ਸਪੋਰਟਸ ਡੈਸਕ- ਹਿਨਾ ਸਿੱਧੂ ਭਾਰਤੀ ਨਿਸ਼ਾਨੇਬਾਜ਼ੀ ਖੇਡ ਦੇ ਸੁਨਹਿਰੀ ਪੰਨਿਆਂ ’ਚ ਚਮਕਦਾ ਨਾਂ ਹੈ। ਵਿਸ਼ਵ ਰੈਕਿੰਗ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਸ਼ੂਟਰ ਦਾ ਮਾਣ ਹਾਸਲ ਹਿਨਾ ਸਿੱਧੂ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਜਿੱਤਣ ਵਾਲੀ ਵੀ ਪਹਿਲੀ ਭਾਰਤੀ ਪਿਸਟਲ ਸ਼ੂਟਰ ਹੈ। ਹਿਨਾ ਵਿਸ਼ਵ ਰਿਕਾਰਡ ਹੋਲਡਰ ਦੇ ਨਾਲ-ਨਾਲ ਵਿਸ਼ਵ ਕੱਪ ’ਚ ਦੋ ਸੋਨ ਤੇ ਚਾਂਦੀ, ਰਾਸ਼ਟਰਮੰਡਲ ਖੇਡਾਂ ’ਚ ਵੀ ਦੋ ਸੋਨ ਤੇ ਦੋ ਚਾਂਦੀ, ਏਸ਼ੀਆਈ ਖੇਡਾਂ ’ਚ ਇਕ ਚਾਂਦੀ ਤੇ ਦੋ ਕਾਂਸੀ, ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਇਕ ਸੋਨ ਅਤੇ ਏਸ਼ੀਅਨ ਚੈਂਪੀਅਨਸ਼ਿਪ ’ਚ ਇਕ ਸੋਨੇ ਦਾ ਤਮਗਾ ਜਿੱਤ ਚੁੱਕੀ ਹੈ। ਦੋ ਵਾਰ ਦੀ ਓਲੰਪੀਅਨ ਤੇ ਅਰਜੁਨ ਐਵਾਰਡੀ ਹਿਨਾ ਸਿੱਧੂ ਪੰਜਾਬ ’ਚ ਅਵਨੀਤ ਕੌਰ ਸਿੱਧੂ ਤੋਂ ਬਾਅਦ ਦੂਜੀ ਨਿਸ਼ਾਨੇਬਾਜ਼ ਹੈ, ਜਿਸ ਨੇ ਇਸ ਖੇਡ ਨੂੰ ਮਹਿਲਾਵਾਂ ’ਚ ਮਕਬੂਲ ਕੀਤਾ।
ਲੁਧਿਆਣਾ ਵਿਖੇ 29 ਅਗਸਤ 1989 ਨੂੰ ਜਨਮੀ ਹਿਨਾ ਪਟਿਆਲਾ ’ਚ ਪਲੀ ਹੈ ਅਤੇ ਪੂਰੀ ਦੁਨੀਆਂ ’ਚ ਆਪਣੀ ਖੇਡ ਦਾ ਲੋਹਾ ਮਨਵਾਇਆ। ਵਿਆਹ ਉਪਰੰਤ ਉਹ ਮੁੰਬਈ ਦੇ ਗੁਰੇਗਾਓਂ ਦੀ ਵਸਨੀਕ ਬਣ ਗਈ ਹੈ। ਪੇਂਟਿੰਗ ਤੇ ਸਕੈੱਚ ਬਣਾਉਣ ਦੀ ਸ਼ੌਕੀਨ ਹਿਨਾ ਨੇ ਪੜ੍ਹਾਈ ਦੰਦਾਂ ਦੀ ਡਾਕਟਰੀ ਦੀ ਕੀਤੀ ਅਤੇ ਪੇਸ਼ੇ ਵਜੋਂ ਨਿਸ਼ਾਨੇਬਾਜ਼ੀ ਖੇਡ ਨੂੰ ਚੁਣਿਆ। ਹਿਨਾ ਦਾ ਈਵੈਂਟ 10 ਮੀਟਰ ਏਅਰ ਪਿਸਟਲ ਹੈ। ਵਾਈ. ਪੀ. ਐੱਸ.ਪਟਿਆਲਾ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਹਿਨਾ ਨੇ ਬੀ. ਡੀ. ਐੱਸ. ਦੀ ਪੜ੍ਹਾਈ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ-ਰਾਜਪੁਰਾ ਰੋਡ ਤੋਂ ਕੀਤੀ। ਹਿਨਾ ਨੂੰ ਖੇਡ ਦੀ ਗੁੜਤੀ ਘਰ ’ਚੋਂ ਹੀ ਮਿਲੀ। ਉਸ ਦੇ ਪਿਤਾ ਰਾਜਬੀਰ ਸਿੰਘ ਸਿੱਧੂ ਜਿਥੇ ਖੁਦ ਨਿਸ਼ਾਨੇਬਾਜ਼ ਸਨ, ਉਥੇ ਹੀ, ਆਪਣੀ ਧੀ ਨੂੰ ਇਸ ਖੇਡ ਵਿਚ ਪੱਕੇ ਪੈਰੀਂ ਕਰਨ ਵਿਚ ਅਹਿਮ ਰੋਲ ਨਿਭਾਇਆ। ਇਸ ਦਿਸ਼ਾ ਵਿਚ ਹਿਨਾ ਦੀ ਉਸਦੇ ਚਾਚਾ ਜਿਹੜੇ ਗੰਨ ਹਾਊਸ ਦਾ ਵਪਾਰ ਕਰਦੇ ਹਨ, ਨੇ ਅਗਵਾਈ ਕੀਤੀ।
ਇਹ ਵੀ ਪੜ੍ਹੋ : WPL 2024 : ਦਿੱਲੀ ਨੂੰ 8 ਵਿਕਟਾਂ ਨਾਲ ਹਰਾ ਕੇ RCB ਬਣੀ ਮਹਿਲਾ ਪ੍ਰੀਮੀਅਰ ਲੀਗ ਦੀ ਚੈਂਪੀਅਨ
2006 ਵਿਚ 12ਵੀਂ ਜਮਾਤ ਵਿਚ ਪੜ੍ਹਦਿਆਂ ਹਿਨਾ ਪਹਿਲਾਂ ਕੌਮੀ ਜੂਨੀਅਰ ਅਤੇ ਫਿਰ ਕੌਮੀ ਸੀਨੀਅਰ ਟੀਮ ਲਈ ਚੁਣੀ ਗਈ। ਹਿਨਾ ਦੀਆਂ ਕੋਸ਼ਿਸ਼ਾਂ ਨੂੰ ਪਹਿਲੀ ਵਾਰ ਬੂਰ ਸਾਲ 2007 ’ਚ ਪਿਆ ਜਦੋਂ ਉਸ ਨੇ ਕੁਵੈਤ ਵਿਖੇ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਈਵੈਂਟ ’ਚ ਕਾਂਸੀ ਦਾ ਤਮਗਾ ਜਿੱਤਿਆ। ਅਗਲੇ ਹੀ ਸਾਲ ਹਿਨਾ ਨੇ ਹੰਗਰੀ ਵਿਖੇ ਹੋਏ ਹੰਗੇਰੀਅਨ ਕੱਪ ਅਤੇ ਇਸਲਾਮਾਬਾਦ ਵਿਖੇ ਹੋਈ ਸੈਫ ਸ਼ੂਟਿੰਗ ਚੈਂਪੀਅਨਸ਼ਿਪ ’ਚ ਸੋਨ ਤਮਗੇ ਜਿੱਤੇ। 2009 ’ਚ ਹਿਨਾ ਨੇ ਕੌਮਾਂਤਰੀ ਪੱਧਰ ’ਤੇ ਅਹਿਮ ਪਛਾਣ ਬਣਾਉਂਦਿਆਂ ਜਰਮਨੀ ਵਿਖੇ ਹੋਏ ਮਿਊਨਖ ਓਪਨ ’ਚ ਟੀਮ ਅਤੇ ਵਿਅਕਤੀਗਤ ਈਵੈਂਟਾਂ ’ਚ ਦੋ ਸੋਨ ਤਮਗੇ ਜਿੱਤੇ। ਬੀਜਿੰਗ ਵਿਖੇ ਹੋਏ ਆਈ. ਐੱਸ.ਐੱਸ.ਐੱਫ. ਵਿਸ਼ਵ ਕੱਪ ’ਚ ਚਾਂਦੀ ਖੱਟ ਕੇ ਹਿਨਾ ਦੁਨੀਆਂ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ’ਚ ਸ਼ਾਮਲ ਹੋ ਗਈ। ਇਸੇ ਸਾਲ ਸੈਫ ਸ਼ੂਟਿੰਗ ਚੈਂਪੀਅਨਸ਼ਿਪ ’ਤੇ ਦੋ ਚਾਂਦੀ ਤਮਗੇ ਅਤੇ ਦੋਹਾ ਵਿਖੇ ਹੋਈ ਏਸ਼ੀਅਨ ਏਅਰ ਗੰਨ ਚੈਂਪੀਅਨਸ਼ਿਪ ’ਚ ਹਿਨਾ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2010 ’ਚ ਬੁਲੰਦ ਇਰਾਦਿਆਂ ਨਾਲ ਸ਼ੂਟਿੰਗ ਰੇਂਜ ’ਚ ਉਤਰੀ ਹਿਨਾ ਨੇ ਦਿੱਲੀ ਰਾਸ਼ਟਰਮੰਡਲ ਖੇਡਾਂ ’ਚ ਟੀਮ ਈਵੈਂਟ ’ਚ ਸੋਨ ਅਤੇ ਵਿਅਕਤੀਗਤ ਵਰਗ ’ਚ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸੇ ਸਾਲ ਗੁਆਂਗਝੂ ਏਸ਼ੀਆਈ ਖੇਡਾਂ ’ਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ।
ਸਾਲ 2012 ’ਚ ਹਿਨਾ ਨੇ ਦੋਹਾ ਵਿਖੇ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ’ਚ ਭਾਰਤ ਦੀ ਝੋਲੀ ’ਚ ਸੋਨ ਤਮਗਾ ਪਾਇਆ। ਇਸੇ ਸਾਲ ਉਸ ਨੇ ਲੰਡਨ ਓਲੰਪਿਕ ਖੇਡਾਂ ’ਚ ਹਿੱਸਾ ਲੈ ਕੇ 23 ਵਰ੍ਹਿਆਂ ਦੀ ਉਮਰ ’ਚ ਓਲੰਪੀਅਨ ਬਣਨ ਦਾ ਮਾਣ ਹਾਸਲ ਕੀਤਾ। ਹਿਨਾ ਲੰਡਨ ਵਿਖੇ ਕੁਆਲੀਫਾਈ ਦੌਰ ’ਚ 12ਵੇਂ ਨੰਬਰ ’ਤੇ ਰਹੀ। ਪ੍ਰਸਿੱਧ ਫਿਲਮਕਾਰ ਕੈਰੋਲੀਨਾ ਰਾਅਲੈਂਡ ਵੱਲੋਂ ਲੰਡਨ ਓਲੰਪਿਕ ਖੇਡਾਂ ’ਚ ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ’ਤੇ ਆਧਾਰਿਤ ਬਣਾਈ ਫਿਲਮ ‘ਦਿ ਸਟੋਰੀ ਆਫ ਦਿ ਲੰਡਨ 2012 ਓਲੰਪਿਕ ਗੇਮਜ਼’ ਵਿਚ ਹਿਨਾ ਨੂੰ ਰੋਲ ਨਿਭਾਉਣ ਦਾ ਮੌਕਾ ਵੀ ਮਿਲਿਆ। ਹਿਨਾ ਲਈ ਸਾਲ 2013 ਉਸ ਦੇ ਖੇਡ ਕਰੀਅਰ ਦਾ ਸਿਖਰ ਸੀ ਜਦੋਂ ਉਸ ਨੇ ਜਰਮਨੀ ਵਿਖੇ ਹੋਏ ਆਈ. ਐੱਸ.ਐੱਸ.ਐੱਫ. ਵਿਸ਼ਵ ਕੱਪ ਫਾਈਨਲ ’ਚ ਸੋਨ ਤਮਗੇ ’ਤੇ ਨਿਸ਼ਾਨਾ ਲਗਾਉਂਦਿਆਂ ਵਿਸ਼ਵ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਪਿਸਟਲ ਸ਼ੂਟਰ ਬਣੀ। ਅੰਜਲੀ ਭਾਗਵਤ (ਰਾਈਫਲ ਸ਼ੂਟਰ) ਤੇ ਗਗਨ ਨਾਰੰਗ (ਰਾਈਫਲ ਸ਼ੂਟਰ) ਤੋਂ ਬਾਅਦ ਉਹ ਇਹ ਪ੍ਰਾਪਤੀ ਖੱਟਣ ਵਾਲੀ ਤੀਜੀ ਭਾਰਤੀ ਨਿਸ਼ਾਨੇਬਾਜ਼ ਹੈ।
ਸਾਲ 2014 ’ਚ ਅਮਰੀਕਾ ਵਿਖੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ’ਚ ਚਾਂਦੀ ਦਾ ਤਮਗਾ ਅਤੇ ਕੁਵੈਤ ਵਿਖੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਕੇ ਹਿਨਾ ਸਿੱਧੂ 7 ਅਪ੍ਰੈਲ 2014 ਨੂੰ ਜਾਰੀ ਵਿਸ਼ਵ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਆ ਗਈ। ਇਹ ਪ੍ਰਾਪਤੀ ਹਾਸਲ ਕਰਨ ਵਾਲੀ ਵੀ ਉਹ ਪਹਿਲੀ ਭਾਰਤੀ ਪਿਸਟਲ ਸ਼ੂਟਰ ਸੀ। ਇਸੇ ਸਾਲ ਸਾਲ ਉਹ 10 ਮੀਟਰ ਏਅਰ ਪਿਸਟਲ ਈਵੈਂਟ ’ਚ 203.8 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਹੋਲਡਰ ਵੀ ਬਣੀ। ਰਾਸ਼ਟਰਮੰਡਲ ਖੇਡਾਂ ’ਚ ਤਮਗੇ ਤੋਂ ਖੁੰਝਣ ਤੋਂ ਬਾਅਦ ਹਿਨਾ ਨੇ ਇੰਚੀਓਨ ਏਸ਼ੀਆਈ ਖੇਡਾਂ ’ਚ ਕਾਂਸੀ ਦਾ ਤਮਗਾ ਜਿੱਤਿਆ। ਸਾਲ 2015 ’ਚ ਕੁਵੈਤ ਵਿਖੇ ਏਸ਼ੀਅਨ ਚੈਂਪੀਅਨਸ਼ਿਪ ’ਚ 10 ਮੀਟਰ ਏਅਰ ਪਿਸਟਲ ਈਵੈਂਟ ’ਚ ਸੋਨ ਤਮਗਾ ਜਿੱਤਿਆ। ਸਾਲ 2016 ’ਚ ਰੀਓ ਵਿਖੇ ਹਿਨਾ ਨੇ ਆਪਣੀਆਂ ਦੂਜੀਆਂ ਓਲੰਪਿਕ ਖੇਡਾਂ ’ਚ ਹਿੱਸਾ ਲਿਆ।
ਇਹ ਵੀ ਪੜ੍ਹੋ : ਅਸ਼ਵਿਨ ਨੇ ਚੁਣੌਤੀਆਂ ਨੂੰ ਆਪਣੀ ਤਰੱਕੀ 'ਤੇ ਰੋਕ ਨਹੀਂ ਲਗਾਉਣ ਦਿੱਤੀ : ਕੁੰਬਲੇ
ਸਾਲ 2017 ’ਚ ਹਿਨਾ ਨੇ ਨਵੀਂ ਦਿੱਲੀ ਵਿਖੇ ਹੋਏ ਵਿਸ਼ਵ ਕੱਪ ’ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਸੋਨੇ ਦਾ ਤਮਗਾ ਜਿੱਤਿਆ। ਬ੍ਰਿਸਬੇਨ ਵਿਖੇ ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ 10 ਮੀਟਰ ਏਅਰ ਪਿਸਟਲ ਈਵੈਂਟ ’ਚ ਸੋਨ ਤਮਗਾ ਜਿੱਤਿਆ। ਸਾਲ 2018 ’ਚ ਹਿਨਾ ਨੇ ਇਕ ਵਾਰ ਫਿਰ ਧਮਾਕੇਦਾਰ ਵਾਪਸੀ ਕਰਦਿਆਂ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ 25 ਮੀਟਰ ਏਅਰ ਪਿਸਟਲ ਈਵੈਂਟ ’ਚ ਨਵੇਂ ਰਿਕਾਰਡ ਨਾਲ ਸੋਨੇ ਦਾ ਤਮਗਾ ਅਤੇ 10 ਮੀਟਰ ਏਅਰ ਪਿਸਟਲ ਈਵੈਂਟ ’ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਸਾਲ ਜਕਾਰਤਾ ਵਿਖੇ ਹੋਈਆਂ ਏਸ਼ੀਆਈ ਖੇਡਾਂ ’ਚ 10 ਮੀਟਰ ਏਅਰ ਪਿਸਟਲ ਈਵੈਂਟ ’ਚ ਕਾਂਸੀ ਦਾ ਤਮਗਾ ਜਿੱਤਿਆ।
ਹਿਨਾ ਨੂੰ ਆਪਣੇ ਜਨਮ ਦਿਨ ਵਾਲੇ ਹੀ ਦਿਨ 29 ਅਗਸਤ 2014 ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਦਾ ਸਨਮਾਨ ਹਾਸਲ ਹੋਇਆ। ਹਿਨਾ ਨੂੰ ਇਹ ਮਾਣ ਹਾਸਲ ਹੈ ਕਿ ਉਸ ਦਾ ਜਨਮ ਖੇਡ ਦਿਵਸ ਵਾਲੇ ਦਿਨ ਹੋਇਆ, ਜਿਹੜਾ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ। ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ ਈਵੈਂਟ ’ਚ ਵਿਸ਼ਵ ਰਿਕਾਰਡ ਹੋਲਡਰ ਹਿਨਾ ਸਿੱਧੂ ਭਾਰਤ ਦੀ ਪਹਿਲੀ ਨਿਸ਼ਾਨੇਬਾਜ਼ ਹੈ ਜਿਸ ਦੀ ਫੋਟੋ ਆਈ.ਐੱਸ.ਐੱਸ.ਐੱਫ. ਦੇ ਮੈਗਜ਼ੀਨ ਦੇ ਕਵਰ ਪੰਨੇ ਉੱਪਰ ਛਪੀ ਹੈ। ਉਸ ਵੇਲੇ ਇਹ ਮਾਣ ਅਭਿਨਵ ਬਿੰਦ੍ਰਾ, ਰਾਜਵਰਧਨ ਰਾਠੌਰ, ਗਗਨ ਨਾਰੰਗ, ਅੰਜਲੀ ਭਾਗਵਤ, ਸਮਰੇਸ਼ ਜੰਗ, ਰੰਜਨ ਸੋਢੀ, ਮਾਨਵਜੀਤ ਸੰਧੂ ਜਿਹੇ ਨਿਸ਼ਾਨਚੀਆਂ ਨੂੰ ਵੀ ਨਹੀਂ ਮਿਲਿਆ। ਸਾਲ 2013 ’ਚ ਹਿਨਾ ਦਾ ਵਿਆਹ ਮੁੰਬਈ ਦੇ ਨਿਸ਼ਾਨੇਬਾਜ਼ ਰੌਣਕ ਪੰਡਿਤ ਨਾਲ ਹੋਇਆ।
-ਨਵਦੀਪ ਸਿੰਘ ਗਿੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਸੀਲੋਨਾ ਨੇ ਐਟਲੇਟਿਕੋ ਮੈਡਰਿਡ ਨੂੰ 3-0 ਨਾਲ ਹਰਾਇਆ
NEXT STORY