ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਨ੍ਹੀਂ ਦਿਨੀਂ ਬਹੁਤ ਰੁੱਝੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਸੂਬੇ ਦੇ ਨਾਲ-ਨਾਲ ਪਾਰਟੀ ਨੂੰ ਵੀ ਦੇਖਣਾ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ 8 ਜੁਲਾਈ ਨੂੰ ਦਿੱਲੀ ਸਥਿਤ ਪਾਰਟੀ ਮੁੱਖ ਦਫਤਰ ਵਿਚ ਪਾਰਟੀ ਦੀ ਰਾਸ਼ਟਰੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ। ਸ਼ਰਦ ਯਾਦਵ ਦੇ ਪਾਰਟੀ 'ਚੋਂ ਨਿਕਲਣ ਤੋਂ ਬਾਅਦ ਹੁਣ ਕੇ. ਸੀ. ਤਿਆਗੀ ਸਾਰੀਆਂ ਵਿਵਸਥਾਵਾਂ ਦੇਖ ਰਹੇ ਹਨ।
ਪਾਰਟੀ ਦੇ ਸੀਨੀਅਰ ਨੇਤਾ ਸੰਜੇ ਝਾਅ ਅਨੁਸਾਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਸ਼ਟਰੀ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਮੁੱਖ ਦਫਤਰ ਵਿਚ ਆਯੋਜਿਤ ਕੀਤੀ ਗਈ। ਜਦ (ਯੂ) ਦੀ ਬਿਹਾਰ ਇਕਾਈ ਦੇ ਪ੍ਰਧਾਨ ਵਸ਼ਿਸ਼ਠਤਾ ਨਾਰਾਇਣ ਅਨੁਸਾਰ ਮੀਟਿੰਗ ਵਿਚ ਪਾਰਟੀ ਨੇ 4 ਸੂਬਿਆਂ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੀਆਂ ਲੋਕ ਸਭਾ ਚੋਣਾਂ ਬਾਰੇ ਆਪਣੀ ਯੋਜਨਾ ਅਤੇ ਸਾਰੇ ਦੇਸ਼ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਣਨੀਤੀ 'ਤੇ ਚਰਚਾ ਕੀਤੀ। ਸਿਆਸੀ ਸੂਤਰਾਂ ਅਨੁਸਾਰ ਇਸ ਵਿਚ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ 'ਤੇ ਵੀ ਚਰਚਾ ਕੀਤੀ ਗਈ।
ਸਿਆਸੀ ਸੂਤਰਾਂ ਅਨੁਸਾਰ ਨਿਤੀਸ਼ ਬਾਬੂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ-ਜਦ (ਯੂ) ਗੱਠਜੋੜ ਤੋਂ 25 ਸੀਟਾਂ ਚਾਹੁੰਦੇ ਹਨ ਅਤੇ ਇਸ ਦੇ ਲਈ ਆਪਣੀ ਪਾਰਟੀ ਦੀ ਤਾਕਤ ਦਿਖਾਉਣ ਲਈ ਉਨ੍ਹਾਂ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ ਅਤੇ ਚਾਹੁੰਦੇ ਹਨ ਕਿ ਭਾਜਪਾ ਹਾਈਕਮਾਨ 'ਤੇ ਦਬਾਅ ਪਾਇਆ ਜਾਵੇ। ਇਸੇ ਸਮੇਂ ਉਹ ਰਾਜਦ-ਕਾਂਗਰਸ ਗੱਠਜੋੜ ਦੇ ਨਾਲ ਵੀ ਆਪਣਾ ਸਬੰਧ ਬਣਾਈ ਰੱਖਣਾ ਚਾਹੁੰਦੇ ਹਨ, ਤਾਂ ਕਿ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਪੱਖ ਵਿਚ ਜਾ ਸਕਣ, ਜੋ ਉਨ੍ਹਾਂ ਦੀ ਪਾਰਟੀ ਦੇ ਅਨੁਕੂਲ ਹੋਵੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ 12 ਜੁਲਾਈ ਨੂੰ ਪਟਨਾ ਜਾ ਰਹੇ ਹਨ ਅਤੇ ਉਥੇ ਉਨ੍ਹਾਂ ਦੀ ਨਿਤੀਸ਼ ਬਾਬੂ ਦੇ ਨਾਲ ਮੁਲਾਕਾਤ ਤੋਂ ਬਾਅਦ ਹੀ ਸਾਰੀ ਤਸਵੀਰ ਸਪੱਸ਼ਟ ਹੋਵੇਗੀ।
ਮਾਇਆਵਤੀ ਦੀ ਸਿਆਸੀ ਚਾਲ
ਕਰਨਾਟਕ ਚੋਣਾਂ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਦੀ ਇਨ੍ਹੀਂ ਦਿਨੀਂ ਕਾਫੀ ਮੰਗ ਹੈ। ਉਨ੍ਹਾਂ ਨੇ ਕਰਨਾਟਕ ਵਿਚ ਜਨਤਾ ਦਲ (ਸੈਕੁਲਰ) ਦੇ ਨਾਲ ਮਿਲ ਕੇ ਚੋਣ ਲੜੀ ਸੀ ਅਤੇ ਸਿੱਟੇ ਵਜੋਂ ਉਨ੍ਹਾਂ ਦੀ ਪਾਰਟੀ ਨੇ ਇਕ ਸੀਟ ਜਿੱਤੀ ਤੇ 4.4 ਫੀਸਦੀ ਵੋਟਾਂ ਹਾਸਿਲ ਕੀਤੀਆਂ। ਭਾਵੇਂ ਉਨ੍ਹਾਂ ਦੀ ਪਾਰਟੀ ਨੇ ਸਿਰਫ 1 ਸੀਟ ਜਿੱਤੀ ਪਰ ਕਾਂਗਰਸ ਪਾਰਟੀ ਲਈ ਮੁਸ਼ਕਿਲ ਪੈਦਾ ਕਰ ਦਿੱਤੀ। ਹੁਣ ਉਹ ਅਜੀਤ ਜੋਗੀ ਦੇ ਸੰਪਰਕ ਵਿਚ ਹਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣ ਜੋਗੀ ਦੀ ਪਾਰਟੀ ਦੇ ਨਾਲ ਮਿਲ ਕੇ ਲੜਨ ਵਾਲੀ ਹੈ।
ਅਜੀਤ ਜੋਗੀ ਨੇ 2 ਸਾਲ ਪਹਿਲਾਂ ਕਾਂਗਰਸ ਛੱਡ ਕੇ ਛੱਤੀਸਗੜ੍ਹ ਜਨਤਾ ਕਾਂਗਰਸ ਨਾਂ ਦੀ ਖੇਤਰੀ ਪਾਰਟੀ ਦਾ ਗਠਨ ਕਰ ਲਿਆ ਸੀ ਅਤੇ ਹਾਲ ਹੀ ਵਿਚ ਉਹ ਬੁੱਧਵਾਰ ਨੂੰ ਸੀਟਾਂ ਦੀ ਵੰਡ 'ਤੇ ਚਰਚਾ ਕਰਨ ਲਈ ਦਿੱਲੀ ਵਿਚ ਮਾਇਆਵਤੀ ਨੂੰ ਮਿਲੇ ਸਨ। ਸਿਆਸੀ ਸੂਤਰਾਂ ਅਨੁਸਾਰ ਸਿਆਸੀ ਪੰਡਿਤ ਮਾਇਆਵਤੀ ਦੀ ਇਸ ਚਾਲ ਨੂੰ ਸਮਝਣ ਦੇ ਸਮਰੱਥ ਨਹੀਂ ਹਨ ਕਿਉਂਕਿ ਜਿਥੇ ਉਹ ਭਾਜਪਾ ਨੂੰ ਦਲਿਤ ਵਿਰੋਧੀ ਦੱਸ ਰਹੀ ਹੈ, ਉਥੇ ਵੱਖ-ਵੱਖ ਸੂਬਿਆਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਹੀ ਹੈ।
ਆਂਧਰਾ ਪ੍ਰਦੇਸ਼ ਲਈ ਕਾਂਗਰਸ ਦੀ ਰਣਨੀਤੀ
ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਆਪਣੀ ਪਾਰਟੀ ਦਾ ਜ਼ਮੀਨੀ ਤੋਂ ਵਿਧਾਨ ਸਭਾ ਪੱਧਰ ਤਕ ਕਾਇਆ-ਕਲਪ ਕਰਨ ਲਈ ਆਂਧਰਾ ਪ੍ਰਦੇਸ਼ ਵਿਚ ਆਪਣੀ ਪੈਦਲ ਯਾਤਰਾ ਕਰਨ ਲਈ ਤਿਆਰ ਹਨ। ਆਪਣੀ ਯੋਜਨਾ ਬਾਰੇ ਚਰਚਾ ਕਰਨ ਲਈ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬੜੇ ਲੰਮੇ ਸਮੇਂ ਤਕ ਗੱਲ ਕੀਤੀ।
ਕਿਰਨ ਕੁਮਾਰ ਰੈੱਡੀ ਅਤੇ ਹਰਸ਼ ਕੁਮਾਰ ਵਲੋਂ ਘਰ-ਵਾਪਸੀ ਤੋਂ ਇਲਾਵਾ ਉਨ੍ਹਾਂ ਦੇ ਕੋਲ 12 ਹੋਰ ਸਾਬਕਾ ਕਾਂਗਰਸੀਆਂ ਦੀ ਸੂਚੀ ਹੈ, ਜੋ ਪਾਰਟੀ ਵਿਚ ਵਾਪਿਸ ਪਰਤ ਸਕਦੇ ਹਨ। ਹਾਲਾਂਕਿ ਚਾਂਡੀ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਤੋਂ ਬਚ ਰਹੇ ਹਨ। ਐੱਚ. ਡੀ. ਕੁਮਾਰਸਵਾਮੀ ਵਲੋਂ ਸਹੁੰ ਚੁੱਕਣ ਦੌਰਾਨ ਚੰਦਰਬਾਬੂ ਨਾਇਡੂ ਬੈਂਗਲੁਰੂ ਵਿਚ ਰਾਹੁਲ ਗਾਂਧੀ ਨਾਲ ਬਹੁਤ ਘੁਲ-ਮਿਲ ਰਹੇ ਸਨ ਪਰ ਰਸਮੀ ਵਿਰੋਧੀਆਂ ਕਾਂਗਰਸ-ਤੇਦੇਪਾ ਵਿਚਾਲੇ ਕਿਸੇ ਗੱਠਜੋੜ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ, ਜਿਵੇਂ ਕਿ ਜਗਨਮੋਹਨ ਰੈੱਡੀ ਨੇ ਵੀ ਕਿਹਾ ਸੀ। ਇਸ ਤਰ੍ਹਾਂ ਇਕ ਬਹੁਕੋਣੀ ਮੁਕਾਬਲਾ (ਪਵਨ ਕਲਿਆਣ ਦੀ ਪਾਰਟੀ ਨੂੰ ਧਿਆਨ ਵਿਚ ਰੱਖਦੇ ਹੋਏ) ਅਸਲ ਵਿਚ ਇਕ ਚੰਗੀ ਰਣਨੀਤੀ ਨਹੀਂ ਹੈ।
ਮਮਤਾ ਬੈਨਰਜੀ ਦੁਚਿੱਤੀ 'ਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੁਚਿੱਤੀ ਵਿਚ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਉਹ ਕਾਂਗਰਸ ਦੇ ਨਾਲ ਗੱਠਜੋੜ ਬਣਾਏ ਜਾਂ ਨਾ? ਇਸ ਸੰਦਰਭ ਵਿਚ ਉਹ ਆਪਣੇ ਪਾਰਟੀ ਨੇਤਾਵਾਂ ਨਾਲ ਚਰਚਾ ਕਰ ਰਹੀ ਹੈ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਮੁੱਦੇ 'ਤੇ ਪੱਛਮੀ ਬੰਗਾਲ ਦੇ ਪਾਰਟੀ ਨੇਤਾਵਾਂ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ 6 ਜੁਲਾਈ ਨੂੰ ਦਿੱਲੀ ਬੁਲਾ ਕੇ ਇਸ ਗੱਲ 'ਤੇ ਚਰਚਾ ਕੀਤੀ। ਹਾਲਾਂਕਿ ਇਸ ਮੁੱਦੇ 'ਤੇ ਸੂਬੇ ਦੇ ਪਾਰਟੀ ਨੇਤਾਵਾਂ ਵਿਚ ਮੱਤਭੇਦ ਸੀ। ਰਾਹੁਲ ਗਾਂਧੀ ਨੇ ਦਿੱਲੀ ਦੇ ਰਕਾਬਗੰਜ ਮਾਰਗ ਸਥਿਤ ਕਾਂਗਰਸ ਦੇ ਵਾਰ ਰੂਮ ਵਿਚ ਪੱਛਮੀ ਬੰਗਾਲ ਦੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਸੂਬਾਈ ਪਾਰਟੀ ਪ੍ਰਧਾਨ ਅਧੀਰ ਰੰਜਨ ਮੁਤਾਬਿਕ ਰਾਹੁਲ ਗਾਂਧੀ ਨੇ ਸੂਬੇ ਵਿਚ ਪਾਰਟੀ ਸੰਗਠਨ ਬਾਰੇ ਮੁੱਦਿਆਂ 'ਤੇ ਚਰਚਾ ਕੀਤੀ ਪਰ ਤੱਥ ਇਹ ਹੈ ਕਿ ਅਧੀਰ ਰੰਜਨ ਮਮਤਾ ਬੈਨਰਜੀ ਦੇ ਨਾਲ ਗੱਠਜੋੜ ਦੇ ਪੂਰੀ ਤਰ੍ਹਾਂ ਖਿਲਾਫ ਹਨ। ਹਾਲਾਂਕਿ ਪਾਰਟੀ ਸੰਸਦ ਮੈਂਬਰ ਅਬੂ ਹਸਨ ਚੌਧਰੀ ਨੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥਾ ਚੈਟਰਜੀ ਨਾਲ ਉਨ੍ਹਾਂ ਦੇ ਨਿਵਾਸ 'ਤੇ ਇਕ ਕਾਂਗਰਸ ਵਿਧਾਇਕ ਨਾਲ 28 ਜੂਨ ਨੂੰ ਮੁਲਾਕਾਤ ਕੀਤੀ ਅਤੇ ਪਾਰਟੀ ਹਾਈਕਮਾਨ ਨੂੰ ਤ੍ਰਿਣਮੂਲ ਕਾਂਗਰਸ ਦੇ ਨਾਲ ਗੱਠਜੋੜ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਪੱਛਮੀ ਬੰਗਾਲ ਦੇ ਸਿਆਸੀ ਪੰਡਿਤਾਂ ਅਨੁਸਾਰ ਜੇਕਰ ਕਾਂਗਰਸ ਟੀ. ਐੱਮ. ਸੀ. ਦੇ ਨਾਲ ਗੱਠਜੋੜ ਨਹੀਂ ਕਰਦੀ ਤਾਂ ਕਾਂਗਰਸ ਦੇ ਘੱਟੋ-ਘੱਟ 4 ਵਿਧਾਇਕ ਟੀ. ਐੱਮ. ਸੀ. ਵਿਚ ਸ਼ਾਮਿਲ ਹੋਣ ਲਈ ਤਿਆਰ ਬੈਠੇ ਹਨ। ਪਿਛਲੇ 2 ਸਾਲਾਂ ਦੌਰਾਨ ਮਾਨਸ ਭੁਨੀਆ ਸਮੇਤ ਕਾਂਗਰਸ ਦੇ 11 ਵਿਧਾਇਕ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਚੁੱਕੇ ਹਨ।
ਜ਼ਿਆਦਾਤਰ ਕਾਂਗਰਸ ਵਿਧਾਇਕਾਂ ਅਤੇ ਨੇਤਾਵਾਂ ਦਾ ਇਹ ਮੰਨਣਾ ਹੈ ਕਿ ਜੇਕਰ ਪਾਰਟੀ ਭਾਜਪਾ ਨੂੰ ਰੋਕਣਾ ਚਾਹੁੰਦੀ ਹੈ ਤਾਂ ਉਸ ਨੂੰ ਟੀ. ਐੱਮ. ਸੀ. ਦੇ ਨਾਲ ਗੱਠਜੋੜ ਕਰਨਾ ਚਾਹੀਦਾ ਹੈ। ਦੂਜੇ ਪਾਸੇ ਭਾਜਪਾ ਨੂੰ ਸੂਬੇ ਵਿਚ ਰੋਕਣ ਲਈ ਮਮਤਾ ਬੈਨਰਜੀ ਪਹਿਲਾਂ ਹੀ ਕਾਂਗਰਸ ਨਾਲ ਗੱਠਜੋੜ ਬਣਾਉਣ ਲਈ ਮਨ ਬਣਾ ਚੁੱਕੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੀ, ਉਨ੍ਹਾਂ ਦੇ ਸੋਨੀਆ ਗਾਂਧੀ ਨਾਲ ਬਹੁਤ ਚੰਗੇ ਸਬੰਧ ਹਨ ਅਤੇ ਉਨ੍ਹਾਂ ਦੇ ਰਾਜੀਵ ਗਾਂਧੀ ਨਾਲ ਵੀ ਚੰਗੇ ਸਬੰਧ ਸਨ ਪਰ ਰਾਹੁਲ ਬਹੁਤ ਛੋਟੇ ਹਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਜ਼ਿਆਦਾ ਸੰਪਰਕ ਨਹੀਂ ਹੈ।
ਉੱਤਰਾਖੰਡ 'ਚ ਬੇਸਹਾਰਾ ਅਧਿਆਪਕਾ ਬਨਾਮ ਮੁੱਖ ਮੰਤਰੀ
ਕਈ ਵਾਰ ਇਕ ਛੋਟੀ ਘਟਨਾ ਵੱਡਾ ਮੁੱਦਾ ਬਣ ਜਾਂਦੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਲਈ ਉੱਤਰ-ਕਾਸ਼ੀ ਦੇ ਇਕ ਛੋਟੇ ਜਿਹੇ ਪਿੰਡ ਵਿਚ ਨਿਯੁਕਤ 59 ਸਾਲਾ ਅਧਿਆਪਕਾ ਉੱਤਰਾਪੰਤ ਬਹੁਗੁਣਾ ਦਾ ਮਾਮਲਾ ਇਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ, ਜਦਕਿ ਮੁੱਖ ਮੰਤਰੀ ਦੀ ਪਤਨੀ ਵੀ ਇਕ ਅਧਿਆਪਕਾ ਹੈ ਅਤੇ ਕਿਸੇ ਸਮੇਂ ਉਨ੍ਹਾਂ ਦਾ ਪਰਿਵਾਰ ਵੀ ਵਿਧਾਇਕ ਬਣਨ ਤੋਂ ਪਹਿਲਾਂ ਉਨ੍ਹਾਂ (ਪਤਨੀ) 'ਤੇ ਨਿਰਭਰ ਸੀ। ਤ੍ਰਿਵੇਂਦਰ ਸਿੰਘ ਰਾਵਤ ਪੂਰੇ ਸਮੇਂ ਦੇ ਸੰਘ ਪ੍ਰਚਾਰਕ ਸਨ ਅਤੇ ਸੂਬੇ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਾਜਪਾ ਵਿਚ ਜਥੇਬੰਦਕ ਸਕੱਤਰ ਸਨ।
ਇਹ ਬਹੁਤ ਹੈਰਾਨੀਜਨਕ ਹੈ ਕਿ ਕਿਵੇਂ ਇਕ ਮੁੱਖ ਮੰਤਰੀ ਇਕ 59 ਸਾਲਾ ਵਿਧਵਾ ਵਲੋਂ ਸਿਰਫ ਉੱਤਰ-ਕਾਸ਼ੀ ਦੇ ਇਕ ਦੂਰ-ਦੁਰਾਡੇ ਪਿੰਡ ਤੋਂ ਤਬਦੀਲ ਹੋ ਕੇ ਆਪਣੇ ਸੇਵਾਕਾਲ ਦੇ ਆਖਰੀ 3 ਸਾਲ ਆਪਣੇ ਬੱਚਿਆਂ ਦੇ ਨਾਲ ਰਹਿਣ ਦੀ ਮੰਗ ਕਰਨ ਲਈ ਉਸ ਨੂੰ ਮੁਅੱਤਲ ਕਰ ਕੇ ਹਿਰਾਸਤ ਵਿਚ ਰੱਖ ਸਕਦੇ ਹਨ, ਜਦਕਿ ਉਹ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਵਾਲੀ ਇਕੋ-ਇਕ ਮੈਂਬਰ ਹੈ। ਹੁਣ ਅਪੋਜ਼ੀਸ਼ਨ ਨੇ ਇਸ ਨੂੰ ਇਕ ਵੱਡਾ ਮੁੱਦਾ ਬਣਾ ਲਿਆ ਹੈ, ਵਿਸ਼ੇਸ਼ ਤੌਰ 'ਤੇ ਉੱਤਰਾਖੰਡ ਦੀਆਂ ਮਹਿਲਾਵਾਂ ਉੱਤਰਾਪੰਤ ਬਹੁਗੁਣਾ ਦੇ ਪੱਖ ਵਿਚ ਅਤੇ ਮੁੱਖ ਮੰਤਰੀ ਦੇ ਵਿਰੁੱਧ ਇਕ ਮੁਹਿੰਮ ਸ਼ੁਰੂ ਕਰਨ ਵਾਲੀਆਂ ਹਨ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਇਹ ਫੈਸਲਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰੇਰਿਤ ਸੀ, ਜੋ ਤਬਾਦਲੇ ਦੇ ਵਿਰੁੱਧ ਹਨ।
ਸਾਰੇ ਸਿਆਸੀ ਦਲ ਸੱਤਾ ਚਾਹੁੰਦੇ ਹਨ, ਮੋਦੀ ਤੇ ਭਾਜਪਾ ਵੀ ਵੱਖ ਨਹੀਂ
NEXT STORY