ਸਪੋਰਟਸ ਡੈਸਕ- ਅਮਰੀਕਾ ਤੇ ਵੈਸਟਇੰਡੀਜ਼ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ 1 ਜੂਨ ਨੂੰ ਨਿਊਯਾਰਕ 'ਚ ਖੇਡੇ ਗਏ ਵਿਸ਼ਵ ਕੱਪ ਦੇ ਅਭਿਆਸ ਮੈਚ 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੰਗਲਾਦੇਸ਼ ਨੂੰ ਇਕਤਰਫ਼ਾ ਅੰਦਾਜ਼ 'ਚ 60 ਦੌੜਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ ਇਹ ਮੁਕਾਬਲਾ ਭਾਰਤ ਨੇ ਜਿੱਤ ਲਿਆ ਹੈ, ਪਰ ਇਸ ਮੈਚ ਦੌਰਾਨ ਇਕ ਹੋਰ ਵੀ ਘਟਨਾ ਵਾਪਰੀ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਅਸਲ 'ਚ ਜਦੋਂ ਭਾਰਤੀ ਟੀਮ ਗੇਂਦਬਾਜ਼ੀ ਕਰ ਰਹੀ ਸੀ ਤਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 30 ਮੀਟਰ ਦੇ ਘੇਰੇ ਦੇ ਅੰਦਰ ਹੀ ਫੀਲਡਿੰਗ ਕਰ ਰਹੇ ਸਨ। ਸਾਰੇ ਖਿਡਾਰੀ ਆਪਣੇ ਧਿਆਨ 'ਚ ਮੈਚ ਖੇਡ ਰਹੇ ਸਨ।
ਇੰਨੇ ਨੂੰ ਇਕ ਪ੍ਰਸ਼ੰਸਕ ਸੁਰੱਖਿਆ ਦਾ ਘੇਰਾ ਤੋੜ ਕੇ ਮੈਦਾਨ 'ਤੇ ਆ ਗਿਆ ਤੇ ਆ ਕੇ ਉਸ ਨੇ ਰੋਹਿਤ ਸ਼ਰਮਾ ਨੂੰ ਜੱਫੀ ਪਾ ਲਈ। ਰੋਹਿਤ ਨੇ ਵੀ ਉਸ ਨੂੰ ਜੱਫੀ ਪਾਈ ਤੇ ਉਸ ਨੂੰ ਵਾਪਸ ਜਾਣ ਲਈ ਕਿਹਾ।
ਸੁਰੱਖਿਆ ਤੋੜ ਕੇ ਪ੍ਰਸ਼ੰਸਕ ਨੂੰ ਮੈਦਾਨ 'ਤੇ ਆਉਂਦਿਆਂ ਦੇਖ ਕੇ ਸੁਰੱਖਿਆ ਕਰਮਚਾਰੀ ਵੀ ਮੈਦਾਨ 'ਤੇ ਭੱਜੇ ਆਏ ਤੇ ਆ ਕੇ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਕੇ ਉਸ ਦੀ ਚੰਗੀ ਖਾਤਿਰਦਾਰੀ ਕੀਤੀ।
ਇਸ ਦੌਰਾਨ ਜਦੋਂ ਰੋਹਿਤ ਸ਼ਰਮਾ ਨੇ ਸੁਰੱਖਿਆ ਕਰਮਚਾਰੀਆਂ ਨੂੰ ਉਸ ਪ੍ਰਸ਼ੰਸਕ 'ਤੇ ਹੱਥ ਗਰਮ ਕਰਦੇ ਦੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਥੋੜ੍ਹੀ ਨਰਮੀ ਵਰਤਣ ਲਈ ਕਿਹਾ। ਇਸ ਗੱਲ ਨੇ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲ 'ਚ ਰੋਹਿਤ ਸ਼ਰਮਾ ਲਈ ਇੱਜ਼ਤ ਹੋਰ ਵਧਾ ਦਿੱਤੀ ਹੈ।
ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਸ ਨੂੰ ਕਾਬੂ ਕਰ ਕੇ ਮੈਦਾਨ ਤੋਂ ਬਾਹਰ ਲੈ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਅਸਲ 'ਚ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਰੋਹਿਤ ਸ਼ਰਮਾ ਦੇ ਪ੍ਰਸ਼ੰਸਕ ਉਸ ਨੂੰ ਮਿਲਣ ਲਈ ਜਾਂ ਉਸ ਦੇ ਪੈਰ ਛੂਹਣ ਜਾਂ ਜੱਫੀ ਪਾਉਣ ਲਈ ਸੁਰੱਖਿਆ ਟੱਪ ਕੇ ਮੈਦਾਨ 'ਤੇ ਆਏ ਹੋਣ। ਅਜਿਹੇ ਮਾਮਲੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਹਨ। ਪਰ ਰੋਹਿਤ ਸ਼ਰਮਾ ਨੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ ਤੇ ਉਹ ਉਨ੍ਹਾਂ ਨੂੰ ਇੰਨਾ ਪਿਆਰ ਕਰਨ ਲਈ ਹਮੇਸ਼ਾ ਸਲੀਕੇ ਨਾਲ ਮਿਲਦੇ ਹਨ।
ਜੇਕਰ ਗੱਲ ਮੈਚ ਦੀ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 182 ਦੌੜਾਂ ਬਣਾਈਆਂ ਸਨ ਤੇ ਬੰਗਲਾਦੇਸ਼ ਦੀ ਟੀਮ ਇਸ ਟੀਚੇ ਦਾ ਪਿੱਛਾ ਕਰਦੇ ਹੋਏ 122 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਅਭਿਆਸ ਮੈਚ 60 ਦੌੜਾਂ ਨਾਲ ਆਪਣੇ ਨਾਂ ਕਰ ਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
T20 CWC : ਅਭਿਆਸ ਮੈਚ 'ਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਇਕਤਰਫ਼ਾ ਅੰਦਾਜ਼ 'ਚ ਬੰਗਲਾਦੇਸ਼ ਨੂੰ ਹਰਾਇਆ
NEXT STORY