ਕੀ ਕਾਂਗਰਸ ਉੱਤਰ-ਪੂਰਬ 'ਚ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਹੋਰ ਅੱਗੇ ਵਧ ਰਹੀ ਹੈ? ਹਾਲਾਂਕਿ ਆਪਣੀ ਹੋਂਦ ਬਚਾਉਣ ਵਜੋਂ ਇਹ ਮੇਘਾਲਿਆ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਭਾਜਪਾ ਤੇ ਇਸ ਦੇ ਸਹਿਯੋਗੀ ਕਾਂਗਰਸ ਦੀਆਂ ਭਾਵਨਾਵਾਂ ਦਾ ਮਜ਼ਾਕ ਬਣਾਉਂਦੇ ਹੋਏ ਤਿੰਨਾਂ ਸੂਬਿਆਂ ਨਾਗਾਲੈਂਡ, ਮੇਘਾਲਿਆ ਤੇ ਤ੍ਰਿਪੁਰਾ 'ਚ ਸਰਕਾਰ ਬਣਾਉਣ ਦੀ ਪ੍ਰਕਿਰਿਆ 'ਚ ਹਨ।
ਇਕ ਸਮਾਂ ਸੀ ਜਦੋਂ ਉੱਤਰ-ਪੂਰਬ ਦੇ ਲੋਕ, ਖਾਸ ਕਰਕੇ ਕਬਾਇਲੀ ਕਾਂਗਰਸ ਨਾਲ ਜੁੜੇ ਹੁੰਦੇ ਸਨ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਉਨ੍ਹਾਂ ਦਾ ਝੁਕਾਅ ਖੇਤਰੀ ਪਾਰਟੀਆਂ ਤੇ ਹੁਣ ਭਾਜਪਾ ਵੱਲ ਹੋ ਗਿਆ ਹੈ। ਅਜੇ ਇਕ ਸਾਲ ਪਹਿਲਾਂ ਕਾਂਗਰਸ 5 ਉੱਤਰ-ਪੂਰਬੀ ਸੂਬਿਆਂ ਅਰੁਣਾਚਲ ਪ੍ਰਦੇਸ਼, ਆਸਾਮ, ਮਣੀਪੁਰ, ਮੇਘਾਲਿਆ ਤੇ ਮਿਜ਼ੋਰਮ 'ਚ ਸੱਤਾ ਵਿਚ ਸੀ।
ਬੀਤੇ ਸ਼ਨੀਵਾਰ ਦੀ ਜਿੱਤ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਮਿਆਂਮਾਰ, ਭੂਟਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਲੱਗਦੇ ਸੂਬਿਆਂ ਦੇ ਸਿਆਸੀ ਜ਼ਮੀਨੀ ਖੇਤਰ ਨੂੰ ਵਧਾਉਂਦਿਆਂ 7 ਉੱਤਰ-ਪੂਰਬੀ ਸੂਬਿਆਂ 'ਚੋਂ 6 'ਤੇ ਆਪਣਾ ਕੰਟਰੋਲ ਕਾਇਮ ਕਰ ਲਵੇਗਾ।
ਮਿਜ਼ੋਰਮ ਹੀ ਇਕੋ-ਇਕ ਅਜਿਹਾ ਸੂਬਾ ਹੈ, ਜਿਥੇ ਕਾਂਗਰਸ ਰਾਜ ਕਰ ਰਹੀ ਹੈ ਤੇ ਇਸ ਸਾਲ ਦੇ ਖਤਮ ਹੋਣ 'ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਥੇ ਵੀ ਸੱਤਾ ਬਦਲ ਸਕਦੀ ਹੈ।
ਭਾਜਪਾ ਦਾ ਉੱਤਰ-ਪੂਰਬੀ ਸੂਬਿਆਂ 'ਚ ਉਦੈ 2016 'ਚ ਉਦੋਂ ਹੋਇਆ ਸੀ, ਜਦੋਂ ਇਹ ਆਸਾਮ 'ਚ ਜਿੱਤੀ ਸੀ। ਅਰੁਣਾਚਲ ਪ੍ਰਦੇਸ਼ 'ਚ ਪਾਰਟੀ ਨੇ ਮੁੱਖ ਮੰਤਰੀ ਪੇਮਾ ਖਾਂਡੂ ਸਮੇਤ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਨਾਲ ਮਿਲਾ ਲਿਆ ਸੀ, ਉਸ ਤੋਂ ਬਾਅਦ ਭਾਜਪਾ ਸੂਬੇ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਉਸ ਤੋਂ ਬਾਅਦ ਸੂਬੇ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਕਾਂਗਰਸ ਦੇ ਉੱਭਰਨ ਦੇ ਬਾਵਜੂਦ ਭਾਜਪਾ ਨੇ ਬੀਰੇਨ ਸਿੰਘ ਨੂੰ ਮਣੀਪੁਰ ਦਾ ਮੁੱਖ ਮੰਤਰੀ ਬਣਾ ਕੇ ਗੱਠਜੋੜ ਸਰਕਾਰ ਬਣਾਈ।
ਕੀ ਇਸ ਦਾ ਮਤਲਬ ਇਹ ਹੈ ਕਿ ਕਾਂਗਰਸ ਇਸ ਖੇਤਰ 'ਚ ਹਾਰ ਰਹੀ ਹੈ? ਪਾਰਟੀ ਨੂੰ ਉੱਤਰ-ਪੂਰਬ ਦੀਆਂ 25 ਲੋਕ ਸਭਾ ਤੇ 498 ਵਿਧਾਨ ਸਭਾ ਸੀਟਾਂ ਸਮੇਤ 45.58 ਮਿਲੀਅਨ ਆਬਾਦੀ ਕਿਉਂ ਨਹੀਂ ਨਜ਼ਰ ਆ ਰਹੀ? ਇਹ ਗੁੱਥੀ ਸੁਲਝਾਉਣ ਦੀ ਲੋੜ ਹੈ, ਜੋ ਸਿਰਫ ਕਾਂਗਰਸ ਦੇ ਰਣਨੀਤੀਕਾਰ ਵਿਸਥਾਰ ਨਾਲ ਸੁਲਝਾ ਸਕਦੇ ਹਨ। ਕਾਂਗਰਸ ਦੇ ਰਣਨੀਤੀਕਾਰ ਆਸਵੰਦ ਹਨ ਕਿ ਉੱਤਰ-ਪੂਰਬੀ ਸੂਬਿਆਂ 'ਚ ਹਾਰ ਦਾ ਮਤਲਬ ਇਹ ਨਹੀਂ ਹੈ ਕਿ 132 ਸਾਲ ਪੁਰਾਣੀ ਕਾਂਗਰਸ ਪਾਰਟੀ ਖਤਮ ਹੋ ਰਹੀ ਹੈ।
ਇਸ ਪਾਰਟੀ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਹੁਣ ਇਹ ਸਿਰਫ ਪੰਜਾਬ, ਮਿਜ਼ੋਰਮ, ਕਰਨਾਟਕ ਤੇ ਪੁਡੂਚੇਰੀ ਵਿਚ ਸੱਤਾ 'ਚ ਹੈ ਪਰ ਦੇਸ਼ 'ਚ ਅਜੇ ਵੀ ਇਸ ਦਾ ਜਨ-ਆਧਾਰ ਅਤੇ ਆਪਣਾ ਵੋਟ ਬੈਂਕ ਹੈ।
ਗੁਜਰਾਤ 'ਚ ਕਾਰਗੁਜ਼ਾਰੀ 'ਚ ਸੁਧਾਰ ਤੋਂ ਬਾਅਦ ਅਤੇ ਰਾਜਸਥਾਨ, ਮੱਧ ਪ੍ਰਦੇਸ਼ 'ਚ ਉਪ-ਚੋਣਾਂ ਜਿੱਤਣ ਨਾਲ ਕਾਂਗਰਸੀ ਵਰਕਰ ਉਤਸ਼ਾਹਿਤ ਅਤੇ ਆਸਵੰਦ ਸਨ ਕਿ ਪਾਰਟੀ ਸੱਪ-ਪੌੜੀ ਵਾਲੀ ਖੇਡ (ਲੁੱਡੋ) ਵਿਚ ਪੌੜੀ 'ਤੇ ਚੜ੍ਹ ਜਾਵੇਗੀ ਪਰ ਬਦਕਿਸਮਤੀ ਨਾਲ ਅਣਪਛਾਤੇ ਕਾਰਨਾਂ ਕਰ ਕੇ ਕਾਂਗਰਸ ਨੇ ਉੱਤਰ-ਪੂਰਬੀ ਸੂਬਿਆਂ ਦੀਆਂ ਚੋਣਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੇਘਾਲਿਆ 'ਚ ਵੀ ਇਸ ਨੇ ਸਾਰਾ ਬੋਝ ਮੁੱਖ ਮੰਤਰੀ ਮੁਕੁਲ ਸੰਗਮਾ 'ਤੇ ਪਾ ਦਿੱਤਾ ਸੀ।
ਨਾਗਾਲੈਂਡ ਅਤੇ ਤ੍ਰਿਪੁਰਾ 'ਚ ਤਾਂ ਇਸ ਨੇ ਕਿਸੇ ਨੂੰ ਵੀ ਟੱਕਰ ਨਹੀਂ ਦਿੱਤੀ। ਸਿੱਟੇ ਵਜੋਂ ਕਾਂਗਰਸ ਨੇ ਦੋਹਾਂ ਸੂਬਿਆਂ 'ਚ ਇਕ ਵੀ ਸੀਟ ਨਹੀਂ ਜਿੱਤੀ। ਇਸੇ ਕਾਰਨ ਪਾਰਟੀ ਦੀਆਂ ਵੋਟਾਂ ਭਾਜਪਾ ਨੂੰ ਚਲੀਆਂ ਗਈਆਂ ਅਤੇ ਇਸ ਦੀ ਆਪਣੀ ਵੋਟ ਹਿੱਸੇਦਾਰੀ ਵੀ ਹੇਠਾਂ ਆ ਗਈ ਹੈ।
ਤ੍ਰਿਪੁਰਾ ਦੇ ਲੋਕਾਂ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਕਾਂਗਰਸ ਹੀ ਇਕੋ-ਇਕ ਬਦਲ ਨਹੀਂ ਤੇ ਉਨ੍ਹਾਂ ਨੇ ਭਾਜਪਾ ਨੂੰ ਇਕ ਮੌਕਾ ਦੇਣ ਦਾ ਫੈਸਲਾ ਕਰ ਲਿਆ। ਤੱਥ ਇਹ ਵੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਚੋਣ ਨਤੀਜਿਆਂ ਦੀ ਉਡੀਕ ਕੀਤੇ ਬਿਨਾਂ ਇਟਲੀ 'ਚ ਆਪਣੇ ਨਾਨਕੇ ਚਲੇ ਜਾਣਾ ਵੀ ਇਹ ਦਰਸਾਉਂਦਾ ਹੈ ਕਿ ਉਹ ਖੇਤਰ 'ਚ ਪਾਰਟੀ ਦੀ ਜਿੱਤ ਨੂੰ ਲੈ ਕੇ ਗੰਭੀਰ ਨਹੀਂ ਸਨ।
ਕਰਨਾਟਕ 'ਚ ਮਈ ਵਿਚ ਚੋਣਾਂ ਹੋਣੀਆਂ ਹਨ ਤੇ ਇਸ ਸੂਬੇ ਨੂੰ ਹੱਥ 'ਚ ਰੱਖਣ ਲਈ ਕਾਂਗਰਸ ਆਪਣੀ ਰਣਨੀਤੀ ਨਾਲ ਅੱਗੇ ਵਧ ਰਹੀ ਹੈ। ਰਾਹੁਲ ਗਾਂਧੀ ਕੁਝ ਕੁ ਵਾਰ ਸੂਬੇ 'ਚ ਗਏ ਹਨ। ਹਾਲਾਂਕਿ ਨਰਮ ਹਿੰਦੂਵਾਦ ਦਾ ਪੱਤਾ ਖੇਡਦਿਆਂ ਉਨ੍ਹਾਂ ਨੇ ਕਈ ਮੰਦਿਰਾਂ 'ਚ ੁਪ੍ਰਾਰਥਨਾਵਾਂ ਵੀ ਕੀਤੀਆਂ।
ਸੂਬੇ ਦੇ ਮੁੱਖ ਮੰਤਰੀ ਸਿੱਧਰਮੱਈਆ ਨੂੰ ਹੁਣ ਤਕ ਆਜ਼ਾਦ ਰੱਖਿਆ ਗਿਆ ਹੈ। ਕਰਨਾਟਕ ਨੂੰ ਹੱਥ 'ਚ ਰੱਖਣ ਨਾਲ ਪਾਰਟੀ ਦਾ ਮਨੋਬਲ ਉੱਚਾ ਹੋਵੇਗਾ, ਜਿਸ ਨੂੰ 3 ਹੋਰ ਵੱਡੇ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਦਾ ਸਾਹਮਣਾ ਕਰਨਾ ਪੈਣਾ ਹੈ। ਮਿਜ਼ੋਰਮ 'ਚ ਵੀ ਇਸ ਸਾਲ ਦੇ ਅਖੀਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸਾਰੇ ਸੂਬਿਆਂ 'ਚ ਸਿੱਧੀ ਟੱਕਰ ਕਾਂਗਰਸ ਤੇ ਭਾਜਪਾ ਵਿਚਾਲੇ ਹੀ ਹੈ।
ਛੱਤੀਸਗੜ੍ਹ 'ਚ ਦੋਹਾਂ ਪਾਰਟੀਆਂ ਵਿਚਾਲੇ ਵੋਟਾਂ ਦੀ ਹਿੱਸੇਦਾਰੀ ਦਾ ਫਰਕ ਸਿਰਫ 1.5 ਫੀਸਦੀ ਦਾ ਹੈ। ਇਸ ਸੂਬੇ 'ਚ ਕਾਂਗਰਸ ਲਈ ਜਿੱਤਣ ਦਾ ਇਕ ਵੱਡਾ ਮੌਕਾ ਹੈ ਕਿਉਂਕਿ ਭਾਜਪਾ ਇਥੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ।
ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਕਾਂਗਰਸ ਆਪਣੇ ਝਟਕਿਆਂ ਤੋਂ ਉੱਭਰੇ ਅਤੇ ਦਿੱਲਖਿੱਚਵੇਂ ਚੋਣ ਮੁੱਦਿਆਂ ਨਾਲ ਖੁਦ ਨੂੰ ਭਾਜਪਾ ਸਾਹਮਣੇ ਬਦਲ ਵਜੋਂ ਪੇਸ਼ ਕਰੇ ਤੇ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖ ਦੇਵੇ। ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਹੁਣੇ ਜਿਹੇ ਹੋਈਆਂ ਉਪ-ਚੋਣਾਂ 'ਚ ਜਿੱਤ ਨਾਲ ਕਾਂਗਰਸ ਦੇ ਰਣਨੀਤੀਕਾਰ ਆਪਣੀਆਂ ਯੋਜਨਾਵਾਂ ਨੂੰ ਮਜ਼ਬੂਤ ਬਣਾ ਰਹੇ ਹਨ। ਹਾਈਕਮਾਨ ਨੂੰ ਵੀ ਫੈਸਲਾ ਲੈਣਾ ਪਵੇਗਾ ਕਿ ਇਨ੍ਹਾਂ ਸੂਬਿਆਂ 'ਚ ਪਾਰਟੀ ਦੀ ਅਗਵਾਈ ਕੌਣ ਕਰੇਗਾ।
ਕਾਂਗਰਸ ਦਾ 16 ਤੋਂ 18 ਮਾਰਚ ਤਕ ਆਪਣਾ ਕਾਰਜਕਾਰੀ ਇਜਲਾਸ ਹੋਣਾ ਹੈ, ਜਿਸ 'ਚ ਇਹ ਭਵਿੱਖ ਦੀ ਆਪਣੀ ਕਾਰਵਾਈ ਅਤੇ ਵਿਰੋਧੀ ਧਿਰ ਨੂੰ ਸੰਗਠਿਤ ਕਰ ਕੇ ਭਾਜਪਾ ਵਿਰੁੱਧ ਲੜਨ ਦਾ ਫੈਸਲਾ ਕਰ ਸਕਦੀ ਹੈ। ਪਾਰਟੀ ਮਾਮਲਿਆਂ 'ਚ ਭਾਈਵਾਲੀ ਦੇ ਉਦੇਸ਼ ਨਾਲ 10 ਹਜ਼ਾਰ ਤੋਂ ਜ਼ਿਆਦਾ ਨੁਮਾਇੰਦੇ ਪੂਰੇ ਦੇਸ਼ ਤੋਂ ਇਸ ਇਜਲਾਸ 'ਚ ਪਹੁੰਚਣਗੇ।
ਇਸ 'ਚ ਕੋਈ ਸ਼ੱਕ ਨਹੀਂ ਕਿ ਰਾਹੁਲ ਗਾਂਧੀ ਨੂੰ ਅਜੇ ਬਹੁਤ ਕੁਝ ਕਰਨਾ ਪੈਣਾ ਹੈ ਅਤੇ ਅੱਗੇ ਵਧਣ ਲਈ ਬਹੁਤ ਸੰਭਲ ਕੇ ਭਵਿੱਖ ਦੀ ਤਿਆਰੀ ਕਰਨੀ ਪੈਣੀ ਹੈ, ਜੇ ਉਹ ਕਾਂਗਰਸ ਨੂੰ ਹੋਂਦ 'ਚ ਬਣਾਈ ਰੱਖਣਾ ਚਾਹੁੰਦੇ ਹਨ। ਫੌਰੀ ਚੁਣੌਤੀ ਕਰਨਾਟਕ ਨੂੰ ਲੈ ਕੇ ਹੈ ਅਤੇ ਉਦੋਂ 2019 ਦੀਆਂ ਲੋਕ ਸਭਾ ਚੋਣਾਂ ਖਤਮ ਹੋਣ ਤਕ ਹੋਰਨਾਂ ਸੂਬਿਆਂ ਦੀਆਂ ਚੋਣਾਂ ਵੀ ਆ ਜਾਣਗੀਆਂ।
ਰਾਹੁਲ ਨੇ ਬਹੁਤ ਦੇਰ ਤੋਂ ਇਹ ਨਹੀਂ ਜਾਣਿਆ ਹੈ ਕਿ ਆਪਣੀ ਪਾਰਟੀ 'ਚ ਜਾਨ ਪਾਉਣ ਲਈ ਉਨ੍ਹਾਂ ਨੇ ਕੀ ਯੋਜਨਾ ਬਣਾਉਣੀ ਹੈ। ਅਜੇ ਤਕ ਉਨ੍ਹਾਂ ਨੇ ਨਵੀਂ ਟੀਮ ਦਾ ਐਲਾਨ ਵੀ ਨਹੀਂ ਕੀਤਾ ਹੈ। ਇਨ੍ਹਾਂ ਸਾਰੇ ਕੰਮਾਂ ਲਈ ਉਨ੍ਹਾਂ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ।
ਆਖਿਰ ਸਾਡੇ ਤੋਂ ਗਲਤੀ ਕਿੱਥੇ ਹੋਈ
NEXT STORY