ਬਲਬੀਰ ਪੁੰਜ
ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ’ਚ ਪਿਛਲੇ ਦਿਨੀਂ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਇਸ ਟਾਪੂ ਦੀਆਂ ਘਟਨਾਵਾਂ ਅਹਿਮ ਹਨ। ਸਿੱਟੇ ਵਜੋਂ ਮਜ਼ਹਬੀ ਅੱਤਵਾਦ ਦੇ ਖਾਤਮੇ ਲਈ ਦਿਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਫਿਰ ਉਸਦੇ ਵਿਰੁੱਧ ਪਹਿਲਾ ਸਵੀਕਾਰਯੋਗ ਕਦਮ ਕੀ ਹੋਣਾ ਚਾਹੀਦਾ ਹੈ, ਉਸ ਨੂੰ ਲੈ ਕੇ ਬਾਕੀ ਦੁਨੀਆ ’ਚ ਚਰਚਾ ਨੂੰ ਇਕ ਦਿਸ਼ਾ ਮਿਲੀ ਹੈ ਪਰ ਭਾਰਤ ’ਚ ਖੱਬੇਪੱਖੀਆਂ, ਆਪੇ ਬਣੇ ਸੈਕੁਲਰਿਸਟਾਂ ਅਤੇ ਉਦਾਰਵਾਦੀਆਂ ਨੇ ਆਪਣੇ ਜਾਣੇ-ਅਣਜਾਣੇ ਅੰਦਾਜ਼ ’ਚ ਅਤੇ ਆਪਣੇ ਸੁਭਾਵਿਕ ਏਜੰਡੇ ਦੇ ਅਨੁਕੂਲ, ਉਸ ਈਮਾਨਦਾਰ ਚਰਚਾ ਨੂੰ ਵਿਗਾੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਕੋਲੰਬੋ ’ਚ ਹੋਏ ਭਿਆਨਕ ਆਤਮਘਾਤੀ ਹਮਲੇ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਨੇ ਆਪਣੇ ਦੇਸ਼ ’ਚ ਉੱਠ ਰਹੀ ਮੰਗ ਮੁਤਾਬਿਕ ਔਰਤਾਂ ਵਲੋਂ ਚਿਹਰਾ ਢਕਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਦਫਤਰ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਕੌਮੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਪਾਬੰਦੀ ਲਗਾਈ ਗਈ ਹੈ। ਕਿਸੇ ਨੂੰ ਵੀ ਚਿਹਰਾ ਇਸ ਤਰ੍ਹਾਂ ਨਾਲ ਨਹੀਂ ਢਕਣਾ ਚਾਹੀਦਾ ਕਿ ਉਸਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਏ।’’ ਖਾਸ ਗੱਲ ਇਹ ਹੈ ਕਿ ਇਸ ਹੁਕਮ ’ਚ ਕਿਤੇ ਵੀ ‘ਬੁਰਕਾ’ ਜਾਂ ‘ਨਕਾਬ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਨਾਲ ਹੀ 29 ਅਪ੍ਰੈਲ ਤੋਂ ਲਾਗੂ ਇਸ ਪਾਬੰਦੀ ਨੂੰ ਆਮ ਲੋਕਾਂ ਦੇ ਨਾਲ ਕਈ ਮੁਸਲਿਮ ਮੁੱਲਿਆਂ ਦਾ ਵੀ ਸਹਿਯੋਗ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ’ਚ ਮਦਰੱਸਿਆਂ ਨੂੰ ਹੁਣ ਧਾਰਮਿਕ ਅਤੇ ਸੱਭਿਆਚਾਰਕ ਮੰਤਰਾਲਾ ਕੰਟਰੋਲ ਕਰੇਗਾ, ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਹਮਲੇ ਤੋਂ ਬਾਅਦ ਕੁਝ ਘਰਾਂ, ਮਸਜਿਦਾਂ ਅਤੇ ਮਦਰੱਸਿਆਂ ਵਿਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ’ਚ ਤਲਵਾਰਾਂ ਅਤੇ ਹੋਰ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਸੀ। ਨਾਲ ਹੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਮਦਰੱਸਿਆਂ ’ਚ ਪੜ੍ਹਾਉਣ ਵਾਲੇ ਲੱਗਭਗ 800 ਵਿਦੇਸ਼ੀ ਧਰਮ ਗੁਰੂ ਟੂਰਿਸਟ ਵੀਜ਼ੇ ’ਤੇ ਸ਼੍ਰੀਲੰਕਾ ਆਏ ਸਨ। ਸ਼੍ਰੀਲੰਕਾ ਦੀ ਕੁਲ ਆਬਾਦੀ 2.17 ਕਰੋੜ ’ਚੋਂ ਲੱਗਭਗ 10 ਫੀਸਦੀ ਮੁਸਲਮਾਨ ਹਨ। 21 ਅਪ੍ਰੈਲ ਨੂੰ ਈਸਟਰ ਵਾਲੇ ਦਿਨ ਹੋਏ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ, ਜਦਕਿ ਸ਼੍ਰੀਲੰਕਾ ਸਰਕਾਰ ਸਥਾਨਕ ਅੱਤਵਾਦੀ ਸੰਗਠਨ ‘ਨੈਸ਼ਨਲ ਤੌਹੀਦ ਜਮਾਤ’ (ਐੱਨ. ਟੀ. ਜੇ.) ਨੂੰ ਜ਼ਿੰਮੇਵਾਰ ਮੰਨ ਰਹੀ ਹੈ। ਇਹ ਕੱਟੜ ਇਸਲਾਮੀ ਸੰਗਠਨ ਸ਼੍ਰੀਲੰਕਾ ’ਚ ਕਈ ਥਾਵਾਂ (ਖਾਸ ਕਰ ਕੇ ਮੁਸਲਿਮ ਬਹੁਗਿਣਤੀ ਖੇਤਰ ’ਚ) ’ਤੇ ਸ਼ਰੀਅਤ ਨੂੰ ਲਾਗੂ ਕਰਨ ਅਤੇ ਭਗਵਾਨ ਬੁੱਧ ਦੀਆਂ ਮੂਰਤੀਆਂ ਨੂੰ ਤੋੜਨ ’ਚ ਸ਼ਾਮਿਲ ਰਿਹਾ ਹੈ। ਤ੍ਰਾਸਦੀ ਹੈ ਕਿ ਭਾਰਤ ਨੇ ਖੱਬੇਪੱਖੀਆਂ ਤੋਂ ਇਲਾਵਾ ਇਕ ਵਰਗ, ਜੋ ਅਕਸਰ ਖ਼ੁਦ ਨੂੰ ਸੈਕੁਲਰਿਸਟ ਅਤੇ ਉਦਾਰਵਾਦੀ ਅਖਵਾਉਣਾ ਪਸੰਦ ਕਰਦਾ ਹੈ, ਸ਼੍ਰੀਲੰਕਾ ਸਰਕਾਰ ਦੇ ਉਕਤ ਫੈਸਲਿਆਂ ਅਤੇ ਭਾਰਤ ’ਚ ਵੀ ਉਸੇ ਤਰ੍ਹਾਂ ਦੀ ਮੰਗ ਉਠਾਉਣ ਵਾਲਿਆਂ ਦੀ ਨਾ ਸਿਰਫ ਨਿੰਦਾ ਕਰ ਰਿਹਾ, ਸਗੋਂ ਸਮਾਜ ਦੇ ਹੋਰਨਾਂ ਵਰਗਾਂ ਦੀ ਘੁੰਡ ਪ੍ਰਥਾ ਨੂੰ ਬਹਿਸ ਦਾ ਹਿੱਸਾ ਬਣਾ ਕੇ ਅਤੇ ਚਰਚਾ ਨੂੰ ਵਿਗਾੜ ਕੇ ਉਸ ਨੂੰ ਦਿਸ਼ਾਹੀਣ ਬਣਾਉਣ ਦੀ ਕੋਸ਼ਿਸ਼ ’ਚ ਜੁਟ ਗਿਆ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਕੇਰਲ ’ਚ ਇਕ ਮੁਸਲਿਮ ਸੰਗਠਨ ‘ਮੁਸਲਿਮ ਐਜੂਕੇਸ਼ਨਲ ਸੋਸਾਇਟੀ’ (ਐੱਮ. ਈ. ਐੱਸ.) ਨੇ ਖ਼ੁਦ ਆਪਣੇ 150 ਵਿੱਦਿਅਕ ਅਦਾਰਿਆਂ ’ਚ ਬੁਰਕੇ ਆਦਿ ’ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਦਾ ਸੂਬੇ ਦੇ ਉੱਚ ਸਿੱਖਿਆ ਮੰਤਰੀ ਕੇ. ਟੀ. ਜਲੀਲ ਨੇ ਵੀ ਸਮਰਥਨ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਘਟਨਾ ਤੋਂ ਬਾਅਦ ਹੁਣ ਐੱਮ. ਈ. ਐੱਸ. ਦੇ ਅਧਿਕਾਰੀਆਂ ਨੂੰ ਇਸਲਾਮਿਕ ਕੱਟੜਪੰਥੀਆਂ ਤੋਂ ਧਮਕੀਆਂ ਮਿਲਣ ਲੱਗੀਆਂ ਹਨ।
ਚੀਨ ਦੀ ਸਥਿਤੀ
ਇਸੇ ਪਿਛੋਕੜ ’ਚ ਭਾਰਤ ਦੇ ਇਕ ਹੋਰ ਗੁਆਂਢੀ ਦੇਸ਼ ਚੀਨ ਦੀ ਸਥਿਤੀ ਕੀ ਹੈ? ਪਿਛਲੇ ਦਿਨੀਂ ਚੀਨ ਨੇ ਆਪਣੇ ਸ਼ਿਨਜਿਆਂਗ ਸੂਬੇ ਦੀਆਂ 40 ਮੁਸਲਿਮ ਔਰਤਾਂ ਨੂੰ ਰਿਹਾਅ ਕਰ ਦਿੱਤਾ। ਉਨ੍ਹਾਂ ’ਚੋਂ ਕੁਝ ਔਰਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਵਿਆਹ ਪਾਕਿਸਤਾਨੀ ਕਾਰੋਬਾਰੀਆਂ ਨਾਲ ਹੋਇਆ ਸੀ ਅਤੇ ਉਹ 2017 ਤੋਂ ਲਾਪਤਾ ਸਨ। ਇਨ੍ਹਾਂ ਸਾਰੀਆਂ ਔਰਤਾਂ ਨੂੰ ਚੀਨ ਦੇ ‘ਵਿਸ਼ੇਸ਼ ਕੈਂਪ’ ਵਿਚ ਰੱਖਿਆ ਗਿਆ ਸੀ, ਜਿਸ ਨੂੰ ਚੀਨੀ ਅਧਿਕਾਰੀ ਅਕਸਰ ‘ਸੁਧਾਰ ਕੇਂਦਰ’ ਕਹਿੰਦੇ ਹਨ, ਇਨ੍ਹਾਂ ਔਰਤਾਂ ਦੇ ਪਾਕਿਸਤਾਨੀ ਪਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਦੀ ਆਜ਼ਾਦੀ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ ਕਿਉਂਕਿ ਉਨ੍ਹਾਂ ਨੂੰ ਉਥੇ ਅਜਿਹਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜੋ ਇਸਲਾਮ ਦੇ ਪੈਰੋਕਾਰਾਂ ਲਈ ਹਰਾਮ ਜਾਂ ਵਰਜਿਤ ਹੈ। ਕੁਝ ਪਾਕਿਸਤਾਨੀ ਵਪਾਰੀ ਰਵਾਇਤੀ ਤੌਰ ’ਤੇ ਆਪਣੀਆਂ ਪਤਨੀਆਂ ਨੂੰ ਸ਼ਿਨਜਿਆਂਗ ’ਚ ਕੁਝ ਹਫਤਿਆਂ ਜਾਂ ਮਹੀਨਿਆਂ ਲਈ ਛੱਡ ਕੇ ਕਾਰੋਬਾਰ ਕਰਨ ਚਲੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨਾਲ ਜੁੜੇ ਹੋਣ ਕਰ ਕੇ ਉਨ੍ਹਾਂ ਔਰਤਾਂ ਨੂੰ ਜ਼ਬਰਦਸਤੀ ਕੈਂਪਾਂ ਵਿਚ ਲਿਜਾਇਆ ਗਿਆ। ਇਕ ਪਾਕਿਸਤਾਨੀ ਕਾਰੋਬਾਰੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਕੈਂਪ ’ਚ ਸੂਅਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ, ਇਥੋਂ ਤਕ ਕਿ ਉਸ ਨੂੰ ਜ਼ਬਰਦਸਤੀ ਸ਼ਰਾਬ ਵੀ ਪਿਲਾਈ ਗਈ। ਇਨ੍ਹਾਂ ਔਰਤਾਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਵਾਪਿਸ ਜਾਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਪਵੇਗਾ ਕਿ ਉਨ੍ਹਾਂ ਦੇ ਵਿਚਾਰ ਹੁਣ ਕੱਟੜਪੰਥੀ ਨਹੀਂ ਹਨ। ਇਸੇ ਕਾਰਨ ਰਿਹਾਅ ਹੋਈਆਂ ਪਾਕਿਸਤਾਨੀ ਕਾਰੋਬਾਰੀਆਂ ਦੀਆਂ ਪਤਨੀਆਂ ਨੇ ਇਬਾਦਤ ਕਰਨੀ ਤੇ ਕੁਰਾਨ ਪੜ੍ਹਨੀ ਛੱਡ ਦਿੱਤੀ ਹੈ। ਇਥੇ ਯਕਸ਼ ਸਵਾਲ ਇਹ ਹੈ ਕਿ ਕੀ ਇਸ ਘਟਨਾ ਤੋਂ ਬਾਅਦ ਕੱਟੜਪੰਥੀ ਇਸਲਾਮੀ ਸਮਾਜ ’ਚ ਇਨ੍ਹਾਂ ਮੁਸਲਿਮ ਔਰਤਾਂ ਨੂੰ ਪ੍ਰਵਾਨ ਕੀਤਾ ਜਾਵੇਗਾ?
ਸ਼ੋਸ਼ਣ ਦੀਆਂ ਖ਼ਬਰਾਂ ਨਵੀਆਂ ਨਹੀਂ
ਚੀਨੀ ਮੁਸਲਮਾਨਾਂ ਨਾਲ ਸਬੰਧਿਤ ਸ਼ੋਸ਼ਣ ਦੀਆਂ ਖਬਰਾਂ ਕੋਈ ਨਵੀਆਂ ਨਹੀਂ ਹਨ। ਪਿਛਲੇ ਕੁਝ ਸਾਲਾਂ ਤੋਂ ਜਾਂ ਇੰਝ ਕਹੋ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਸਨਕਾਲ ’ਚ ਮੁਸਲਿਮ ਨਾਗਰਿਕਾਂ ’ਤੇ ਕਈ ਤਰ੍ਹਾਂ ਦੀਆਂ ਮਜ਼ਹਬੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਕਈ ਵਰ੍ਹਿਆਂ ਤੋਂ ਜਾਰੀ ਇਸ ਸਿਲਸਿਲੇ ’ਤੇ ਪਾਕਿਸਤਾਨ ਚੁੱਪ ਹੈ, ਜਿਸ ਦੀ ਵਜ੍ਹਾ ਹੈ ਉਸ ਨੂੰ ਮਿਲ ਰਹੀ ਚੀਨ ਤੋਂ ਆਰਥਿਕ ਸਹਾਇਤਾ ਅਤੇ ਦੋਹਾਂ ਦੇਸ਼ਾਂ ਦੀਆਂ ਭਾਰਤ ਵਿਰੋਧੀ ਨੀਤੀਆਂ ਪਰ ਭਾਰਤ ਦੇ ਆਪੇ ਬਣੇ ਸੈਕੁਲਰਿਸਟਾਂ ਨਾਲ ਖੱਬੇਪੱਖੀਆਂ ਦੇ ਚੀਨ ਨਾਲ ਸਬੰਧਿਤ ਮਾਮਲੇ ’ਚ ਬੁੱਲ੍ਹ ਕਿਉਂ ਸੀਤੇ ਹੋਏ ਹਨ, ਜੋ ਕੁਝ ਅਪਵਾਦਾਂ ਲਈ ਭਾਰਤ ਦੀ ਸਨਾਤਨ ਅਤੇ ਬਹੁਲਤਾਵਾਦੀ ਸੱਭਿਅਤਾ ਨੂੰ ਕਲੰਕਿਤ ਕਰਨ ਤੇ ਦੁਨੀਆ ’ਚ ਦੇਸ਼ ਦਾ ਮੁਸਲਿਮ ਵਿਰੋਧੀ ਅਕਸ ਬਣਾਉਣ ਤੋਂ ਪਿੱਛੇ ਨਹੀਂ ਹਟਦੇ। ਕੀ ਇਹ ਸੱਚ ਨਹੀਂ ਕਿ ਇਸ ਦੀ ਵਜ੍ਹਾ ਚੀਨੀ ਸੱਤਾ ਅਦਾਰੇ ਅਤੇ ਭਾਰਤੀ ਖੱਬੇਪੱਖੀਆਂ ਦਾ ਇਕੋ ਜਿਹਾ ਵਿਚਾਰਕ ਪਿਛੋਕੜ ਹੈ, ਜਿਸ ’ਚ ਮਨੁੱਖਤਾ, ਮਨੁੱਖੀ ਅਧਿਕਾਰਾਂ ਅਤੇ ਅਧਿਆਤਮ ਲਈ ਕੋਈ ਥਾਂ ਨਹੀਂ ਹੈ? ਇਸੇ ਦਰਮਿਆਨ ਸ਼੍ਰੀਲੰਕਾ ’ਚ ਹੋਏ ਆਤਮਘਾਤੀ ਹਮਲੇ ਦੀਆਂ ਤਾਰਾਂ ਕੇਰਲ ਅਤੇ ਕਸ਼ਮੀਰ ਨਾਲ ਵੀ ਜੁੜੀਆਂ ਹੋਣ ਦੀ ਚਰਚਾ ਹੈ। ਸ਼੍ਰੀਲੰਕਾ ਦੀ ਫੌਜ ਦੇ ਪ੍ਰਮੁੱਖ ਕਮਾਂਡਰ ਲੈਫਟੀਨੈਂਟ ਜਨਰਲ ਮਹੇਸ਼ ਸੈਨਾਨਾਇਕੇ ਅਨੁਸਾਰ, ‘‘ਕੁਝ ਆਤਮਘਾਤੀ ਹਮਲਾਵਰ ਵਿਸ਼ੇਸ਼ ਟ੍ਰੇਨਿੰਗ ਜਾਂ ਹੋਰ ਵਿਦੇਸ਼ੀ ਸੰਗਠਨਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਕਸ਼ਮੀਰ ਅਤੇ ਕੇਰਲ ’ਚ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤੀ ਸੁਰੱਖਿਆ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ। ਹੁਣ ਜੇ ਅੱਤਵਾਦੀ ਇਨ੍ਹਾਂ ਦੋਹਾਂ ਭਾਰਤੀ ਥਾਵਾਂ ’ਤੇ ਗਏ ਵੀ ਸਨ ਤਾਂ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਆਖਿਰ ਉਹ ਦੇਸ਼ ਦੇ ਕਿਸੇ ਹੋਰ ਹਿੱਸੇ ’ਚ ਕਿਉਂ ਨਹੀਂ ਗਏ? ਕੀ ਇਨ੍ਹਾਂ ਦੋਹਾਂ ਸਵਾਲਾਂ ਦਾ ਜਵਾਬ ਕਸ਼ਮੀਰ ਦੇ ਆਬਾਦੀ ਅਨੁਪਾਤ ਅਤੇ ਕੇਰਲ ’ਚ ਇਸਲਾਮੀ ਕੱਟੜਪੰਥੀਆਂ ਪ੍ਰਤੀ ਨਰਮ ਰੁਖ਼ ਰੱਖਣ ਵਾਲੀ ਸ਼ਾਸਨ ਪ੍ਰਣਾਲੀ ’ਚ ਨਹੀਂ ਲੁਕਿਆ ਹੈ?
ਕੀ ਸ਼੍ਰੀਲੰਕਾ ’ਚ ਹੋਏ ਅੱਤਵਾਦੀ ਹਮਲੇ ਅਤੇ ਕਸ਼ਮੀਰ ਸਮੱਸਿਆ ਦੇ ਮੂਲ ’ਚ ਇਕ ਪ੍ਰਮੁੱਖ ਸਮਾਨਤਾ ਨਹੀਂ ਹੈ? ਕੀ ਇਹ ਸੱਚ ਨਹੀਂ ਕਿ ਸ਼੍ਰੀਲੰਕਾ ਦੇ ਹਮਲਾਵਰਾਂ ਅਤੇ ਵਾਦੀ ’ਚ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ, ਸੁਰੱਖਿਆ ਬਲਾਂ ’ਤੇ ਪਥਰਾਅ ਕਰਨ ਅਤੇ ਮੁਕਾਬਲੇ ਦੌਰਾਨ ਅੱਤਵਾਦੀਆਂ ਦੀ ਢਾਲ ਬਣਨ ਵਾਲਿਆਂ ਨੂੰ ਇਕ ਹੀ ਦਰਸ਼ਨ ਸ਼ਾਸਤਰ ਤੋਂ ਪ੍ਰੇਰਨਾ ਮਿਲਦੀ ਹੈ? ਅਕਸਰ ਦੇਸ਼ ਦੇ ਆਪੇ ਬਣੇ ਸੈਕੁਲਰਿਸਟ, ਖੱਬੇਪੱਖੀ ਅਤੇ ਆਪੇ ਬਣੇ ਉਦਾਰਵਾਦੀ ਕਸ਼ਮੀਰ ਦੀ ਸਮੱਸਿਆ ਲਈ ਰੋਜ਼ਗਾਰ, ਵਿਕਾਸ, ਗਰੀਬੀ ਅਤੇ ਖੇਤਰੀ ਅਸੰਤੁਲਨ ਆਦਿ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਜਦਕਿ ਵਾਦੀ ’ਚ ਅਸ਼ਾਂਤੀ ਦੀ ਇਕੋ ਇਕ ਵਜ੍ਹਾ ਉਹ ਇਸਲਾਮੀ ਅੱਤਵਾਦ ਹੈ। ਅਸਲ ’ਚ ਜੋ ਕੁਝ ਅਸੀਂ ਕਸ਼ਮੀਰ ’ਚ ਦੇਖ ਰਹੇ ਹਾਂ, ਉਸ ਦਾ ਸਭ ਤੋਂ ਭਿਆਨਕ ਰੂਪ ਬਾਕੀ ਦੁਨੀਆ ਨੇ ਹੁਣੇ ਜਿਹੇ ਕੋਲੰਬੋ ’ਚ ਹੋਏ ਆਤਮਘਾਤੀ ਹਮਲੇ ਦੇ ਰੂਪ ’ਚ ਦੇਖਿਆ ਹੈ। ਗੱਲ ਸਿਰਫ ਕਸ਼ਮੀਰ ਤਕ ਸੀਮਤ ਨਹੀਂ ਹੈ। ਇਸਲਾਮੀ ਅੱਤਵਾਦ ਦਾ ਸਭ ਤੋਂ ਵੱਡਾ ਸ਼ਿਕਾਰ ਤਾਂ ਭਾਰਤ ਹੈ, ਜੋ 8ਵੀਂ ਸਦੀ ਤੋਂ ਲੈ ਕੇ ਅੱਜ ਤਕ ਇਸ ਦਾ ਸੰਤਾਪ ਝੱਲ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਦੁਨੀਆ ’ਚ ਮਜ਼ਹਬੀ ਹਿੰਸਾ ਦੇ ਸਦੀਆਂ ਪੁਰਾਣੇ ਸ਼ਿਕਾਰ ਭਾਰਤ ’ਚ ਉਸੇ ਅੱਤਵਾਦ ਵਿਰੁੱਧ ਫੈਸਲਾਕੁੰਨ ਕਦਮ ਚੁੱਕਣਾ ਤਾਂ ਦੂਰ, ਉਸ ਦੀ ਚਰਚਾ ਕਰਨ ’ਚ ਵੀ ਅੜਿੱਕਾ ਡਾਹਿਆ ਜਾ ਰਿਹਾ ਹੈ। ਬੁਰਕਾ ਵਿਵਾਦ ’ਤੇ ਸੋਸ਼ਲ ਮੀਡੀਆ ’ਚ ਸਾਬਕਾ ਰਾਜ ਸਭਾ ਮੈਂਬਰ ਅਤੇ ਹਿੰਦੀ ਸਿਨੇਮਾ ਦੇ ਪ੍ਰਸਿੱਧ ਗੀਤਕਾਰ ਜਾਵੇਦ ਅਖਤਰ ਵਲੋਂ ਘੁੰਡ ਪ੍ਰਥਾ ’ਤੇ ਉਠਾਇਆ ਗਿਆ ਸਵਾਲ ਉਸੇ ਵਿਗੜੀ ਮਾਨਸਿਕਤਾ ਦਾ ਪ੍ਰਤੱਖ ਸਬੂਤ ਹੈ।
ਯੂ. ਪੀ. ਵਿਚ ਭਾਜਪਾ ਨੂੰ ਮਹਿੰਗੀ ਪੈ ਸਕਦੀ ਹੈ ‘ਆਵਾਰਾ ਪਸ਼ੂਆਂ ਦੀ ਸਮੱਸਿਆ’
NEXT STORY