ਨਸ਼ੇ ਦੇ ਮੁੱਦੇ ’ਤੇ ਪਿਛਲੀਆਂ ਤਿੰਨ ਸਰਕਾਰਾਂ ਦੇ ਬਦਲ ਜਾਣ ਦੇ ਬਾਵਜੂਦ ਪੰਜਾਬ ਲਗਾਤਾਰ ਨਸ਼ੇ ਦੀ ਦਲਦਲ ’ਚ ਫਸਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਨੇ 4 ਹਫਤੇ ’ਚ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਅਤੇ ਆਮ ਆਦਮੀ ਪਾਰਟੀ ਨੇ 3 ਤੋਂ 4 ਮਹੀਨੇ ਦੇ ਸਮੇਂ ਵਿਚ ਨਸ਼ਾ ਖਤਮ ਕਰਨ ਦੀ ਗਾਰੰਟੀ ਦਿੱਤੀ ਪਰ ਦੋਵੇਂ ਸਰਕਾਰਾਂ ਅਾਪਣੀ ਸਹੁੰ ਅਤੇ ਗਾਰੰਟੀ ਪੂਰੀ ਕਰਨ ’ਚ ਨਾਕਾਮ ਰਹੀਆਂ ਅਤੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਗਏ। ਇਨ੍ਹਾਂ ਦੋ ਸਰਕਾਰਾਂ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵੀ ਨਸ਼ਾ ਚਰਚਾ ’ਚ ਰਿਹਾ ਜਿਸ ਕਾਰਨ ਪਹਿਲਾਂ ਕਾਂਗਰਸ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਉਣ ’ਚ ਕਾਮਯਾਬ ਹੋਈ ਅਤੇ ਬਾਅਦ ਵਿਚ ਆਮ ਆਦਮੀ ਪਾਰਟੀ ਨੇ ਇਸੇ ਮੁੱਦੇ ’ਤੇ ਫੇਲ ਹੋ ਜਾਣ ਕਾਰਨ ਕਾਂਗਰਸ ਨੂੰ ਹਰਾਇਆ। 1960- 1970 ਦੇ ਦਹਾਕੇ ਤੋਂ ਪਹਿਲਾਂ ਗਾਂਜਾ ਅਤੇ ਚਰਸ ਦੀ ਵਰਤੋਂ ਦੇਸੀ ਦਵਾਈਆਂ ਵਜੋਂ ਕੀਤੀ ਜਾਂਦੀ ਸੀ ਪਰ ਇਸ ਦਾ ਵਪਾਰਕ ਪੱਧਰ ’ਤੇ ਨਸ਼ੇ ਵਜੋਂ ਉਤਪਾਦਨ ਉਦੋਂ ਸ਼ੁਰੂ ਹੋਇਆ ਜਦੋਂ ਵਿਦੇਸ਼ੀ ਸੈਲਾਨੀਆਂ ‘ਹਿਪੀ’ ਨੇ ਹਿਮਾਚਲ ਦੇ ਮਨਾਲੀ ਇਲਾਕੇ ਵਿਚ ਪਹੁੰਚ ਕੇ ਭੰਗ ਨੂੰ ਹੱਥਾਂ ਨਾਲ ਰਗੜ ਕੇ ਉੱਚ ਗੁਣਵੱਤਾ ਵਾਲੀ ਚਰਸ ਤਿਆਰ ਕਰਨ ਦੀ ਤਕਨੀਕ ਸਿਖਾਈ ਅਤੇ ਬਾਅਦ ਵਿਚ ਇਹ ਇਲਾਕਾ ਦੁਨੀਆ ਭਰ ਵਿਚ ਮਲਾਣਾ ਕਰੀਮ ਚਰਸ ਕੇਂਦਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਇਲਾਕੇ ਦੇ ਲੋਕ ਜੋ 1950 ਤੇ 1960 ਦੇ ਦਹਾਕੇ ਦਰਮਿਆਨ ਸੋਨੇ ਅਤੇ ਵਿਦੇਸ਼ੀ ਸ਼ਰਾਬ ਦੀ ਸਮੱਗਲਿੰਗ ਕਰਦੇ ਸਨ । 1970 ਦੇ ਦਹਾਕੇ ’ਚ ਸੋਨੇ ਦੇ ਨਾਲ-ਨਾਲ ਅਫੀਮ ਦੀ ਸਮੱਗਲਿੰਗ ਵੀ ਕਰਨ ਲੱਗੇ। ਫਿਰ 1980 ਦੇ ਦਹਾਕੇ ’ਚ ਰੂਸ ਅਤੇ ਅਫਗਾਨਿਸਤਾਨ ਦੀ ਲੜਾਈ ਸਮੇਂ ਅਫਗਾਨਿਸਤਾਨ ਵਿਚ ਆਧੁਨਿਕ ਤਕਨੀਕ ਨਾਲ ਅਫੀਮ ਨੂੰ ਹੈਰੋਇਨ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਜਿਸ ਕਾਰਨ ਸਮੱਗਲਰਾਂ ਨੂੰ ਸੋਨੇ ਦੀਆਂ ਛੜਾਂ ਦੀ ਸਮੱਗਲਿੰਗ ਕਰਨ ਨਾਲੋਂ ਹੈਰੋਇਨ ਦੀ ਸਮੱਗਲਿੰਗ ਸੌਖੀ ਅਤੇ ਵੱਧ ਮੁਨਾਫੇ ਵਾਲੇ ਧੰਦੇ ਵਜੋਂ ਕੰਮ ਆਉਣ ਲੱਗੀ। ਇਸੇ ਸਮੇਂ ਭਾਰਤ ਸਰਕਾਰ ਨੇ. ਐੱਨ. ਡੀ. ਪੀ. ਸੀ. ਐਕਟ 1985 ਬਣਾ ਦਿੱਤਾ ਜਿਸ ਕਾਰਨ ਭਾਰਤ ਵਿਚ ਚਰਸ ਅਤੇ ਗਾਂਜੇ ਦੇ ਉਤਪਾਦਨ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਅਤੇ ਹਿਮਾਚਲ ਸਰਕਾਰ ਨੇ ਵੀ ਸਖਤੀ ਕੀਤੀ, ਉਥੇ ਇਸ ਦਾ ਉਤਪਾਦਨ ਬੰਦ ਹੋ ਗਿਆ। ਇਸ ਤਰ੍ਹਾਂ ਜੋ ਲੋਕ ਇਸ ਸਮੇਂ ਦੌਰਾਨ ਨਸ਼ੇ ਦੇ ਆਦੀ ਹੋ ਚੁੱਕੇ ਸਨ ਉਹ ਹੈਰੋਇਨ ਵੱਲ ਵਧ ਗਏ ਕਿਉਂਕਿ ਹੈਰੋਇਨ ਸਮੱਗਲਿੰਗ ਦਾ ਰਸਤਾ ਸਿੱਧਾ ਪੰਜਾਬ ਰਾਹੀਂ ਗੁਜ਼ਰਦਾ ਸੀ ਅਤੇ ਸਾਰੀ ਦੁਨੀਆ ਨੂੰ ਵੀ ਹੈਰੋਇਨ ਇਸੇ ਰਸਤੇ ਜਾਂਦੀ ਸੀ।
ਇਸੇ ਦਹਾਕੇ ਦੌਰਾਨ ਪੰਜਾਬ ਇਕ ਭਿਆਨਕ ਦੌਰ ’ਚੋਂ ਗੁਜ਼ਰ ਰਿਹਾ ਸੀ ਅਤੇ ਪੰਜਾਬ ਵਿਚ ਕਈ ਵਾਰ ਰਾਜਪਾਲ ਸਾਸ਼ਨ ਲਾਗੂ ਹੋਣ ਕਾਰਨ ਲੋਕ ਨੁਮਾਇੰਦਿਆਂ ਦੀ ਸਰਕਾਰ ਨਹੀਂ ਸੀ ਹੁੰਦੀ, ਜਿਸ ਕਾਰਨ ਸਾਰੀ ਤਾਕਤ ਪੁਲਸ, ਅਫ਼ਸਰਸ਼ਾਹੀ ਅਤੇ ਕੇਂਦਰੀ ਕਾਂਗਰਸ ਸਰਕਾਰ ਦੇ ਨੇੜਲੇ ਵਿਅਕਤੀਆਂ ਕੋਲ ਹੀ ਸੀ। ਇਸ ਸਮੇਂ ਹੈਰੋਇਨ ਦੀ ਸਮੱਗਲਿੰਗ ਤੇਜ਼ੀ ਨਾਲ ਵਧ ਗਈ। ਬਾਅਦ ਵਿਚ ਸਮੱਗਲਰਾਂ ਨੇ ਹੈਰੋਇਨ ਸਿੰਥੈਟਿਕ ਨਸ਼ੇ ਵਾਲੀਆਂ ਚੀਜ਼ਾਂ ਮਿਲਾ ਕੇ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਇਸ ਦਾ ਰੰਗ ਚਿੱਟੇ ਪਾਊਡਰ ਵਰਗਾ ਹੋਣ ਕਾਰਨ ਇਸ ਨੂੰ ਚਿੱਟਾ ਕਿਹਾ ਜਾਣ ਲੱਗਾ। ਇਸ ਚਿੱਟੇ ਪਾਊਡਰ ਨੇ ਪੰਜਾਬੀਆਂ ਦੀ ਜਾਨ ਨੂੰ ਵਕਤ ਪਾ ਦਿੱਤਾ ਜਿਸ ਦਾ ਖਮਿਆਜ਼ਾ ਸਾਰਾ ਦੇਸ਼ ਖਾਸ ਕਰ ਕੇ ਪੰਜਾਬ ਭੁਗਤ ਰਿਹਾ ਹੈ। ਜੇ ਪਿਛਲੀਆਂ ਦੋ ਸਰਕਾਰਾਂ ਜੋ ਨਸ਼ਾ ਖਤਮ ਕਰਨ ਦੇ ਮੁੱਦੇ ਕਾਰਨ ਹੀ ਬਣੀਆਂ ਸਨ ਦੀ ਗੱਲ ਕਰੀਏ ਤਾਂ ਪਿਛਲੀ ਕਾਂਗਰਸ ਸਰਕਾਰ ਅਤੇ ਹੁਣ ਦੀ ਆਪ ਸਰਕਾਰ ਨਸ਼ੇ ’ਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀਆਂ ਹਨ ਪਰ ਰੋਜ਼ ਨਸ਼ੇ ਦੀਆਂ ਵਧ ਰਹੀਆਂ ਘਟਨਾਵਾਂ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਨ ਲਈ ਕਾਫੀ ਹਨ। ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਅਲਾਮਤ ਨੂੰ ਖ਼ਤਮ ਕਰਨ ਦੇ ਦਾਅਵੇ ਨਾਲ ਪੂਰੇ ਪੰਜਾਬ ਵਿਚ 4000 ਕਿਲੋਮੀਟਰ ਦੇ ਏਰੀਏ ’ਚ ਨਸ਼ਾ ਮੁਕਤੀ ਯਾਤਰਾਵਾਂ ਕੱਢਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।
ਵਿਰੋਧੀ ਸਿਆਸੀ ਪਾਰਟੀਆਂ ਇਸ ਨੂੰ ਕੇਵਲ ਚੋਣ ਮੁਹਿੰਮ ਦੱਸ ਰਹੀਆਂ ਹਨ ਪਰ ਭਾਰਤੀ ਜਨਤਾ ਪਾਰਟੀ ਇਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੋਗਾ ਦੌਰੇ ਸਮੇਂ ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਦੀ ਸ਼ੁਰੂਆਤ ਵਜੋਂ ਪੇਸ਼ ਕਰ ਰਹੀ ਹੈ। ਮੋਗਾ ਰੈਲੀ ਵਿਚ ਅਮਿਤ ਸ਼ਾਹ ਨੇ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਜੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਓਗੇ ਤਾਂ ਅਸੀਂ 2 ਸਾਲ ਵਿਚ ਨਸ਼ਾ ਖਤਮ ਕਰ ਦੇਵਾਂਗੇ। ਇਸ ਮੰਤਵ ਨੂੰ ਪੂਰਾ ਕਰਨ ਲਈ ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਹੀ 4 ਯਾਤਰਾਵਾਂ ਕੱਢਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਜਿਸ ਵਿਚ ਪਹਿਲੀ ਯਾਤਰਾ ਅੱਜ ਪਠਾਨਕੋਟ ਤੋਂ ਜਿਥੇ ਭਾਜਪਾ ਦੇ ਬਾਨੀ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਜਿਨ੍ਹਾਂ ਨੂੰ ਇਸੇ ਸ਼ਹਿਰ ਤੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਬਾਅਦ ਵਿਚ ਜੰਮੂ ਕਸ਼ਮੀਰ ਵਿਚ ਜੇਲ ’ਚ ਸ਼ਹੀਦ ਹੋ ਗਏ ਸਨ, ਤੋਂ ਸ਼ੁਰੂ ਕੀਤੀ ਜਾਣੀ ਹੈ।
ਦੂਜੀ ਯਾਤਰਾ ਦੁਨੀਆ ਦੀ ਸੱਭ ਤੋਂ ਵੱਡੀ ਸ਼ਹਾਦਤ ( ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ) ਵਾਲੇ ਨਗਰ ’ਚ ਸੁਸ਼ੋਭਿਤ ਗੁਰਦੁਆਰਾ ਜੋਤੀ ਸਰੂਪ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਜਾਣੀ ਹੈ ਅਤੇ ਤੀਜੀ ਯਾਤਰਾ ਫਾਜ਼ਿਲਕਾ ਦੇ ਸ਼ਹੀਦੀ ਸਮਾਰਕ ਤੋਂ ਸ਼ੁਰੂ ਕੀਤੀ ਜਾਣੀ ਹੈ, ਜਿਥੇ ਭਾਰਤੀ ਫੌਜੀਆਂ ਦੇ ਨਾਲ-ਨਾਲ ਸਿਵਲ ਨਾਗਰਿਕਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਅਤੇ ਚੌਥੀ ਯਾਤਰਾ ਸਿੱਖ ਪੰਥ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਤਕਰੀਬਨ ਸਾਰੀ ਵੱਡੀ ਕੇਂਦਰੀ ਲੀਡਰਸ਼ਿਪ ਦੇ ਨਾਲ-ਨਾਲ ਪੰਜਾਬ ਦੀ ਸਾਰੀ ਦੀ ਸਾਰੀ ਲੀਡਰਸ਼ਿਪ ਇਨ੍ਹਾਂ ਯਾਤਰਾਵਾਂ ਨੂੰ ਸਫਲ ਕਰਨ ਲਈ ਕੰਮ ਕਰ ਰਹੀ ਹੈ। ਇਨ੍ਹਾਂ ਯਾਤਰਾਵਾਂ ਦਰਮਿਆਨ ਭਾਜਪਾ ਆਗੂ ਨਸ਼ੇ ਨਾਲ ਜਾਨ ਤੋਂ ਹੱਥ ਧੋ ਬੈਠੇ ਲੋਕਾਂ ਦੇ ਪਰਿਵਾਰਾਂ, ਨਸ਼ੇ ਨਾਲ ਪੀੜਤ ਲੋਕਾਂ , ਨਸ਼ੇ ਦੀ ਮਾਰ ਕਾਰਨ ਰੋਜ਼ਾਨਾ ਜ਼ਿੰਦਗੀ ਜਿਊਣ ਤੋਂ ਅਸਮਰੱਥ ਲੋਕਾਂ ਅਤੇ ਨਸ਼ਾ ਰੋਕਣ ਲਈ ਯੋਗਦਾਨ ਪਾਉਣ ਵਾਲੇ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਦੇ ਨਾਲ-ਨਾਲ ਸੰਤਾਂ ਮਹਾਤਮਾਵਾਂ ਦਾ ਯੋਗਦਾਨ ਵੀ ਲੈਣ ਦੀ ਤਿਆਰੀ ਕਰ ਰਹੀ ਹੈ। ਗੱਲ ਹੁਣ ਉਸ ਸਵਾਲ ਦੀ ਹੈ ਜੋ ਵਿਰੋਧੀ ਪਾਰਟੀਆਂ ਭਾਜਪਾ ’ਤੇ ਇਹ ਦੋਸ਼ ਲਾ ਰਹੀਆਂ ਹਨ ਕਿ ਇਹ ਕੇਵਲ ਚੋਣ ਪ੍ਰਚਾਰ ਹੈ । ਵਿਰੋਧੀ ਪਾਰਟੀਆਂ ਦੀ ਹੁਣ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਉਨ੍ਹਾਂ ਦਾ ਹੱਕ ਵੀ ਬਣਦਾ ਹੈ ਕਿ ਉਹ ਇਨ੍ਹਾਂ ਯਾਤਰਾਵਾਂ ’ਤੇ ਟਿੱਪਣੀਆਂ ਕਰਨ ਪਰ ਪਹਿਲਾਂ ਯਾਤਰਾਵਾਂ ਪੂਰੀਆਂ ਹੋਣ, ਉਨ੍ਹਾਂ ਦੇ ਨਤੀਜੇ ਅਤੇ ਬਾਅਦ ਵਿਚ ਭਾਜਪਾ ਵੱਲੋਂ ਨਸ਼ਾ ਰੋਕਣ ਲਈ ਕੀ ਉਪਰਾਲੇ ਕੀਤੇ ਜਾਂਦੇ ਹਨ ਦੇਖ ਲੈਣੇ ਚਾਹੀਦੇ ਹਨ।
ਇਕਬਾਲ ਸਿੰਘ ਚੰਨੀ
ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
NEXT STORY