ਸਾਡਾ ਦੇਸ਼ ਵਿਭਿੰਨਤਾਵਾਂ ਦਾ ਦੇਸ਼ ਹੈ ਅਤੇ ਇਸ ਵਿਭਿੰਨਤਾ ’ਚ ਇਕ ਗੱਲ ਜੋ ਹਰ ਕਾਲ ਅਤੇ ਹਰ ਕੋਨੇ ’ਚ ਬਰਾਬਰ ਦੇਖੀ ਜਾਂਦੀ ਹੈ, ਉਹ ਹੈ ਆਗੂਆਂ ’ਤੇ ਵਿਅੰਗ। ਭਾਵੇਂ ਗਲੀ-ਮੁਹੱਲੇ ਦੀ ਚਾਹ ਦੀ ਦੁਕਾਨ ਹੋਵੇ ਜਾਂ ਸੋਸ਼ਲ ਮੀਡੀਆ ਦਾ ਚਹਿਚਹਾਉਂਦਾ ਮੰਚ, ਆਗੂਆਂ ਨੂੰ ਲੈ ਕੇ ਮਖੌਲ ਅਤੇ ਤਨਜ਼ ਦਾ ਸਿਲਸਿਲਾ ਕਦੇ ਰੁਕਦਾ ਨਹੀਂ ਪਰ ਸਵਾਲ ਇਹ ਹੈ ਕਿ ਕੀ ਸਾਡੇ ਆਗੂ ਇਸ ਵਿਅੰਗ ਨੂੰ ਸਹਿ ਲੈਂਦੇ ਹਨ? ਜਾਂ ਫਿਰ ਇਹ ਮਖੌਲ ਉਨ੍ਹਾਂ ਲਈ ਇਕ ਕੌੜੀ ਗੋਲੀ ਬਣ ਜਾਂਦਾ ਹੈ, ਜਿਸ ਨੂੰ ਨਾ ਨਿਗਲ ਸਕਦੇ ਹਨ, ਨਾ ਉਗਲ ਸਕਦੇ ਹਨ। ਬੀਤੇ ਦਿਨੀਂ ਇਕ ਹੋਰ ਵਿਅੰਗ ਨੂੰ ਲੈ ਕੇ ਇਕ ਹੋਰ ਵਿਵਾਦ ਹੋਇਆ ਜਿਸ ਨਾਲ ਇਹ ਵਿਸ਼ਾ ਫਿਰ ਤੋਂ ਚਰਚਾ ’ਚ ਆ ਗਿਆ ਕਿ ਆਗੂਆਂ ਅਤੇ ਵਿਅੰਗ ਦਾ ਇਹ ਰਿਸ਼ਤਾ ਕਿੰਨਾ ਡੂੰਘਾ ਅਤੇ ਕਿੰਨਾ ਨਾਜ਼ੁਕ ਹੈ।
ਆਗੂਆਂ ’ਤੇ ਵਿਅੰਗ ਕੱਸਣਾ ਕੋਈ ਨਵੀਂ ਕਲਾ ਨਹੀਂ ਹੈ। ਪ੍ਰਾਚੀਨ ਕਾਲ ਤੋਂ ਹੀ ਸਾਹਿਤਕਾਰ, ਕਵੀ ਅਤੇ ਨਾਟਕਕਾਰ ਸ਼ਾਸਕਾਂ ਅਤੇ ਆਗੂਆਂ ਦੀਆਂ ਕਮੀਆਂ ਨੂੰ ਉਜਾਗਰ ਕਰਨ ਲਈ ਹਾਸੇ-ਮਜ਼ਾਕ ਦਾ ਸਹਾਰਾ ਲੈਂਦੇ ਆਏ ਹਨ। ਭਾਰਤ ’ਚ, ਚਾਣੱਕਿਆ ਤੋਂ ਲੈ ਕੇ ਕਬੀਰ ਤੱਕ ਅਤੇ ਫਿਰ ਆਧੁਨਿਕ ਯੁੱਗ ’ਚ ਪ੍ਰੇਮਚੰਦ ਤੋਂ ਲੈ ਕੇ ਹਰੀਸ਼ੰਕਰ ਪਰਸਾਈ ਤੱਕ, ਵਿਅੰਗ ਨੇ ਸੱਤਾ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ।
ਪਰਸਾਈ ਜੀ ਨੇ ਤਾਂ ਆਪਣੀਆਂ ਰਚਨਾਵਾਂ ’ਚ ਆਗੂਆਂ ਦੀ ਚਲਾਕੀ, ਪਖੰਡ ਅਤੇ ਵਾਅਦਿਆਂ ਦੀ ਹਵਾ ਨੂੰ ਇਸ ਤਰ੍ਹਾਂ ਉਡਾਇਆ ਕਿ ਪਾਠਕ ਹੱਸਦੇ-ਹੱਸਦੇ ਗੰਭੀਰ ਸਵਾਲਾਂ ’ਤੇ ਰੁਕ ਜਾਣ।
ਮਿਸਾਲ ਵਜੋਂ, ਉਨ੍ਹਾਂ ਦੀ ਇਕ ਕਹਾਣੀ ’ਚ ਇਕ ਆਗੂ ਚੋਣ ਰੈਲੀ ਵਿਚ ਕਹਿੰਦਾ ਹੈ, ‘‘ਮੈਂ ਤੁਹਾਡੇ ਲਈ ਆਪਣੀ ਜਾਨ ਦੇ ਦਿਆਂਗਾ’’ ਅਤੇ ਭੀੜ ਤਾੜੀਆਂ ਵਜਾਉਂਦੀ ਹੈ, ਪਰ ਪਰਸਾਈ ਪੁੱਛਦਾ ਹੈ, ‘‘ਕੀ ਉਹ ਆਪਣੀ ਜਾਨ ਦੇਵੇਗਾ ਜਾਂ ਤੁਹਾਡੀ ਜਾਨ ਲਵੇਗਾ?’’
ਅੱਜ ਦੇ ਦੌਰ ’ਚ ਵਿਅੰਗ ਦਾ ਰੂਪ ਬਦਲ ਗਿਆ ਹੈ। ਹੁਣ ਇਹ ਕਿਤਾਬਾਂ ’ਚੋਂ ਨਿਕਲ ਕੇ ਮੀਮ, ਕਾਰਟੂਨ ਅਤੇ ਸਟੈਂਡ-ਅਪ ਕਾਮੇਡੀ ਤੱਕ ਪੁੱਜ ਗਿਆ ਹੈ। ਸੋਸ਼ਲ ਮੀਡੀਆ ’ਤੇ ਹਰ ਦਿਨ ਆਗੂਆਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਅਜਿਹੇ ਚੁਟਕਲੇ ਬਣਦੇ ਹਨ ਕਿ ਆਮ ਆਦਮੀ ਹੱਸਦੇ-ਹੱਸਦੇ ਲੋਟ-ਪੋਟ ਹੋ ਜਾਵੇ ਪਰ ਇਨ੍ਹਾਂ ਚੁਟਕਲਿਆਂ ਪਿੱਛੇ ਇਕ ਕੌੜਾ ਸੱਚ ਵੀ ਲੁਕਿਆ ਹੁੰਦਾ ਹੈ। ਆਗੂ ਜੋ ਜਨਤਾ ਦੇ ਸਾਹਮਣੇ ਵੱਡੇ-ਵੱਡੇ ਵਾਅਦੇ ਕਰਦੇ ਹਨ, ਉਨ੍ਹਾਂ ਦੀ ਕਰਨੀ ਅਤੇ ਕਥਨੀ ’ਚ ਬਹੁਤ ਫਰਕ ਹੁੰਦਾ ਹੈ।
ਉਥੇ ਹੀ ਜੇ ਆਗੂਆਂ ਦੀ ਸਹਿਣ-ਸ਼ਕਤੀ ਦੀ ਗੱਲ ਕਰੀਏ ਤਾਂ ਲੋਕਤੰਤਰ ’ਚ ਹਰ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਵਿਅੰਗ ਵੀ ਪ੍ਰਗਟਾਵੇ ਦਾ ਇਕ ਰੂਪ ਹੈ ਪਰ ਜਦੋਂ ਆਗੂਆਂ ’ਤੇ ਤਨਜ਼ ਕੱਸਣ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਉਨ੍ਹਾਂ ਦੀ ਪ੍ਰਤੀਕਿਰਿਆ ਹੈਰਾਨ ਕਰਨ ਵਾਲੀ ਹੁੰਦੀ ਹੈ। ਕੁਝ ਆਗੂ ਇਸ ਨੂੰ ਹੱਸ ਕੇ ਟਾਲ ਦਿੰਦੇ ਹਨ ਅਤੇ ਕੁਝ ਇਸ ਨੂੰ ਆਪਣੀ ਸ਼ਾਨ ਦੇ ਖਿਲਾਫ ਮੰਨ ਕੇ ਕਾਨੂੰਨੀ ਨੋਟਿਸ ਭੇਜਣ ਤੋਂ ਵੀ ਨਹੀਂ ਖੁੰਝਦੇ। ਉਥੇ ਹੀ ਕੁਝ ਆਗੂਆਂ ਦੇ ਵਰਕਰ ਇਸ ਵਿਅੰਗ ਨੂੰ ਲੈ ਕੇ ਹਿੰਸਾ ਕਰਨ ਤੋਂ ਵੀ ਨਹੀਂ ਖੁੰਝਦੇ।
ਇਕ ਮਸ਼ਹੂਰ ਮਿਸਾਲ ਹੈ ਜਦੋਂ ਇਕ ਸਟੈਂਡ-ਅਪ ਕਾਮੇਡੀਅਨ ਨੇ ਕਿਸੇ ਆਗੂ ਦੇ ‘ਵਿਕਾਸ’ ਦੇ ਦਾਅਵਿਆਂ ’ਤੇ ਚੁਟਕੀ ਲਈ। ਕਾਮੇਡੀਅਨ ਨੇ ਕਿਹਾ, ‘‘ਨੇਤਾ ਜੀ ਕਹਿੰਦੇ ਹਨ ਕਿ ਉਨ੍ਹਾਂ ਨੇ ਪਿੰਡ ’ਚ ਸੜਕ ਬਣਵਾਈ ਪਰ ਪਿੰਡ ਵਾਲੇ ਕਹਿੰਦੇ ਹਨ ਕਿ ਸੜਕ ਤਾਂ ਬਣ ਗਈ, ਬਸ ਪਿੰਡ ਗਾਇਬ ਹੋ ਗਿਆ!’’ ਇਹ ਸੁਣ ਕੇ ਦਰਸ਼ਕ ਹੱਸੇ ਪਰ ਆਗੂ ਜੀ ਨੇ ਇਸ ਨੂੰ ‘ਕਿਰਦਾਰਕੁਸ਼ੀ’ ਕਰਾਰ ਦੇ ਕੇ ਉਸ ਕਾਮੇਡੀਅਨ ’ਤੇ ਮੁਕੱਦਮਾ ਠੋਕ ਦਿੱਤਾ। ਸਵਾਲ ਇਹ ਹੈ ਕਿ ਕੀ ਆਗੂਆਂ ਨੂੰ ਇਹ ਸਮਝ ਨਹੀਂ ਕਿ ਜਨਤਾ ਦਾ ਹੱਸਣਾ ਉਨ੍ਹਾਂ ਵਿਰੁੱਧ ਬਗਾਵਤ ਨਹੀਂ ਸਗੋਂ ਆਪਣੀ ਭੜਾਸ ਕੱਢਣ ਦਾ ਇਕ ਤਰੀਕਾ ਹੈ।
ਦੂਜੇ ਪਾਸੇ, ਕੁਝ ਆਗੂ ਅਜਿਹੇ ਵੀ ਹਨ ਜੋ ਵਿਅੰਗ ਨੂੰ ਖੇਡ ਦੀ ਭਾਵਨਾ ਨਾਲ ਲੈਂਦੇ ਹਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਦੀ ਬਿਹਤਰੀਨ ਮਿਸਾਲ ਸਨ। ਉਨ੍ਹਾਂ ਦੀਆਂ ਕਵਿਤਾਵਾਂ ਅਤੇ ਹਾਸਬੋਧ ਨੇ ਨਾ ਸਿਰਫ ਜਨਤਾ ਦਾ ਦਿਲ ਜਿੱਤਿਆ ਸਗੋਂ ਇਹ ਵੀ ਦਿਖਾਇਆ ਕਿ ਇਕ ਆਗੂ ਵਿਅੰਗ ਨੂੰ ਨਾ ਸਿਰਫ ਸਹਿਣ ਕਰ ਸਕਦਾ ਹੈ ਸਗੋਂ ਉਸ ਨੂੰ ਆਪਣੇ ਪੱਖ ’ਚ ਵੀ ਇਸਤੇਮਾਲ ਕਰ ਸਕਦਾ ਹੈ। ਇਕ ਵਾਰ ਸੰਸਦ ’ਚ ਉਨ੍ਹਾਂ ’ਤੇ ਤਨਜ਼ ਕੱਸਿਆ ਗਿਆ ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, ‘‘ਮੈਂ ਬੁਰਾ ਨਹੀਂ ਮੰਨਦਾ, ਕਿਉਂਕਿ ਸੱਚ ਸੁਣਨ ਦੀ ਆਦਤ ਜੋ ਪੈ ਗਈ ਹੈ।’’
ਇਕ ਸਿਹਤਮੰਦ ਲੋਕਤੰਤਰ ’ਚ ਵਿਅੰਗ ਸਿਰਫ ਹਸਾਉਣ ਦਾ ਜ਼ਰੀਆ ਨਹੀਂ ਸਗੋਂ ਸਮਾਜ ਦਾ ਸ਼ੀਸ਼ਾ ਵੀ ਹੈ। ਇਹ ਆਗੂਆਂ ਨੂੰ ਯਾਦ ਦਿਵਾਉਂਦਾ ਹੈ ਕਿ ਉਹ ਅਜੇਤੂ ਨਹੀਂ ਹਨ ਅਤੇ ਜਨਤਾ ਉਨ੍ਹਾਂ ਦੀ ਹਰ ਹਰਕਤ ’ਤੇ ਨਜ਼ਰ ਰੱਖਦੀ ਹੈ। ਜਦੋਂ ਆਗੂ ਕੋਈ ਗੈਰ-ਵਿਹਾਰਕ ਵਾਅਦਾ ਕਰਦੇ ਹਨ, ਜਿਵੇਂ ਸ਼ਹਿਰ ’ਚ ਸੋਨੇ ਦੀ ਚਿੜੀ ਲਿਆਉਣਗੇ, ਤਾਂ ਵਿਅੰਗ ਰਾਹੀਂ ਜਨਤਾ ਪੁੱਛਦੀ ਹੈ, ‘‘ਕੀ ਚਿੜੀ ਆਂਡੇ ਵੀ ਦੇਵੇਗੀ ਜਾਂ ਸਿਰਫ ਉਡਾਣ ਹੀ ਭਰੇਗੀ।’’ ਇਹ ਮਜ਼ਾਕ ਸੱਤਾ ਨੂੰ ਜਵਾਬਦੇਹ ਬਣਾਈ ਰੱਖਣ ਦਾ ਇਕ ਤਰੀਕਾ ਹੈ।
ਪਰ ਵਿਅੰਗ ਦੀ ਇਹ ਤਾਕਤ ਉਦੋਂ ਕਮਜ਼ੋਰ ਪੈਂਦੀ ਹੈ ਜਦੋਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਆਗੂਆਂ ਦੇ ਹਮਾਇਤੀ ਜਾਂ ਸਰਕਾਰਾਂ ਵਿਅੰਗਕਾਰਾਂ ਨੂੰ ‘ਦੇਸ਼ਧ੍ਰੋਹੀ’ ਤਕ ਕਰਾਰ ਦੇ ਦਿੰਦੇ ਹਨ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਕੀ ਸਾਡਾ ਲੋਕਤੰਤਰ ਇੰਨਾ ਕਮਜ਼ੋਰ ਹੈ ਕਿ ਇਕ ਹਾਸਾ ਵੀ ਉਸ ਨੂੰ ਹਿਲਾ ਦੇਵੇ? ਆਗੂਆਂ ਨੂੰ ਇਹ ਸਮਝਣਾ ਪਵੇਗਾ ਕਿ ਵਿਅੰਗ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਸਗੋਂ ਉਨ੍ਹਾਂ ਦੀ ਹਰਮਨਪਿਆਰਤਾ ਦਾ ਪੈਮਾਨਾ ਹੈ।
ਜਿਸ ਆਗੂ ’ਤੇ ਚੁਟਕਲੇ ਨਹੀਂ ਬਣੇ ਉਸ ਨੂੰ ਕੌਣ ਯਾਦ ਰੱਖਦਾ ਹੈ? ਜੇਕਰ ਜਨਤਾ ਤੁਹਾਡੇ ਉੱਪਰ ਹੱਸ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਦੇ ਜ਼ਿਹਨ ’ਚ ਹੋ। ਇਸ ਨੂੰ ਸਹਿਣ ਕਰਨ ਦੀ ਸਮਰੱਥਾ ਹੀ ਇਕ ਆਗੂ ਨੂੰ ਮਹਾਨ ਬਣਾਉਂਦੀ ਹੈ। ਅਖੀਰ ਜਨਤਾ ਦਾ ਪਿਆਰ ਅਤੇ ਗੁੱਸਾ ਦੋਵੇਂ ਹੀ ਉਨ੍ਹਾਂ ਦੇ ਧਿਆਨ ਦਾ ਸਬੂਤ ਹੈ। ਆਗੂਆਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਵਿਅੰਗ ’ਚ ਲੁਕੀ ਸੱਚਾਈ ਨੂੰ ਕਿਵੇਂ ਸੁਧਾਰਿਆ ਜਾਏ।
ਆਗੂਆਂ ’ਤੇ ਵਿਅੰਗ ਅਤੇ ਉਸ ਨੂੰ ਸਹਿਣ ਕਰਨ ਦੀ ਸਮਰੱਥਾ ਇਕ ਸਿੱਕੇ ਦੇ ਦੋ ਪਹਿਲੂ ਹਨ। ਜਿਥੇ ਵਿਅੰਗ ਲੋਕਤੰਤਰ ਨੂੰ ਜੀਵੰਤ ਬਣਾਉਂਦਾ ਹੈ, ਉਥੇ ਹੀ ਉਸ ਨੂੰ ਸਹਿਣ ਕਰਨ ਦੀ ਕਲਾ ਆਗੂਆਂ ਨੂੰ ਜਨਤਾ ਦੇ ਕਰੀਬ ਲਿਆਉਂਦੀ ਹੈ। ਇਹ ਨਾ ਤਾਂ ਆਗੂਆਂ ਨੂੰ ਕਮਜ਼ੋਰ ਕਰਦਾ ਹੈ ਅਤੇ ਨਾ ਹੀ ਜਨਤਾ ਨੂੰ ਬੇਕਾਬੂ। ਇਹ ਬਸ ਇਕ ਸੰਤੁਲਨ ਹੈ, ਹਾਸਾ ਅਤੇ ਗੰਭੀਰਤਾ ਦਾ, ਸੱਤਾ ਅਤੇ ਜਵਾਬਦੇਹੀ ਦਾ। ਤਾਂ ਅਗਲੀ ਵਾਰ ਜਦੋਂ ਕੋਈ ਨੇਤਾ ਮੰਚ ਤੋਂ ਵੱਡੇ-ਵੱਡੇ ਦਾਅਵੇ ਕਰੇ ਅਤੇ ਜਨਤਾ ਉਸ ’ਤੇ ਚੁਟਕਲੇ ਬਣਾਏ ਤਾਂ ਦੋਵਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਹੱਸ ਕੇ ਟਾਲ ਦਿਓ। ਆਖਿਰ, ਹਾਸੇ ’ਚ ਜੋ ਤਾਕਤ ਹੈ, ਉਹ ਗੁੱਸੇ ’ਚ ਕਿਥੇ।
ਰਜਨੀਸ਼ ਕਪੂਰ
ਅੱਜ ਮਾਤਾ-ਪਿਤਾ ਕੋਲ ਆਪਣੀ ਔਲਾਦ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਨਹੀਂ
NEXT STORY