20ਵੀਂ ਸਦੀ ਦੇ ਉੱਘੇ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸਿਆਸਤ ਦੀ ਦੁਨੀਆ ਅੰਦਰ ਹਮੇਸ਼ਾ ਲਈ ਸੂਰਜ ਵਾਂਗ ਚਮਕਦਾ ਰਹੇਗਾ। ਅਜੋਕੀ ਸਿਆਸਤ ਅੰਦਰ ਉਹ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਦੀ ਸੂਚੀ ’ਚ ਸ਼ੁਮਾਰ ਸਨ। ਸਮਾਜਿਕ ਅਤੇ ਸਿਆਸੀ ਜੀਵਨ ਅੰਦਰ ਸਿਆਸੀ ਸੂਝ, ਸਹਿਜਤਾ, ਹਲੀਮੀ ਅਤੇ ਨਿੱਘੀ ਤੇ ਮਿਲਾਪੜੇ ਸੁਭਾਅ ਵਾਲੀ ਸ਼ਖਸੀਅਤ ਨੇ ਉਨ੍ਹਾਂ ਨੂੰ ਹਰਮਨ-ਪਿਆਰੇ ਆਗੂ ਵਜੋਂ ਹੋਰ ਵੀ ਉਭਾਰਿਆ। ਬਾਦਲ ਸਾਹਿਬ ਦੇ ਅਜਿਹੇ ਸੁਭਾਅ ਕਰ ਕੇ ਵਿਰੋਧੀ ਵੀ ਉਨ੍ਹਾਂ ਤੋਂ ਕੀਲੇ ਜਾਂਦੇ ਸਨ। ਪਿੰਡ ਬਾਦਲ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਆਪਣਾ ਸਿਆਸੀ ਸਫ਼ਰ ਉਸ ਸਮੇਂ ਅੰਬਰਾਂ ਨੂੰ ਛੂਹਣ ਲੱਗਾ, ਜਦੋਂ ਪੰਜਾਬ ਦੇ ਲੋਕਾਂ ਨੇ 5 ਵਾਰ ਮੁੱਖ ਮੰਤਰੀ ਬਣਨ ਦਾ ਖਿਤਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਪਾਇਆ। ਸਿਆਸੀ ਸਫ਼ਰ ਦੌਰਾਨ ਬੇਸ਼ੁਮਾਰ ਕਿੱਸੇ ਉਨ੍ਹਾਂ ਦੀ ਸਿਅਾਸੀ ਜੀਵਨਸ਼ੈਲੀ ਨਾਲ ਜੁੜੇ ਹੋਏ ਹਨ। ਸ. ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਘੀਆਂ ਯਾਦਾਂ ਹਮੇਸ਼ਾ ਹੀ ਮੇਰੇ ਦਿਲ ਨੂੰ ਟੁੰਬਦੀਆਂ ਰਹਿਣਗੀਆਂ। ਮੇਰੀ ਉਨ੍ਹਾਂ ਨਾਲ ਪਹਿਲੀ ਮਿਲਣੀ ਕੇਂਦਰੀ ਜੇਲ ਪਟਿਆਲਾ ਦੀ ਸੀ। ਐਮਰਜੈਂਸੀ ਦਾ ਵਿਰੋਧ ਕਰਨ ਕਰ ਕੇ ਖੇਤਰੀ ਸਿਆਸੀ ਆਗੂਆਂ ਨੂੰ ਜੇਲਾਂ ਅੰਦਰ ਡੱਕਿਆ ਹੋਇਆ ਸੀ। ਅਚਾਨਕ ਰਿਹਾਈ ਦੇ ਆਏ ਹੁਕਮਾਂ ਕਰ ਕੇ ਬਾਦਲ ਸਾਹਿਬ ਨੇ ਸਵੇਰੇ 2 ਵਜੇ ਸਾਰੇ ਲੀਡਰਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਪਾਰਟੀ ਰੱਖੀ। ਉਨ੍ਹਾਂ ਮੈਨੂੰ ਸਭ ਤੋਂ ਛੋਟੀ ਉਮਰ ਦਾ ਯੂਥ ਅਕਾਲੀ ਆਗੂ ਹੋਣ ਕਰ ਕੇ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਸ ਦਿਨ ਜੇਲ ਵਿਚ ਬਾਦਲ ਸਾਹਿਬ ਨਾਲ ਖਾਧੀ ਬਾਜਰੇ ਤੇ ਮੋਠਾਂ ਦੀ ਖਿਚੜੀ ਹਮੇਸ਼ਾ ਮੈਨੂੰ ਯਾਦ ਰਹੇਗੀ। ਇਕ ਅਜਿਹਾ ਹੋਰ ਕਿੱਸਾ ਜਿਹੜਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਮੇਰੇ ਬੇਟੇ ਦੇ ਵਿਆਹ ਸਮੇਂ ਮੈਂ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦਾ ਹਿੱਸਾ ਸੀ। ਉਸ ਸਮੇਂ ਮੈਂ ਬਾਦਲ ਸਾਹਿਬ ਨੂੰ ਬੇਟੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਫ਼ੋਨ ਕਰ ਕੇ ਕਾਰਡ ਦੇਣ ਦਾ ਸਮਾਂ ਮੰਗਿਆ। ਉਨ੍ਹਾਂ ਮਿਲਾਪੜੀ ਆਵਾਜ਼ ਵਿਚ ਕਿਹਾ ਕਾਰਡ ਬੇਗਾਨਿਆਂ ਲਈ ਹੁੰਦੇ ਹਨ, ਆਪਣਿਆਂ ਲਈ ਨਹੀਂ, ਮੈਨੂੰ ਤਰੀਕ ਅਤੇ ਜਗ੍ਹਾ ਦੱਸੋ ਮੈਂ ਜ਼ਰੂਰ ਆਵਾਂਗਾ। ਉਹ ਵਿਆਹ ਵਾਲੇ ਦਿਨ ਸੁਖਬੀਰ ਸਿੰਘ ਬਾਦਲ ਸਮੇਤ ਅੰਮ੍ਰਿਤਸਰ ਦੀ ਜ਼ਰੂਰੀ ਮੀਟਿੰਗ ਛੱਡ ਕੇ ਸਮਾਗਮ ਵਿਚ ਸ਼ਾਮਿਲ ਹੋਏ। ਉਨ੍ਹਾਂ ਵੱਲੋਂ ਆਪਣੇ ਰੋਜ਼ਾਨਾ ਸਫ਼ਰ ਦੀ ਸ਼ੁਰੂਆਤ ਸਵੇਰੇ ਜਲਦੀ ਉੱਠ ਕੇ ਅਖ਼ਬਾਰ ਪੜ੍ਹ ਕੇ ਕੀਤੀ ਜਾਂਦੀ ਸੀ। ਅਜਿਹਾ ਹੀ ਇਕ ਵਾਕਿਆ 27 ਦਸੰਬਰ, 2017 ਦਾ ਹੈ, ਜੋ ਮੈਂ ਪਾਠਕਾਂ ਨਾਲ ਸਾਂਝਾ ਕਰਨਾ ਚਾਹਾਂਗਾ। ਸਰਦਰੁੱਤ ਦੇ ਚੱਲ ਰਹੇ ਪਾਰਲੀਮੈਂਟ ਸੈਸ਼ਨ ਖਤਮ ਹੋਣ ਤੋਂ ਬਾਅਦ ਰਾਤ ਲਈ ਮੈਂ ਦਿੱਲੀ ਆਪਣੀ ਰਿਹਾਇਸ਼ ’ਤੇ ਠਹਿਰ ਗਿਆ। ਅਚਾਨਕ ਦੂਜੇ ਦਿਨ ਸਵੇਰੇ 5.30 ਵਜੇ ਫ਼ੋਨ ਆਇਆ ਤਾਂ ਅੱਗੋਂ ਬਾਦਲ ਸਾਹਬ ਦੇ ਪੀ. ਏ. ਗੁਰਚਰਨ ਸਿੰਘ ਦੀ ਆਵਾਜ਼ ਆਈ, ਬਾਦਲ ਸਾਹਿਬ ਗੱਲ ਕਰਨਗੇ। ਉਨ੍ਹਾਂ ਮੇਰੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਮਤਾ ਰੱਖ ਕੇ ਸ਼ਰਧਾਂਜਲੀ ਦਿਵਾਉਣ ਦੀ ਸ਼ਲਾਘਾ ਕੀਤੀ। ਇਸ ਹੱਲਾਸ਼ੇਰੀ ਨੇ ਭਵਿੱਖ ਵਿਚ ਮੈਨੂੰ ਸੰਸਦ ਅੰਦਰ ਪੰਜਾਬ ਅਤੇ ਪੰਥ ਦੀ ਹਰ ਗੱਲ ਬੇਬਾਕੀ ਰੱਖਣ ’ਚ ਹੋਰ ਵੀ ਦ੍ਰਿੜ੍ਹਤਾ ਪੈਦਾ ਕੀਤੀ। ਅਜਿਹੀਆਂ ਅਨੇਕਾਂ ਹੀ ਅਭੁੱਲ ਯਾਦਾਂ, ਉਨ੍ਹਾਂ ਦੀ ਯਾਦ ਨੂੰ ਤਰੋ-ਤਾਜ਼ਾ ਕਰਦੀਆਂ ਰਹਿਣਗੀਆਂ।
ਉਹ ਪ੍ਰੇਰਣਾ ਦੇ ਸਰੋਤ ਅਤੇ ਜ਼ਮੀਨ ਨਾਲ ਜੁੜੀ ਸ਼ਖਸੀਅਤ ਦੇ ਮਾਲਕ ਸਨ, ਉਨ੍ਹਾਂ ਵੱਲੋਂ ਆਖੀ ਹਰ ਗੱਲ ਹਮੇਸ਼ਾ ਦੂਜਿਆਂ ਦੇ ਮਨਾਂ ’ਤੇ ਗਹਿਰੀ ਛਾਪ ਛੱਡ ਜਾਂਦੀ। ਅਜਿਹਾ ਹੀ ਕਿੱਸਾ 2004 ਦੀਆਂ ਲੋਕ ਸਭਾ ਚੋਣਾਂ ਨਾਲ ਜੁੜਿਆ ਹੈ ਜਦੋਂ ਪਾਰਟੀ ਨੇ ਕਿਸੇ ਮਜਬੂਰੀ ਕਰ ਕੇ ਪਟਿਆਲੇ ਤੋਂ ਮੇਰੀ ਟਿਕਟ ਕੱਟ ਦਿੱਤੀ ਜਿਸ ਦੇ ਰੋਸ ਵਜੋਂ ਮੈਂ ਅਤੇ ਪਾਰਟੀ ਵਰਕਰਾਂ ਨੇ ਜੋਸ਼ ਵਿਚ ਪਟਿਆਲੇ ਰੈਲੀ ਕਰਨ ਦਾ ਮਨ ਬਣਾ ਲਿਆ ਪਰ ਰੈਲੀ ਵਾਲੇ ਦਿਨ ਅਚਾਨਕ ਬਿਨਾਂ ਦੱਸੇ ਸਵੇਰੇ-ਸਵੇਰੇ ਬਾਦਲ ਸਾਹਿਬ ਮੇਰੇ ਘਰ ਪਹੁੰਚ ਗਏ। ਉਨ੍ਹਾਂ ਮੈਨੂੰ ਜਲਦੀ ਵਿਚ ਕੋਈ ਗਲਤ ਫੈਸਲਾ ਕਰਨ ਤੋਂ ਗੁਰੇਜ਼ ਨਾ ਕਰਨ ਦੀ ਨਸੀਹਤ ਦਿੱਤੀ। ਉਸ ਦਿਨ ਉਨ੍ਹਾਂ ਦੇ ਕਹੇ ਬੋਲ ਹਮੇਸ਼ਾ ਯਾਦ ਰਹਿਣਗੇ ‘ਸਾਨੂੰ ਭਾਵੇਂ ਲੱਖ ਮਾੜਾ ਚੰਗਾ ਬੋਲ ਲਓ ਪਰ ਪਾਰਟੀ ਤੋਂ ਅਲੱਗ ਚੱਲਣਾ ਤੁਹਾਡੇ ਭਵਿੱਖ ਲਈ ਸਹੀ ਨਹੀਂ ਹੋਵੇਗਾ’। ਸਾਡੇ ਵੱਲੋਂ ਪਟਿਆਲੇ ਰੈਲੀ ਕੀਤੀ ਗਈ ਪਰ ਬਾਦਲ ਸਾਹਿਬ ਵੱਲੋਂ ਦਿੱਤੀ ਗਈ ਸਲਾਹ ਦੇ ਅਸਰ ਨੇ ਪਾਰਟੀ ਬਣਾਉਣ ਦੇ ਫੈਸਲੇ ਨੂੰ ਪੱਕੇ ਤੌਰ ’ਤੇ ਰੋਕ ਦਿੱਤਾ। ਸ. ਬਾਦਲ ਸਾਹਿਬ ਨੂੰ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਦਿਆਂ ਅਤੇ ਪੰਥ ਦੀ ਨੁਮਾਇੰਦਗੀ ਕਰਦੇ ਹੋਏ ਅਨੇਕਾਂ ਵਾਰ ਜੇਲ ਜਾਣਾ ਪਿਆ। ਉਨ੍ਹਾਂ ਪੰਜਾਬੀ ਸੂਬਾ ਮੋਰਚਾ, ਧਰਮ ਯੁੱਧ ਮੋਰਚਾ ਅਤੇ ਐਮਰਜੈਂਸੀ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਸ. ਬਾਦਲ ਸਾਹਿਬ ਦਾ ਨਾਂ ਉਨ੍ਹਾਂ ਸਿਆਸੀ ਆਗੂਆਂ ਦੀ ਸੂਚੀ ਵਿਚ ਦਰਜ ਹੈ ਜੋ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦਈ ਅਤੇ ਸੂਬਿਆਂ ਖਿਲਾਫ ਦੁਰਵਰਤੋਂ ਕੀਤੀ ਜਾਂਦੀ ਸੰਵਿਧਾਨ ਦੀ ਧਾਰਾ ਐਮਰਜੈਂਸੀ ਦੇ ਵਿਰੋਧੀ ਸਨ।
ਮੈਨੂੰ ਯਾਦ ਹੈ ਕਿ 25 ਜੂਨ 1975 ਨੂੰ ਇੰਦਰਾ ਗਾਂਧੀ ਸਰਕਾਰ ਵੱਲੋਂ ਲਗਾਈ ਐਮਰਜੈਂਸੀ ਖਿਲਾਫ਼ ਦੇਸ਼ ਅੰਦਰ ਸਭ ਤੋਂ ਪਹਿਲਾਂ ਮੋਰਚਾ ਅਕਾਲੀ ਦਲ ਵੱਲੋਂ ਖੋਲ੍ਹਿਆ ਗਿਆ। ਜਿਸ ਵਿਚ 9 ਜੁਲਾਈ 1975 ਨੂੰ ਅਕਾਲੀ ਦਲ ਵੱਲੋਂ ਰਵਾਨਾ ਹੋਏ ਪਹਿਲੇ ਜਥੇ ਵਿਚ ਸ. ਬਾਦਲ ਸਾਹਿਬ ਨੇ ਗ੍ਰਿਫ਼ਤਾਰੀ ਦਿੱਤੀ ਅਤੇ ਲੰਮਾ ਸਮਾਂ ਜੇਲ ਵਿਚ ਰਹੇ ਜਿਸ ਕਰ ਕੇ ਸਾਲ 2015 ਵਿਚ ਜੈ ਪ੍ਰਕਾਸ਼ ਨਾਰਾਇਣ ਦੀ 113ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਾਰਤ ਦਾ ‘‘ਨੈਲਸਨ ਮੰਡੇਲਾ’’ ਕਹਿ ਕੇ ਸੰਬੋਧਨ ਕੀਤਾ। ਸ. ਬਾਦਲ ਸਾਹਿਬ ਨੇ ਪੰਜਾਬ ਨੂੰ ਇਕ ਨਵਾਂ ਪੰਜਾਬ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਈ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1947 ਅਤੇ 1966 ਵਿਚ ਪੰਜਾਬ ਨੂੰ 2 ਵਾਰ ਵੰਡ ਦਾ ਸੰਤਾਪ ਝੱਲਣਾ ਪਿਆ। ਵੰਡ ਕਰ ਕੇ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਵੀ ਵੱਡੀ ਸੱਟ ਵੱਜੀ। ਪੰਜਾਬ ਨੂੰ ਦੇਸ਼ ਦੇ ਮੋਹਰੀ ਸੂਬਿਆਂ ਦੀ ਗਿਣਤੀ ਵਿਚ ਲਿਆ ਖੜ੍ਹਾ ਕਰਨ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। 1966 ਵਿਚ ਭਾਸ਼ਾ ਦੇ ਆਧਾਰ ’ਤੇ ਵੰਡੇ ਗਏ ਪੰਜਾਬ ਵਿਚ ਸੜਕਾਂ ਜਾਂ ਖੇਤੀਬਾੜੀ ਸਹੂਲਤਾਂ ਨਾ ਦੇ ਬਰਾਬਰ ਸਨ। ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਸੜਕ ਪ੍ਰਣਾਲੀ ਰਾਹੀਂ ਜੋੜਨਾ ਸ. ਬਾਦਲ ਸਾਹਿਬ ਦੀ ਦੇਣ ਹੈ। ਉਨ੍ਹਾਂ ਵੱਲੋਂ ਪੰਜਾਬ ਵਿਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ 1977 ਵਿਚ ਫੋਕਲ ਪੁਆਇੰਟਾਂ ਦੀ ਸਥਾਪਨਾ ਕਰ ਕੇ ਸੂਬੇ ਦੇ ਮੰਡੀਕਰਨ ਨੂੰ ਵੀ ਮਜ਼ਬੂਤ ਲੀਹਾਂ ’ਤੇ ਲੈ ਆਉਂਦਾ। ਬਾਦਲ ਸਾਹਿਬ ਦੀ ਸਰਪ੍ਰਸਤੀ ਵਿਚ ਅਕਾਲੀ ਸਰਕਾਰ ਨੇ ਦੇਸ਼ ਅੰਦਰ ਸਭ ਤੋਂ ਪਹਿਲਾਂ ਗਰੀਬਾਂ ਲਈ ‘ਆਟਾ-ਦਾਲ ਸਕੀਮ ਦੀ ਸ਼ੁਰੂਆਤ ਕਰ ਕੇ ਕਰੀਬ 20 ਲੱਖ ਤੋਂ ਵੀ ਵੱਧ ਪਰਿਵਾਰਾਂ ਨੂੰ ਯੋਜਨਾ ਮੁਹੱਈਆ ਕਰਵਾਈ।
ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ 300 ਬਿਜਲੀ ਯੂਨਿਟ ਮੁਫ਼ਤ ਕਰਨਾ, ਸ਼ਗਨ ਸਕੀਮ ਅਤੇ ਬਜ਼ੁਰਗ ਪੈਨਸ਼ਨ, ਕਿਸਾਨਾਂ ਲਈ ਮੁਫਤ ਟਿਊਬਵੈੱਲਾਂ ਬਿਜਲੀ ਸਕੀਮ, ਰਜਵਾਹਿਆਂ ਨੂੰ ਪੱਕਾ ਕਰਨਾ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੀ ਉਸਾਰੀ, ਸਰਕਾਰੀ ਕਾਲਜ ਖੋਲ੍ਹਣਾ, ਲੜਕੀਆਂ ਨੂੰ ਡਿਫੈਂਸ ਵਿਚ ਭਰਤੀ ਸਬੰਧੀ ਮਾਈ ਭਾਗੋ ਅਕੈਡਮੀ ਦੀ ਸਥਾਪਤ ਕਰਨਾ ਆਦਿ ਸ਼ਲਾਘਾਯੋਗ ਕੰਮ ਕੀਤੇ ਜਿਸ ਕਰ ਕੇ ਉਨ੍ਹਾਂ ਨੂੰ ਕਿਸਾਨਾਂ ਦੇ ਨਾਇਕ ਅਤੇ ਗਰੀਬਾਂ ਦੇ ਮਸੀਹਾ ਕਿਹਾ ਜਾਂਦਾ ਹੈ। ਪੰਜਾਬ ਵਿਚ ਬਣੀਆਂ ਅਨੇਕਾਂ ਸਿੱਖ ਵਿਰਾਸਤੀ ਯਾਦਗਾਰਾਂ, ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਯਾਦਗਾਰਾਂ ਅਤੇ ਪੰਜਾਬੀ ਯੋਧਿਆਂ ਵੱਲੋਂ ਲੜੀਆਂ ਲੜਾਈਆਂ ਦੇ ਸੰਘਰਸ਼ ਦੀ ਤਰਜ਼ਮਾਨੀ ਕਰਦੀਆਂ ਅਨੇਕਾਂ ਇਤਿਹਾਸਕ ਇਮਾਰਤਾਂ ਬਾਦਲ ਸਾਹਿਬ ਦੀ ਹੀ ਦੇਣ ਹਨ। ਉਨ੍ਹਾਂ ਵੱਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸਹਿਯੋਗ ਨਾਲ 13 ਅਪ੍ਰੈਲ 1999 ਨੂੰ ਯਾਦਗਾਰ ‘ਵਿਰਾਸਤ-ਏ-ਖਾਲਸਾ’ ਦਾ ਨੀਂਹ ਪੱਥਰ ਰੱਖ ਕੇ ਅਯੂਬਾ ਪੰਥ ਦੀ ਝੋਲੀ ਪਾਇਆ। ਉਨ੍ਹਾਂ ਵੱਲੋਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ‘ਫ਼ਤਹਿ ਬੁਰਜ’ ਚੱਪੜਚਿੜੀ ਵਿਖੇ ਸਥਾਪਿਤ ਕਰਨਾ ਲਾਸਾਨੀ ਯਾਦਗਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਿੱਖਾਂ ਨਾਲ ਹੋਏ ਛੋਟੇ ਅਤੇ ਵੱਡੇ ਘੱਲੂਘਾਰਿਆਂ ਦੀਆਂ ਯਾਦਗਾਰਾਂ ਵੀ ਬਣਵਾਈਆਂ ਗਈਆਂ। ਸ. ਬਾਦਲ ਸਾਹਿਬ ਵੱਲੋਂ ਕਰਤਾਰਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ‘ਜੰਗ-ਏ-ਆਜ਼ਾਦੀ ਤਿਆਰ ਕਰਵਾਇਆ ਗਿਆ। ਇਹ ਯਾਦਗਾਰ ਆਜ਼ਾਦੀ ਦੀ ਲੜਾਈ, ਬੱਬਰ ਲਹਿਰ, ਗਦਰ ਲਹਿਰ, ਕੂਕਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਆਦਿ ਵਿਚ ਪਾਏ ਗਏ ਪੰਜਾਬੀਆਂ ਦੇ ਯੋਗਦਾਨ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਂਦੀ ਰਹੇਗੀ। ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਗਲਿਆਰਾ, ਵਿਰਾਸਤੀ ਮਾਰਗ, ਗੋਲਡਨ ਗੇਟ ਆਦਿ ਕੀਮਤੀ ਤੋਹਫੇ ਸਿੱਖ ਪੰਥ ਦੀ ਝੋਲੀ ਪਾਏ। ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਤਿਹਾਸ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ, ਸਦਭਾਵਨਾ ਦੇ ਪ੍ਰਤੀਕ, ਉਦਾਰਵਾਦੀ ਸੋਚ ਦੇ ਮਾਲਕ ਅਤੇ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਜਾਣ ਵਾਲੇ ਯੁੱਗ-ਪੁਰਸ਼ ਵਜੋਂ ਹਮੇਸ਼ਾ ਯਾਦ ਕਰਦਾ ਰਹੇਗਾ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
(ਸਾਬਕਾ ਮੈਂਬਰ ਪਾਰਲੀਮੈਂਟ)
ਪੰਜਾਬ ਦਾ ਪਤਨ : ਖਰਾਬ ਸ਼ਾਸਨ ਦਾ ਨਤੀਜਾ
NEXT STORY