ਭੀੜ ਦੋ ਤਰ੍ਹਾਂ ਦੀ ਹੁੰਦੀ ਹੈ, ਇਕ ਜ਼ਮੀਨੀ ਪੱਧਰ 'ਤੇ ਅਤੇ ਦੂਜੀ ਅਹਿਸਾਸੀ ਦੁਨੀਆ ਵਿਚ। ਦੋਹਾਂ ਦੀਆਂ ਵਿਸ਼ੇਸ਼ਤਾਵਾਂ ਇਕੋ ਜਿਹੀਆਂ ਹੁੰਦੀਆਂ ਹਨ। ਭੀੜ ਦੇ ਮੈਂਬਰ ਗੁੰਮਨਾਮੀ ਦੇ ਪਰਦੇ 'ਚ ਖ਼ੁਦ ਨੂੰ ਲੁਕਾ ਲੈਂਦੇ ਹਨ। ਉਹ ਅਜਿਹਾ ਦਿਖਾਉਂਦੇ ਹਨ ਜਿਵੇਂ ਉਨ੍ਹਾਂ 'ਤੇ ਕੋਈ ਅੱਤਿਆਚਾਰ ਹੋਇਆ ਹੋਵੇ ਜਾਂ ਉਨ੍ਹਾਂ ਨੂੰ ਠੇਸ ਲੱਗੀ ਹੋਵੇ। ਉਨ੍ਹਾਂ ਵਿਚ ਵਿਅਕਤੀਗਤ ਤੌਰ 'ਤੇ ਆਪਣੀਆਂ ਕਾਰਵਾਈਆਂ ਅਤੇ ਕਹੇ ਗਏ ਸ਼ਬਦਾਂ ਨੂੰ ਅਪਣਾਉਣ ਦੀ ਹਿੰਮਤ ਨਹੀਂ ਹੁੰਦੀ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਇਕ ਸਜ਼ਾਮੁਕਤ ਗਣਰਾਜ ਦੇ ਨਾਗਰਿਕ ਹਨ।
ਬੀਤੇ 4 ਸਾਲਾਂ ਦੌਰਾਨ ਦੋਹਾਂ ਤਰ੍ਹਾਂ ਦੀ ਭੀੜ ਵਿਚ ਗਿਣਤੀ ਅਤੇ ਆਕਾਰ ਦੇ ਲਿਹਾਜ਼ ਨਾਲ ਵਾਧਾ ਹੋਇਆ ਹੈ। ਅਸਲ ਦੁਨੀਆ ਵਿਚ ਭੀੜਾਂ ਨੇ ਜੀਨਸ ਪਹਿਨੀ ਲੜਕੀਆਂ ਅਤੇ ਪਾਰਕ ਵਿਚ ਬੈਠੇ ਜੋੜਿਆਂ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਘਰ ਵਿਚ ਮਾਸ ਰੱਖਣ ਲਈ ਅਖਲਾਕ (ਦਾਦਰੀ, ਉੱਤਰ ਪ੍ਰਦੇਸ਼) ਅਤੇ ਆਪਣੇ ਡੇਅਰੀ ਫਾਰਮ ਵਿਚ ਪਸ਼ੂ ਲਿਜਾਂਦੇ ਪਹਿਲੂ ਖਾਨ (ਅਲਵਰ, ਰਾਜਸਥਾਨ) ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਊਨਾ, ਗੁਜਰਾਤ ਵਿਚ ਦਲਿਤ ਲੜਕਿਆਂ ਨੂੰ ਨੰਗਿਆਂ ਕਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਆਸਾਮ, ਝਾਰਖੰਡ, ਮਹਾਰਾਸ਼ਟਰ, ਪੱਛਮੀ ਬੰਗਾਲ ਆਦਿ ਤੋਂ ਵੀ ਹਨ, ਜਿੱਥੇ ਵੀ ਭੀੜ ਦੇ ਸ਼ਿਕਾਰ ਆਮ ਤੌਰ 'ਤੇ ਮੁਸਲਮਾਨ ਜਾਂ ਦਲਿਤ ਜਾਂ ਖਾਨਾਬਦੋਸ਼ ਸਨ।
ਹਾਲ ਹੀ ਦੇ ਮਹੀਨਿਆਂ ਵਿਚ ਅਫਵਾਹਾਂ ਤੋਂ ਉਤੇਜਿਤ ਹੋ ਕੇ ਭੀੜਾਂ ਨੇ ਅਜਿਹੇ ਲੋਕਾਂ ਦੀ ਹੱਤਿਆ ਕਰ ਦਿੱਤੀ, ਜਿਨ੍ਹਾਂ 'ਤੇ ਬੱਚੇ ਚੁੱਕਣ ਵਾਲਿਆਂ ਦੇ ਤੌਰ 'ਤੇ ਸ਼ੱਕ ਸੀ। ਉਨ੍ਹਾਂ 'ਚੋਂ ਸੁਕਾਂਤ ਚੱਕਰਵਰਤੀ ਇਕ ਨੌਜਵਾਨ ਵਿਅਕਤੀ ਸੀ, ਜਿਸ ਨੂੰ ਸਰਕਾਰ ਨੇ ਤ੍ਰਿਪੁਰਾ ਵਿਚ ਅਫਵਾਹਾਂ 'ਤੇ ਰੋਕ ਲਗਾਉਣ ਲਈ ਨਿਯੁਕਤ ਕੀਤਾ ਸੀ।
ਅਹਿਸਾਸੀ ਜਗਤ ਵਿਚ ਭੀੜਾਂ ਬਹੁਤ ਅਲੱਗ ਨਹੀਂ ਹੁੰਦੀਆਂ। ਉਨ੍ਹਾਂ ਦਾ ਇਕ ਨਾਂ ਹੁੰਦਾ ਹੈ—ਟ੍ਰੋਲਸ। ਉਹ ਅਸਹਿਣਸ਼ੀਲਤਾ, ਖਰੂਦੀ, ਅਸ਼ਲੀਲ ਅਤੇ ਹਿੰਸਕ ਹੁੰਦੀਆਂ ਹਨ। ਉਨ੍ਹਾਂ ਦੇ ਹਥਿਆਰ ਨਫਰਤ ਭਰੇ ਭਾਸ਼ਣ ਅਤੇ ਫਰਜ਼ੀ ਖ਼ਬਰਾਂ ਹੁੰਦੀਆਂ ਹਨ। ਉਹ ਸਾਰੇ ਸ਼ਾਇਦ ਹੱਤਿਆ ਨਹੀਂ ਕਰਦੇ ਪਰ ਮੈਨੂੰ ਸ਼ੱਕ ਹੈ ਕਿ ਉਨ੍ਹਾਂ 'ਚੋਂ ਬਹੁਤ ਸਾਰੇ ਅਸਲੀ ਦੁਨੀਆ ਵਿਚ ਹਿੰਸਕ ਭੀੜ ਦਾ ਹਿੱਸਾ ਹੁੰਦੇ ਹਨ, ਜਿਸ ਕਾਰਨ ਅਜਿਹਾ ਕਰਨ ਵਿਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੁੰਦੀ।
ਇਕੱਲੀ ਮਿਸ ਸਵਰਾਜ
ਅਜਿਹੀ ਹੀ ਇਕ ਭੀੜ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 'ਤੇ ਹਮਲਾ ਕੀਤਾ। ਉਹ ਜਨਤਕ ਜੀਵਨ ਵਿਚ ਆਉਣ ਨਾਲ ਹੀ ਭਾਜਪਾ (ਅਤੇ ਇਸ ਤੋਂ ਪਹਿਲਾਂ ਦੀ ਜਨਸੰਘ) ਦੀ ਮੈਂਬਰ ਹੈ। ਉਹ ਪੜ੍ਹੀ-ਲਿਖੀ, ਆਧੁਨਿਕ ਅਤੇ ਸਪੱਸ਼ਟਵਾਦੀ ਹੈ। ਉਹ ਆਪਣੀ ਭਾਜਪਾ ਦੀ ਇਕ ਆਦਰਸ਼ ਹਿੰਦੂ ਭਾਰਤੀ ਮਹਿਲਾ ਦੀ ਦਿਖ ਦੀ ਪਛਾਣ ਬਣਨ ਲਈ ਵਿਸ਼ੇਸ਼ ਧਿਆਨ ਰੱਖਦੀ ਹੈ। ਉਸ ਨੇ ਕਈ ਚੋਣਾਂ ਜਿੱਤੀਆਂ ਹਨ। 2009-2014 ਦੇ ਦੌਰਾਨ ਉਹ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੀ, ਜੋ ਇਕ ਅਜਿਹਾ ਅਹੁਦਾ ਹੈ, ਜਿਸ ਨਾਲ ਇਕ ਸੰਸਦੀ ਲੋਕਤੰਤਰ ਵਿਚ ਉਨ੍ਹਾਂ ਦੀ ਪਾਰਟੀ ਵਲੋਂ ਚੋਣ ਜਿੱਤਣ ਦੀ ਸੂਰਤ ਵਿਚ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਇਕ ਸੁਭਾਵਿਕ ਚੋਣ ਹੁੰਦੀ।
ਭਾਜਪਾ ਨੇ 2014 ਵਿਚ ਚੋਣ ਜਿੱਤੀ ਪਰ ਜ਼ਬਰਦਸਤ ਊਰਜਾ ਅਤੇ ਸਿਆਸੀ ਕੌਸ਼ਲ ਵਾਲੇ ਇਕ ਬਾਹਰੀ ਵਿਅਕਤੀ ਨੇ ਪਹਿਲਾਂ ਹੀ ਪਾਰਟੀ ਦਾ ਨੇਤਾ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਬਣਨ ਲਈ ਆਪਣਾ ਰਸਤਾ ਤਿਆਰ ਕਰ ਲਿਆ। ਸਵਰਾਜ ਨੇ ਐੱਲ. ਕੇ. ਅਡਵਾਨੀ ਨਾਲ ਨਰਿੰਦਰ ਮੋਦੀ ਦੀ ਤਰੱਕੀ ਨੂੰ ਰੋਕਣ ਦਾ ਯਤਨ ਕੀਤਾ ਪਰ ਹਾਰ ਗਈ। ਚੋਣਾਂ ਤੋਂ ਬਾਅਦ ਸੁਸ਼ਮਾ ਨੇ ਨਵੀਂ ਸਰਕਾਰ ਵਿਚ ਇਕ ਸਨਮਾਨਿਤ ਸਥਾਨ ਹਾਸਿਲ ਕਰਨ ਲਈ ਇਕੱਲਿਆਂ ਲੜਾਈ ਲੜੀ ਅਤੇ ਅਖੀਰ ਉਨ੍ਹਾਂ ਨੂੰ ਵਿਦੇਸ਼ ਮੰਤਰੀ ਦੇ ਤੌਰ 'ਤੇ ਜਗ੍ਹਾ ਦੇ ਦਿੱਤੀ ਗਈ ਪਰ ਵਿਦੇਸ਼ ਨੀਤੀ ਵਿਚ ਉਨ੍ਹਾਂ ਦੀ ਜ਼ਿਆਦਾ ਨਹੀਂ ਚੱਲੀ, ਜਿਸ ਦਾ ਪੂਰਾ ਕੰਟਰੋਲ ਪ੍ਰਧਾਨ ਮੰਤਰੀ ਦਫਤਰ ਨੇ ਸੰਭਾਲ ਲਿਆ।
ਸਵਰਾਜ ਨੇ ਆਪਣੀ ਨਵੀਂ ਭੂਮਿਕਾ ਲੱਭੀ
ਚਲਾਕ-ਚੁਸਤ ਸੁਸ਼ਮਾ ਸਵਰਾਜ ਨੇ ਆਪਣੇ ਲਈ ਇਕ ਨਵੀਂ ਭੂਮਿਕਾ ਪੈਦਾ ਕਰ ਲਈ—ਅਜਿਹੇ ਗਰੀਬ ਲੋਕਾਂ ਦੀ ਹਿਤੈਸ਼ੀ ਬਣ ਕੇ, ਜੋ ਵਿਦੇਸ਼ ਵਿਚ ਫਸੇ ਹੋਣ ਜਾਂ ਉਨ੍ਹਾਂ ਨੂੰ ਅਗ਼ਵਾ/ਕੈਦ ਵਿਚ ਰੱਖਿਆ ਗਿਆ ਹੋਵੇ ਜਾਂ ਪਾਸਪੋਰਟ/ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੋਵੇ ਜਾਂ ਫਿਰ ਉਸ ਨੂੰ ਕਿਸੇ ਭਾਰਤੀ ਯੂਨੀਵਰਸਿਟੀ/ਹਸਪਤਾਲ ਵਿਚ ਦਾਖਲੇ ਦੀ ਲੋੜ ਹੋਵੇ ਆਦਿ। ਪ੍ਰਤੱਖ ਤੌਰ 'ਤੇ ਅਜਿਹੇ ਚੰਗੇ ਕੰਮ ਕਰਨ ਵਾਲੇ ਕਿਸੇ ਵਿਅਕਤੀ ਦੀ ਲੋੜ ਸੀ ਅਤੇ ਅਜਿਹਾ ਦਿਖਾਈ ਦਿੰਦਾ ਹੈ ਕਿ ਲੋਕ ਉਨ੍ਹਾਂ ਦੇ ਇਸ ਵਿਵਹਾਰ ਨਾਲ ਪ੍ਰੇਮ ਕਰਦੇ ਹਨ। ਇਸ ਨੇ ਵਿਰੋਧੀ ਦਲਾਂ ਦੇ ਨਾਲ ਝਗੜੇ ਤੋਂ ਬਚਣ ਲਈ ਵੀ ਉਨ੍ਹਾਂ ਦੀ ਮਦਦ ਕੀਤੀ।
ਅਚਾਨਕ ਨਿਯਮਿਤ ਤੌਰ 'ਤੇ ਕੀਤੇ ਜਾਣ ਵਾਲੇ ਉਨ੍ਹਾਂ ਦੇ ਦਿਆਲਤਾ ਭਰੇ ਇਕ ਕੰਮ ਨੇ ਉਨ੍ਹਾਂ ਨੂੰ ਸੰਕਟ ਵਿਚ ਪਾ ਦਿੱਤਾ। ਅਲੱਗ-ਅਲੱਗ ਧਰਮਾਂ ਵਾਲੇ ਇਕ ਜੋੜੇ ਨੂੰ ਆਪਣੇ ਪਾਸਪੋਰਟ ਮਿਲਣ ਵਿਚ ਮੁਸ਼ਕਿਲ ਹੋ ਰਹੀ ਸੀ ਤੇ ਉਨ੍ਹਾਂ ਨੇ ਆਪਣੀ ਪ੍ਰੇਸ਼ਾਨੀ ਨੂੰ ਲੈ ਕੇ ਟਵੀਟ ਕੀਤਾ। ਸੁਸ਼ਮਾ ਸਵਰਾਜ ਜਾਂ ਉਨ੍ਹਾਂ ਦੇ ਕਿਸੇ ਸਟਾਫ ਮੈਂਬਰ ਨੇ ਇਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਪਾਸਪੋਰਟ ਅਧਿਕਾਰੀ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਪਾਸਪੋਰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਕਥਿਤ ਤੌਰ 'ਤੇ ਜਿਸ ਅਧਿਕਾਰੀ ਨੇ ਪਾਸਪੋਰਟ ਜਾਰੀ ਕਰਨ ਤੋਂ ਇਨਕਾਰ ਕੀਤਾ ਸੀ, ਉਸ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਉਸ ਦੇ ਵਿਰੁੱਧ ਜਾਂਚ ਅਜੇ ਵੀ ਪੈਂਡਿੰਗ ਹੈ। ਸ਼ਾਇਦ ਇਹ ਇਕ ਅਤਿ-ਪ੍ਰਕਿਰਿਆ ਸੀ ਪਰ ਨਿਸ਼ਚਿਤ ਤੌਰ 'ਤੇ ਇਸ ਦੇ ਪਿੱਛੇ ਕੋਈ ਦੁਰਭਾਵਨਾ ਨਹੀਂ ਸੀ।
ਇਸ ਤੋਂ ਬਾਅਦ ਤਾਂ ਜਿਵੇਂ ਟਵਿਟਰ ਜਗਤ ਵਿਚ ਭੂਚਾਲ ਆ ਗਿਆ। ਸੁਸ਼ਮਾ ਸਵਰਾਜ ਨੂੰ ਇੰਨਾ ਟ੍ਰੋਲ ਕੀਤਾ ਗਿਆ, ਜਿੰਨਾ ਪਹਿਲਾਂ ਕਿਸੇ ਭਾਜਪਾ ਨੇਤਾ ਨੂੰ ਨਹੀਂ ਕੀਤਾ ਗਿਆ ਸੀ। ਇਹ ਸੁਭਾਵਿਕ ਬਣ ਗਿਆ ਹੈ ਕਿ ਟ੍ਰੋਲਸ ਉਸੇ 'ਸੈਨਾ' ਨਾਲ ਸਬੰਧਤ ਸਨ, ਜੋ ਨਿਯਮਿਤ ਤੌਰ 'ਤੇ ਵਿਰੋਧੀ ਨੇਤਾਵਾਂ ਵਿਰੁੱਧ ਆਪਣਾ ਗੁੱਸਾ ਕੱਢਦੀ ਹੈ। ਜਿਸ ਕਿਸੇ ਨੇ ਵੀ ਸਵਾਤੀ ਚਤੁਰਵੇਦੀ ਦੀ 'ਆਈ ਐਮ ਏ ਟ੍ਰੋਲ' ਪੜ੍ਹੀ ਹੈ, ਜਾਣਦਾ ਹੈ ਕਿ ਉਹ ਕੌਣ ਹੈ ਅਤੇ ਕਿਵੇਂ ਉਨ੍ਹਾਂ ਦੀ ਧਨ ਨਾਲ ਮਦਦ ਕੀਤੀ ਜਾਂਦੀ ਹੈ। ਸੁਸ਼ਮਾ ਦੀ ਗਲਤੀ ਇਹ ਸੀ ਕਿ ਉਨ੍ਹਾਂ ਨੇ ਉਦੋਂ ਤਕ ਟ੍ਰੋਲ ਆਰਮੀ 'ਤੇ ਧਿਆਨ ਨਹੀਂ ਦਿੱਤਾ, ਜਦੋਂ ਤਕ ਉਹ ਖ਼ੁਦ ਉਸ ਦਾ ਨਿਸ਼ਾਨਾ ਨਹੀਂ ਬਣ ਗਈ।
ਝਟਕਾ ਅਤੇ ਚੁੱਪੀ
ਸੁਸ਼ਮਾ ਸਵਰਾਜ ਨੇ ਸ਼ਿਕਾਰ ਦੀ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕੁਝ ਟਵੀਟਸ ਨੂੰ 'ਲਾਈਕ' ਕੀਤਾ, ਉਨ੍ਹਾਂ ਨੂੰ ਰੀ-ਟਵੀਟ ਕੀਤਾ ਅਤੇ ਵੋਟਾਂ ਮੰਗੀਆਂ ਕਿ ਕਿੰਨੇ ਲੋਕ ਟ੍ਰੋਲਸ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ, ਜਦੋਂ ਮੇਰੇ ਖਿਆਲ ਵਿਚ 57 ਫੀਸਦੀ ਨੇ ਉਨ੍ਹਾਂ ਨਾਲ ਹਮਦਰਦੀ ਜਤਾਈ, ਜਦਕਿ 43 ਫੀਸਦੀ ਨੇ ਟ੍ਰੋਲਸ ਦਾ ਸਮਰਥਨ ਕੀਤਾ। ਇਸ ਕਹਾਣੀ ਦਾ ਮੁੱਖ ਬਿੰਦੂ ਇਹ ਹੈ ਕਿ ਇਸ ਪੂਰੇ ਵਿਵਾਦ ਦੇ ਦੌਰਾਨ ਇਕ ਵੀ ਸਹਿਯੋਗੀ ਮੰਤਰੀ ਜਾਂ ਪਾਰਟੀ ਅਹੁਦੇਦਾਰ ਨੇ ਟ੍ਰੋਲਸ ਦੀ ਆਲੋਚਨਾ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ। ਕਈ ਦਿਨਾਂ ਬਾਅਦ ਗ੍ਰਹਿ ਮੰਤਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਟ੍ਰੋਲਸ 'ਗਲਤ' ਸਨ ਅਤੇ ਉਨ੍ਹਾਂ ਨੂੰ ਗੰਭੀਰਤਾਪੂਰਵਕ ਨਹੀਂ ਲੈਣਾ ਚਾਹੀਦਾ। ਸੁਭਾਵਿਕ ਹੈ ਕਿ ਟ੍ਰੋਲਸ ਨਵੇਂ 'ਪ੍ਰਚਾਰਕ' ਹਨ। ਉਨ੍ਹਾਂ ਨੂੰ ਇਕ-ਦੋ ਨੇਤਾਵਾਂ ਦੇ ਹਿੱਤਾਂ ਦੀ ਪੂਰਤੀ ਲਈ ਜਾਰੀ ਕੀਤਾ ਜਾਂਦਾ ਹੈ, ਜਿਨ੍ਹਾਂ 'ਚੋਂ ਕਈਆਂ ਨੂੰ ਸੀਨੀਅਰ ਭਾਜਪਾ ਨੇਤਾ 'ਫਾਲੋ' ਕਰਦੇ ਹਨ ਅਤੇ ਕੋਈ ਵੀ ਉਨ੍ਹਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰੇਗਾ।
ਸ਼੍ਰੀਮਾਨ ਗ੍ਰਹਿ ਮੰਤਰੀ, ਕੀ ਅਸਲ ਵਿਚ ਸਾਨੂੰ ਟ੍ਰੋਲਸ ਨੂੰ ਗੰਭੀਰਤਾਪੂਰਵਕ ਨਹੀਂ ਲੈਣਾ ਚਾਹੀਦਾ? ਉਸੇ ਪੈਮਾਨੇ ਨਾਲ ਮੈਂ ਸਮਝਦਾ ਹਾਂ ਕਿ ਸਾਨੂੰ ਨੈਤਿਕ ਪੁਲਸ, ਲਵ-ਜੇਹਾਦੀਆਂ, ਗਊ ਰੱਖਿਅਕਾਂ ਅਤੇ ਮਾਰ ਦੇਣ ਵਾਲੀਆਂ ਭੀੜਾਂ ਨੂੰ ਵੀ ਗੰਭੀਰਤਾਪੂਰਵਕ ਨਹੀਂ ਲੈਣਾ ਚਾਹੀਦਾ।
ਟ੍ਰੋਲਸ ਜਾਂ ਸੋਸ਼ਲ ਮੀਡੀਆ 'ਤੇ ਗਾਲੀ-ਗਲੋਚ ਸਾਡੇ ਸਮਾਜ, ਕਾਨੂੰਨ ਵਿਵਸਥਾ, ਨਿਆਂ ਦੇਣ ਵਾਲੀ ਪ੍ਰਣਾਲੀ ਵਿਚ ਇਕ ਨਵੀਂ ਗਿਰਾਵਟ ਦਾ ਸੰਕੇਤ ਹਨ। ਸ਼ਾਬਦਿਕ ਹਿੰਸਾ, ਵਿਸ਼ੇਸ਼ ਤੌਰ 'ਤੇ ਮੌਤ ਜਾਂ ਦੁਸ਼ਕਰਮ ਦੀਆਂ ਧਮਕੀਆਂ ਨਾਲ ਨਜਿੱਠਣ ਲਈ ਸ਼ਬਦਾਂ ਦੀ ਨਹੀਂ, ਕਾਰਵਾਈ ਦੀ ਲੋੜ ਹੈ। ਬਦਕਿਸਮਤੀ ਨਾਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਦਿਖਾਈ ਨਹੀਂ ਦਿੰਦੀ, ਇਥੋਂ ਤਕ ਕਿ ਸ਼ਬਦ ਵੀ ਨਹੀਂ, ਜਿਨ੍ਹਾਂ ਨੂੰ ਤੁਰੰਤ ਅਤੇ ਈਮਾਨਦਾਰੀ ਨਾਲ ਉਨ੍ਹਾਂ ਲੋਕਾਂ ਵਲੋਂ ਕਿਹਾ ਗਿਆ ਹੋਵੇ, ਜੋ ਉੱਚ ਸੰਵਿਧਾਨਿਕ ਅਹੁਦਿਆਂ 'ਤੇ ਬੈਠੇ ਹਨ।
ਅੱਜ ਬਰਸੀ 'ਤੇ ਸਵ. ਸਵਦੇਸ਼ ਚੋਪੜਾ ਜੀ ਕੀ ਯਾਦ ਮੇਂ
NEXT STORY