ਪਾਕਿਸਤਾਨ 'ਚ ਅਥਾਹ ਧਨ ਤੇ ਫੌਜ-ਆਈ. ਐੱਸ. ਆਈ. ਵਲੋਂ ਕੰਟਰੋਲਡ ਸਿਆਸਤ ਅਤੇ ਬਾਹਰੀ ਖਪਤ ਲਈ ਲੋਕਤੰਤਰ ਨੂੰ ਬੰਧਕ ਬਣਾਉਣ ਦਾ ਸਿਲਸਿਲਾ ਨਾਲੋ-ਨਾਲ ਚੱਲਦਾ ਹੈ। ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿਚ ਦੋਸ਼ੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਬੀਤੀ 13 ਜੁਲਾਈ ਨੂੰ ਵਿਦੇਸ਼ ਤੋਂ ਵਤਨ ਪਰਤਣ 'ਤੇ ਅੱਲਾਮਾ ਇਕਬਾਲ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਇਹ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਸਿਆਸੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੂੰ ਦੇਸ਼ ਵਿਚ 25 ਜੁਲਾਈ ਨੂੰ ਹੋਣ ਜਾ ਰਹੀਆਂ ਚੋਣਾਂ ਦੀ ਪ੍ਰਕਿਰਿਆ ਤੋਂ ਬਾਹਰ ਕਰਨ ਦੀ ਇਕ ਵੱਡੀ ਫੌਜੀ ਸਾਜ਼ਿਸ਼ ਦਾ ਹਿੱਸਾ ਹੈ।
ਇਕ ਹੰਢੇ ਹੋਏ ਸਿਆਸਤਦਾਨ ਨਵਾਜ਼ ਸ਼ਰੀਫ ਜਾਣਦੇ ਸਨ ਕਿ ਪਾਕਿਸਤਾਨ ਵਿਚ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ। ਉਹ ਆਬੂਧਾਬੀ ਜਾਂ ਸਾਊਦੀ ਅਰਬ ਵਿਚ ਰੁਕ ਸਕਦੇ ਸਨ ਪਰ ਉਨ੍ਹਾਂ ਨੇ ਫੌਜ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੇ ਦੇਸ਼ ਪਾਕਿਸਤਾਨ ਦੀ ਖੂਨੀ ਸਿਆਸਤ ਵਿਚ ਛਾਲ ਮਾਰਨ ਦਾ ਫੈਸਲਾ ਲਿਆ। ਉਨ੍ਹਾਂ ਦਾ ਵਿਚਾਰ ਆਪਣੀ ਪਾਰਟੀ ਨੂੰ ਇਕ ਸਜੀਵ ਸਿਆਸੀ ਤਾਕਤ ਬਣਾਈ ਰੱਖਣ ਦਾ ਸੀ।
ਇਸ ਗੱਲ 'ਚ ਕੋਈ ਹੈਰਾਨੀ ਨਹੀਂ ਕਿ ਲੰਡਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਵੀਡੀਓ ਮੈਸੇਜ ਆਪਣੇ ਸਮਰਥਕਾਂ ਨੂੰ ਆਪਣੇ ਨਾਲ ਡਟ ਕੇ ਖੜ੍ਹੇ ਹੋਣ ਅਤੇ ਦੇਸ਼ ਦਾ ਭਵਿੱਖ ਬਦਲਣ ਲਈ ਕਿਹਾ। ਉਨ੍ਹਾਂ ਦੀ ਧੀ ਮਰੀਅਮ ਨੇ ਵੀ ਆਪਣੀ ਬੀਮਾਰ ਮਾਂ ਕੁਲਸੂਮ, ਜੋ ਲੰਡਨ ਵਿਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ, ਨੂੰ ਹਸਪਤਾਲ ਦੇਖਣ ਜਾਣ ਦੀਆਂ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
ਜ਼ਾਹਿਰ ਹੈ ਕਿ ਨਵਾਜ਼ ਸ਼ਰੀਫ ਆਪਣੀ ਪਾਰਟੀ ਦੇ ਸਮਰਥਕਾਂ ਦਾ ਮਨੋਬਲ ਵਧਾਉਣ ਲਈ ਪਾਕਿਸਤਾਨ ਦੀ ਤਾਕਤਵਰ ਫੌਜ ਦਾ ਸਾਹਮਣਾ ਕਰਦਿਆਂ ਇਕ ਉੱਚਾ ਦਾਅ ਖੇਡ ਰਹੇ ਹਨ, ਜੋ ਕਥਿਤ ਤੌਰ 'ਤੇ ਚੋਣਾਂ ਨੂੰ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੇ ਪੱਖ ਵਿਚ ਕਰਨ ਲਈ ਪਰਦੇ ਦੇ ਪਿੱਛਿਓਂ ਕੰਮ ਕਰ ਰਹੀ ਹੈ। ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਸਵੈ-ਜੀਵਨੀ, ਜੋ ਇਕ ਸਾਈਟ 'ਤੇ 'ਈ-ਬੁੱਕ' ਵਜੋਂ ਮੁਹੱਈਆ ਹੈ, 65 ਸਾਲਾ ਇਮਰਾਨ ਖਾਨ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰੇਗੀ। ਇਹ ਕਿਤਾਬ ਪਾਕਿਸਤਾਨ-ਤਹਿਰੀਕੇ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦਾ ਜ਼ਿਆਦਾਤਰ ਖਰਾਬ ਅਕਸ ਪੇਸ਼ ਕਰਦੀ ਹੈ।
ਰੇਹਮ ਖਾਨ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਇਸ ਵਿਅਕਤੀ ਨੂੰ ਇਕ ਅਜਿਹੇ ਵਿਅਕਤੀ ਵਜੋਂ ਪੇਸ਼ ਕਰਦੀ ਹੈ, ਜੋ 'ਸੈਕਸ, ਡਰੱਗਜ਼ ਅਤੇ ਰਾਕ ਐਨ ਰੋਲ' ਦਾ ਅਨੋਖਾ ਜੀਵਨ ਬਿਤਾਉਂਦਾ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਕੁਰਾਨ ਨਹੀਂ ਪੜ੍ਹ ਸਕਦਾ ਅਤੇ ਉਹ ਕਾਲੇ ਜਾਦੂ ਵਿਚ ਯਕੀਨ ਕਰਦਾ ਹੈ। ਇਮਰਾਨ ਨੇ ਇਕ ਵਾਰ ਮੰਨਿਆ ਸੀ ਕਿ ਉਸ ਦੇ ਕੁਝ 'ਨਾਜਾਇਜ਼ ਭਾਰਤੀ ਬੱਚੇ' ਵੀ ਹਨ।
ਇਹ ਸੱਚਮੁਚ ਦਿਲਚਸਪ ਹੈ। ਇਮਰਾਨ ਨੂੰ ਪਾਕਿਸਤਾਨੀ ਫੌਜ ਦੇ ਸਿਆਸੀ ਸਮਰਥਨ ਅਤੇ ਅਨਪੜ੍ਹ ਲੋਕਾਂ ਦਾ ਲਾਭ ਪ੍ਰਾਪਤ ਹੈ, ਜੋ ਉਸ ਦੇ ਉਦੋਂ ਦੇ ਪ੍ਰਸ਼ੰਸਕ ਹਨ, ਜਦੋਂ ਉਹ ਕ੍ਰਿਕਟ ਖੇਡਦਾ ਸੀ। ਹਾਲਾਂਕਿ ਇਸਲਾਮਾਬਾਦ ਵਿਚ ਸਿਆਸਤ ਕੋਈ ਸਿੱਧੀ ਖੇਡ ਨਹੀਂ ਹੈ।
ਪਾਕਿਸਤਾਨ ਅੱਜ ਇਕ ਬੇਰਹਿਮ ਦੇਸ਼ ਬਣ ਚੁੱਕਾ ਹੈ, ਜੋ ਇਸ ਦੇ ਫੌਜੀ ਜਰਨੈਲਾਂ ਦੇ ਰਵੱਈਆ ਤੋਂ ਸਪੱਸ਼ਟ ਹੈ। ਅਸਲ 'ਚ ਪਾਕਿਸਤਾਨ ਵਿਚ ਸੱਤਾ ਬੰਦੂਕ ਦੀ ਨਲੀ 'ਚੋਂ ਹੋ ਕੇ ਨਿਕਲਦੀ ਹੈ। ਇਥੋਂ ਤਕ ਕਿ ਆਮ ਦੌਰ ਵਿਚ ਵੀ ਫੌਜ ਨੂੰ ਆਪਣੇ ਦਾਅ ਖੇਡਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਨਵਾਜ਼ ਸ਼ਰੀਫ ਦੇ ਸ਼ਾਸਨਕਾਲ ਦੇ ਸਿਖਰ ਵੇਲੇ ਕੁਝ ਸਮੇਂ ਲਈ ਚੀਜ਼ਾਂ ਵੱਖਰੀਆਂ ਦਿਖਾਈ ਦਿੰਦੀਆਂ ਸਨ, ਜਦੋਂ ਉਨ੍ਹਾਂ ਨੇ ਹੁਣ ਤਕ ਦੇ ਸਭ ਤੋਂ ਵੱਡੇ ਬਹੁਮਤ ਨਾਲ ਫਰਵਰੀ 1997 'ਚ ਚੋਣਾਂ ਜਿੱਤੀਆਂ ਸਨ।
ਉਦੋਂ ਨਵਾਜ਼ ਸ਼ਰੀਫ ਦੀ ਸਮੱਸਿਆ ਇਹ ਸੀ ਕਿ ਉਹ ਇਕ 'ਬੇਤਾਜ ਖਲੀਫਾ' ਵਜੋਂ ਉੱਭਰਨਾ ਚਾਹੁੰਦੇ ਸਨ ਪਰ ਪਾਕਿਸਤਾਨ ਵਿਚ ਸੱਤਾ ਦੀ ਗੁੰਝਲਦਾਰ ਖੇਡ ਵਿਚ ਉਹ ਕੁਝ ਜ਼ਿਆਦਾ ਹੀ ਅੱਗੇ ਵਧ ਗਏ ਅਤੇ ਉਨ੍ਹਾਂ ਨੇ ਹਥਿਆਰਬੰਦ ਫੋਰਸਾਂ ਦੀ ਸੰਵੇਦਨਸ਼ੀਲਤਾ ਨੂੰ ਅਣਡਿੱਠ ਕਰ ਦਿੱਤਾ। ਪਹਿਲਾਂ ਉਨ੍ਹਾਂ ਨੇ ਜਨਰਲ ਜਹਾਂਗੀਰ ਕਰਾਮਤ ਨੂੰ ਹਟਾਇਆ ਤੇ ਫਿਰ 2 ਹੋਰ ਜਰਨੈਲਾਂ ਨੂੰ ਪਿੱਛੇ ਛੱਡ ਕੇ (ਸੀਨੀਆਰਤਾ ਦੇ ਹਿਸਾਬ ਨਾਲ) ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ 'ਚੀਫ ਆਫ ਦਿ ਆਰਮੀ ਸਟਾਫ' ਨਿਯੁਕਤ ਕਰ ਦਿੱਤਾ। ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਗੈਰ-ਫੌਜੀ ਸ਼ਾਸਨ ਅਤੇ ਫੌਜ ਵਿਚਾਲੇ ਮੱਤਭੇਦਾਂ ਦੇ ਬੀ ਉਸੇ ਦਿਨ ਬੀਜ ਦਿੱਤੇ ਗਏ।
ਪਿਛਾਂਹ ਨਜ਼ਰ ਮਾਰੀਏ ਤਾਂ ਨਵਾਜ਼ ਸ਼ਰੀਫ ਜ਼ਾਹਿਰਾ ਤੌਰ 'ਤੇ ਮੁਸ਼ੱਰਫ ਦੀਆਂ ਸ਼ਰਾਰਤ ਭਰੀਆਂ ਸਮਰੱਥਾਵਾਂ ਨੂੰ ਸਮਝ ਹੀ ਨਹੀਂ ਸਕੇ। ਇਕ ਬਗਾਵਤ ਵਿਚ ਮੁਸ਼ੱਰਫ ਨੇ ਸ਼ਰੀਫ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਇਹ ਪਾਕਿਸਤਾਨੀ ਸਿਆਸਤ ਦੀ ਇਕ ਠੇਠ ਪ੍ਰਣਾਲੀ ਹੈ। ਤ੍ਰਾਸਦੀ ਇਹ ਹੈ ਕਿ ਅੱਜ ਮੁਸ਼ੱਰਫ ਖ਼ੁਦ ਪਾਕਿਸਤਾਨੀ ਸੱਤਾ ਦੇ ਦਾਇਰੇ ਤੋਂ ਬਾਹਰ ਹੈ, ਹਾਲਾਂਕਿ ਉਹ ਮੱਕਾਰੀ ਅਤੇ ਧੋਖੇਬਾਜ਼ੀ ਲਈ ਜਾਣਿਆ ਜਾਂਦਾ ਹੈ।
ਇਹ ਇਕ ਇਤਿਹਾਸਿਕ ਤੱਥ ਹੈ ਕਿ ਇਕ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਕੋਈ ਫੌਜੀ ਸ਼ਾਸਕ ਉਦੋਂ ਤਕ ਆਪਣੀ ਪਕੜ ਮਜ਼ਬੂਤ ਬਣਾਉਣ ਨੂੰ ਤਰਜੀਹ ਦਿੰਦਾ ਹੈ, ਜਦੋਂ ਤਕ ਉਹ ਆਪਣੇ ਵਿਰੋਧੀਆਂ ਹੱਥੋਂ ਮਾਤ ਨਾ ਖਾ ਲਵੇ। ਇਹ ਜਨਰਲ ਜ਼ਿਆ-ਉਲ-ਹੱਕ ਦੇ ਮਾਮਲੇ 'ਚ ਸੱਚ ਹੈ, ਜਿਸ ਨੇ 1977 ਵਿਚ ਸੱਤਾ ਆਪਣੇ ਹੱਥ 'ਚ ਲੈਣ ਤੋਂ ਬਾਅਦ 9 ਦਿਨਾਂ ਅੰਦਰ ਅਹੁਦਾ ਛੱਡ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ 11 ਸਾਲ ਦੇਸ਼ 'ਤੇ ਰਾਜ ਕੀਤਾ।
ਪਾਕਿਸਤਾਨ ਅੱਜ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੈ। ਇਸ ਮਾਮਲੇ ਵਿਚ ਇਸਲਾਮਾਬਾਦ 'ਚ ਸੱਤਾ ਖੂਨੀ ਸੰਘਰਸ਼ ਵਿਚ ਘਿਰੀ ਰਹਿੰਦੀ ਹੈ ਤੇ ਜਦੋਂ ਕਿਸੇ ਨੂੰ ਕੁਚਲਣ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਕਿਸੇ ਨੂੰ ਬਖਸ਼ਦਾ ਨਹੀਂ—ਨਾ ਅੱਲ੍ਹਾ ਦੇ ਨਾਂ 'ਤੇ ਅਤੇ ਨਾ ਹੀ ਲੋਕਤੰਤਰ ਦੇ ਨਾਂ 'ਤੇ। ਹਾਲਾਂਕਿ ਬਾਅਦ ਵਿਚ ਦੇਸ਼ ਦੇ ਤਾਲਿਬਾਨੀਕਰਨ ਅਤੇ ਅਧਿਕਾਰਤ ਤੌਰ 'ਤੇ ਧਾਰਮਿਕ ਅੱਤਵਾਦ ਨੂੰ ਗਲ਼ੇ ਲਾਉਣ ਨੇ ਸੱਤਾ ਦੇ ਪੁਰਾਣੇ ਸਮੀਕਰਨਾਂ ਨੂੰ ਡਾਵਾਂਡੋਲ ਕਰ ਦਿੱਤਾ ਹੈ। ਪਾਕਿਸਤਾਨ ਕਈ ਕਹਾਣੀਆਂ ਨਾਲ ਭਰਿਆ ਪਿਆ ਹੈ—ਨਾ ਸਿਰਫ ਸੱਤਾ ਅਦਾਰੇ, ਸਗੋਂ ਫੌਜ ਨਾਲ ਸਬੰਧਤ ਵੀ।
ਨਵਾਜ਼ ਨੇ ਖ਼ੁਦ ਨੂੰ ਪਾਕਿਸਤਾਨ ਦੀ ਵੰਡਵੀਂ ਰੇਖਾ (ਫੌਜੀ ਤੇ ਗੈਰ-ਫੌਜੀ) ਦੇ ਗਲਤ ਪਾਸੇ ਰੱਖ ਲਿਆ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਨ੍ਹਾਂ ਨੇ ਖ਼ੁਦ ਨੂੰ ਫੌਜ ਦੇ ਸਮਰਥਨ ਵਾਲੀਆਂ ਤਾਕਤਾਂ ਵਲੋਂ ਫਸਾਇਆ ਦੇਖਿਆ, ਜਿਵੇਂ ਪਨਾਮਾ ਪੇਪਰਜ਼ ਦਾ ਮਾਮਲਾ। ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਨਵਾਜ਼ ਨੇ 9/11 ਦੇ ਮੁੰਬਈ ਅੱਤਵਾਦੀ ਹਮਲੇ ਪਿੱਛੇ ਆਈ. ਐੱਸ. ਆਈ. ਦਾ ਹੱਥ ਹੋਣ ਦਾ ਦੋਸ਼ ਲਾਇਆ ਤੇ ਖ਼ੁਦ ਨੂੰ ਫੌਜ-ਆਈ. ਐੱਸ. ਆਈ. ਨਾਲ ਸੰਘਰਸ਼ ਦੀ ਸਥਿਤੀ 'ਚ ਫਸਾ ਲਿਆ। ਬਿਨਾਂ ਸ਼ੱਕ ਨਵਾਜ਼ ਸ਼ਰੀਫ ਦੇ ਕੰਮ ਕਰਨ ਦਾ ਤਰੀਕਾ ਪਾਕਿਸਤਾਨ ਵਿਚ ਸੱਤਾ ਦੇ ਸਮਾਨਾਂਤਰ ਕੇਂਦਰਾਂ ਨੂੰ ਪਸੰਦ ਨਹੀਂ ਆਇਆ।
ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਾਕਿਸਤਾਨ ਅੱਜ ਇਕ ਵਾਰ ਫਿਰ ਚੌਰਾਹੇ 'ਤੇ ਖੜ੍ਹਾ ਹੈ। ਇਸ ਦੇ ਭਵਿੱਖ ਦੀਆਂ ਘਟਨਾਵਾਂ ਇਸ ਗੱਲ 'ਤੇ ਨਿਰਭਰ ਕਰਨਗੀਆਂ ਕਿ ਨਵਾਜ਼ ਸ਼ਰੀਫ ਫੌਜੀ ਜਰਨੈਲਾਂ ਤੋਂ ਮਿਲਣ ਵਾਲੀਆਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਕਿੰਨੇ ਸਫਲ ਹੁੰਦੇ ਹਨ। ਲੋਕਤੰਤਰ ਦਾ ਭਵਿੱਖ ਦਾਅ 'ਤੇ ਹੈ, ਜੋ ਅੱਜ ਸਰਵਸ਼ਕਤੀਸ਼ਾਲੀ ਫੌਜੀ ਅਦਾਰੇ ਅਤੇ ਸਿਆਸੀ ਖਿਡਾਰੀਆਂ ਦੀ ਜਾਗੀਰਦਾਰ ਮਾਨਸਿਕਤਾ ਵਿਚ ਇਕ ਨਾਜ਼ੁਕ ਸੰਤੁਲਨ 'ਤੇ ਖੜ੍ਹਾ ਹੈ।
ਹੋਰਨਾਂ ਦੇਸ਼ਾਂ ਨਾਲ ਜੁੜਦੀਆਂ ਭਾਰਤੀ ਸੱਭਿਅਤਾ ਦੀਆਂ ਕੜੀਆਂ
NEXT STORY