ਸਾਲ 2025 ਜਾਂਦਿਆਂ-ਜਾਂਦਿਆਂ ਭਾਰਤ ਦੇ ਸਮਾਜਵਾਦੀ ਟੱਬਰ ਨੂੰ ਖਾਲੀ ਛੱਡ ਗਿਆ। ਆਖਰੀ ਤਿੰਨ ਮਹੀਨਿਆਂ ’ਚ 5 ਅਜਿਹੇ ਸਮਾਜਵਾਦੀ ਸਾਨੂੰ ਛੱਡ ਗਏ ਜੋ ਸਮਾਜਵਾਦੀ ਅੰਦੋਲਨ ਦੀ ਵਿਰਾਸਤ ਨੂੰ ਪਰਿਭਾਸ਼ਿਤ ਕਰਦੇ ਸਨ। ਇਨ੍ਹਾਂ ’ਚੋਂ ਕਿਸੇ ਨੂੰ ਵੀ ਰਵਾਇਤੀ ਅਰਥ ’ਚ ਸਿਆਸੀ ਆਗੂ ਨਹੀਂ ਕਿਹਾ ਜਾ ਸਕਦਾ ਸੀ। ਕਿਸੇ ਨੇ ਵੀ ਕੋਈ ਜਨਤਕ ਅਹੁਦਾ ਨਹੀਂ ਸੰਭਾਲਿਆ। ਇਨ੍ਹਾਂ ਦਾ ਵਧੇਰੇ ਸਮਾਂ ਉਨ੍ਹਾਂ ਕੰਮਾਂ ’ਚ ਲੱਗਾ ਜਿਨ੍ਹਾਂ ਨੂੰ ਸਮਾਜ ਸਿਆਸਤ ਨਹੀਂ ਕਹਿੰਦਾ। ਜੇਕਰ ਨੇਤਾ ਦਾ ਮਤਲਬ ਸਮਾਜ ਨੂੰ ਦਿਸ਼ਾ ਦਿਖਾਉਣ ਵਾਲੇ ਵਿਅਕਤੀ ਤੋਂ ਹੈ ਅਤੇ ਜੇਕਰ ਸਿਆਸਤ ਸ਼ੁੱਭ ਨੂੰ ਸੱਚ ’ਚ ਬਦਲਣ ਦਾ ਨਾਂ ਹੈ ਤਾਂ ਸਾਨੂੰ ਇਨ੍ਹਾਂ ਸਭ ਨੂੰ ਸ੍ਰੇਸ਼ਠ ਅਰਥ ’ਚ ਸਿਆਸੀ ਆਗੂ ਵਾਂਗ ਯਾਦ ਰੱਖਣਾ ਚਾਹੀਦਾ ਹੈ। ਉਹ ਸਾਰੇ ਕਿਸੇ ਅਜਿਹੀ ਪਾਰਟੀ ਨਾਲ ਨਹੀਂ ਜੁੜੇ ਸਨ, ਜਿਨ੍ਹਾਂ ਨੂੰ ਸਮਾਜਵਾਦੀ ਕਿਹਾ ਜਾਂਦਾ ਹੈ ਪਰ ਉਹ ਸਾਰੇ ਸਮਾਜਵਾਦੀ ਅੰਦੋਲਨ ਦੀ ਨਰਸਰੀ ਦੇ ਖੂਬਸੂਰਤ ਫੁੱਲ ਸਨ।
ਇਸ 2 ਅਕਤੂਬਰ ਨੂੰ 100 ਸਾਲ ਦੀ ਉਮਰ ਹੋਣ ਦੇ ਬਾਅਦ ਮੁੰਬਈ ’ਚ ਡਾਕਟਰ ਜੀ. ਜੀ. ਪਾਰੇਖ ਗੁਜ਼ਰ ਗਏ। ਉਸ ਤੋਂ ਬਾਅਦ ਨਵੰਬਰ ਮਹੀਨੇ ’ਚ ਮੁਜ਼ੱਫਰਪੁਰ ’ਚ 97 ਸਾਲ ਦੀ ਉਮਰ ’ਚ ਸਚਿਦਾਨੰਦ ਸਿਨਹਾ ਅਤੇ ਕੁਝ ਹੀ ਦਿਨ ਬਾਅਦ ਆਗਰਾ ’ਚ ਪ੍ਰੋਫੈਸਰ ਸਤੀਸ਼ ਜੈਨ ਚੱਲ ਵਸੇ। ਪਿਛਲੇ ਕੁਝ ਦਿਨਾਂ ’ਚ ਮਹਾਰਾਸ਼ਟਰ ਤੋਂ ਹੀ ਪਹਿਲਾਂ ਪੰਨਾ ਲਾਲ ਸੁਰਾਣਾ ਅਤੇ ਫਿਰ ਬਾਬਾ ਅਢਾਵ ਦੇ ਦਿਹਾਂਤ ਦੀ ਖਬਰ ਮਿਲੀ। ਉਹ ਦੋਵੇਂ ਵੀ 90 ਪਾਰ ਕਰ ਚੁੱਕੇ ਸਨ। ਇਹ ਸਾਰੇ ਨਰਿੰਦਰ ਦੇਵ-ਜੈਪ੍ਰਕਾਸ਼-ਲੋਹੀਆ ਵਾਲੀ ਸਮਾਜਵਾਦੀ ਪਰੰਪਰਾ ਦੇ ਵਾਰਿਸ ਸਨ। ਸਮਾਜਵਾਦੀ ਸਿਆਸਤ ਨਾਲ ਇਨ੍ਹਾਂ ਦਾ ਸੰਸਕਾਰ ਨਿਰਮਾਣ ਹੋਇਆ। ਜ਼ਿੰਦਗੀ ਦੇ ਆਖਿਰ ਤੱਕ ਸਮਾਨਤਾਵਾਦੀ ਸਮਾਜ ਦੀ ਉਸਾਰੀ ’ਚ ਇਨ੍ਹਾਂ ਦੀ ਆਸਥਾ ਰਹੀ
ਪਰ ਇਨ੍ਹਾਂ ’ਚੋਂ ਕਿਸੇ ਨੇ ਵੀ ਸੱਤਾ ਦੀ ਸਿਆਸਤ ਦਾ ਰਾਹ ਨਹੀਂ ਫੜਿਆ। ਸਮਾਜਵਾਦੀ ਪਾਰਟੀਆਂ ਦੇ ਸੀਨੀਅਰ ਅਤੇ ਸਨਮਾਨਿਤ ਮੈਂਬਰ ਹੋਣ ਦੇ ਬਾਵਜੂਦ ਜੀ. ਜੀ. ਪਾਰੇਖ ਅਤੇ ਸਚਿਦਾਨੰਦ ਸਿਨਹਾ ਨੇ ਖੁਦ ਕਦੇ ਚੋਣ ਨਹੀਂ ਲੜੀ। ਦੂਜੇ ਨੇਤਾਵਾਂ ਨੂੰ ਚੋਣਾਂ ਲੜਵਾਈਆਂ ਜ਼ਰੂਰ। ਸਚਿਦਾਨੰਦ ਸਿਨਹਾ ਤਾਂ ਜਾਰਜ ਫਰਨਾਂਡੀਜ਼ ਨੂੰ ਚੋਣ ਲੜਾਉਣ ਲਈ ਬਿਹਾਰ ਦੇ ਮੁਜ਼ੱਫਰਪੁਰ ਲੈ ਕੇ ਗਏ ਅਤੇ ਉਨ੍ਹਾਂ ਨੂੰ ਜਿਤਵਾਇਆ ਵੀ ਪਰ ਖੁਦ ਇਸ ਤੋਂ ਦੂਰ ਰਹੇ। ਬਾਬਾ ਅਢਾਵ ਨੇ ਇਕ ਵਾਰ ਅਤੇ ਪੰਨਾ ਲਾਲ ਸੁਰਾਣਾ ਜੀ ਨੇ ਕਈ ਵਾਰ ਚੋਣਾਂ ਲੜੀਆਂ, ਪਰ ਚੋਣ ਜਿੱਤਣ ਲਈ ਨੈਤਿਕ ਸਮਝੌਤਾ ਨਹੀਂ ਕੀਤਾ। ਚੋਣਾਂ ਨੂੰ ਸਿਆਸਤ ਦਾ ਆਦਿ ਅਤੇ ਅੰਤ ਮੰਨਣ ਦੀ ਬਜਾਏ ਚੋਣਾਂ ਨੂੰ ਵਿਚਾਰ ਅਤੇ ਸੰਗਠਨ ਨਿਰਮਾਣ ਦਾ ਹਥਿਆਰ ਬਣਾਇਆ।
ਸਮਾਜਵਾਦੀ ਅੰਦੋਲਨ ਖਿੰਡਣ ਦੇ ਬਾਅਦ ਇਨ੍ਹਾਂ ਸਾਰੇ ਨੇਤਾਵਾਂ ਨੇ ਕਿਸੇ ਵੱਡੀ ਪਾਰਟੀ ਦਾ ਪੱਲਾ ਫੜਨ ਦੀ ਬਜਾਏ ਛੋਟੇ ਪਰ ਆਦਰਸ਼ਵਾਦੀ ਸਮਾਜਵਾਦੀ ਸਮੂਹਾਂ ਦੇ ਨਾਲ ਰਹਿਣਾ ਪ੍ਰਵਾਨ ਕੀਤਾ, ਇਹ ਜਾਣਦੇ ਹੋਏ ਵੀ ਕਿ ਇਹ ਰਾਹ ਸੱਤਾ ਅਤੇ ਸਫਲਤਾ ਵੱਲ ਨਹੀਂ ਲਿਜਾ ਸਕਦਾ। ਇਸ ਦਰਮਿਆਨ ਸਮਾਜਵਾਦੀ ਅੰਦੋਲਨ ਦੇ ਕਈ ਨੇਤਾ ਭਾਜਪਾ ਦੀ ਗੋਦ ’ਚ ਜਾ ਬੈਠੇ ਜਾਂ ਕਿਸੇ ਨਾ ਕਿਸੇ ਬਹਾਨੇ ਫਿਰਕੂਪੁਣੇ ਦੀ ਸਿਆਸਤ ਨਾਲ ਸਮਝੌਤਾ ਕਰ ਲਿਆ ਪਰ ਆਪਣੇ ਵਿਚਾਰ ’ਤੇ ਅਡੋਲ ਇਨ੍ਹਾਂ ਸਮਾਜਵਾਦੀਆਂ ਨੇ ਜ਼ਿੰਦਗੀ ਭਰ ਸੱਤਾ ਨਾਲ ਸੰਘਰਸ਼ ਦਾ ਰਾਹ ਚੁਣਿਆ ਅਤੇ ਅਖੀਰ ਤੱਕ ਝੂਠ ਅਤੇ ਨਫਰਤ ਦੀ ਸਿਆਸਤ ਦਾ ਵਿਰੋਧ ਕੀਤਾ।
ਸਮਾਜਵਾਦੀ ਅੰਦੋਲਨ ਦੇ ਇਨ੍ਹਾਂ ਸਿਪਾਹੀਆਂ ਨੇ ਸਮਾਨਤਾਵਾਦੀ ਸਮਾਜ ਬਣਾਉਣ ਦੇ ਆਪਣੇ ਵੱਖ-ਵੱਖ ਖੇਤਰ ਚੁਣੇ। ਬਾਬਾ ਅਢਾਵ ਨੇ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਨਿਆਂ ਦਿਵਾਉਣ ਲਈ ਇਤਿਹਾਸਕ ਸੰਘਰਸ਼ ਦੀ ਅਗਵਾਈ ਕੀਤੀ। ਕੁਲੀ, ਰਿਕਸ਼ਾ ਚਾਲਕ ਅਤੇ ਹਮਾਲ ਲੋਕਾਂ ਦੀ ਯੂਨੀਅਨ ਬਣਾ ਕੇ ਉਨ੍ਹਾਂ ਨੂੰ ਸਨਮਾਨਪੂਰਨ ਮਿਹਨਤਾਨਾ ਅਤੇ ਸਸਤਾ ਖਾਣਾ ਮੁਹੱਈਆ ਕਰਵਾਇਆ, ਉਨ੍ਹਾਂ ਲਈ ਮਹਾਰਾਸ਼ਟਰ ’ਚ ਕਾਨੂੰਨ ਬਣਵਾਇਆ। ਜੀ. ਜੀ. ਪਾਰੇਖ ਨੇ ਯੂਸੁਫ ਮੇਹਰਅਲੀ ਕੇਂਦਰ ਨੂੰ ਖੜ੍ਹਾ ਕੀਤਾ ਅਤੇ ਉਸ ਰਾਹੀਂ ਆਦਿਵਾਸੀ ਸਮਾਜ ਦੇ ਦਰਮਿਆਨ ਜਨ ਆਰੋਗਿਆ ਅਤੇ ਸਿੱਖਿਆ, ਸਹਿਕਾਰਤਾ ਦਾ ਇਕ ਮਾਡਲ ਪੇਸ਼ ਕੀਤਾ। ਮਹਾਰਾਸ਼ਟਰ ’ਚ ਲਾਤੂਰ ਭੂਚਾਲ ਦੇ ਬਾਅਦ ਯਤੀਮ ਹੋਏ ਬੱਚਿਆਂ ਲਈ ਪੰਨਾ ਲਾਲ ਸੁਰਾਣਾ ਨੇ ਆਪਣਾ ਘਰ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ, ਜੋ ਅੱਜ ਵੀ ਸਾਰਥਕ ਕੰਮ ਨੂੰ ਜਾਰੀ ਰੱਖ ਰਹੀ ਹੈ।
ਸਚਿਦਾਨੰਦ ਸਿਨਹਾ ਅਤੇ ਸਤੀਸ਼ ਜੈਨ ਨੇ ਵਿਚਾਰ ਨਿਰਮਾਣ ਦਾ ਖੇਤਰ ਚੁਣਿਆ। ਬਿਹਾਰ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਪਰਿਵਾਰ ’ਚ ਜਨਮੇ ਸਚਿਦਾਜੀ ਨੇ ਬੀ. ਐੱਸਸੀ. ਦੀ ਪੜ੍ਹਾਈ ਵੀ ਵਿਚਾਲੇ ਛੱਡ ਦਿੱਤੀ ਸੀ, ਪਰ ਸਮਾਜਵਾਦੀ ਅੰਦੋਲਨ ਦੇ ਵਰਕਰ ਵਜੋਂ ਸਵੈ-ਅਧਿਐਨ ਕੀਤਾ ਅਤੇ ਜ਼ਿੰਦਗੀ ਭਰ ਸਮਾਜਵਾਦੀ ਅੰਦੋਲਨ ਦੇ ਵਿਚਾਰਾਂ ਦਾ ਪ੍ਰਸਾਰ ਅਤੇ ਪ੍ਰਚਾਰ ਕੀਤਾ। ਉਨ੍ਹਾਂ ਨੇ ਹਿੰਦੀ ਅਤੇ ਅੰਗਰੇਜ਼ੀ ਦੋਹਾਂ ’ਚ ਇਕ-ਇਕ ਦਰਜਨ ਤੋਂ ਵੱਧ ਕਿਤਾਬਾਂ, ਸੈਂਕੜੇ ਲੇਖ ਲਿਖੇ। ਉਨ੍ਹਾਂ ਨੂੰ ਅੰਦਰੂਨੀ ਬਸਤੀਵਾਦ, ਜਾਤੀ ਵਿਵਸਥਾ ਦੇ ਬਦਲਦੇ ਸਰੂਪ, ਗੱਠਜੋੜ ਦੀ ਸਿਆਸਤ ਦੀ ਲਾਜ਼ਮੀਅਤਾ ਅਤੇ ਆਧੁਨਿਕ ਸੱਭਿਅਤਾ ਦੇ ਖੋਖਲੇਪਣ ਦੀਆਂ ਸਥਾਪਨਾਵਾਂ ਦੇ ਨਾਲ ਕਲਾ ਅਤੇ ਸੁਹਜ ਸ਼ਾਸਤਰ ’ਤੇ ਉਨ੍ਹਾਂ ਦੀ ਮੌਲਿਕ ਲੇਖਣੀ ਲਈ ਯਾਦ ਕੀਤਾ ਜਾਵੇਗਾ।
ਪ੍ਰੋਫੈਸਰ ਸਤੀਸ਼ ਜੈਨ ਨੇ ਅਮਰੀਕਾ ’ਚ ਅਰਥਸ਼ਾਸਤਰ ’ਚ ਸਿੱਖਿਆ ਹਾਸਲ ਕਰਨ ਦੇ ਬਾਅਦ ਅਤੇ ਮਾਰਕਸਵਾਦੀ ਰੁਝਾਨ ਵਾਲੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਪੜ੍ਹਾਉਂਦੇ ਹੋਏ ਵੀ ਗਾਂਧੀਵਾਦੀ-ਸਮਾਜਵਾਦ ਦੇ ਵਿਚਾਰ ਅਤੇ ਵਿਕਾਸ ਦੇ ਇਕ ਵੱਖਰੇ ਮਾਡਲ ਦੀ ਭਾਲ ਨੂੰ ਜ਼ਿੰਦਾ ਰੱਖਿਆ। ਪੰਨਾ ਲਾਲਾ ਸੁਰਾਣਾ ਤਾਂ ਆਪਣੇ ਆਪ ’ਚ ਸਮਾਜਵਾਦੀ ਵਰਕਰਾਂ ਦੀ ਵਿੱਦਿਆਪੀਠ ਸਨ-ਹਰ ਮੁੱਦੇ ’ਤੇ ਕਿਤਾਬ ਲਿਖਣੀ ਅਤੇ ਵਰਕਰਾਂ ਦਾ ਵਿਚਾਰ ਨਿਰਮਾਣ ਉਨ੍ਹਾਂ ਦਾ ਅਨੋਖਾ ਯੋਗਦਾਨ ਸੀ।
ਇਸ ਪੀੜ੍ਹੀ ਲਈ ਸਮਾਜਵਾਦ ਸਿਰਫ ਸਿਆਸਤ ਅਤੇ ਵਿਚਾਰ ਤੱਕ ਸੀਮਤ ਨਹੀਂ ਸੀ। ਸਮਾਜਵਾਦ ਇਕ ਜੀਵਨਸ਼ੈਲੀ ਸੀ। ਵੱਖ-ਵੱਖ ਖੇਤਰਾਂ ’ਚ ਕੰਮ ਕਰਦੇ ਹੋਏ ਇਨ੍ਹਾਂ ਨੇ ਬਰਾਬਰੀ ਅਤੇ ਸਾਦਗੀ ਨੂੰ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਵਜੋਂ ਉਭਾਰਿਆ। ਜੇ. ਐੱਨ. ਯੂ. ਦੇ ਪ੍ਰੋਫੈਸਰ ਹੋਣ ਦੇ ਬਾਵਜੂਦ ਸਤੀਸ਼ ਜੈਨ ਦੀ ਸਾਦਗੀ ਦੇਖਣ ਹੀ ਵਾਲੀ ਸੀ। ਦੇਸ਼ ਅਤੇ ਦੁਨੀਆ ਬਾਰੇ ਨਵੇਂ ਸਿਧਾਂਤਾਂ ਦੀ ਰਚਨਾ ਕਰਦੇ ਹੋਏ ਸਚਿਦਾਨੰਦ ਜੀ ਨੇ ਜੀਵਨ ਦੇ ਆਖਰੀ ਚਾਰ ਦਹਾਕੇ ਮੁਜ਼ੱਫਰਪੁਰ ਜ਼ਿਲੇ ਦੇ ਮਨਿਕਾ ਪਿੰਡ ਦੇ ਇਕ ਸਾਧਾਰਨ ਗ੍ਰਾਮ ਨਿਵਾਸੀ ਵਜੋਂ ਬਿਤਾਏ। ਪੰਨਾ ਲਾਲ ਅੰਤ ਤੱਕ ਜਨਤਕ ਟਰਾਂਸਪੋਰਟ ਰਾਹੀਂ ਯਾਤਰਾ ਕਰਦੇ ਰਹੇ, ਉਨ੍ਹਾਂ ਨੇ ਘੱਟੋ-ਘੱਟ ਜ਼ਿੰਦਗੀ ਜਿਊਣ ਦਾ ਇਕ ਆਦਰਸ਼ ਸਥਾਪਤ ਕੀਤਾ।
ਅਪਰਿਗ੍ਰਹਿ ਦੇ ਇਸੇ ਆਦਰਸ਼ ਨੂੰ ਜੀ. ਜੀ. ਪਾਰੇਖ ਅਤੇ ਬਾਬਾ ਅਢਾਬ ਦੇ ਜੀਵਨ ’ਚ ਵੀ ਟੀਚੇ ’ਤੇ ਰੱਖਿਆ ਜਾ ਸਕਦਾ ਸੀ। ਅਜਿਹੇ ਖੂਬਸੂਰਤ ਫੁੱਲਾਂ ਦਾ ਮਿੱਟੀ ’ਚ ਮਿਲ ਜਾਣਾ ਡਿਪਰੈਸ਼ਨ ਦਾ ਪਲ ਹੋ ਸਕਦਾ ਹੈ ਪਰ ਆਪਣੇ ਢੰਗ ਨਾਲ ਆਪਣੇ ਵਾਰਿਸ ਤਿਆਰ ਕੀਤੇ, ਨਵੀਂ ਪੀੜ੍ਹੀ ਦੇ ਵਰਕਰਾਂ ਨੂੰ ਸਮਾਜਵਾਦੀ ਵਿਚਾਰ ਅਤੇ ਨੈਤਿਕ ਸੰਸਕਾਰ ਦਿੱਤੇ। ਇਨ੍ਹਾਂ ਫੁੱਲਾਂ ਦੇ ਡਿੱਗੇ ਬੀਜ ਆਉਣ ਵਾਲੇ ਲੰਬੇ ਸਮੇਂ ਤੱਕ ਭਾਰਤੀ ਜਨਤਕ ਜ਼ਿੰਦਗੀ ਨੂੰ ਖੁਸ਼ਹਾਲ ਕਰਦੇ ਰਹਿਣਗੇ।
–ਯੋਗੇਂਦਰ ਯਾਦਵ
ਵੰਦੇ ਮਾਤਰਮ : ਦੇਸ਼ ਦੇ ਸਾਹਮਣੇ ਹੋਰ ਵੀ ਮੁੱਦੇ ਹਨ
NEXT STORY