ਭਾਰਤ, ਚੀਨ ਅਤੇ ਅਮਰੀਕਾ ਦੇ ਦਰਮਿਆਨ ਅੱਜਕਲ ਜੋ ਨੋਕ-ਝੋਕ ਹੋ ਰਹੀ ਹੈ ਉਹ ਬੜੀ ਮਜ਼ੇਦਾਰ ਹੈ। ਉਸ ਦੇ ਤਰ੍ਹਾਂ-ਤਰ੍ਹਾਂ ਦੇ ਅਰਥ ਕੱਢੇ ਜਾ ਸਕਦੇ ਹਨ। ਚੀਨੀ ਸਰਕਾਰ ਦੇ ਬੁਲਾਰੇ ਨੇ ਇਕ ਬਿਆਨ ਦੇ ਕੇ ਕਿਹਾ ਹੈ ਕਿ ਉੱਤਰਾਖੰਡ ’ਚ ਭਾਰਤ-ਚੀਨ ਸਰਹੱਦ ’ਤੇ ਅਮਰੀਕੀ ਅਤੇ ਭਾਰਤੀ ਫੌਜ ਦਾ ਜੋ ‘ਜੰਗੀ ਅਭਿਆਸ’ ਚੱਲ ਰਿਹਾ ਹੈ, ਉਹ ਬਿਲਕੁਲ ਅਣਉਚਿਤ ਹੈ ਅਤੇ ਇਹ 1993-1996 ਦੇ ਭਾਰਤ-ਚੀਨ ਸਮਝੌਤਿਆਂ ਦੀ ਸਰਾਸਰ ਉਲੰਘਣਾ ਹੈ। ਸੱਚਾਈ ਤਾਂ ਇਹ ਹੈ ਕਿ ਮਈ 2020 ’ਚ ਚੀਨ ਨੇ ਗਲਵਾਨ ਇਲਾਕੇ ’ਚ ਆਪਣੇ ਫੌਜੀ ਭੇਜ ਕੇ ਹੀ ਉਕਤ ਸਮਝੌਤੇ ਦੀ ਉਲੰਘਣਾ ਕਰ ਦਿੱਤੀ ਸੀ। ਅਸਲ ’ਚ ਭਾਰਤ-ਅਮਰੀਕਾ ਦਾ ਇਹ ਜੰਗੀ ਅਭਿਆਸ ਚੀਨ ਵਿਰੋਧੀ ਹਥਕੰਡਾ ਨਹੀਂ ਹੈ। ਦੋਵੇਂ ਰਾਸ਼ਟਰ ਇਸ ਤਰ੍ਹਾਂ ਦੇ ਕਈ ਜੰਗੀ ਅਭਿਆਸ ਥਾਂ-ਥਾਂ ’ਤੇ ਕਰ ਚੁੱਕੇ ਹਨ। ਇਹ ਚੀਨ ਨੂੰ ਧਮਕਾਉਣ ਦਾ ਕੋਈ ਪੈਂਤੜਾ ਵੀ ਨਹੀਂ ਹੈ। ਇਹ ਤਾਂ ਅਸਲ ’ਚ ਹਿਮਾਲਿਆ-ਇਲਾਕਿਆਂ ਵਿਚ ਅਚਾਨਕ ਆਉਣ ਵਾਲੇ ਭੂਚਾਲ, ਹੜ੍ਹ, ਪਹਾੜਾਂ ਦਾ ਟੁੱਟਣਾ, ਜ਼ਮੀਨ ਫਟਣ ਵਰਗੀਆਂ ਭਿਆਨਕ ਹਾਲਤਾਂ ਦਾ ਸਾਹਮਣਾ ਕਰਨ ਦਾ ਪੂਰਵ ਅਭਿਆਸ ਹੈ। ਕੁਦਰਤੀ ਸੰਕਟ ਨਾਲ ਗ੍ਰਸਤ ਲੋਕਾਂ ਦੀ ਮਦਦ ਲਈ ਹਸਪਤਾਲ ਤੁਰੰਤ ਕਿਵੇਂ ਖੜ੍ਹੇ ਕੀਤੇ ਜਾਣ, ਹੈਲੀਪੈਡ ਕਿਵੇਂ ਬਣਾਏ ਜਾਣ, ਪੁਲ ਅਤੇ ਸੜਕਾਂ ਕਾਹਲੀ-ਕਾਹਲੀ ’ਚ ਕਿਵੇਂ ਤਿਆਰ ਕੀਤੇ ਜਾਣ ਅਤੇ ਜ਼ਖਮੀਆਂ ਦੀ ਜ਼ਿੰਦਗੀ ਕਿਵੇਂ ਬਚਾਈ ਜਾਵੇ, ਇਨ੍ਹਾਂ ਸਾਰੇ ਕੰਮਾਂ ਦਾ ਅਭਿਆਸ ਇਹ ਦੋਵੇਂ ਫੌਜਾਂ ਰਲ ਕੇ ਕਰ ਰਹੀਆਂ ਹਨ। ਇਹ ਸਭ ਕਿਰਿਆ-ਕਰਮ ਚੀਨ ਦੀ ਸਰਹੱਦ ਤੋਂ ਲਗਭਗ 100 ਮੀਲ ਦੂਰ ਭਾਰਤ ਦੀ ਸਰਹੱਦ ਵਿਚ ਹੋ ਰਿਹਾ ਹੈ ਪਰ ਲੱਗਦਾ ਹੈ ਕਿ ਚੀਨ ਇਸ ਲਈ ਚਿੜਿਆ ਹੋਇਆ ਹੈ ਕਿ ਅਮਰੀਕਾ ਦੇ ਨਾਲ ਉਸ ਦੇ ਸਬੰਧ ਅੱਜਕਲ ਕਾਫੀ ਦੁਸ਼ਮਣੀ ਵਾਲੇ ਹੋ ਗਏ ਹਨ। ਇਹ ਤੱਥ ਚੀਨੀ ਬੁਲਾਰੇ ਦੇ ਇਸ ਕਥਨ ਤੋਂ ਵੀ ਸੱਚ ਸਾਬਿਤ ਹੁੰਦਾ ਹੈ ਕਿ ਅਮਰੀਕਾ ਦੀ ਕੋਸ਼ਿਸ਼ ਇਹੀ ਹੈ ਕਿ ਭਾਰਤ ਅਤੇ ਚੀਨ ਦੇ ਰਿਸ਼ਤਿਆਂ ’ਚ ਵਿਗਾੜ ਹੋ ਜਾਵੇ।
ਚੀਨ ਨਹੀਂ ਚਾਹੁੰਦਾ ਕਿ ਉਸ ਦੇ ਗੁਆਂਢੀ ਭਾਰਤ ਦੇ ਨਾਲ ਉਸ ਦੇ ਰਿਸ਼ਤੇ ਖਰਾਬ ਹੋਣ। ਜੇਕਰ ਸੱਚਮੁਚ ਅਜਿਹਾ ਹੈ ਤਾਂ ਚੀਨੀ ਹਾਕਮਾਂ ਕੋਲੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਹਿੰਦ-ਮਹਾਸਾਗਰ ਖੇਤਰ ਵਿਚ ਚੀਨ ਆਪਣੇ ਜੰਗੀ ਜਹਾਜ਼ ਕਿਉਂ ਅੜਾਈ ਰੱਖਦਾ ਹੈ? ਉਹ ਸ਼੍ਰੀਲੰਕਾ, ਮਾਲਦੀਵ, ਮਿਆਂਮਾਰ ਅਤੇ ਨੇਪਾਲ ’ਚ ਵੀ ਆਪਣਾ ਜੰਗੀ ਗਲਬਾ ਕਾਇਮ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ। ਪਾਕਿਸਤਾਨ ਤਾਂ ਚੀਨ ਦੀ ਮਦਦ ਦੇ ਦਮ ’ਤੇ ਹੀ ਭਾਰਤ ’ਤੇ ਦਾਅਵਾ ਠੋਕਦਾ ਰਹਿੰਦਾ ਹੈ। ਕੀ ਕਾਰਨ ਹੈ ਕਿ ਚੀਨ ਦਾ 2021 ਦਾ ਫੌਜੀ ਬਜਟ ਜੋ ਕਿ 209 ਬਿਲੀਅਨ ਡਾਲਰ ਦਾ ਸੀ, ਉਹ ਭਾਰਤ, ਜਾਪਾਨ, ਦੱਖਣੀ ਕੋਰੀਆ ਅਤੇ ਤਾਈਵਾਨ ਦੇ ਕੁੱਲ ਬਜਟਾਂ ਦੇ ਜੋੜ ਤੋਂ ਵੀ ਵੱਧ ਸੀ। ਚੀਨ ਦਾ ਇਕ ਪਾਸੇ ਇਹ ਕਹਿਣਾ ਕਿ ਭਾਰਤ ਨਾਲ ਆਪਣੇ ਸਬੰਧ ਚੰਗੇ ਬਣਾਉਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਉਹ ਆਪਣੇ ਅਮਰੀਕਾ-ਵਿਰੋਧੀ ਵਤੀਰੇ ਨੂੰ ਦਰਮਿਆਨ ’ਚ ਘਸੀਟ ਲਿਆਉਂਦਾ ਹੈ। ਭਾਰਤ ਦੀ ਨੀਤੀ ਤਾਂ ਇਹ ਹੈ ਕਿ ਉਹ ਅਮਰੀਕਾ ਤੇ ਚੀਨ ਅਤੇ ਅਮਰੀਕਾ ਤੇ ਰੂਸ ਦੇ ਝਗੜਿਆਂ ’ਚ ਨਿਰਪੱਖ ਬਣਿਆ ਰਹਿੰਦਾ ਹੈ। ਨਾ ਤਾਂ ਉਹ ਚੀਨ-ਵਿਰੋਧੀ ਅਤੇ ਨਾ ਹੀ ਰੂਸ-ਵਿਰੋਧੀ ਬਿਆਨਾਂ ਦਾ ਸਮਰਥਨ ਕਰਦਾ ਹੈ। ਅਮਰੀਕਾ ਨਾਲ ਉਸ ਦੇ ਦੋ-ਪੱਖੀ ਸਬੰਧ ਸ਼ੁੱਧ ਆਪਣੇ ਦਮ ’ਤੇ ਹਨ। ਇਸ ਲਈ ਚੀਨ ਦਾ ਚਿੰਤਿਤ ਹੋਣਾ ਬੇਲੋੋੜਾ ਹੈ।
ਡਾ. ਵੇਦਪ੍ਰਤਾਪ ਵੈਦਿਕ
ਅਸੀਂ ਕਦੋਂ ਆਪਣੇ ਨਾਇਕਾਂ ਨੂੰ ਪਛਾਣਾਂਗੇ?
NEXT STORY