ਪਿਛਲੇ ਦਿਨੀਂ ਐੱਸ. ਸੀ./ਐੱਸ. ਟੀ. ਵਰਗ ਬਾਰੇ ਸੁਪਰੀਮ ਕੋਰਟ ਦੇ ਆਏ ਫੈਸਲੇ ਦੇ ਮੱਦੇਨਜ਼ਰ ਦਲਿਤਾਂ ਵਲੋਂ ਕੀਤੇ 'ਭਾਰਤ ਬੰਦ' ਨਾਲ ਭਾਜਪਾ ਵਿਰੁੱਧ ਇਕ ਵੱਡੀ ਤੇ ਸਫਲ ਗੋਲਬੰਦੀ ਸਾਹਮਣੇ ਆਈ। ਇਸ ਬੰਦ ਦੌਰਾਨ ਸਭ ਤੋਂ ਵੱਧ ਤਿੱਖੇ ਅਤੇ ਹਿੰਸਕ ਮੁਜ਼ਾਹਰੇ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਵਿਚ ਹੀ ਹੋਏ ਪਰ ਕੇਂਦਰ ਤੇ ਭਾਜਪਾ ਦੇ ਸ਼ਾਸਨ ਵਾਲੀਆਂ ਸੂਬਾ ਸਰਕਾਰਾਂ ਇਸ ਦਾ ਅਗਾਊਂ ਅੰਦਾਜ਼ਾ ਲਾਉਣ 'ਚ ਨਾਕਾਮ ਰਹੀਆਂ। ਉਨ੍ਹਾਂ ਨੇ ਇਸ 'ਬੰਦ' ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।
ਉਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਜਿਹੜੀਆਂ ਵਿਰੋਧੀ ਤਾਕਤਾਂ ਲੰਮੇ ਸਮੇਂ ਤੋਂ ਦਲਿਤਾਂ ਅੰਦਰ ਭਾਜਪਾ ਵਿਰੋਧੀ ਹਮਲਾਵਰਤਾ ਪੈਦਾ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਸਨ, ਉਹ ਇਸ ਬੰਦ ਦੇ ਸਮਰਥਨ ਵਿਚ ਇੰਝ ਆ ਡਟਣਗੀਆਂ। ਹਾਲਾਂਕਿ ਭਾਜਪਾ ਜਾਂ ਸੰਘ ਦਾ ਦਲਿਤ ਵਿਰੋਧੀ ਹੋਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਘ ਹਿੰਦੂਆਂ ਦਾ ਸੰਗਠਨ ਹੈ ਅਤੇ ਸਮਾਜ ਅੰਦਰ ਇਹ ਜਾਤ, ਭੇਦ ਦਾ ਪਾੜਾ ਦੂਰ ਕਰਨਾ ਚਾਹੁੰਦਾ ਹੈ। ਅਸਲ ਵਿਚ ਭਾਜਪਾ ਇਕ ਅਜਿਹੀ ਸਿਆਸੀ ਪਾਰਟੀ ਹੈ, ਜਿਸ ਦਾ ਵਿਚਾਰਕ ਆਧਾਰ ਸੰਘ ਰਿਹਾ ਹੈ ਤੇ ਇਸ ਨੂੰ ਦਲਿਤਾਂ, ਆਦੀਵਾਸੀਆਂ ਦੀਆਂ ਵੋਟਾਂ ਵੀ ਮਿਲਦੀਆਂ ਰਹੀਆਂ ਹਨ।
ਮੋਦੀ ਸਰਕਾਰ ਨੇ ਦੇਸ਼ ਵਿਚ ਹੁਣ ਤਕ ਬਣੀਆਂ ਸਾਰੀਆਂ ਸਰਕਾਰਾਂ ਨਾਲੋਂ ਜ਼ਿਆਦਾ ਡਾ. ਅੰਬੇਡਕਰ ਨੂੰ ਅਹਿਮੀਅਤ ਦਿੱਤੀ ਹੈ ਅਤੇ ਦਲਿਤਾਂ, ਆਦੀਵਾਸੀਆਂ ਲਈ ਯੋਜਨਾਵਾਂ ਵੀ ਲਿਆਂਦੀਆਂ ਹਨ ਪਰ ਹੁਣ 2019 ਦੀਆਂ ਆਮ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮੋਦੀ, ਭਾਜਪਾ ਦੇ ਵਿਰੋਧੀਆਂ ਵਲੋਂ ਦਲਿਤਾਂ ਦੇ ਵੱਡੇ ਹਿੱਸੇ ਅੰਦਰ ਇਹ ਧਾਰਨਾ ਪੈਦਾ ਕੀਤੀ ਜਾ ਰਹੀ ਹੈ ਕਿ ਭਾਜਪਾ ਉਨ੍ਹਾਂ ਦੀ ਵਿਰੋਧੀ ਹੈ।
ਇਸ ਮਾਮਲੇ 'ਚ ਕੋਈ ਐੱਨ. ਜੀ. ਓ. ਜਾਂ ਦਲਿਤਾਂ ਦੇ ਨਾਂ 'ਤੇ ਸਿਆਸਤ ਕਰਨ ਵਾਲੀਆਂ ਪਾਰਟੀਆਂ ਨਹੀਂ, ਸਗੋਂ ਭਾਜਪਾ ਦੀਆਂ ਵਿਰੋਧੀ ਸਾਰੀਆਂ ਤਾਕਤਾਂ ਇਕ ਹਨ।
ਜੇ ਆਉਣ ਵਾਲੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਅਜੇ 1 ਸਾਲ ਬਾਕੀ ਹੈ। ਚੁਣੌਤੀਆਂ ਦਾ ਸਹੀ ਮੁਲਾਂਕਣ ਕਰਨ ਅਤੇ ਸਥਿਤੀ ਨੂੰ ਸੰਭਾਲਣ ਲਈ ਪਾਰਟੀ ਕੋਲ ਕਾਫੀ ਸਮਾਂ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਉਣ ਅਤੇ ਨਾਰਾਜ਼ ਵਰਕਰਾਂ, ਸਮਰਥਕਾਂ ਦੀਆਂ ਜ਼ਿਲਾ ਪੱਧਰੀ ਮੀਟਿੰਗਾਂ ਲੈਣ, ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਭਰੋਸਾ ਦੇਣ।
ਉਨ੍ਹਾਂ ਨਾਲ ਕੇਂਦਰੀ ਅਤੇ ਸੂਬਾਈ ਮੰਤਰੀਆਂ ਦੀਆਂ ਮੀਟਿੰਗਾਂ ਵੀ ਕਰਵਾਈਆਂ ਜਾਣ ਕਿਉਂਕਿ ਭਾਜਪਾ ਅਤੇ ਸੰਘ ਪਰਿਵਾਰ ਦੇ ਵਰਕਰਾਂ ਦੀ ਸ਼ਿਕਾਇਤ ਹੈ ਕਿ ਉਹ ਆਪਣੀਆਂ ਹੀ ਸਰਕਾਰਾਂ ਵਿਚ ਅਣਗੌਲੇ ਹੋਏ ਹਨ। ਇਹੋ ਗੱਲ ਭਾਜਪਾ ਲਈ ਸਭ ਤੋਂ ਜ਼ਿਆਦਾ ਚਿੰਤਾ ਵਾਲੀ ਹੈ ਕਿ ਉਸ ਦੇ ਵਰਕਰ ਭਾਜਪਾ ਵਿਰੋਧੀ ਮੁਹਿੰਮ ਦੇ ਵਿਰੁੱਧ ਖੁੱਲ੍ਹ ਕੇ ਸਾਹਮਣੇ ਕਿਉਂ ਨਹੀਂ ਆਏ?
ਅਜਿਹੇ ਲੋਕ ਹਰ ਖੇਤਰ 'ਚ ਹਨ, ਜਿਨ੍ਹਾਂ ਨੇ 2014 ਵਿਚ ਭਾਜਪਾ ਨੂੰ ਜਿਤਾਉਣ ਲਈ ਜੀਅ-ਤੋੜ ਮਿਹਨਤ ਕੀਤੀ ਪਰ ਸਰਕਾਰ ਬਣਨ ਤੋਂ ਬਾਅਦ 4 ਸਾਲਾਂ ਵਿਚ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਮੋਦੀ ਸਰਕਾਰ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਤਕ ਜੋ ਹਾਂ-ਪੱਖੀ ਮਾਹੌਲ ਦੇਸ਼ ਵਿਚ ਬਣਿਆ ਸੀ, ਉਹ ਤੇਜ਼ੀ ਨਾਲ ਬਦਲ ਗਿਆ ਤੇ ਇਸ ਨੂੰ ਹਰ ਕੋਈ ਮਹਿਸੂਸ ਵੀ ਕਰ ਰਿਹਾ ਹੈ। ਕਾਂਗਰਸ ਨੇ ਮੋਦੀ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਅਤੇ ਦੇਸ਼ ਦਾ ਵਿਕਾਸ ਠੱਪ ਕਰਨ ਲਈ ਜ਼ਿੰਮੇਵਾਰ ਠਹਿਰਾਇਆ।
ਭਾਜਪਾ ਨੂੰ ਹੁਣ ਉਹ ਲੋਕ ਲੱਭਣੇ ਚਾਹੀਦੇ ਹਨ, ਜਿਹੜੇ ਇਸ ਦੇ ਲਈ ਰੱਜ ਕੇ ਮਿਹਨਤ ਕਰ ਰਹੇ ਸਨ ਪਰ ਬਾਅਦ ਵਿਚ ਖੁੱਡੇਲਾਈਨ ਲਾ ਦਿੱਤੇ ਗਏ। ਜੇ ਇਹ ਲੋਕ ਦੁਬਾਰਾ ਸਰਗਰਮ ਹੋ ਜਾਣ ਤਾਂ ਭਾਜਪਾ ਇਨ੍ਹਾਂ ਦੇ ਸਹਾਰੇ ਵਿਰੋਧੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕੇਗੀ ਪਰ ਜਿਥੋਂ ਤਕ ਇਸ ਦੋਸ਼ ਦੀ ਗੱਲ ਹੈ ਕਿ ਭਾਜਪਾ ਦਲਿਤ ਵਿਰੋਧੀ ਹੈ, ਇਸ ਦੋਸ਼ ਤੋਂ ਪਾਰਟੀ ਨੂੰ ਛੇਤੀ ਛੁਟਕਾਰਾ ਪਾਉਣਾ ਪਵੇਗਾ, ਨਹੀਂ ਤਾਂ ਅਗਲੀਆਂ ਚੋਣਾਂ ਵਿਚ ਭਾਜਪਾ ਨੂੰ ਇਹ ਦੋਸ਼ ਮਹਿੰਗਾ ਪੈ ਸਕਦਾ ਹੈ।
ਨਿਆਂ ਪ੍ਰਣਾਲੀ ਵਿਚ 'ਸਮੁੱਚੀ ਤਬਦੀਲੀ' ਕਰਨ ਦਾ ਸਮਾਂ ਆ ਚੁੱਕਾ ਹੈ
NEXT STORY