ਚੀਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਉਨ੍ਹਾਂ ਦੇ ਦੇਸ਼ ਵਿਚ ਚੀਨ ਵਲੋਂ ਧਨ-ਪ੍ਰਾਪਤ ਦੋ ਪ੍ਰਾਜੈਕਟਾਂ, ਜਿਨ੍ਹਾਂ ਲਈ ਪਿਛਲੀ ਸਰਕਾਰ ਵਲੋਂ ਕਰਾਰ ਜਾਰੀ ਕੀਤੇ ਗਏ ਸਨ, ਨੂੰ ਰੱਦ ਕਰਨ ਬਾਰੇ ਉਨ੍ਹਾਂ ਦੇ ਫੈਸਲੇ ਨੂੰ ਪਲਟਣ ਲਈ ਮਨਾਉਣ ਵਿਚ ਅਸਫਲ ਰਿਹਾ, ਜੋ ਇਸ ਗੱਲ ਦਾ ਸੰਕੇਤ ਹੈ ਕਿ ਮਹਾਤਿਰ ਮੁਹੰਮਦ ਇਨ੍ਹਾਂ ਪ੍ਰਾਜੈਕਟਾਂ ਲਈ ਭਾਰੀ ਕਰਜ਼ਿਆਂ ਦੇ ਖਤਰੇ ਨੂੰ ਲੈ ਕੇ ਚੌਕੰਨੇ ਹਨ, ਜੋ ਨਾ ਤਾਂ ਵਿਵਹਾਰਕ ਹਨ ਅਤੇ ਨਾ ਹੀ ਜ਼ਰੂਰੀ—ਸਿਵਾਏ ਚੀਨ ਲਈ ਉਨ੍ਹਾਂ ਦੀ ਰਣਨੀਤਕ ਮਹੱਤਤਾ ਦੇ।
ਮਹਾਤਿਰ ਨੇ ਬੀਤੇ ਸੋਮਵਾਰ ਪੇਈਚਿੰਗ ਦੇ ਗ੍ਰੇਟ ਹਾਲ ਆਫ ਪੀਪੁਲ ਵਿਚ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਇਕ ਮੀਟਿੰਗ ਤੋਂ ਬਾਅਦ ਕਿਹਾ ਕਿ ਉਹ ਅਜਿਹੀ ਸਥਿਤੀ ਨਹੀਂ ਚਾਹੁੰਦੇ, ਜਿਥੇ ਬਸਤੀਵਾਦ ਦਾ ਨਵਾਂ ਰੂਪ ਹੋਵੇ ਕਿਉਂਕਿ ਗਰੀਬ ਦੇਸ਼ ਅਮੀਰ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕਰਨ ਦੇ ਸਮਰੱਥ ਨਹੀਂ ਹਨ।
ਮਹਾਤਿਰ ਨੇ ਮੀਟਿੰਗ ਤੋਂ ਅਗਲੇ ਦਿਨ, ਭਾਵ ਮੰਗਲਵਾਰ ਤੋਂ ਪੇਈਚਿੰਗ ਦਾ ਆਪਣਾ 5 ਦਿਨਾ ਦੌਰਾ ਖਤਮ ਕਰ ਦਿੱਤਾ। ਇਹ 'ਬੈਲਟ ਐਂਡ ਰੋਡ ਇਨੀਸ਼ੀਏਟਿਵ' (ਬੀ. ਆਰ. ਆਈ.) ਲਈ ਇਕ ਵੱਡਾ ਝਟਕਾ ਹੈ, ਜੋ ਦੁਨੀਆ ਭਰ ਵਿਚ ਚੀਨ ਦੀ ਇਕ ਢਾਂਚਾਗਤ ਨਿਰਮਾਣ ਮੁਹਿੰਮ ਹੈ। ਮਲੇਸ਼ੀਆਈ ਪ੍ਰਾਜੈਕਟਾਂ ਨੂੰ ਗੁਆਉਣ ਤੋਂ ਬਾਅਦ ਪੇਈਚਿੰਗ ਲਈ ਪਹਿਲਾਂ ਹੀ ਆਨਾਕਾਨੀ ਕਰ ਰਹੇ ਭਾਰਤ ਨੇ 'ਬੀ. ਆਰ. ਆਈ' ਵਾਸਤੇ ਆਪਣੇ ਦਰਵਾਜ਼ੇ ਖੋਲ੍ਹਣ ਲਈ ਮਨਾਉਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ।
ਇਸ ਗੱਲ ਦਾ ਡਰ ਵਧਦਾ ਜਾ ਰਿਹਾ ਹੈ ਕਿ ਚੀਨ ਆਪਣੇ ਵਿਦੇਸ਼ੀ ਕਰਜ਼ਿਆਂ ਦੀ ਵਰਤੋਂ ਦੁਨੀਆ ਦੇ ਕੁਝ ਸਭ ਤੋਂ ਵੱਧ ਰਣਨੀਤਕ ਤੌਰ 'ਤੇ ਅਹਿਮ ਸਥਾਨਾਂ 'ਤੇ ਆਪਣੇ ਪੈਰ ਜਮਾਉਣ ਲਈ ਕਰ ਰਿਹਾ ਹੈ ਅਤੇ ਸ਼ਾਇਦ ਆਪਣੀ ਪ੍ਰਭੂਸੱਤਾ ਵਧਾਉਣ ਲਈ ਜਾਣਬੁੱਝ ਕੇ ਕਮਜ਼ੋਰ ਦੇਸ਼ਾਂ ਨੂੰ ਕਰਜ਼ਿਆਂ ਦੇ ਜਾਲ ਵਿਚ ਫਸਾਉਣ ਲਈ ਲੁਭਾਅ ਰਿਹਾ ਹੈ ਕਿਉਂਕਿ ਵਿਕਾਸਸ਼ੀਲ ਦੇਸ਼ਾਂ ਵਿਚ ਅਮਰੀਕਾ ਦਾ ਪ੍ਰਭਾਵ ਘਟ ਰਿਹਾ ਹੈ।
ਪ੍ਰਧਾਨ ਮੰਤਰੀ ਲੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਮਹਾਤਿਰ ਨੇ ਇਹ ਵੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਵਲੋਂ ਫੈਸਲਾ ਵਿੱਤੀ ਸੰਕਟ ਕਾਰਨ ਲਿਆ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਉਨ੍ਹਾਂ ਦੀਆਂ ਅੰਦਰੂਨੀ ਵਿੱਤੀ ਸਮੱਸਿਆਵਾਂ ਨੂੰ ਸਮਝਦਾ ਹੈ, ਜਿਨ੍ਹਾਂ ਨੂੰ ਮਲੇਸ਼ੀਆ ਸੁਲਝਾਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮਲੇਸ਼ੀਆ ਦੀ ਮਦਦ ਕਰ ਸਕਦਾ ਹੈ।
ਜਿਹੜੇ ਪ੍ਰਾਜੈਕਟਾਂ ਨੂੰ ਰੱਦ ਕੀਤਾ ਗਿਆ ਹੈ, ਉਹ ਹਨ 20 ਅਰਬ ਡਾਲਰ ਦਾ ਈਸਟ ਕੋਸਟ ਰੇਲ ਲਿੰਕ (ਈ. ਸੀ. ਆਰ. ਐੱਲ.) ਅਤੇ 2.3 ਅਰਬ ਡਾਲਰ ਦਾ ਟਰਾਂਸ-ਸਾਬਾਹ ਗੈਸ ਪਾਈਪਲਾਈਨ (ਟੀ. ਐੱਸ. ਜੀ. ਪੀ.) ਪ੍ਰਾਜੈਕਟ। ਸੂਤਰਾਂ ਨੇ ਦੱਸਿਆ ਕਿ ਚੀਨ ਨੇ ਸਮਝੌਤੇ ਦੀਆਂ ਸ਼ਰਤਾਂ ਵਿਚ ਤਬਦੀਲੀ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ ਤਾਂ ਕਿ ਉਹ ਕੁਆਲਾਲੰਪੁਰ ਵਿਚ ਨਵੀਂ ਸਰਕਾਰ ਲਈ ਮਨਜ਼ੂਰਸ਼ੁਦਾ ਬਣ ਜਾਣ ਪਰ ਮਹਾਤਿਰ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਇਨ੍ਹਾਂ ਪ੍ਰਾਜੈਕਟਾਂ ਦੀ ਲੋੜ ਨਹੀਂ।
ਕੁਝ ਹਫਤੇ ਪਹਿਲਾਂ ਕੁਆਲਾਲੰਪੁਰ ਵਿਚ ਬੋਲਦਿਆਂ ਮਹਾਤਿਰ ਨੇ ਈਸਟ ਕੋਸਟ ਰੇਲ ਲਿੰਕ ਪ੍ਰਾਜੈਕਟ ਨੂੰ ਪਿਛਲੀ ਨਜੀਬ ਰੱਜ਼ਾਕ ਸਰਕਾਰ ਦੇ 'ਮੂਰਖਤਾ ਭਰੇ' ਫੈਸਲਿਆਂ 'ਚੋਂ ਇਕ ਦੱਸਿਆ ਸੀ ਅਤੇ ਦੋਸ਼ ਲਾਇਆ ਸੀ ਕਿ ਇਸ ਨਾਲ ਮਲੇਸ਼ੀਆ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਮਲੇਸ਼ੀਆ ਦੇ ਫੈਸਲੇ 'ਤੇ ਪਾਕਿਸਤਾਨ ਦੋ ਕਾਰਨਾਂ ਕਰਕੇ ਬਹੁਤ ਨੇੜਿਓਂ ਨਜ਼ਰ ਰੱਖ ਰਿਹਾ ਹੈ। ਪਹਿਲਾ ਕਾਰਨ ਇਹ ਕਿ ਮਲੇਸ਼ੀਆ ਇਕ ਮੁਸਲਿਮ ਦੇਸ਼ ਹੈ ਅਤੇ ਦੂਜਾ ਇਹ ਕਿ ਭਾਰੀ ਕਰਜ਼ੇ ਚੁਕਾਉਣ ਵਿਚ ਇਸਲਾਮਾਬਾਦ ਦੀ ਸਮਰੱਥਾ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ, ਜੋ ਚੀਨ-ਪਾਕਿ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਕਾਰਨ ਵਧਿਆ ਹੈ।
ਮਹਾਤਿਰ ਨੇ ਉਹੀ ਕੀਤਾ, ਜਿਸ ਨੂੰ ਅੰਜਾਮ ਦੇ ਕੇ ਉਹ ਇਹ ਯਕੀਨੀ ਬਣਾ ਸਕਦੇ ਸਨ ਕਿ ਪ੍ਰਾਜੈਕਟ ਰੱਦ ਹੋਣ ਨਾਲ ਉਨ੍ਹਾਂ ਦੇ ਚੀਨ ਨਾਲ ਸਬੰਧ ਪ੍ਰਭਾਵਿਤ ਨਾ ਹੋਣ। ਉਨ੍ਹਾਂ ਕਿਹਾ ਕਿ ਚੀਨ ਕੋਲ ਕਈ ਮਹਾਨ ਉੱਦਮੀ ਅਤੇ ਨਵੇਂ ਕਾਰੋਬਾਰੀ ਵਿਚਾਰਾਂ ਵਾਲੇ ਲੋਕ ਹਨ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਮਲੇਸ਼ੀਆ ਵਿਚ ਲਾਗੂ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਅਲੀਬਾਬਾ ਸਮੂਹ ਦੇ ਬਾਨੀ ਜੈਕ ਮਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਆਪਣੇ ਬੰਦਿਆਂ ਨੂੰ ਇਹ ਅਧਿਐਨ ਕਰਨ ਲਈ ਚੀਨ ਭੇਜਣਗੇ ਕਿ ਕਿਸ ਤਰ੍ਹਾਂ ਇਨ੍ਹਾਂ ਵਿਚਾਰਾਂ ਨੂੰ ਉਦਯੋਗਾਂ ਅਤੇ ਵਪਾਰ ਵਿਚ ਲਾਗੂ ਕੀਤਾ ਜਾ ਸਕਦਾ ਹੈ। (ਟਾ.)
ਭਾਰਤ ਤੋਂ ਬਰਾਮਦ ਵਧਾਉਣ ਤੇ ਵਪਾਰ ਘਾਟਾ ਘੱਟ ਕਰਨ ਸਾਹਮਣੇ ਕਈ ਚੁਣੌਤੀਆਂ
NEXT STORY