਂ ਸੂਬਿਆਂ ਤੋਂ ਇਸ ਦੇ ਆਪਣੇ ਵਰਕਰ ਅਤੇ ਪਾਰਟੀ ਆਗੂ ਸ਼ਾਮਿਲ ਹਨ।
ਪੰਜਾਬ ਵਿਚ 117 ਅਤੇ ਗੋਆ ਵਿਚ 40 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜ ਕੇ 'ਆਮ ਆਦਮੀ ਪਾਰਟੀ' ਕੌਮੀ ਸਿਆਸਤ ਵਿਚ ਪੈਰ ਰੱਖ ਰਹੀ ਹੈ। ਸਾਲ ਦੇ ਸ਼ੁਰੂ ਵਿਚ ਇਸ ਨੇ ਦੋਹਾਂ ਸੂਬਿਆਂ ਵਿਚ ਆਪਣੀ ਚੜ੍ਹਤ ਨਾਲ ਸ਼ੁਰੂਆਤ ਕੀਤੀ ਸੀ ਪਰ ਹੁਣ ਇਹ ਆਪਣੇ ਹੀ ਨੇਤਾਵਾਂ ਅਤੇ ਅੱਡ ਹੋਏ ਧੜਿਆਂ ਤੋਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜੋ ਜਾਂ ਤਾਂ ਪਾਰਟੀ ਛੱਡ ਰਹੇ ਹਨ ਜਾਂ 'ਆਪ' ਵਿਰੁੱਧ ਆਪਣੇ ਉਮੀਦਵਾਰ ਖੜ੍ਹੇ ਕਰ ਰਹੇ ਹਨ ਜਾਂ ਵਿਰੋਧੀ ਪਾਰਟੀਆਂ ਦਾ ਸਮਰਥਨ ਕਰ ਰਹੇ ਹਨ।
ਜਿਥੇ ਪੰਜਾਬ ਵਿਚ ਕਈ ਪਾਰਟੀ ਆਗੂ ਅਤੇ ਵਰਕਰ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੂੰ ਸਤੰਬਰ ਵਿਚ ਟਿਕਟਾਂ ਅਲਾਟ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ, ਦੇ ਕਦਮਾਂ 'ਤੇ ਚੱਲਦਿਆਂ ਪਾਰਟੀ ਛੱਡ ਰਹੇ ਹਨ, ਉਥੇ ਹੀ ਗੋਆ ਵਿਚ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 19 ਦਸੰਬਰ ਨੂੰ ਸਾਊਥ ਗੋਆ ਵਿਚ ਹੋਈ ਰੈਲੀ ਤੋਂ ਪਹਿਲਾਂ ਮਰਗਾਓ ਤੋਂ ਲੱਗਭਗ 30 ਵਰਕਰਾਂ ਨੇ ਬੇਨੌਲਿਮ ਚੋਣ ਹਲਕੇ ਤੋਂ ਉਮੀਦਵਾਰ ਰੋਇਲਾ ਫਰਨਾਂਡੀਜ਼ ਦੀ ਚੋਣ ਦੇ ਵਿਰੋਧ ਵਿਚ ਪਾਰਟੀ ਛੱਡ ਦਿੱਤੀ। ਪਾਰਟੀ ਨੂੰ 'ਮਾਪੁਸਾ' ਤੋਂ ਵੀ ਆਪਣੇ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉੱਤਰੀ ਗੋਆ ਵਿਚ ਪੈਂਦਾ ਹੈ। ਇਸ ਦੀ ਵਜ੍ਹਾ ਸਾਬਕਾ ਕੇਂਦਰੀ ਮੰਤਰੀ ਰਮਾਕਾਂਤ ਖਾਲਾਪ ਦੀ ਨੂੰਹ ਸ਼ਰਧਾ ਖਾਲਾਪ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਸੀ।
ਵਰਕਰ ਇਹ ਦੋਸ਼ ਲਗਾ ਰਹੇ ਹਨ ਕਿ ਉਮੀਦਵਾਰਾਂ ਦੀ ਚੋਣ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ 'ਤੇ ਠੋਸਿਆ ਗਿਆ ਹੈ। ਹੁਣੇ-ਹੁਣੇ ਪਾਰਟੀ ਛੱਡਣ ਵਾਲੇ ਜੋਏ ਪਰੇਰਾ ਨੇ ਦੱਸਿਆ ਕਿ ਬੇਨੌਲਿਮ 'ਚ ਉਮੀਦਵਾਰ ਦੀ ਚੋਣ ਆਖਰੀ ਪਲਾਂ ਵਿਚ ਕੀਤੀ ਗਈ ਸੀ, ਜਦੋਂ ਉਨ੍ਹਾਂ ਨੇ ਵਰਕਰ ਦੇ ਤੌਰ 'ਤੇ ਇਕ ਹੋਰ ਉਮੀਦਵਾਰ ਨੂੰ ਨਾਮਜ਼ਦ ਕੀਤਾ ਸੀ। ਰੋਇਲਾ ਫਰਨਾਂਡੀਜ਼ ਨੂੰ ਇਸ ਚੋਣ ਹਲਕੇ ਵਿਚ ਵਰਕਰਾਂ ਦੀਆਂ ਬਹੁਤ ਘੱਟ ਵੋਟਾਂ ਮਿਲੀਆਂ ਸਨ।
ਨਿਯਮਾਂ ਅਨੁਸਾਰ ਇਕ ਉਮੀਦਵਾਰ ਨੂੰ ਉਸ ਚੋਣ ਹਲਕੇ ਦੇ ਵਰਕਰਾਂ ਦੀਆਂ ਵੋਟਾਂ ਦੇ ਆਧਾਰ 'ਤੇ ਚੁਣਿਆ ਜਾਂਦਾ ਹੈ। ਗੁੱਸੇ ਵਿਚ ਆਏ ਵਰਕਰਾਂ ਨੇ ਦੋਸ਼ ਲਗਾਇਆ ਕਿ ਪਾਰਟੀ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤੇ ਖਾਲਾਪ ਪਰਿਵਾਰ 'ਚੋਂ ਉਮੀਦਵਾਰ ਨੂੰ ਨਾਮਜ਼ਦ ਕਰ ਦਿੱਤਾ।
ਗੋਆ ਵਿਚ 'ਆਪ' ਦੇ ਮਹਿਲਾ ਵਿੰਗ ਦੀ ਸਾਬਕਾ ਕਨਵੀਨਰ ਆਸ਼ਮਾ ਸਈਦ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਮੀਦਵਾਰਾਂ ਦੀ ਚੋਣ ਸ਼ੁੱਧ ਗੁਣਵੱਤਾ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਜੇ ਕੋਈ ਭਿਖਾਰੀ ਵੀ ਚੋਣ ਲੜਨਾ ਚਾਹੇ ਤੇ ਉਸ ਦਾ ਰਿਕਾਰਡ ਸਾਫ ਹੋਵੇ ਤਾਂ ਉਸ ਨੂੰ ਟਿਕਟ ਦਿੱਤੀ ਜਾਵੇਗੀ। ਆਸ਼ਮਾ ਨੇ ਨਵੰਬਰ ਵਿਚ ਇਹ ਦੋਸ਼ ਲਗਾਉਂਦਿਆਂ ਪਾਰਟੀ ਛੱਡ ਦਿੱਤੀ ਸੀ ਕਿ ਉਮੀਦਵਾਰਾਂ ਦੀ ਚੋਣ 'ਲੋਕ-ਲੁਭਾਊ ਉਪਾਵਾਂ' ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਕ ਮੁਸਲਿਮ ਉਮੀਦਵਾਰ ਵਜੋਂ ਉਹ ਵੇਲਿਮ ਵਿਚ ਜ਼ਿਆਦਾ ਵੋਟਾਂ ਹਾਸਿਲ ਨਹੀਂ ਕਰ ਸਕੇਗੀ, ਜਿਥੇ ਪਾਰਟੀ ਕੈਥੋਲਿਕ ਵੋਟਾਂ ਹਾਸਿਲ ਕਰਨਾ ਚਾਹੁੰਦੀ ਹੈ।
ਆਸ਼ਮਾ ਨੇ ਦੱਸਿਆ ਕਿ ਇਸ ਦੇ ਬਾਵਜੂਦ ਉਸ ਨੂੰ ਦੱਖਣੀ ਗੋਆ ਵਿਚ ਮਹਿਲਾ ਕੇਡਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਪੰਜਾਬ ਵਿਚ ਵੀ ਹੁਣੇ-ਹੁਣੇ 'ਆਪ' ਦੇ ਦੋ ਬਾਨੀ ਮੈਂਬਰਾਂ—ਕੌਮੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਯਾਮਿਨੀ ਗੋਮਰ ਅਤੇ ਅਹਿਮ ਬਾਨੀ ਮੈਂਬਰ ਨਵੀਨ ਜੈਰਥ ਨੇ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਕਿ ਪਾਰਟੀ ਜਨ-ਵਿਰੋਧੀ ਹੈ ਅਤੇ ਇਸ ਦੇ ਨੇਤਾ ਸਭ ਤੋਂ ਵੱਡੇ 'ਜੁਗਾੜੂ' ਹਨ। ਗੋਮਰ ਪਾਰਟੀ ਦਾ ਇਕ ਅਹਿਮ ਦਲਿਤ ਚਿਹਰਾ ਸੀ ਅਤੇ ਹੁਸ਼ਿਆਰਪੁਰ ਤੋਂ ਵਕੀਲ ਨਵੀਨ ਜੈਰਥ ਨੇ ਦੋਸ਼ ਲਗਾਇਆ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੇਜਰੀਵਾਲ ਨੇ ਉਮੀਦਵਾਰਾਂ ਨੂੰ ਟਿਕਟਾਂ ਵੰਡਣ ਦੇ ਮਾਮਲੇ ਵਿਚ ਹੋ ਰਹੇ ਘਪਲੇ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਸ ਤੋਂ ਦੋ ਹਫਤੇ ਪਹਿਲਾਂ ਲੱਗਭਗ 70 ਮੈਂਬਰਾਂ ਨੇ ਦਿੱਲੀ ਦੇ ਚੋਟੀ ਦੇ ਨੇਤਾਵਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ 'ਤੇ ਸੀਟਾਂ ਵੰਡਣ ਲਈ ਪੈਸਾ ਲੈਣ ਦਾ ਦੋਸ਼ ਲਗਾਉਂਦਿਆਂ ਪਾਰਟੀ ਛੱਡ ਦਿੱਤੀ ਸੀ। ਲੱਗਭਗ ਸਾਰਿਆਂ ਨੂੰ ਇਕ ਹੀ ਸ਼ਿਕਾਇਤ ਸੀ ਕਿ ਪਾਰਟੀ ਕੋਲ ਸਥਾਨਕ ਲੀਡਰਸ਼ਿਪ ਦੀ ਘਾਟ ਹੈ ਤੇ ਸਾਰੇ ਫੈਸਲੇ ਬਾਹਰਲੇ ਲੋਕਾਂ ਵਲੋਂ ਲਏ ਜਾ ਰਹੇ ਹਨ, ਖਾਸ ਕਰਕੇ ਦਿੱਲੀ ਤੋਂ ਪਾਰਟੀ ਆਗੂਆਂ ਵਲੋਂ।
ਜਿਥੇ ਸੰਜੇ ਸਿੰਘ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਇਹ ਕਿਹਾ ਕਿ ਦੋਸ਼ੀ ਸਿੱਧ ਹੋਣ 'ਤੇ ਉਹ ਪਾਰਟੀ ਛੱਡ ਦੇਣਗੇ, ਉਥੇ ਹੀ ਦਿੱਲੀ ਵਿਚ ਕੇਜਰੀਵਾਲ ਦੇ ਸਿਆਸੀ ਸਲਾਹਕਾਰ ਅਸ਼ੀਸ਼ ਤਲਵਾੜ, ਜੋ ਗੋਆ ਵਿਚ ਚੋਣਾਂ ਦੀਆਂ ਤਿਆਰੀਆਂ ਵੀ ਦੇਖ ਰਹੇ ਹਨ, ਨੇ ਕਿਹਾ ਕਿ ਪਾਰਟੀ ਵਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਇਹ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਹਰ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਵਰਕਰਾਂ ਵਿਚ ਰੋਸ ਹੋ ਸਕਦਾ ਹੈ ਪਰ ਇਸ ਨਾਲ ਲੀਡਰਸ਼ਿਪ 'ਤੇ ਕੋਈ ਅਸਰ ਨਹੀਂ ਪੈਂਦਾ।
ਇਸੇ ਦਰਮਿਆਨ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ 'ਆਪਣਾ ਪੰਜਾਬ ਪਾਰਟੀ' ਦਾ ਗਠਨ ਕਰ ਲਿਆ ਹੈ, ਨੇ ਪਹਿਲਾਂ ਹੀ 30 ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ ਅਤੇ ਇਹ ਸਾਰੇ 'ਆਪ' ਦੇ ਸਾਬਕਾ ਮੈਂਬਰ ਅਤੇ ਵਰਕਰ ਹਨ। ਇਨ੍ਹਾਂ ਨੂੰ ਦੱਖਣੀ ਪੰਜਾਬ ਦੀ ਮਾਲਵਾ-ਕਿਸਾਨ ਪੱਟੀ 'ਚ 'ਆਪ' ਦੇ 'ਵੋਟ-ਕੱਟੂ' ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਪੱਟੀ ਲੁਧਿਆਣਾ ਤਕ ਫੈਲੀ ਹੋਈ ਹੈ, ਜਿਥੇ ਪਾਰਟੀ ਨੇ ਹੁਣੇ-ਹੁਣੇ ਬੈਂਸ ਭਰਾਵਾਂ ਨਾਲ ਸਮਝੌਤਾ ਕੀਤਾ ਹੈ ਕਿ ਉਹ ਹਲਕੇ ਵਿਚ ਬੈਂਸ ਭਰਾਵਾਂ ਦੀਆਂ 5 ਸੀਟਾਂ 'ਤੇ ਚੋਣਾਂ ਨਹੀਂ ਲੜੇਗੀ।
ਜਿਥੇ ਪਾਰਟੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਨ 'ਚ ਜ਼ਰਾ ਵੀ ਸਮਾਂ ਨਹੀਂ ਲਗਾਇਆ, ਉਥੇ ਹੀ ਇਸ ਨੇ ਬਾਗੀ ਨੇਤਾ ਜਗਤਾਰ ਸਿੰਘ ਸੰਘੇੜਾ ਨੂੰ ਵੀ ਬਹਾਲ ਕਰ ਦਿੱਤਾ, ਜਿਨ੍ਹਾਂ ਨੇ ਪਾਰਟੀ ਦੇ ਉਪ-ਪ੍ਰਧਾਨ ਵਜੋਂ ਐੱਨ. ਆਰ. ਆਈ. ਸੈੱਲ ਦੇ ਕਨਵੀਨਰ ਦਾ ਅਹੁਦਾ ਛੱਡਣ ਦੀ ਧਮਕੀ ਦਿੱਤੀ ਸੀ।
ਪੰਜਾਬ ਵਿਚ ਸਤੰਬਰ ਮਹੀਨੇ ਚੋਣਾਂ ਤੋਂ ਪਹਿਲਾਂ ਇਕ ਸਰਵੇਖਣ ਕਰਵਾਉਣ ਵਾਲੇ ਚੰਡੀਗੜ੍ਹ ਦੇ ਇੰਸਟੀਚਿਊਟ ਆਫ ਡਿਵੈੱਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ 'ਆਮ ਆਦਮੀ ਪਾਰਟੀ' ਦੀ ਅੰਦਰੂਨੀ ਧੜੇਬੰਦੀ ਇਸ ਨੂੰ ਜ਼ਿਆਦਾ ਨੁਕਸਾਨ ਪਹੁੰਚਾਏਗੀ ਕਿਉਂਕਿ ਇਸ ਕੋਲ ਕੋਈ ਸਥਾਨਕ ਲੀਡਰਸ਼ਿਪ ਨਹੀਂ ਹੈ ਤੇ ਨਾ ਹੀ ਇਸ ਪਾਰਟੀ ਦਾ ਪੰਜਾਬ ਵਿਚ ਕੋਈ ਸੱਭਿਆਚਾਰਕ ਜਾਂ ਇਤਿਹਾਸਿਕ ਪਿਛੋਕੜ ਹੈ। ਦਿੱਲੀ ਦੇ ਨੇਤਾ ਤਾਂ ਪੰਜਾਬੀ ਵੀ ਢੰਗ ਨਾਲ ਨਹੀਂ ਬੋਲ ਸਕਦੇ, ਜਿਸ ਕਾਰਨ ਪਾਰਟੀ ਲਈ ਚੰਗੇ ਨਤੀਜਿਆਂ 'ਚ ਵਰਕਰ ਹੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।
'ਆਮ ਆਦਮੀ ਪਾਰਟੀ' ਸ਼ੁਰੂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਆਈ ਸੀ ਪਰ ਹੁਣ ਇਹ ਧੜੇ ਖ਼ੁਦ 'ਆਪ' ਨੂੰ ਹੀ ਬਰਬਾਦ ਕਰਨ ਦਾ ਕੰਮ ਕਰਨਗੇ।
ਸਾਰੀਆਂ ਸਿਆਸੀ ਧਿਰਾਂ ਲਈ ਬਹੁਤ ਅਹਿਮ ਹੋਵੇਗਾ ਆਉਣ ਵਾਲਾ ਵਰ੍ਹਾ
NEXT STORY