ਰਾਮ ਮੰਦਿਰ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਯੂ. ਪੀ. ਵਿਚ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾਂ 'ਤੇ ਹੈ। ਅਜਿਹੀ ਸਥਿਤੀ ਵਿਚ ਸ਼੍ਰੀ ਰਾਮ ਦਾ ਨਾਂ ਫਿਰ ਚੇਤੇ ਆਉਣ ਲੱਗਾ ਹੈ।
ਉਂਝ 5 ਦਸੰਬਰ ਤੋਂ ਸੁਪਰੀਮ ਕੋਰਟ ਵੀ ਅਯੁੱਧਿਆ ਦੀ ਉਸ 2.77 ਏਕੜ ਜ਼ਮੀਨ ਦੇ ਸੰਬੰਧ ਵਿਚ ਸੁਣਵਾਈ ਸ਼ੁਰੂ ਕਰ ਰਹੀ ਹੈ, ਜਿਸ ਨੂੰ 5 ਸਾਲ ਪਹਿਲਾਂ ਇਲਾਹਾਬਾਦ ਹਾਈਕੋਰਟ ਨੇ ਤਿੰਨ ਬਰਾਬਰ ਹਿੱਸਿਆਂ ਵਿਚ ਵੰਡਣ ਦੇ ਹੁਕਮ ਦਿੱਤੇ ਸਨ। ਜ਼ਮੀਨ ਦੀ ਵੰਡ ਸੁੰਨੀ ਵਕਫ ਬੋਰਡ, ਰਾਮਲੱਲਾ ਬਿਰਾਜਮਾਨ ਅਤੇ ਨਿਰਮੋਹੀ ਅਖਾੜੇ ਵਿਚਾਲੇ ਕੀਤੀ ਜਾਣੀ ਸੀ।
ਤਾਜ਼ਾ ਕਾਂਡ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਹੈ, ਜੋ ਦਾਅਵਾ ਕਰ ਰਹੇ ਹਨ ਕਿ ਉਹ ਆਪਣੇ ਵਲੋਂ ਰਾਮ ਮੰਦਿਰ ਦੀ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕੇਂਦਰ ਸਰਕਾਰ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਪਹਿਲ ਦਾ ਸਵਾਗਤ ਤਾਂ ਕਰਦੀ ਹੈ ਪਰ ਉਸ ਦਾ ਇਸ ਪਹਿਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਤਾਂ ਆਪਸੀ ਸਹਿਮਤੀ ਨਾਲ ਜਾਂ ਫਿਰ ਅਦਾਲਤੀ ਹੁਕਮ ਨਾਲ ਹੀ ਅਯੁੱਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਕਰਨਾ ਚਾਹੁੰਦੀ ਹੈ।
ਦੂਜੇ ਪਾਸੇ ਭਾਜਪਾ ਦੇ ਬਹੁਤ ਸਾਰੇ ਨੇਤਾ ਅਗਲੇ ਸਾਲ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰਨ ਦਾ ਦਾਅਵਾ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਖੁਦ ਯੂ. ਪੀ. ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਸੰਕਲਪ ਤੋਂ ਸਿੱਧੀ ਵੱਲ ਵਧ ਰਹੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਅਯੁੱਧਿਆ ਵਿਚ ਅਗਲੇ ਸਾਲ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ।
ਅਗਲੇ 12 ਮਹੀਨਿਆਂ ਵਿਚ ਰਾਮ ਮੰਦਿਰ ਦੀ ਉਸਾਰੀ ਲਈ ਜ਼ਰੂਰੀ 1 ਲੱਖ 75 ਹਜ਼ਾਰ ਕਿਊਬਿਕ ਫੁੱਟ ਪੱਥਰ ਅਯੁੱਧਿਆ ਪਹੁੰਚ ਜਾਵੇਗਾ। ਇਹ ਪੱਥਰ ਰਾਜਸਥਾਨ ਦੇ ਭਰਤਪੁਰ ਵਿਚ ਪੈਂਦੇ ਬੰਸੀ ਪਹਾੜਪੁਰ ਇਲਾਕੇ 'ਚੋਂ ਭੇਜਿਆ ਜਾ ਰਿਹਾ ਹੈ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ 10,000 ਟਨ ਪੱਥਰ ਦਾ ਨਵਾਂ ਆਰਡਰ ਹੁਣੇ ਜਿਹੇ ਦਿੱਤਾ ਹੈ। ਸੰਤ ਸਮਾਜ ਰਾਮ ਮੰਦਿਰ ਲਈ ਸੰਸਦ ਵਿਚ ਕਾਨੂੰਨ ਬਣਾਉਣ ਦੀ ਮੰਗ ਕਰ ਰਿਹਾ ਹੈ।
ਭਰਤਪੁਰ ਤੋਂ ਲੱਗਭਗ 40 ਕਿਲੋਮੀਟਰ ਦੂਰ ਬੰਸੀ ਪਹਾੜਪੁਰ ਵਿਚ ਹਰ ਪਾਸੇ ਪੱਥਰ ਦੀਆਂ ਖਾਨਾਂ ਦਿਖਾਈ ਦਿੰਦੀਆਂ ਹਨ। ਜਿਧਰ ਨਜ਼ਰ ਮਾਰੋ ਲਾਲ, ਗੁਲਾਬੀ ਅਤੇ ਚਿੱਟਾ ਸੰਗਮਰਮਰ ਨਜ਼ਰ ਆਉਂਦਾ ਹੈ। ਉਥੋਂ ਸਦੀਆਂ ਤੋਂ ਪੱਥਰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦਾ ਲਾਲ ਕਿਲਾ ਵੀ ਇਥੋਂ ਦੇ ਪੱਥਰ ਨਾਲ ਹੀ ਬਣਿਆ ਹੋਇਆ ਹੈ ਅਤੇ ਰਾਸ਼ਟਰਪਤੀ ਭਵਨ ਤੇ ਸੰਸਦ ਭਵਨ ਵੀ।
ਸੁਪਰੀਮ ਕੋਰਟ ਦੀ ਇਮਾਰਤ ਵੀ ਉਥੋਂ ਦੇ ਹੀ ਪੱਥਰ ਨਾਲ ਬਣੀ ਹੈ। ਦੇਸ਼ ਭਰ ਵਿਚ ਪੁਰਾਣੇ ਜ਼ਮਾਨੇ ਦੇ ਸੈਂਕੜੇ ਕਿਲੇ ਅਤੇ ਨਵੇਂ ਜ਼ਮਾਨੇ ਦੇ ਸੈਂਕੜੇ ਮੰਦਿਰ ਵੀ ਬੰਸੀ ਪਹਾੜਪੁਰ ਦੇ ਪੱਥਰਾਂ ਨਾਲ ਹੀ ਉਸਾਰੇ ਗਏ ਹਨ। ਸੈਂਡ ਸਟੋਨ ਇਥੋਂ ਦੇ ਲੋਕਾਂ ਦੀ ਜ਼ਿੰਦਗੀ ਵੀ ਹੈ ਅਤੇ ਮੌਤ ਵੀ।
ਇਥੋਂ ਦੇ ਇਕ ਪੱਥਰ ਵਪਾਰੀ ਰਾਕੇਸ਼ ਖਟੀਕ ਦਾ ਕਹਿਣਾ ਹੈ ਕਿ ਬੰਸੀ ਪਹਾੜਪੁਰ, ਬਿਆਨਾ, ਰੂਪਵਾਸ ਅਤੇ ਕਰੌਲੀ ਵਿਚ ਲੱਗਭਗ 2 ਤੋਂ 3 ਲੱਖ ਲੋਕਾਂ ਦੀ ਰੋਜ਼ੀ-ਰੋਟੀ ਸਿੱਧੇ-ਅਸਿੱਧੇ ਤੌਰ 'ਤੇ ਉਥੋਂ ਦੇ ਗੁਲਾਬੀ ਪੱਥਰ ਨਾਲ ਜੁੜੀ ਹੋਈ ਹੈ। ਜੇ ਉਥੇ ਪੱਥਰ ਨਹੀਂ ਹੋਵੇਗਾ ਤਾਂ ਇਹ ਲੋਕ ਭੁੱਖੇ ਮਰ ਜਾਣਗੇ। ਉਥੋਂ ਦੇ ਲੋਕਾਂ ਕੋਲ ਦੋ ਹੀ ਕੰਮ ਬਚੇ ਹਨ—ਪੱਥਰ ਕੱਢਣਾ ਅਤੇ ਖੇਤੀਬਾੜੀ। ਖੇਤੀ ਦੇ ਧੰਦੇ ਵਿਚ ਹੁਣ ਜ਼ਿਆਦਾ ਫਾਇਦਾ ਨਹੀਂ ਹੁੰਦਾ, ਇਸ ਲਈ ਪੱਥਰ ਦੀ ਕਟਾਈ ਅਤੇ ਸੰਗ-ਤਰਾਸ਼ੀ ਹੀ ਮੁੱਖ ਪੇਸ਼ਾ ਬਣ ਕੇ ਰਹਿ ਗਈ ਹੈ।
ਰਾਕੇਸ਼ ਦਾ ਕਹਿਣਾ ਹੈ ਕਿ ਯੂ. ਪੀ. ਵਿਚ ਮਾਇਆਵਤੀ ਦੀ ਸਰਕਾਰ ਆਉਂਦਿਆਂ ਹੀ ਉਥੋਂ ਦੇ ਖਾਨ ਮਾਲਕਾਂ ਦੇ ਚਿਹਰੇ ਖਿੜ ਉੱਠਦੇ ਹਨ ਕਿਉਂਕਿ ਜਦੋਂ ਵੀ ਮਾਇਆਵਤੀ ਯੂ. ਪੀ. ਦੀ ਮੁੱਖ ਮੰਤਰੀ ਬਣੀ, ਬੰਸੀ ਪਹਾੜਪੁਰ ਦੇ ਲੋਕਾਂ ਦੀ ਜ਼ਿੰਦਗੀ ਵਿਚ ਬਹਾਰ ਆ ਗਈ। ਮਾਇਆਵਤੀ ਨੇ ਲਖਨਊ ਵਿਚ ਪੱਥਰ ਦੇ ਇਕੋ ਕਤਾਰ ਵਿਚ ਖੜ੍ਹੇ ਹਾਥੀਆਂ ਦੀਆਂ ਮੂਰਤੀਆਂ ਬਣਵਾਈਆਂ, ਨੋਇਡਾ ਵਿਚ ਕਾਂਸ਼ੀ ਰਾਮ, ਮਹਾਤਮਾ ਜਯੋਤਿਬਾ ਫੂਲੇ, ਡਾ. ਭੀਮਰਾਓ ਅੰਬੇਡਕਰ, ਗੌਤਮ ਬੁੱਧ ਅਤੇ ਹੋਰ ਦਲਿਤ ਆਗੂਆਂ ਦੀਆਂ ਵਿਸ਼ਾਲ ਮੂਰਤੀਆਂ ਵੀ ਉਥੋਂ ਦੇ ਪੱਥਰਾਂ ਨਾਲ ਬਣਵਾਈਆਂ।
ਇਸ ਤੋਂ ਇਲਾਵਾ ਬਹੁਤ ਸਾਰੇ ਪਾਰਕ ਬਣਾਉਣ ਲਈ ਵੀ ਉਥੋਂ ਦਾ ਪੱਥਰ ਇਸਤੇਮਾਲ ਕੀਤਾ ਗਿਆ। ਉਥੋਂ ਦੇ ਖਾਨ ਵਪਾਰੀ ਦੱਸਦੇ ਹਨ ਕਿ ਮਾਇਆਵਤੀ ਦੇ ਰਾਜ ਵਿਚ ਬਹੁਤੀ ਸੌਦੇਬਾਜ਼ੀ ਵੀ ਨਹੀਂ ਹੁੰਦੀ ਸੀ ਤੇ ਭੁਗਤਾਨ ਵੀ ਸਮੇਂ ਸਿਰ ਹੋ ਜਾਂਦਾ ਸੀ।
ਅਸਲ ਵਿਚ ਬੰਸੀ ਪਹਾੜਪੁਰ ਦਾ ਗੁਲਾਬੀ ਪੱਥਰ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਖੁੱਲ੍ਹੀਆਂ ਖਾਨਾਂ ਵਿਚ ਇਹ ਲਗਾਤਾਰ ਪਾਣੀ ਦੇ ਸੰਪਰਕ ਵਿਚ ਰਹਿੰਦਾ ਹੈ, ਜਿਸ ਨਾਲ ਇਹ ਹੋਰ ਜ਼ਿਆਦਾ ਨਿੱਖਰ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਇਹ ਜਲਦੀ ਖਰਾਬ ਨਹੀਂ ਹੁੰਦਾ, ਇਸ ਵਿਚ ਸਲ੍ਹਾਬ ਨਹੀਂ ਆਉਂਦੀ, ਇਸ ਵਿਚ ਤਰੇੜਾਂ ਨਹੀਂ ਪੈਂਦੀਆਂ। ਹੋਰ ਤਾਂ ਹੋਰ, ਇਸ ਪੱਥਰ 'ਤੇ ਨੱਕਾਸ਼ੀ ਵੀ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ।
ਅਯੁੱਧਿਆ ਵਿਚ ਪ੍ਰਸਤਾਵਿਤ ਰਾਮ ਮੰਦਿਰ ਕਿਉਂਕਿ ਸਿਰਫ ਪੱਥਰਾਂ ਨਾਲ ਹੀ ਬਣਾਇਆ ਜਾਣਾ ਹੈ, ਉਥੇ ਸੀਮੈਂਟ ਜਾਂ ਚੂਨੇ ਆਦਿ ਦੀ ਵਰਤੋਂ ਨਹੀਂ ਹੋਣੀ ਹੈ, ਇਸ ਲਈ ਰਾਮ ਮੰਦਿਰ ਦੀ ਉਸਾਰੀ ਵਾਸਤੇ ਬੰਸੀ ਪਹਾੜਪੁਰ ਦੇ ਪੱਥਰ ਤੋਂ ਬਿਹਤਰ ਕੁਝ ਹੋਰ ਹੋ ਨਹੀਂ ਸਕਦਾ। ਭਰਤਪੁਰ ਦੇ ਬਲਾਕ ਸਰਪ੍ਰਸਤ (ਵਿਹਿਪ) ਰਾਕੇਸ਼ ਗਰਗ ਕਹਿੰਦੇ ਹਨ ਕਿ ਇਹ ਅਜਿਹਾ ਪੱਥਰ ਹੈ, ਜਿਸ ਵਿਚ 500 ਹਜ਼ਾਰ ਸਾਲਾਂ ਬਾਅਦ ਵੀ ਤਰੇੜਾਂ ਨਹੀਂ ਪੈਂਦੀਆਂ, ਸਲ੍ਹਾਬ ਨਹੀਂ ਚੜ੍ਹਦੀ ਅਤੇ ਇਹ ਹਰੇਕ ਲਿਹਾਜ਼ ਨਾਲ ਮੰਦਿਰ ਦੀ ਉਸਾਰੀ ਲਈ ਬਹੁਤ ਹੀ ਵਧੀਆ ਪੱਥਰ ਹੈ।
ਉਂਝ ਵੀ ਰਾਮ ਮੰਦਿਰ ਲਈ 14 ਤੋਂ 16 ਫੁੱਟ ਲੰਮੇ ਅਤੇ 3 ਤੋਂ 4 ਫੁੱਟ ਚੌੜੇ ਪੱਥਰ ਦੀ ਲੋੜ ਹੁੰਦੀ ਹੈ। ਅਜਿਹਾ ਪੱਥਰ ਬੰਸੀ ਪਹਾੜਪੁਰ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਰਾਮ ਮੰਦਿਰ ਦੀ ਉਸਾਰੀ ਲਈ 1990 ਤੋਂ 2012 ਤਕ ਅਯੁੱਧਿਆ ਵਿਚ ਪੱਥਰ ਪਹੁੰਚਾਇਆ ਜਾਂਦਾ ਰਿਹਾ ਪਰ 2012 ਵਿਚ ਯੂ. ਪੀ. ਵਿਚ ਅਖਿਲੇਸ਼ ਯਾਦਵ ਦੀ ਸਰਕਾਰ ਬਣਨ ਤੋਂ ਬਾਅਦ ਉਥੋਂ ਦੇ ਮਾਲੀਆ ਵਿਭਾਗ ਤੋਂ ਰਾਜਸਥਾਨ ਤੋਂ ਪੱਥਰ ਮੰਗਵਾਉਣ ਦੀ ਇਜਾਜ਼ਤ ਵਾਪਿਸ ਲੈ ਲਈ ਗਈ। ਜੇ ਕਦੇ ਪੱਥਰ ਭੇਜਿਆ ਵੀ ਜਾਂਦਾ ਸੀ ਤਾਂ ਟਰੱਕ-ਟਰਾਲਾ ਜ਼ਬਤ ਕਰ ਲਏ ਜਾਂਦੇ ਸਨ ਪਰ ਹੁਣ ਲੋਕ ਖੁਸ਼ ਹਨ ਕਿਉਂਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣਨ ਦੇ ਨਾਲ ਹੀ ਹੁਣ ਬਿਨਾਂ ਕਿਸੇ ਰੋਕ-ਟੋਕ ਦੇ ਪੱਥਰ ਸਿੱਧਾ ਅਯੁੱਧਿਆ ਭੇਜਿਆ ਜਾ ਰਿਹਾ ਹੈ।
ਅਯੁੱਧਿਆ ਵਿਚ 30 ਅਗਸਤ 1990 ਨੂੰ ਕਾਰਸੇਵਕਪੁਰਮ 'ਚ ਪੱਥਰ ਤਰਾਸ਼ਣ ਦਾ ਕੰਮ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਰਾਜਸਥਾਨ ਦੇ ਸਿਰੋਹੀ ਜ਼ਿਲੇ ਦੇ ਪਿੰਡਵਾਰਾ ਵਿਚ 3 ਕਾਰਜਸ਼ਾਲਾਵਾਂ (ਵਰਕਸ਼ਾਪਾਂ) ਵੀ ਸ਼ੁਰੂ ਹੋਈਆਂ ਸਨ। ਉਸ ਮੌਕੇ 'ਤੇ ਵਿਹਿਪ ਦੇ ਤੱਤਕਾਲੀ ਪ੍ਰਧਾਨ ਅਸ਼ੋਕ ਸਿੰਘਲ ਖ਼ੁਦ ਪਿੰਡਵਾਰਾ ਗਏ ਸਨ। ਅਸਲ ਵਿਚ ਮੰਦਿਰ ਲਈ ਪੱਥਰਾਂ 'ਤੇ ਬਾਰੀਕ ਨੱਕਾਸ਼ੀ ਕਰਨ ਵਾਲੇ ਸਭ ਤੋਂ ਵਧੀਆ ਕਾਰੀਗਰ ਸਿਰੋਹੀ ਜ਼ਿਲੇ ਵਿਚ ਹੀ ਮਿਲਦੇ ਹਨ।
ਉਦੋਂ ਪੱਥਰ ਬੰਸੀ ਪਹਾੜਪੁਰ ਤੋਂ ਪਿੰਡਵਾਰਾ ਭੇਜਿਆ ਜਾਂਦਾ ਸੀ, ਜਿੱਥੇ ਪੱਥਰ ਤਰਾਸ਼ਣ ਦਾ ਕੰਮ ਹੁੰਦਾ ਸੀ ਤੇ ਉਥੋਂ ਤਰਾਸ਼ਿਆ ਹੋਇਆ ਪੱਥਰ ਅੱਗੇ ਅਯੁੱਧਿਆ ਭੇਜਿਆ ਜਾਂਦਾ ਸੀ। ਕਾਰੀਗਰ ਪੱਥਰਾਂ 'ਤੇ ਨੱਕਾਸ਼ੀ ਕਰਨ ਦਾ ਕੰਮ ਅੱਜ ਵੀ ਕਰ ਰਹੇ ਹਨ। ਪ੍ਰਸਤਾਵਿਤ ਰਾਮ ਮੰਦਿਰ ਦੇ ਗਰਭਗ੍ਰਹਿ, ਸਿੰਘਦੁਆਰ, ਨ੍ਰਿਤ ਮੰਡਪ (ਨਾਚ ਪੰਡਾਲ), ਰੰਗ ਮੰਡਪ ਅਤੇ ਕੋਲੀ ਗਰਭਗ੍ਰਹਿ ਲਈ ਪੱਥਰ ਤਰਾਸ਼ਣ ਦਾ ਕੰਮ ਪਿੰਡਵਾਰਾ ਵਿਚ ਹੀ ਪੂਰਾ ਹੋਇਆ।
ਹੁਣ ਪਹਿਲੀ ਤੇ ਦੂਜੀ ਮੰਜ਼ਿਲ ਦੇ ਪਿੱਲਰਾਂ ਲਈ ਪੱਥਰ ਬੰਸੀ ਪਹਾੜਪੁਰ ਤੋਂ ਭੇਜੇ ਜਾ ਰਹੇ ਹਨ। ਵਿਹਿਪ ਦੇ ਕਾਰਜਕਾਰੀ ਪ੍ਰਧਾਨ (ਭਰਤਪੁਰ ਜ਼ਿਲਾ) ਚੰਦਰ ਪ੍ਰਕਾਸ਼ ਦੱਸਦੇ ਹਨ ਕਿ 70 ਪਿੱਲਰਾਂ ਤੇ ਕੰਧਾਂ ਲਈ ਫਿਲਹਾਲ 10 ਹਜ਼ਾਰ ਟਨ ਪੱਥਰ ਦਾ ਆਰਡਰ ਦਿੱਤਾ ਗਿਆ ਹੈ। 10 ਟਰੱਕ ਪੱਥਰ ਹਰ ਮਹੀਨੇ ਭੇਜੇ ਜਾ ਰਹੇ ਹਨ ਅਤੇ ਇਕ ਟਰੱਕ ਵਿਚ 30 ਟਨ ਪੱਥਰ ਆਉਂਦਾ ਹੈ। ਜ਼ਿਕਰਯੋਗ ਹੈ ਕਿ ਰਾਮ ਮੰਦਿਰ ਵਿਚ ਕੁਲ 212 ਖੰਭੇ ਹੋਣਗੇ ਤੇ ਇਨ੍ਹਾਂ ਖੰਭਿਆਂ ਲਈ ਇਕੋ ਹੀ ਖਾਨ 'ਚੋਂ ਪੱਥਰ ਲਿਆ ਜਾ ਰਿਹਾ ਹੈ ਤਾਂ ਕਿ ਗੁਣਵੱਤਾ ਬਣੀ ਰਹੇ ਅਤੇ ਪੱਥਰ ਇਕਸਾਰ ਨਜ਼ਰ ਆਉਣ।
ਸੂਤਰਾਂ ਮੁਤਾਬਿਕ 2018 ਤਕ ਸਾਰਾ ਪੱਥਰ ਅਯੁੱਧਿਆ ਭੇਜ ਦਿੱਤਾ ਜਾਵੇਗਾ। ਬਜਰੰਗ ਦਲ ਅਤੇ ਵਿਹਿਪ ਦੇ ਨਾਲ-ਨਾਲ ਬਿਆਨਾ ਦੇ ਪੱਥਰ ਵਪਾਰੀ ਵੀ ਰਾਮ ਮੰਦਿਰ ਲਈ ਪੱਥਰ ਭੇਜਣ ਵਿਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਵਿਚ ਉਹ ਮੁਨਾਫੇ ਦੀ ਚਿੰਤਾ ਨਹੀਂ ਕਰਦੇ, ਬਸ ਮਜ਼ਦੂਰੀ ਤੇ ਹੋਰ ਖਰਚੇ ਨਿਕਲ ਆਉਣੇ ਚਾਹੀਦੇ ਹਨ। ਉਂਝ ਇਹ ਵੀ ਦਿਲਚਸਪ ਗੱਲ ਹੈ ਕਿ ਇਸ ਸਮੇਂ ਕੇਂਦਰ ਦੇ ਨਾਲ-ਨਾਲ ਰਾਜਸਥਾਨ ਤੇ ਯੂ. ਪੀ. ਵਿਚ ਵੀ ਭਾਜਪਾ ਦੀਆਂ ਸਰਕਾਰਾਂ ਹਨ।
ਉਂਝ ਇਸ ਕਹਾਣੀ ਦਾ ਇਕ ਹੋਰ ਪਹਿਲੂ ਵੀ ਹੈ। ਰਾਮ ਮੰਦਿਰ ਲਈ ਪੱਥਰ ਕੱਟਣ ਵਾਲੇ ਲੋਕਾਂ ਦੀ ਹਾਲਤ ਬਹੁਤ ਖਰਾਬ ਹੈ। ਲਗਾਤਾਰ ਧੂੜ ਵਿਚ ਕੰਮ ਕਰਨ ਕਰਕੇ ਉਨ੍ਹਾਂ ਦੇ ਫੇਫੜੇ ਖਰਾਬ ਹੋ ਜਾਂਦੇ ਹਨ। ਡਾਕਟਰਾਂ ਦਾ ਵੀ ਕਹਿਣਾ ਹੈ ਕਿ ਲਗਾਤਾਰ ਖਾਨਾਂ ਵਿਚ ਕੰਮ ਕਰਨ ਕਰਕੇ 'ਸਿਲਕੋਸਿਸ' ਵਰਗੀ ਫੇਫੜਿਆਂ ਦੀ ਬੀਮਾਰੀ ਹੋ ਜਾਂਦੀ ਹੈ, ਜੋ ਅੱਗੇ ਚੱਲ ਕੇ ਕੈਂਸਰ ਦੀ ਸ਼ਕਲ ਅਖਤਿਆਰ ਕਰ ਲੈਂਦੀ ਹੈ ਤੇ ਘੱਟ ਉਮਰ ਵਿਚ ਹੀ ਖਾਨ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ।
ਦੂਜੇ ਪਾਸੇ ਵਿਹਿਪ ਨੇ ਖਾਨ ਮਜ਼ਦੂਰਾਂ ਦੀ ਭਲਾਈ ਲਈ 99 ਲੱਖ ਰੁਪਏ ਦਾ ਇਕ ਫੰਡ ਬਣਾਉਣ ਦਾ ਦਾਅਵਾ ਕੀਤਾ ਹੈ, ਜੋ ਸਵੈਮ-ਸੇਵੀ ਸੰਗਠਨਾਂ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ। ਕੁਲ ਮਿਲਾ ਕੇ ਬੰਸੀ ਪਹਾੜਪੁਰ ਵਿਚ ਗੁਲਾਬੀ ਪੱਥਰ ਜ਼ਿੰਦਗੀ ਵੀ ਹਨ ਅਤੇ ਮੌਤ ਵੀ।
ਕੀ ਮੁਹੰਮਦ ਬਿਨ ਸਲਮਾਨ ਵੀ ਹੈਨਰੀ-V999 ਵਾਂਗ ਤਬਦੀਲੀ ਲਿਆਉਣ 'ਚ ਸਫਲ ਹੋਣਗੇ
NEXT STORY