ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬਜ਼ੁਰਗ ਅਤੇ ਲਾਚਾਰ ਮਾਤਾ-ਪਿਤਾ ਆਪਣੇ ਜੀਵਨ ਦੀ ਸ਼ਾਮ ’ਚ ਔਲਾਦਾਂ ਹੱਥੋਂ ਬੁਰੀ ਤਰ੍ਹਾਂ ਪੀੜਤ ਹਨ। ਹੁਣ ਚਮਕ-ਦਮਕ ਨਾਲ ਭਰਪੂਰ ਮੁੰਬਈ ਦੀ ਫਿਲਮ ਨਗਰੀ ਵੀ ਇਸ ਸਰਾਪ ਤੋਂ ਮੁਕਤ ਨਹੀਂ ਰਹੀ। ਇਸੇ ਤਰ੍ਹਾਂ ਦੇ ਤਾਜ਼ਾ ਮਾਮਲੇ ’ਚ ਬਾਲੀਵੁੱਡ ਦੀ ਅਭਿਨੇਤਰੀ ਵੀਨਾ ਕਪੂਰ ਵੀ ਉਨ੍ਹਾਂ ਦੇ ਹੀ ਬੇਟੇ ਸਚਿਨ ਕਪੂਰ ਵੱਲੋਂ, ਜਿਸ ਨਾਲ ਉਹ ਰਹਿੰਦੀ ਸੀ, 12 ਕਰੋੜ ਰੁਪਏ ਦੇ ਫਲੈਟ ਦੇ ਲਾਲਚ ਵਿਚ ਬੇਸਬਾਲ ਦੇ ਬੈਟ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਪਿੱਛੋਂ ਲਾਸ਼ ਫਰਿੱਜ ’ਚ ਰੱਖ ਕੇ ਘਰ ਤੋਂ 90 ਕਿਲੋਮੀਟਰ ਦੂਰ ਜੰਗਲ ਵਿਚ ਇਕ ਨਦੀ ’ਚ ਸੁੱਟ ਦਿੱਤੀ ਗਈ।
ਵੀਨਾ ਕਪੂਰ ਦੇ ਅਮਰੀਕਾ ’ਚ ਰਹਿੰਦੇ ਦੂਜੇ ਬੇਟੇ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ 8 ਦਸੰਬਰ ਨੂੰ ਸਚਿਨ ਅਤੇ ਉਸ ਦੇ ਨੌਕਰ ਨੂੰ ਇਸ ਅਪਰਾਧ ਵਿਚ ਸਹਿਯੋਗ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਬੇਟੇ ਹੱਥੋਂ ਮਾਂ ਦੀ ਹੱਤਿਆ ਦੀ ਉਕਤ ਘਟਨਾ ਤੋਂ ਪਹਿਲਾਂ ਅਜਿਹੀ ਹੀ ਇਕ ਘਟਨਾ ਵਾਪਰ ਚੁੱਕੀ ਹੈ, ਜਦੋਂ 2017 ਵਿਚ ਫਿਲਮ ‘ਪਾਕੀਜ਼ਾ’ ਵਿਚ ਅਦਾਕਾਰੀ ਲਈ ਚਰਚਿਤ ਬਾਲੀਵੁੱਡ ਦੀ ਅਭਿਨੇਤਰੀ ਗੀਤਾ ਕਪੂਰ ਨੂੰ ਉਨ੍ਹਾਂ ਦੇ ਬੇਟੇ ਅਤੇ ਬੇਟੀ ਨੇ ਘਰੋਂ ਕੱਢ ਦਿੱਤਾ ਸੀ।
ਗੀਤਾ ਕਪੂਰ ਦਾ ਬੇਟਾ ਅਪ੍ਰੈਲ 2017 ਵਿਚ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ’ਚ ਇਹ ਕਹਿ ਕੇ ਛੱਡ ਗਿਆ ਕਿ ਉਹ ਇਲਾਜ ਲਈ ਏ. ਟੀ. ਐੱਮ. ’ਚੋਂ ਰਕਮ ਕਢਵਾ ਕੇ ਵਾਪਸ ਆਏਗਾ ਪਰ ਕਦੇ ਵਾਪਸ ਨਹੀਂ ਆਇਆ ਅਤੇ ਹਾਲਤ ਖਰਾਬ ਹੋਣ ਕਾਰਨ ਹਸਪਤਾਲ ਵਾਲਿਆਂ ਨੂੰ ਉਨ੍ਹਾਂ ਦਾ ਇਲਾਜ ਕਰਨਾ ਪਿਆ। ਗੀਤਾ ਕਪੂਰ ਨੇ ਆਪਣੇ ਬੇਟੇ ’ਤੇ ਮਾੜਾ ਵਰਤਾਓ ਕਰਨ ਅਤੇ ਨਿਯਮਿਤ ਰੂਪ ਨਾਲ ਭੋਜਨ ਨਾ ਦੇਣ ਦਾ ਦੋਸ਼ ਵੀ ਲਾਇਆ ਸੀ।
ਉਨ੍ਹਾਂ ਸਬੰਧੀ ਪਤਾ ਲੱਗਣ ’ਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਅਤੇ ਰਮੇਸ਼ ਤੌਰਾਨੀ ਅੱਗੇ ਆਏ। ਰਮੇਸ਼ ਤੌਰਾਨੀ ਨੇ ਉਨ੍ਹਾਂ ਦੇ ਇਲਾਜ ਦਾ ਬਿੱਲ 1.5 ਲੱਖ ਰੁਪਏ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਬਿਰਧ ਆਸ਼ਰਮ ਵਿਚ ਦਾਖਲ ਕਰਵਾਇਆ, ਜਿੱਥੇ 26 ਮਈ, 2018 ਨੂੰ ਉਨ੍ਹਾਂ ਦਾ ਬਿਰਧ ਆਸ਼ਰਮ ਵਿਖੇ ਹੀ ਦਿਹਾਂਤ ਹੋ ਗਿਆ। ਹਰ ਸਮੇਂ ਬੇਟੇ ਨੂੰ ਯਾਦ ਕਰਨ ਵਾਲੀ ਗੀਤਾ ਕਪੂਰ ਨੇ ਮਰਨ ਤੋਂ ਪਹਿਲਾਂ ਵੀ ਕਿਹਾ ਸੀ ਕਿ, ‘‘ਮੇਰਾ ਰਾਜਾ ਬੇਟਾ ਆਏਗਾ’’।
ਇਹ ਤਾਂ ਬਾਲੀਵੁੱਡ ਦੀਆਂ 2 ਅਭਿਨੇਤਰੀਆਂ ਦੀ ਕਹਾਣੀ ਹੈ, ਪਤਾ ਨਹੀਂ ਕਿੰਨੀਆਂ ਮਾਵਾਂ ਆਪਣੀਆਂ ਔਲਾਦਾਂ ਹੱਥੋਂ ਤੰਗ ਪ੍ਰੇਸ਼ਾਨ ਹੋ ਰਹੀਆਂ ਹਨ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਵਿਰੁੱਧ ਸਰਕਾਰਾਂ ਵੱਲੋਂ ਸਖਤ ਕਾਰਵਾਈ ਕਰਨ, ਸਬੰਧਤ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ।
- ਵਿਜੇ ਕੁਮਾਰ
ਨੇਤਾਵਾਂ ਦੇ ਗਲਤ ਬਿਆਨ ਕਰ ਰਹੇ ਹਨ ਪਾਰਟੀਆਂ ਦਾ ਨੁਕਸਾਨ
NEXT STORY