ਸਾਊਥੰਪਟਨ— ਜ਼ੋਫ੍ਰਾ ਆਰਚਰ (30 ਦੌੜਾਂ 'ਤੇ 3 ਵਿਕਟਾਂ) ਤੇ ਮਾਰਕ ਵੁਡ (18 ਦੌੜਾਂ 'ਤੇ 3 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਜੋ ਰੂਟ (ਅਜੇਤੂ 100) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ ਸ਼ੁੱਕਰਵਾਰ ਨੂੰ ਇਕਪਾਸੜ ਅੰਦਾਜ਼ ਵਿਚ 8 ਵਿਕਟਾਂ ਨਾਲ ਹਰਾ ਦਿੱਤਾ।
ਇੰਗਲੈਂਡ ਨੇ ਵੈਸਟਇੰਡੀਜ਼ ਨੂੰ 44.4 ਓਵਰਾਂ 'ਚ 212 ਦੌੜਾਂ 'ਤੇ ਆਲ ਆਊਟ ਕਰਨ ਤੋਂ ਬਾਅਦ 33.1 ਓਵਰਾਂ ਵਿਚ ਹੀ 2 ਵਿਕਟਾਂ 'ਤੇ 213 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ।
ਰੂਟ ਨੇ 94 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਰੂਟ ਨੇ ਜਾਨੀ ਬੇਅਰਸਟੋ ਦੇ ਨਾਲ ਪਹਿਲੀ ਵਿਕਟ ਲਈ 95 ਦੌੜਾਂ ਤੇ ਕ੍ਰਿਸ ਵੋਕਸ ਦੇ ਨਾਲ ਦੂਜੀ ਵਿਕਟ ਲਈ 104 ਦੌੜਾਂ ਜੋੜੀਆਂ। ਬੇਅਰਸਟੋ ਨੇ 46 ਗੇਂਦਾਂ 'ਤੇ 45 ਦੌੜਾਂ ਵਿਚ 7 ਚੌਕੇ ਲਗਾਏ, ਜਦਕਿ ਵੋਕਸ ਨੇ 54 ਗੇਂਦਾਂ 'ਤੇ 40 ਦੌੜਾਂ 'ਚ 4 ਚੌਕੇ ਲਾਏ।। ਬੇਨ ਸਟੋਕਸ 10 ਦੌੜਾਂ 'ਤੇ ਅਜੇਤੂ ਰਿਹਾ। ਇੰਗਲੈਂਡ ਦੀਆਂ ਦੋਵੇਂ ਵਿਕਟਾਂ ਸ਼ੈਨਨ ਗੈਬ੍ਰੀਏਲ ਨੇ ਲਈਆਂ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਪਾਰੀ ਵਿਚ ਨਿਕੋਲਸ ਪੂਰਨ ਨੇ 78 ਗੇਂਦਾਂ ਵਿਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸਭ ਤੋਂ ਵੱਧ 63 ਦੌੜਾਂ ਬਣਾਈਆਂ, ਜਦਕਿ ਓਪਨਰ ਕ੍ਰਿਸ ਗੇਲ ਨੇ 41 ਗੇਂਦਾਂ ਵਿਚ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 36 ਦੌੜਾਂ, ਸ਼ਿਮਰੋਨ ਹੈੱਟਮਾਇਰ ਨੇ 48 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 39 ਦੌੜਾਂ ਤੇ ਆਂਦ੍ਰੇ ਰਸੇਲ ਨੇ 16 ਗੇਂਦਾਂ ਵਿਚ ਇਕ ਚੌਕੇ ਤੇ ਦੋ ਛੱਕੇ ਲਾਉਂਦਿਆਂ 21 ਦੌੜਾਂ ਬਣਾਈਆਂ। ਸ਼ਾਈ ਹੋਪ ਨੇ 11 ਤੇ ਕਾਰਲੋਸ ਬ੍ਰੈੱਥਵੇਟ ਨੇ 14 ਦੌੜਾਂ ਦਾ ਯੋਗਦਾਨ ਦਿੱਤਾ। ਕੈਰੇਬੀਆਈ ਟੀਮ ਇਕ ਸਮੇਂ ਪੂਰਨ ਤੇ ਹੈੱਟਮਾਇਰ ਵਿਚਾਲੇ 89 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਚੰਗੇ ਸਕੋਰ ਵੱਲ ਵਧ ਰਹੀ ਸੀ ਪਰ ਉਸ ਨੇ ਆਪਣੀਆਂ ਆਖਰੀ 7 ਵਿਕਟਾਂ 68 ਦੌੜਾਂ ਜੋੜ ਕੇ ਗੁਆ ਦਿੱਤੀਆਂ। ਉਸਦੀਆਂ ਆਖਰੀ 5 ਵਿਕਟਾਂ ਤਾਂ 24 ਦੌੜਾਂ ਜੋੜ ਕੇ ਡਿਗੀਆਂ।
ਆਰਚਰ ਨੇ 9 ਓਵਰਾਂ ਵਿਚ 30 ਦੌੜਾਂ 'ਤੇ 3 ਵਿਕਟਾਂ, ਵੁਡ ਨੇ 6.4 ਓਵਰਾਂ ਵਿਚ 18 ਦੌੜਾਂ 'ਤੇ 3 ਵਿਕਟਾਂ, ਜੋ ਰੂਟ ਨੇ 27 ਦੌੜਾਂ 'ਤੇ 2 ਵਿਕਟਾਂ, ਕ੍ਰਿਸ ਵੋਕਸ ਨੇ 16 ਦੌੜਾਂ 'ਤੇ 1 ਵਿਕਟ ਤੇ ਲਿਆਮ ਪਲੰਕੇਟ ਨੇ 30 ਦੌੜਾਂ 'ਤੇ ਇਕ ਵਿਕਟ ਲਈ। ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।

ਟੀਮਾਂ -
ਇੰਗਲੈਂਡ : ਜੇਸਨ ਰਾਏ, ਜਾਨੀ ਬੇਅਰਸਟੋ, ਜੋ ਰੂਟ, ਈਓਨ ਮੋਰਗਨ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਬੇਨ ਸਟੋਕਸ, ਕ੍ਰਿਸ ਵੋਕਸ, ਲੀਆਮ ਪਲੰਨਕੇਟ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁੱਡ, ਟਾਮ ਕੁਰੇਨ, ਮੋਇਨ ਅਲੀ, ਜੇਮਸ ਵਿੰਸ, ਲੀਆਮ ਡਾਸਨ
ਵੈਸਟਇੰਡੀਜ਼ : ਕ੍ਰਿਸ ਗੇਲ, ਸ਼ਾਈ ਹੋਪ (ਵਿਕਟਕੀਪਰ), ਡੈਰੇਨ ਬਰਾਵੋ, ਸ਼ਿਮਰੋਨ ਹੈਟਮੀਅਰ, ਨਿਕੋਲਸ ਪੂਰਨ, ਜੇਸਨ ਹੋਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਐਸ਼ਲ ਨਰਸ, ਕੇਮਾਰ ਰੋਚ, ਸ਼ੇਲਡਨ ਕਾਟਰੇਲ, ਓਸ਼ਾਨੇ ਥਾਮਸ, ਇਵਨ ਲੇਵਿਸ, ਆਂਦਰੇ ਰਸੇਲ, ਸ਼ੈਨਨ ਗੈਬਰੀਅਲ, ਫੈਬੀਅਨ ਐਲੇਨ
ਭਾਰਤ-ਪਾਕਿ ਮੈਚ ਨੂੰ ਲੈ ਕੇ ਸਹਿਵਾਗ ਦਾ ਵੱਡਾ ਬਿਆਨ, ਕਿਹਾ-ਟੀਮ ਇੰਡੀਆ ਹੀ ਜਿੱਤੇਗੀ
NEXT STORY