ਸਿੱਖਿਆ ਮਨੁੱਖੀ ਜੀਵਨ ਨੂੰ ਪ੍ਰਕਾਸ਼ਿਤ ਕਰਨ ਵਾਲੀ ਇੱਕ ਜੋਤ ਹੈ, ਜੋ ਸੰਸਾਰ ਦੇ ਹਰ ਮਨੁੱਖ ਵਿੱਚ ਮਨੁੱਖਤਾ ਦਾ ਭਾਵ ਪੈਦਾ ਕਰਕੇ ਉਸਦੇ ਜੀਵਨ ਨੂੰ ਨਵੀਂ ਸੇਧ ਦਿੰਦੀ ਹੈ। ਸਿੱਖਿਆ ਦੀ ਤੁਲਨਾ ਸੂਰਜ ਨਾਲ ਵੀ ਕੀਤੀ ਜਾ ਸਕਦੀ ਹੈ, ਜੋ ਸਾਰੀ ਸ੍ਰਿਸ਼ਟੀ ’ਤੇ ਆਪਣਾ ਪ੍ਰਕਾਸ਼ ਰੂਪੀ ਅਸ਼ੀਰਵਾਦ ਵਰਸਾਉਂਦਾ ਹੈ, ਜੋ ਵਿਅਕਤੀ, ਉਸਦੇ ਪਰਿਵਾਰ, ਸਮਾਜ, ਦੇਸ਼ ਅਤੇ ਸੰਪੂਰਨ ਵਿਸ਼ਵ ਨੂੰ ਰੌਸ਼ਨ ਕਰਦਾ ਹੈ। ਸਿੱਖਿਆ ਸਿੱਖਣ-ਸਿਖਾਉਣ ਦੀ ਉਹ ਪ੍ਰਕਿਰਿਆ ਹੈ, ਜੋ ਬੱਚੇ ਦੇ ਮਾਂ ਦੇ ਗਰਭ ਵਿੱਚ ਆਉਣ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੇ ਆਖਰੀ ਸਾਹਾਂ ਤੱਕ ਉਸਦੇ ਨਾਲ ਰਹਿੰਦੀ ਹੈ। ਇਸ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਵਿੱਚ ਵਿਅਕਤੀ ਗਿਆਨ ਦੇ ਨਾਲ-ਨਾਲ ਜੀਵਨ ਸਬੰਧੀ ਮਾਨਤਾਵਾਂ, ਆਦਰਸ਼ ਤੇ ਕੁਸ਼ਲਤਾਵਾਂ ਸਿੱਖਦਾ ਹੈ, ਜੋ ਉਸ ਦੇ ਜੀਵਨ ਨੂੰ ਆਦਰਸ਼ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।
ਸਿੱਖਿਆ ਜੀਵਨ ਦੀ ਤਰ੍ਹਾਂ ਵਿਆਪਕ ਹੈ। ਇਹ ਸਿਰਫ ਸਕੂਲ, ਕਾਲੇਜ ਤੱਕ ਹੀ ਸੀਮਿਤ ਨਹੀਂ। ਸਮਾਜ ਵਿੱਚ ਰਹਿੰਦਿਆਂ ਵੱਖ-ਵੱਖ ਅਨੁਭਵਾਂ ਜਾਂ ਤਜਰਬਿਆਂ ਦੁਆਰਾ ਮਨੁੱਖ ਹਰ ਪਲ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ। ਸਿੱਖਿਆ ਦਾ ਅਰਥ ਮਨੁੱਖ ਦੀਆਂ ਸੰਪੂਰਨ ਅੰਦਰੂਨੀ ਸ਼ਕਤੀਆਂ ਅਤੇ ਗੁਣਾਂ ਦਾ ਪ੍ਰਗਟੀਕਰਨ ਅਤੇ ਸਰਵਪੱਖੀ ਵਿਕਾਸ ਕਰਨਾ ਹੈ। ਸਵਾਮੀ ਵਿਵੇਕਾਨੰਦ ਅਨੁਸਾਰ ਸਿੱਖਿਆ ਦਾ ਅਰਥ ਉਸ ਪੂਰਨਤਾ ਨੂੰ ਵਿਅਕਤ ਕਰਨਾ ਹੈ, ਜੋ ਸਾਰੇ ਮਨੁੱਖਾਂ ਅੰਦਰ ਵਾਸ ਕਰਦੀ ਹੈ। ਸਿੱਖਿਆ ਲਿਖਣ-ਪੜ੍ਹਣ ਦਾ ਗਿਆਨ ਦੇਣ ਦੇ ਨਾਲ-ਨਾਲ ਵਿਅਕਤੀ ਦੇ ਆਚਰਣ, ਵਿਚਾਰ ਤੇ ਸੋਚ ਵਿੱਚ ਅਜਿਹਾ ਪਰਿਵਰਤਨ ਲਿਆਉਂਦੀ ਹੈ, ਜੋ ਪੂਰੇ ਸਮਾਜ, ਰਾਸ਼ਟਰ ਅਤੇ ਵਿਸ਼ਵ ਲਈ ਲਾਭਦਾਇਕ ਹੁੰਦਾ ਹੈ।
ਸਿੱਖਿਆ ਇੱਕ ਸਮਾਜ ਦੀ ਨੀਂਵ ਹੁੰਦੀ ਹੈ, ਜਿਸ ਤਰ੍ਹਾਂ ਦੀ ਸਿੱਖਿਆ ਸਮਾਜ ਵਿੱਚ ਪ੍ਰਚਲਿਤ ਹੋਵੇਗੀ। ਉਸੇ ਤਰ੍ਹਾਂ ਦੇ ਸਮਾਜ ਦਾ ਨਿਰਮਾਣ ਹੋਵੇਗਾ। ਸਿੱਖਿਆ ਮਨੁੱਖ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈਕੇ ਜਾਂਦੀ ਹੈ। ਇਹ ਉਸ ਨੂੰ ਜੀਵਨ ਸਬੰਧੀ ਸਿਧਾਤਾਂ ਤੇ ਉਦੇਸ਼ਾਂ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਸਿੱਖਿਆ ਤੋਂ ਬਿਨਾ ਮਨੁੱਖੀ ਜੀਵਨ ਸਾਰਹੀਣ ਹੈ, ਕਿਉਂਕਿ ਇਹ ਹੀ ਹੈ ਜੋ ਮਨੁੱਖ ਦੀ ਬੁੱਧੀ ਅਤੇ ਵਿਵੇਕ ਦਾ ਵਿਕਾਸ ਕਰਦੀ ਹੈ। ਸੰਸਕ੍ਰਿਤ ਦੇ ਮਹਾਨ ਕਵੀ ਭਰਤੀਹਰਿ ਅਨੁਸਾਰ ਸਿੱਖਿਆ ਤੋਂ ਬਿਨਾ ਮਨੁੱਖ ਨਿਰਾ ਪਸ਼ੂ ਹੈ। ਇਹ ਮਨੁੱਖ ਦਾ ਗੁਪਤ ਧਨ ਹੈ, ਜਿਸ ਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ।
ਪੜ੍ਹੋ ਇਹ ਵੀ - ‘ਸਰਕਾਰੀ ਸਕੂਲਾਂ ਦੇ ਸਿੱਖਿਆਰਥੀਆਂ ਲਈ ਦੂਰਦਰਸ਼ਨ ਚੈਨਲਾਂ ਜ਼ਰੀਏ ਆਨਲਾਈਨ ਜਮਾਤਾਂ ਦੀ ਵਿਵਸਥਾ’
ਸਿੱਖਿਆ ਮਨੁੱਖ ਨੂੰ ਸਿਰਫ ਜ਼ਿੰਦਗੀ ਜਿਊਣ ਦੇ ਕਾਬਿਲ ਹੀ ਨਹੀਂ ਬਣਾਉਂਦੀ, ਸਗੋ ਇਹ ਉਸ ਵਿੱਚ ਸਹੀ ਨਿਰਣਾ ਲੈਣ ਦੀ ਯੋਗਤਾ ਪੈਦਾ ਕਰਦੀ ਹੈ, ਜੋ ਉਸ ਨੂੰ ਸਰੀਰ, ਮਨ ਅਤੇ ਆਤਮਾ ਵਿੱਚ ਸੰਤੁਲਨ ਬਣਾਉਣ ਵਿੱਚ ਸਹਾਈ ਹੁੰਦੀ ਹੈ। ਸਿੱਖਿਆ ਦੇ ਰਾਹੀਂ ਮਨੁੱਖ ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਸ਼ਕਤੀਆਂ ਦਾ ਵਿਕਾਸ ਕਰਦਾ ਹੈ। ਇਸ ਨਾਲ ਉਸ ਵਿੱਚ ਸਮਾਜਕ ਨਿਯਮਾਂ ਦਾ ਗਿਆਨ ਹੁੰਦਾ ਹੈ ਅਤੇ ਸਮਾਜਕ ਬੁਰਾਈਆਂ ਪ੍ਰਤੀ ਉਸ ਦੀ ਸੋਚ ਵਿਕਸਿਤ ਹੁੰਦੀ ਹੈ ਅਤੇ ਸਮਾਜਿਕ ਪਰਿਵਰਤਨ ਦਾ ਹਿੱਸਾ ਬਣਦੇ ਹੋਏ ਉਹ ਰਾਸ਼ਟਰ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।
ਇੱਕ ਸਧਾਰਨ ਮਨੁੱਖ ਲਈ ਸਿੱਖਿਆ ਦਾ ਜਿੱਥੇ ਇੰਨਾ ਮਹੱਤਵ ਹੈ, ਉੱਥੇ ਇੱਕ ਦਿਵਿਆਂਗ ਲਈ ਇਸਦੀ ਉਪਯੋਗਿਤਾ ਕਈ ਗੁਣਾ ਵੱਧ ਜਾਂਦੀ ਹੈ। ਸਿੱਖਿਆ ਹੀ ਉਹ ਖਜ਼ਾਨਾ ਹੈ, ਜੋ ਇੱਕ ਦਿਵਿਆਂਗ ਨੂੰ ਸਮਾਜ ਵਿੱਚ ਸਨਮਾਨ ਦਵਾਉਂਦਾ ਹੈ ਅਤੇ ਸਿੱਖਿਅਤ ਹੋਕੇ ਉਸ ਨੂੰ ਆਤਮ-ਨਿਰਭਰ ਹੋਣ ਦੇ ਯੋਗ ਬਣਾਉਂਦਾ ਹੈ। ਸਿੱਖਿਆ ਪ੍ਰਾਪਤ ਕਰਕੇ ਉਹ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਕਰਨ ਦੇ ਯੋਗ ਹੀ ਨਹੀਂ ਹੁੰਦਾ ਸਗੋਂ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਬਦਲ ਜਾਂਦਾ ਹੈ। ਇੱਕ ਪਾਸੇ ਅਸੱਖਿਅਤ ਦਿਵਿਆਂਗ ਦੀ ਜ਼ਿੰਦਗੀ ਸਹੀ ਸੋਚ ਦੀ ਕਮੀ ਕਾਰਣ ਪਰਿਵਾਰ ਅਤੇ ਸਮਾਜ ’ਤੇ ਬੋਝ ਬਣ ਜਾਂਦੀ ਹੈ ਅਤੇ ਉਹ ਵੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ, ਉੱਥੇ ਸਿੱਖਿਆ ਦੀ ਓਟ ਇੱਕ ਦਿਵਿਆਂਗ ਦੇ ਜੀਵਨ ਵਿੱਚ ਨਵੀਂ ਆਸ, ਨਵੀਂ ਉਮੀਦ ਅਤੇ ਜੀਵਨ ਦੀ ਨਵੀਂ ਜਾਚ ਪੈਦਾ ਕਰਦੀ ਹੈ। ਜ਼ਿੰਦਗੀ ਜਿਊਣ ਦੀ ਨਵੀਂ ਸੋਝੀ ਉਸ ਅੰਦਰ ਪੈਦਾ ਹੁੰਦੀ ਹੈ। ਮਾਨਸਿਕ ਅਤੇ ਭਾਵਨਾਤਮਿਕ ਸੰਵੇਗਾਂ ਨੂੰ ਕਿਵੇਂ ਕਾਬੂ ਕਰਨਾ ਹੈ ਸਿੱਖਿਆ ਉਸ ਨੂੰ ਸਿਖਾਉਂਦੀ ਹੈ। ਸਮਾਜ ਵਿੱਚ ਰਹਿ ਕੇ ਦ੍ਰਿੜ ਇਰਾਦੇ ਨਾਲ ਸਭ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕਿਵੇਂ ਸਫਲਤਾ ਦੇ ਸਿਖਰ ਤੱਕ ਪਹੁੰਚਣਾ ਹੈ, ਇਹ ਵੀ ਸਿੱਖਿਆ ਹੀ ਸਿਖਾਉਂਦੀ ਹੈ। ਭਾਵ ਸਿੱਖਿਆ ਇੱਕ ਮਾਰਗਦਰਸ਼ਕ ਦੀ ਤਰ੍ਹਾਂ ਹਰ ਪਲ ਹਰ ਪੜਾਅ ’ਤੇ ਉਸ ਦੇ ਅੰਗ ਸੰਗ ਰਹਿੰਦੀ ਹੈ। ਇਸ ਲਈ ਇੱਕ ਦਿਵਿਆਂਗ ਲਈ ਸਿੱਖਿਆ ਉਸ ਅੰਮ੍ਰਿਤ ਦੀ ਤਰ੍ਹਾਂ ਹੈ ਜੋ ਮਨੁੱਖ ਨੂੰ ਅਮਰਤਾ ਪ੍ਰਦਾਨ ਕਰਦੀ ਹੈ। ਚਾਹੇ ਦਿਵਿਆਂਗ ਮਨੁੱਖ ਦਾ ਜੀਵਨ ਕਿੰਨਾ ਹੀ ਮੁਸ਼ਕਲਾਂ ਭਰਿਆ ਹੋਵੇ, ਇਹ ਉਸ ਦੇ ਹੌਂਸਲਿਆਂ ਨੂੰ ਨਵੀਂ ਉਡਾਣ ਦਿੰਦੀ ਹੈ।
"ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"
ਆਓ ਅਸੀਂ ਕੁੱਝ ਅਜਿਹੇ ਦਿਵਿਆਂਗ ਲੋਕਾਂ ਦੀ ਜ਼ਿੰਦਗੀ ਅੰਦਰ ਝਾਤ ਮਾਰੀਏ, ਜਿਨ੍ਹਾਂ ਨੇ ਵਿਦਿਆ ਦੇ ਚਾਨਣ ਨਾਲ ਆਪਣੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਅਤੇ ਸਾਰੀ ਦੁਨੀਆ ਲਈ ਪ੍ਰੇਰਣਾ ਸਰੋਤ ਬਣੇ। ਸਭ ਤੋਂ ਪਹਿਲਾਂ ਮੈਂ ਹੈਲਨ ਕੈਲਰ ਨੂੰ ਯਾਦ ਕਰਦੀ ਹਾਂ ਜਿਨ੍ਹਾਂ ਦਾ ਜਨਮ ਅਮਰੀਕਾ ਦੇ ਟਸਕੰਬਿਆ, ਅਲਬਾਮਾ ਵਿਖੇ ਹੋਇਆ। ਜਨਮ ਸਮੇਂ ਉਹ ਬਿਲਕੁਲ ਸਿਹਤਮੰਦ ਸੀ ਪਰ ਜਦੋਂ ਉਸਦੀ ਉਮਰ 19 ਮਹੀਨੇ ਦੀ ਸੀ, ਕਿਸੇ ਬੀਮਾਰੀ ਕਾਰਣ ਉਨ੍ਹਾਂ ਦੀ ਦੇਖਣ ਅਤੇ ਸੁਣਨ ਸ਼ਕਤੀ ਚਲੀ ਗਈ। ਐਨੀ ਸੁਲੀਵਾਨ ਨੇ ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢ ਕੇ ਉਨ੍ਹਾਂ ਦੀ ਜ਼ਿੰਦਗੀ ਰੁਸ਼ਨਾ ਦਿੱਤੀ। ਬਹੁਤ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬ੍ਰੇਲ ਲਿਪੀ ਸਿੱਖੀ ਅਤੇ ਪਹਿਲੀ ਦਿਵਿਆਂਗ ਬਣੀ, ਜਿਸਨੇ ਦ੍ਰਿਸ਼ਟੀਹੀਣ ਹੋਣ ਦੇ ਬਾਵਜੂਦ ਬੀ.ਏ. ਪਾਸ ਕੀਤੀ। ਉਨ੍ਹਾਂ ਦੀ ਆਤਮਕਥਾ ‘ਦ ਸਟੋਰੀ ਆਫ ਮਾਈ ਲਾਈਫ’ ਇੱਕ ਜਗਤ ਪ੍ਰਸਿੱਧ ਕਿਤਾਬ ਹੈ। ਆਪਣੀ ਅਣਥਕ ਮਿਹਨਤ ਸਦਕਾ ਉਹ ਇੱਕ ਪ੍ਰਸਿੱਧ ਲੇਖਿਕਾ, ਸਮਾਜ ਸੇਵੀ ਅਤੇ ਰਾਜਨੀਤਕ ਕਾਰਜਕਰਤਾ ਦੇ ਰੂਪ ਵਿੱਚ ਪ੍ਰਸਿੱਧ ਹੋਏ।
ਇਰਾ ਸਿੰਘਲ, ਜੋ ਕਿ ਯੂ. ਪੀ. ਐੱਸ. ਸੀ . 2014 ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਦੇਸ਼ ਵਿੱਚੋਂ ਪਹਿਲੇ ਨੰਬਰ ’ਤੇ ਰਹੀ ਸਾਰੀਆਂ ਔਰਤਾਂ ਅਤੇ ਦਿਵਿਆਂਗਾਂ ਲਈ ਇੱਕ ਮਿਸਾਲ ਹੈ। ਉਹ ਰੀੜ੍ਹ ਦੀ ਹੱਡੀ ਨਾਲ ਸਬੰਧਤ ਇੱਕ ਬੀਮਾਰੀ ਨਾਲ ਪੀੜਤ ਹਨ, ਜਿਸ ਨਾਲ ਉਨ੍ਹਾਂ ਦੀ ਬਾਜੂ ਠੀਕ ਰੂਪ ਵਿੱਚ ਕੰਮ ਕਰਣ ਵਿੱਚ ਅਸਮਰਥ ਹੈ ਪਰ ਆਪਣੇ ਦ੍ਰਿੜ ਇਰਾਦੇ ਸਦਕਾ ਉਹ ਪਹਿਲੀ ਦਿਵਿਆਂਗ ਮਹਿਲਾ ਬਣੀ ਜਿਸ ਨੇ ਇਸ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਨਿਵੇਕਲੀ ਮਿਸਾਲ ਬਣੇ ਆਪਣੇ ਹੱਥੀਂ ਝੋਨਾ ਲਾਉਣ ਵਾਲੇ ਨੌਜਵਾਨ
ਸਟੀਫਨ ਵਿਲੀਅਮ ਹਾੱਕਿੰਗ ਇੱਕ ਅਜਿਹਾ ਨਾਂ ਜਿਸ ਨੇ ਵਿਗਿਆਨ ਦੀ ਦੁਨੀਆ ਵਿੱਚ ਆਪਣੀ ਅਮਿਟ ਛਾਪ ਛੱਡੀ। ਉਨ੍ਹਾਂ ਨੂੰ ਮੋਟਰ ਨਿਊਰਾੱਨ ਬੀਮਾਰੀ ਹੋ ਗਈ। ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆੱਕਸਫੋਰਡ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਬਣੇ। ਉਨ੍ਹਾਂ ਦਾ ਸਾਰਾ ਸ਼ਰੀਰ ਲਕਵੇ ਤੋਂ ਗ੍ਰਸਿਤ ਹੋ ਗਿਆ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਬਲੈਕ ਹੋਲ ’ਤੇ ਕੰਮ ਕੀਤਾ। ਉਨ੍ਹਾਂ ਦੀ ਕਿਤਾਬ ‘ਅ ਬ੍ਰੀਫ ਹਿਸਟਰੀ ਆੱਫ ਟਾਈਮ’ ਦੀਆਂ 1988 ਤੋਂ ਹੁਣ ਤੱਕ 10 ਮਿਲੀਅਨ ਪ੍ਰਤੀਆਂ ਬਿਕ ਚੁੱਕੀਆ ਹਨ ਅਤੇ ਇਸ ਦਾ 35 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁਕਿਆ ਹੈ। ਉਨ੍ਹਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਵੱਡਮੁੱਲੇ ਯੋਗਦਾਨ ਲਈ ਬਹੁਤ ਸਾਰੇ ਅਵਾਰਡਾਂ ਨਾਲ ਨਵਾਜ਼ਿਆ ਗਿਆ।
ਐੱਚ ਰਾਮਕ੍ਰਿਸ਼ਨਨ ਜਦੋਂ ਢਾਈ ਸਾਲ ਦੇ ਸੀ ਉਦੋਂ ਉਨ੍ਹਾਂ ਦੀਆਂ ਦੋਵੇਂ ਲੱਤਾਂ ਨੂੰ ਪੋਲੀਓ ਹੋ ਗਿਆ। ਲੰਬੇ ਸੰਘਰਸ਼ ਤੋਂ ਬਾਅਦ ਵੀ ਉਨ੍ਹਾਂ ਨੇ 40 ਸਾਲ ਪੱਤਰਕਾਰ ਦੇ ਤੌਰ ’ਤੇ ਕੰਮ ਕੀਤਾ ਅਤੇ ਫਿਲਹਾਲ ਐੱਸ.ਐੱਸ. ਮਿਊਜ਼ਿਕ ਕੰਪਨੀ ਵਿੱਚ ਸੀ.ਈ.ਓ ਦੇ ਤੌਰ ’ਤੇ ਕੰਮ ਕਰ ਰਹੇ ਹਨ। ਉਹ ਦਿਵਿਆਂਗ ਲੋਕਾਂ ਲਈ ਕਰੁਪਾ ਨਾਂ ਦਾ ਟ੍ਰਸਟ ਵੀ ਚਲਾ ਰਹੇ ਹਨ।
fw.ਸੁਰੇਸ਼ ਅਡਵਾਨੀ ਇੱਕ ਅਜਿਹੀ ਵਿਲੱਖਣ ਉਦਾਹਰਣ ਹਨ, ਜੋ ਅੱਠ ਸਾਲ ਦੀ ਉਮਰ ਵਿੱਚ ਪੋਲੀਓ ਤੋਂ ਗ੍ਰਸਿਤ ਹੋ ਕੇ ਵ੍ਹੀਲ਼ ਚੇਅਰ ਦੇ ਮੁਹਤਾਜ ਹੋ ਗਏ। ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖਦੇ ਹੋਏ ਅਣਥਕ ਮਿਹਨਤ ਨਾਲ ਇਹ ਆਨਕੋਲੋਜਿਸਟ ਬਣੇ। ਆਪਣੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਜੋਂ ਇਨ੍ਹਾਂ ਨੂੰ 2002 ਵਿੱਚ ਪਦਮ ਸ਼੍ਰੀ ਅਤੇ 2012 ਵਿੱਚ ਪਦਮ ਭੂਸ਼ਨ ਨਾਲ ਨਵਾਜ਼ਿਆ ਗਿਆ। ਇਹ ਭਾਰਤ ਦੇ ਪਹਿਲੇ ਆਨਕੋਲੋਜਿਸਟ ਹਨ, ਜਿਨ੍ਹਾਂ ਨੇ ਸਫਲਤਾ ਪੂਰਵਕ ਬੋਨ ਮੈਰੋ ਟਰਾਂਸਪਲਾਂਟ ਕੀਤਾ।
ਆਪਣੇ ਭੋਜਨ ਨੂੰ ਇਸ ਤਰ੍ਹਾਂ ਬਣਾਓ ਸੁਰੱਖਿਅਤ ...
ਅਕਬਰ ਖਾਨ ਜਿਸ ਦਾ ਜਨਮ ਰਾਜਸਥਾਨ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਜਨਮ ਤੋਂ ਹੀ ਨਹੀਂ ਦੇਖ ਸਕਦੇ ਸੀ। ਉਨ੍ਹਾਂ ਦੇ ਭਰਾ, ਜੋ ਖੁਦ ਇਸ ਬੀਮਾਰੀ ਤੋਂ ਪੀੜਤ ਸਨ, ਨੇ ਉਨ੍ਹਾਂ ਦਾ ਸਾਥ ਦਿੱਤਾ। ਅਕਬਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਪਰ ਸੰਗੀਤ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਰੂਚੀ ਸੀ। ਇਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ 1989 ਵਿੱਚ ਨੈਸ਼ਨਲ ਅਵਾਰਡ ਨਾਲ ਇਨ੍ਹਾਂ ਦਾ ਸਨਮਾਨਿਤ ਹੋਣਾ ਹੈ।
ਜਾਵੇਦ ਅਬੀਦੀ ਜਿਸ ਨੂੰ ਇਕ ਬੀਮਾਰੀ ਕਾਰਣ 15 ਸਾਲ ਦੀ ਉਮਰ ਵਿੱਚ ਵ੍ਹੀਲ ਚੇਅਰ ਦਾ ਸਹਾਰਾ ਲੈਣਾ ਪਿਆ ਪਰ ਇਸ ਨੇ ਹਾਰ ਨਾ ਮੰਨਦਿਆਂ ਹੋਇਆਂ ਵਿਦੇਸ਼ ਜਾ ਕੇ ਆਪਣੀ ਪੜ੍ਹਾਈ ਖਤਮ ਕੀਤੀ ਅਤੇ ਇਕ ਪੱਤਰਕਾਰ ਬਣਿਆ।ਉਹ ਕਈ ਸਾਲਾਂ ਤੋਂ ਦਿਵਿਆਗਾਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ ਅਤੇ ਦਿਵਿਆਗਾਂ ਦੇ ਹੱਕਾਂ ਪ੍ਰਤੀ ਨਿਰੰਤਰ ਆਪਣੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ, ਜਿਨ੍ਹਾਂ ਨੇ ਦਿਵਿਆਂਗ ਹੁੰਦਿਆਂ ਹੋਇਆਂ ਹਾਰ ਨਾ ਮੰਨ ਕੇ ਨਵੀਆਂ ਪੈੜਾਂ ਬਣਾਈਆਂ ਹਨ।
ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ
ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਪਰੋਕਤ ਦਿੱਤੀਆਂ ਕੁੱਝ ਦਿਵਿਆਂਗ ਵਿਅਕਤੀਆਂ ਦੀਆਂ ਉਦਾਹਰਣਾਂ ਇਹ ਸਿੱਧ ਕਰਦੀਆਂ ਹਨ ਕਿ ਵਿਅਕਤੀ ਦੀ ਦ੍ਰਿੜ੍ਹ ਇੱਛਾ ਸ਼ਕਤੀ ਦੇ ਨਾਲ ਨਾਲ ਸਹੀ ਅਰਥਾਂ ਵਿੱਚ ਸਿੱਖਿਅਤ ਹੋਣਾ ਵਿਅਕਤੀਤਵ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਵਿਅਕਤੀ ਜਿਹੜੇ ਕਿਸੇ ਵੀ ਕਾਰਣ ਦਿਵਿਆਂਗ ਹਨ ਉਨ੍ਹਾਂ ਨੂੰ ਹੌਸਲਾ ਨਾ ਛੱਡਦੇ ਹੋਏ ਉਪਰੋਕਤ ਵਰਣਨ ਕੀਤੇ ਗਏ ਸਫਲ ਵਿਅਕਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹੀਣ ਭਾਵ ਚੋਂ ਬਾਹਰ ਨਿੱਕਲ ਕੇ ਪੂਰੇ ਆਤਮ ਵਿਸ਼ਵਾਸ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਆਪਣੀਆਂ ਰੁਚੀਆਂ ਅਨੁਸਾਰ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਤਾਂ ਜੋ ਉਹ ਵਧੀਆ ਢੰਗ ਨਾਲ ਆਪਣਾ ਜੀਵਨ ਵਤੀਤ ਕਰ ਸਕਣ।
ਪੂਜਾ ਸ਼ਰਮਾ
ਲੈਕਚਰਾਰ (ਅੰਗ੍ਰੇਜ਼ੀ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
Mobile No: 9914459033
Email: poojaplanet@rediffmail.com
"ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"
NEXT STORY