'ਡੇਲੀ ਟੈਲੀਗ੍ਰਾਫ' ਵਿਚ ਇਕ ਤਿੰਨ ਕਾਲਮੀ ਸੁਰਖ਼ੀ ਨੇ ਅਚਾਨਕ ਮੇਰਾ ਧਿਆਨ ਖਿੱਚ ਲਿਆ, ਜੋ ਇਸ ਤਰ੍ਹਾਂ ਸੀ : ''ਹਜ਼ਾਰਾਂ ਨਵੇਂ ਹੁਨਰਮੰਦ ਪ੍ਰਵਾਸੀਆਂ ਲਈ ਬੂਹੇ ਖੁੱਲ੍ਹ ਗਏ।''
ਰੋਮ ਅਤੇ ਯੂਰਪ ਦੀਆਂ ਹੋਰਨਾਂ ਥਾਵਾਂ 'ਤੇ ਮੈਂ ਜਿਸ ਤਰ੍ਹਾਂ ਦਾ ਪ੍ਰਵਾਸੀ ਵਿਰੋਧੀ ਰਾਗ ਸੁਣਿਆ ਸੀ, ਉਸ ਦੇ ਮੱਦੇਨਜ਼ਰ ਇਹ ਸੁਰਖੀ ਬਹੁਤ ਹੀ ਤਰੋ-ਤਾਜ਼ਾ ਕਰਨ ਵਾਲੀ ਮਹਿਸੂਸ ਹੋਈ। ਇਸ ਤੋਂ ਵੀ ਜ਼ਿਆਦਾ ਧਿਆਨ ਖਿੱਚਿਆ ਸੀ ਸਾਜਿਦ ਜਾਵੇਦ ਮੰਤਰੀ ਦੇ ਨਾਂ ਨੇ। ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇ ਦੇ ਮੰਤਰੀ ਮੰਡਲ ਵਿਚ ਤੀਜੇ ਸਰਵਉੱਚ ਅਹੁਦੇ ਵਾਲੇ ਮੰਤਰੀ ਹਨ। ਉਨ੍ਹਾਂ ਨੇ ਹੀ ਪਿਛਲੀ ਨੀਤੀ ਨੂੰ ਪਲਟਣ ਵਾਲਾ ਬਿਆਨ ਦਿੱਤਾ ਸੀ, ਜੋ ਅਖ਼ਬਾਰਾਂ ਦੀ ਸੁਰਖੀ ਬਣਿਆ ਸੀ।
ਪਾਕਿਸਤਾਨੀ ਮੂਲ ਦੇ ਇਸ 48 ਸਾਲਾ ਮੰਤਰੀ ਨੇ ਕਿਸੇ ਜ਼ਮਾਨੇ ਵਿਚ ਸਿਰਫ 500 ਪੌਂਡ ਦਾ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਜਦੋਂ ਉਹ ਡਿਊਸ਼ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਬਣੇ ਤਾਂ ਕੰਜ਼ਰਵੇਟਿਵ ਪਾਰਟੀ ਨਾਲ ਸਬੰਧ ਮਜ਼ਬੂਤ ਬਣਾਉਣ ਵਿਚ ਸਫਲ ਹੋਏ।
ਸਿਆਸੀ ਦੌਰ ਵਿਚ ਲੇਬਰ ਪਾਰਟੀ ਨਾਲ ਸਬੰਧਤ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਸਾਜਿਦ ਜਾਵੇਦ ਦੇ ਮੁਕਾਬਲੇ ਕੋਈ ਘੱਟ ਫੁਰਤੀਲਾਪਨ ਨਹੀਂ ਦਿਖਾਇਆ। ਸਾਦਿਕ ਅਜੇ 41 ਸਾਲਾਂ ਦੇ ਹਨ ਪਰ ਬ੍ਰਿਟੇਨ ਦੇ ਮੰਤਰੀ ਮੰਡਲ ਵਿਚ ਕੁਝ ਸਮੇਂ ਤਕ ਟਰਾਂਸਪੋਰਟ ਮੰਤਰੀ ਵਜੋਂ ਕੰਮ ਕਰ ਕੇ ਉਹ ਆਪਣੀ ਪ੍ਰਤਿਭਾ ਦਾ ਸਿੱਕਾ ਜਮਾ ਚੁੱਕੇ ਹਨ। ਸਾਦਿਕ ਖਾਨ ਬੜੇ ਮਾਣ ਨਾਲ ਕਹਿੰਦੇ ਹਨ, ''ਬ੍ਰਿਟਿਸ਼ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿਚ ਬੈਠਣ ਵਾਲਾ ਮੈਂ ਪਹਿਲਾ ਮੁਸਲਮਾਨ ਹਾਂ।''
2017 ਵਿਚ ਜਦੋਂ ਡੋਨਾਲਡ ਟਰੰਪ ਨੇ ਬ੍ਰਿਟੇਨ ਦੇ ਸਰਕਾਰੀ ਦੌਰੇ 'ਤੇ ਆਉਣਾ ਸੀ ਤੇ ਹੋਰਨਾਂ ਲੋਕਾਂ ਨਾਲ ਦਾਅਵਤ ਵਿਚ ਸ਼ਾਮਲ ਹੋਣਾ ਸੀ, ਉਦੋਂ ਕੰਜ਼ਰਵੇਟਿਵ ਪਾਰਟੀ ਨੇ ਇਹ ਕਹਿ ਕੇ ਇਤਰਾਜ਼ ਉਠਾਇਆ ਸੀ ਕਿ ''ਮੁਸਲਿਮ ਦੇਸ਼ਾਂ 'ਤੇ ਪਾਬੰਦੀ ਲਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਦੀ ਮਹਿਮਾਨਨਿਵਾਜ਼ੀ ਅਜੇ ਕਿਵੇਂ ਕਰ ਸਕਦੇ ਹਾਂ ਕਿਉਂਕਿ ਸਾਡੇ ਤਾਂ ਇਥੇ ਮੇਅਰ ਵੀ ਮੁਸਲਮਾਨ ਹੈ, ਇਸ ਲਈ ਟਰੰਪ ਦੇ ਸਰਕਾਰੀ ਦੌਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।''
ਹਾਊਸ ਆਫ ਲਾਰਡਜ਼ ਦੇ ਕਮੇਟੀ ਰੂਮ-1 ਵਿਚ 'ਇੰਡੀਆ ਐਟ 70 : ਨਹਿਰੂ ਟੂ ਮੋਦੀ' ਦੇ ਵਿਸ਼ੇ 'ਤੇ ਚਰਚਾ ਦੀ ਪ੍ਰਧਾਨਗੀ ਕਰਦਿਆਂ ਲਾਰਡ ਮੇਘਨਾਦ ਦੇਸਾਈ ਨੇ ਕਿਹਾ ਸੀ ਕਿ ''ਇਸ ਦੇਸ਼ ਵਿਚ 2 ਅਜਿਹੇ ਮੁਸਲਮਾਨ ਹਨ, ਜੋ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਠੋਕਣ ਦੀ ਸਥਿਤੀ ਵਿਚ ਹਨ।''
ਉਦੋਂ ਮੌਕੇ 'ਤੇ ਹੀ ਇਹ ਸਵਾਲ ਉੱਭਰਿਆ ਕਿ ''ਕੀ ਮੁਸਲਮਾਨ ਆਪਣੀ ਜਨਮ ਭੂਮੀ (ਭਾਵ ਭਾਰਤ) ਵਿਚ ਵੀ ਅਜਿਹੀ ਇੱਛਾ ਪਾਲ ਸਕਦੇ ਹਨ, ਜਦਕਿ ਉਥੇ ਉਨ੍ਹਾਂ ਦਾ ਇਕ ਹਜ਼ਾਰ ਸਾਲ ਪੁਰਾਣਾ ਇਤਿਹਾਸ ਹੈ?''
ਪਿਛਲੇ ਸਾਲ ਕਿੰਗਜ਼ ਕਾਲਜ ਲੰਡਨ ਵਿਚ ਅਜਿਹੀ ਹੀ ਇਕ ਚਰਚਾ ਦੌਰਾਨ ਕਿਸੇ ਨੇ ਇੰਗਲਿਸ਼ ਕ੍ਰਿਕਟ ਟੀਮ ਵਿਚ 4 ਮੁਸਲਮਾਨ ਖਿਡਾਰੀਆਂ ਦੀ ਮੌਜੂਦਗੀ ਵੱਲ ਇਸ਼ਾਰਾ ਕੀਤਾ ਸੀ। ਇਸ ਵਾਰ ਤਾਂ ਮੈਨੂੰ ਲੱਗਦਾ ਹੈ ਕਿ ਡਬਲਯੂ. ਜੀ. ਗ੍ਰੇਸ ਤੋਂ ਵੀ ਲੰਮੀ ਦਾੜ੍ਹੀ ਵਾਲੇ ਅਤੇ ਹਮੇਸ਼ਾ ਟੀਮ ਵਿਚ ਬਣੇ ਰਹਿਣ ਵਾਲੇ ਮੋਇਨ ਅਲੀ ਵੀ ਟੀਮ ਵਿਚ ਸ਼ਾਮਲ ਨਹੀਂ ਹਨ।
9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਵਿਰੁੱਧ ਜੋ ਜੰਗ ਸ਼ੁਰੂ ਹੋਈ ਸੀ, ਉਸ ਨਾਲ ਜ਼ਿਆਦਾਤਰ ਲੋਕਤੰਤਰਿਕ ਦੇਸ਼ਾਂ ਵਿਚ ਸੱਤਾ ਨੂੰ ਪਿੱਛਿਓਂ ਕੰਟਰੋਲ ਕਰਨ ਵਾਲੇ ਲੋਕਾਂ ਦੇ ਹੱਥਾਂ ਵਿਚ ਕੁਝ ਅਸਾਧਾਰਨ ਤਾਕਤਾਂ ਆ ਗਈਆਂ ਸਨ ਅਤੇ ਬ੍ਰਿਟੇਨ ਵਿਚ ਵੀ ਅਜਿਹਾ ਹੀ ਹੋਇਆ ਸੀ ਪਰ ਇਸ ਦੇਸ਼ ਵਿਚ ਕਾਨੂੰਨ ਦਾ ਰਾਜ ਇੰਨਾ ਮਜ਼ਬੂਤ ਸੀ ਕਿ ਸੰਸਥਾਗਤ ਪੱਧਰ 'ਤੇ ਅਗਾਊਂ ਧਾਰਨਾਵਾਂ ਡੂੰਘੀਆਂ ਜੜ੍ਹਾਂ ਨਹੀਂ ਫੜ ਸਕੀਆਂ। ਲੰਡਨ ਤੋਂ ਮਾਨਚੈਸਟਰ ਤਕ ਦੀ ਸੰਖੇਪ ਜਿਹੀ ਯਾਤਰਾ ਮੇਰੇ ਲਈ ਅੱਖਾਂ ਖੋਲ੍ਹਣ ਵਾਲੀ ਸੀ।
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੇ ਇਕ ਪ੍ਰਸਿੱਧ ਮਨੋਰੋਗਾਂ ਬਾਰੇ ਡਾਕਟਰ ਨੇ ਮੇਰੀ ਭੈਣ ਨਾਲ ਵਿਆਹ ਕਰਵਾਇਆ ਸੀ ਤੇ 3 ਸਾਲ ਪਹਿਲਾਂ ਦਿਮਾਗੀ ਦੌਰਾ ਪੈਣ ਦੇ ਸਮੇਂ ਤੋਂ ਹੀ ਉਹ ਬਿਸਤਰੇ 'ਤੇ ਸੀ। ਹਸਪਤਾਲਾਂ ਵਿਚ ਉਸ ਦੀ ਜਿੰਨੀ ਸਾਂਭ-ਸੰਭਾਲ ਹੋ ਰਹੀ ਸੀ, ਉਸ 'ਤੇ ਅੱਖੀਂ ਦੇਖਣ ਨਾਲ ਹੀ ਭਰੋਸਾ ਕੀਤਾ ਜਾ ਸਕਦਾ ਹੈ। 24 ਘੰਟੇ ਸੱਤੇ ਦਿਨ ਡਾਕਟਰੀ ਨਿਗਰਾਨੀ ਵਿਚ ਉਸ ਦਾ ਇਲਾਜ ਚੱਲਦਾ ਹੈ। ਦਿਨ ਭਰ ਵਾਰੀ-ਵਾਰੀ ਉਸ ਦੀ ਦੇਖਭਾਲ ਕਰਨ ਵਾਲੇ ਅੰਗਰੇਜ਼ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਬਣ ਚੁੱਕੇ ਹਨ। ਜੇ ਇਹ ਕਿਹਾ ਜਾਵੇ ਕਿ ਮੇਰੀ ਭੈਣ ਵਲੋਂ ਤਿਆਰ ਕੀਤੇ ਜਾਣ ਵਾਲੇ ਸੁਆਦੀ ਪਕਵਾਨਾਂ ਦੀ ਵਜ੍ਹਾ ਕਰਕੇ ਉਹ ਪਰਿਵਾਰ ਦਾ ਹਿੱਸਾ ਬਣ ਗਏ ਹਨ ਤਾਂ ਇਹ ਉਨ੍ਹਾਂ 'ਤੇ 'ਲਾਲਚ ਦਾ ਦੋਸ਼' ਲਾਉਣ ਵਾਂਗ ਹੋਵੇਗਾ।
ਇਕ ਦਿਨ ਸ਼ਾਮ ਨੂੰ ਇਫ਼ਤਾਰ ਤੋਂ ਬਾਅਦ ਮੈਨੂੰ 'ਸਰਵ ਧਰਮ ਚਰਚਾ' ਲਈ ਸੱਦਿਆ ਗਿਆ, ਜੋ ਮੇਰੇ ਲਈ ਕਾਫੀ ਹੈਰਾਨ ਕਰਨ ਵਾਲੀ ਸੀ ਕਿਉਂਕਿ ਉਸ ਦਾ ਵਿਸ਼ਾ ਸੀ 'ਵੇਵ ਆਫ ਪਾਪੁਲਿਜ਼ਮ ਇਨ ਯੂਰਪ' (ਯੂਰਪ ਵਿਚ ਹਰਮਨਪਿਆਰਤਾ ਦੀ ਲਹਿਰ), ਫਿਰ ਵੀ ਇਹ ਚਰਚਾ ਬਹੁਤ ਵੱਕਾਰਮਈ ਸੀ। ਇਸ ਤੋਂ ਪਹਿਲਾਂ ਲੰਡਨ ਵਿਚ ਮੈਂ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਅਤੇ ਵੱਖ-ਵੱਖ ਚਰਚਾਂ ਦੇ ਪਾਦਰੀਆਂ ਨਾਲ ਮੁਲਾਕਾਤ ਕੀਤੀ ਸੀ। ਚਰਚਾਂ ਵਿਚ ਤਾਂ ਮੈਂ ਫਿੰਸਬਰੀ ਪਾਰਕ ਮਸਜਿਦ ਦੇ ਬਾਹਰ 'ਸਟ੍ਰੀਟ ਇਫਤਾਰ ਪਾਰਟੀ' ਵਿਚ ਵੀ ਸ਼ਿਰਕਤ ਕੀਤੀ ਸੀ। ਉਸ ਪਾਰਟੀ ਵਿਚ ਅੰਗਰੇਜ਼ ਬਹੁਤ ਉਤਸ਼ਾਹ ਨਾਲ ਸ਼ਾਮਲ ਹੋਏ ਸਨ।
ਅੱਤਵਾਦ ਵਿਰੁੱਧ ਲੜਾਈ ਵਿਚ ਹਰ ਜਗ੍ਹਾ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ ਸੀ, ਖਾਸ ਤੌਰ 'ਤੇ ਟੋਨੀ ਬਲੇਅਰ ਦੇ ਕਾਰਜਕਾਲ ਦੌਰਾਨ ਪਰ ਉਸ ਦੌਰ ਦੀਆਂ ਵਧੀਕੀਆਂ ਨੇ ਆਮ ਲੋਕਾਂ ਵਿਚ ਅਪਰਾਧ-ਬੋਧ ਦੇ ਨਾਲ-ਨਾਲ ਦਇਆ ਦੀ ਭਾਵਨਾ ਵੀ ਪੈਦਾ ਕਰ ਦਿੱਤੀ ਸੀ। ਫਿਰ ਵੀ ਬ੍ਰਿਟੇਨ ਵਿਚ ਮੁਸਲਮਾਨਾਂ 'ਤੇ ਅੱਤਵਾਦ ਦੇ ਨਾਂ 'ਤੇ ਬਣਾਏ ਫੋਕਸ ਦੇ ਮੱਦੇਨਜ਼ਰ ਉਥੇ ਰਹਿਣ ਵਾਲੇ ਸਮੁੱਚੇ ਦੱਖਣ ਏਸ਼ੀਆਈ ਭਾਈਚਾਰੇ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
ਹਾਲ ਹੀ ਦੇ ਇਕ ਅਧਿਐਨ ਤੋਂ ਖੁਲਾਸਾ ਹੋਇਆ ਹੈ ਕਿ ਸਥਾਨਕ ਲੋਕਾਂ ਦੀਆਂ ਨਜ਼ਰਾਂ ਵਿਚ ਦੱਖਣ ਏਸ਼ੀਆਈ ਲੋਕਾਂ 'ਚੋਂ ਪਾਕਿਸਤਾਨੀਆਂ ਦਾ ਅਕਸ ਸਭ ਤੋਂ ਨਾਂਹਪੱਖੀ ਹੈ। ਪਿਛਲੇ ਮਹੀਨੇ 1668 ਬ੍ਰਿਟਿਸ਼ ਬਾਲਗਾਂ ਨੂੰ ਇਹ ਪੁੱਛਿਆ ਗਿਆ ਕਿ ਭਾਰਤੀ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਬ੍ਰਿਟੇਨ ਦੇ ਜਨਜੀਵਨ 'ਤੇ ਹਾਂਪੱਖੀ ਅਸਰ ਛੱਡਦੇ ਹਨ ਜਾਂ ਨਾਂਹਪੱਖੀ? ਇਸ ਦੇ ਜਵਾਬ ਵਿਚ ਸਾਰਿਆਂ ਨੇ ਭਾਰਤੀਆਂ ਨੂੰ ਹਾਂਪੱਖੀ ਅਕਸ ਦੇ ਮਾਮਲੇ ਵਿਚ ਸਭ ਤੋਂ ਅੱਗੇ ਦੱਸਿਆ। ਜਿਨ੍ਹਾਂ ਲੋਕਾਂ ਤੋਂ ਸੁਆਲ ਪੁੱਛੇ ਗਏ ਸਨ, ਉਨ੍ਹਾਂ 'ਚੋਂ 25 ਫੀਸਦੀ ਨੇ ਕਿਹਾ ਕਿ ਭਾਰਤੀਆਂ ਦਾ ਯੋਗਦਾਨ ਹਾਂਪੱਖੀ ਹੈ। ਜਦੋਂ ਹਾਂਪੱਖੀ ਅਤੇ ਨਾਂਹਪੱਖੀ ਅੰਕੜਿਆਂ ਦੀ ਤੁਲਨਾ ਕੀਤੀ ਗਈ ਤਾਂ ਪਾਕਿਸਤਾਨੀਆਂ ਦਾ ਸਕੋਰ-4 ਅਤੇ ਬੰਗਲਾਦੇਸ਼ੀਆਂ ਦਾ ਸਕੋਰ-3 ਸੀ।
ਸਪੱਸ਼ਟ ਹੈ ਕਿ ਆਪਣੀ ਆਬਾਦੀ ਦੇ ਹਿਸਾਬ ਨਾਲ ਪਾਕਿਸਤਾਨ ਤੇ ਬੰਗਲਾਦੇਸ਼ ਦੇ ਬਹੁਤ ਘੱਟ ਮੁਸਲਮਾਨ ਉੱਚ ਅਹੁਦਿਆਂ 'ਤੇ ਪਹੁੰਚ ਸਕੇ ਹਨ, ਜਦਕਿ ਵੱਖ-ਵੱਖ ਖੇਤਰਾਂ ਵਿਚ ਉੱਚੇ ਅਹੁਦਿਆਂ 'ਤੇ ਪਹੁੰਚੇ ਦੱਖਣ ਏਸ਼ੀਆਈ ਲੋਕਾਂ 'ਚੋਂ ਜ਼ਿਆਦਾਤਰ ਹਿੰਦੂ ਹੀ ਹਨ।
ਇਸ ਅਸੰਤੁਲਨ ਦੀਆਂ ਜੜ੍ਹਾਂ ਭਾਰਤ ਦੇ ਸਮਾਜਿਕ ਇਤਿਹਾਸ 'ਚੋਂ ਲੱਭੀਆਂ ਜਾ ਸਕਦੀਆਂ ਹਨ। ਬਹੁਗਿਣਤੀ ਭਾਈਚਾਰੇ ਨੇ 19ਵੀਂ ਸਦੀ ਦੇ ਆਖਰੀ ਸਾਲਾਂ ਦੌਰਾਨ ਹੀ ਪੱਛਮੀ ਸਿੱਖਿਆ ਨੂੰ ਅਪਣਾ ਲਿਆ ਸੀ, ਜਦਕਿ ਮੁਸਲਮਾਨ ਲੰਮੇ ਸਮੇਂ ਤਕ ਆਪਣੇ ਸਾਮੰਤਵਾਦੀ ਦੌਰ ਦੀਆਂ ਯਾਦਾਂ ਅਤੇ ਉਰਦੂ ਸੱਭਿਅਤਾ ਵਿਚ ਹੀ ਫਸੇ ਰਹੇ।
ਆਪਣੇ ਮੁੱਢਲੇ ਸਾਲਾਂ ਵਿਚ ਮੈਂ ਦੇਖਿਆ ਸੀ ਕਿ 50 ਸਾਲ ਪਹਿਲਾਂ ਗੋਰਾ ਨਸਲਵਾਦੀ ਇਨੋਕ ਪਾਵੇਲ ਕਿਸ ਤਰ੍ਹਾਂ ਏਸ਼ੀਆਈ ਪ੍ਰਵਾਸੀਆਂ ਵਿਰੁੱਧ ਜ਼ਹਿਰ ਉਗਲਦਾ ਸੀ। ਉਸ ਦੌਰ ਵਿਚ ਉਦਾਰਵਾਦੀ ਮੀਡੀਆ ਨੇ ਪਾਵੇਲ ਨੂੰ ਜ਼ੋਰਦਾਰ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਇਕ ਵਾਰ ਤਾਂ ਇੰਝ ਲੱਗਾ ਕਿ ਪਾਵੇਲ ਦਾ ਪ੍ਰਭਾਵ ਘੱਟ ਰਿਹਾ ਹੈ ਪਰ ਛੇਤੀ ਹੀ ਬ੍ਰਿਟੇਨ ਵਿਚ ਗਲੀਆਂ ਅਤੇ ਸੜਕਾਂ 'ਤੇ ਨਸਲਵਾਦ ਦੀ ਇਕ ਨਵੀਂ ਲਹਿਰ ਦੇਖਣ ਨੂੰ ਮਿਲੀ, ਜਿਸ ਦਾ ਨਾਅਰਾ ਸੀ 'ਪਾਕੀਆਂ ਨੂੰ ਮਾਰੋ।'
ਪਰ ਬ੍ਰਿਟੇਨ ਵਿਚ ਅਜਿਹੇ ਉਤਰਾਅ-ਚੜ੍ਹਾਅ ਕਦੇ ਵੀ ਮੁੱਖ ਧਾਰਾ ਦਾ ਰੂਪ ਅਖਤਿਆਰ ਨਹੀਂ ਕਰ ਸਕੇ। ਉਥੇ ਕਾਨੂੰਨ ਦਾ ਰਾਜ ਹੀ ਉਥੋਂ ਦੀ ਮੁੱਖ ਧਾਰਾ ਬਣਿਆ ਰਿਹਾ ਹੈ ਤੇ ਇਹੋ ਉਹ ਆਧਾਰ ਹੈ, ਜੋ ਮੁੱਖ ਤੌਰ 'ਤੇ ਸਾਜਿਦ ਜਾਵੇਦ ਅਤੇ ਸਾਦਿਕ ਖਾਨ ਵਰਗਿਆਂ ਦੇ ਉੱਥਾਨ ਦੀ ਵਜ੍ਹਾ ਬਣਿਆ ਹੈ।
ਉਂਝ ਸੰਤਰਿਆਂ ਅਤੇ ਸੇਬਾਂ ਦੀ ਆਪਸ ਵਿਚ ਤੁਲਨਾ ਕਰਨਾ ਬੇਹੂਦਾ ਹੈ। ਸਾਡੀ ਸੱਭਿਅਤਾ ਦਾ ਖਜ਼ਾਨਾ ਆਪਣੇ ਆਪ ਵਿਚ ਬੇਮਿਸਾਲ ਹੈ ਅਤੇ ਸਾਡੀ ਵੰਨ-ਸੁਵੰਨਤਾ ਹੈਰਾਨ ਕਰ ਦੇਣ ਵਾਲੀ ਹੈ। ਸਾਡੇ ਦੇਸ਼ ਵਿਚ ਵੀ ਬ੍ਰਿਟੇਨ ਵਰਗੀ ਘਟਨਾ ਸਾਕਾਰ ਹੋ ਸਕਦੀ ਸੀ ਪਰ ਸਾਡੇ ਸਿਆਸਤਦਾਨਾਂ ਨੇ ਪਹਿਲੇ ਦਿਨ ਤੋਂ ਹੀ ਸਭ ਗੁੜ-ਗੋਬਰ ਕਰ ਦਿੱਤਾ।
ਹੁਣ ਕਸ਼ਮੀਰ 'ਚ ਧਾਰਾ 370 ਹਟਾਉਣ ਦਾ ਸਮਾਂ
NEXT STORY