ਭਾਰਤ ਅਤੇ ਚੀਨ ਦਰਮਿਆਨ ਤਣਾਅ 1962 ਦੀ ਜੰਗ ਤੋਂ ਹੀ ਚਲਿਆ ਆ ਰਿਹਾ ਹੈ। ਅਜੇ ਹੁਣੇ ਜਿਹੇ ਹੀ ਸੰਸਦ ਦੇ ਸੈਸ਼ਨ ’ਚ ਰੱਖੀ ਗਈ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਅਨਿਲ ਚੌਹਾਨ ਦੀ ਇਕ ਰਿਪੋਰਟ ’ਚ ਸਮੁੰਦਰ ’ਚ ਭਾਰਤ ਨੂੰ ਚੀਨ ਅਤੇ ਪਾਕਿਸਤਾਨ ਤੋਂ ਵੱਡਾ ਖਤਰਾ ਦੱਸਿਆ ਗਿਆ ਹੈ।
ਰਿਪੋਰਟ ਮੁਤਾਬਕ ਜਿਸ ਅੰਦਾਜ਼ ’ਚ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ, ਉਸ ਨੂੰ ਦੇਖ ਕੇ ਲੱਗਦਾ ਨਹੀਂ ਕਿ ਅਸੀਂ ਚੀਨ ਅਤੇ ਪਾਕਿਸਤਾਨ ਦਾ ਮੁਕਾਬਲਾ ਕਰਨ ਦੀ ਹਾਲਤ ’ਚ ਹਾਂ। ‘ਪਾਰਲੀਮੈਂਟ ਸਟੈਂਡਿੰਗ ਕਮੇਟੀ ਆਫ ਡਿਫੈਂਸ’ ਨੂੰ ਭੇਜੀ ਰਿਪੋਰਟ ’ਚ ਜਨਰਲ ਚੌਹਾਨ ਨੇ ਕਿਹਾ ਕਿ ਨੰਬਰਸ ਦੇ ਮਾਮਲੇ ’ਚ ਚੀਨ ਦੀ ਨੇਵੀ ਦੁਨੀਆ ’ਚ ਸਭ ਤੋਂ ਵੱਡੀ ਹੈ, ਜਦੋਂ ਕਿ ਪਾਕਿਸਤਾਨ ਆਪਣੇ ਦੋਸਤ ਚੀਨ ਦੀ ਮਦਦ ਨਾਲ ਜਿਸ ਰਫਤਾਰ ਨਾਲ ਆਪਣੀ ਨੇਵੀ ਨੂੰ ਮਜ਼ਬੂਤ ਕਰ ਰਿਹਾ ਹੈ, ਉਹ ਸਾਡੀ ਤੁਲਨਾ ’ਚ ਬਹੁਤ ਵਧੇਰੇ ਬਿਹਤਰ ਹੈ।
ਮੌਜੂਦਾ ਸਮੇਂ ’ਚ ਭਾਰਤੀ ਸਮੁੰਦਰੀ ਫੌਜ ਕੋਲ ਲਗਭਗ 130 ਜਹਾਜ਼ ਹਨ ਅਤੇ ਸਾਡਾ ਨਿਸ਼ਾਨਾ 200 ਜਹਾਜ਼ ਤਿਆਰ ਕਰਨਾ ਹੈ ਪਰ ਜਿਸ ਰਫਤਾਰ ਨਾਲ ਅਸੀਂ ਚੱਲ ਰਹੇ ਹਾਂ, ਉਸ ਨੂੰ ਦੇਖ ਕੇ ਤਾਂ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਇਹ ਅੰਕੜਾ 155-160 ਤੱਕ ਹੀ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਬੀਤੇ 5 ਸਾਲਾਂ ’ਚ ਚੀਨ ਦੇ ਜਹਾਜ਼ਾਂ ਦੀ ਗਿਣਤੀ 555 ਤਕ ਪਹੁੰਚਣ ਦੇ ਨੇੜੇ ਹੈ। ਇਸ ਸਮੇਂ ਚੀਨ ਕੋਲ 355 ਜਹਾਜ਼ ਮੌਜੂਦ ਹਨ।
ਪਾਕਿਸਤਾਨ ਸੰਬੰਧੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਿਆਰੀਆਂ ਬਾਰੇ ਪਾਕਿਸਤਾਨ ਸਾਡੇ ਤੋਂ ਚੰਗੀ ਹਾਲਤ ’ਚ ਹੈ ਅਤੇ 2030 ਤੱਕ ਪਾਕਿਸਤਾਨ ਚੀਨ ਦੀ ਮਦਦ ਨਾਲ ਆਪਣੇ ਬੇੜੇ ਨੂੰ ਹੋਰ ਮਜ਼ਬੂਤ ਕਰ ਲਵੇਗਾ।
ਭਾਰਤੀ ਸਮੁੰਦਰੀ ਫੌਜ ਕੋਲ ਇਸ ਸਮੇਂ 143 ਹਵਾਈ ਜਹਾਜ਼ ਅਤੇ 130 ਹੈਲੀਕਾਪਟਰ ਹਨ। ਇਸ ਤੋਂ ਇਲਾਵਾ ਵੱਖ-ਵੱਖ ਸ਼ਿਪਯਾਰਡਾਂ ’ਚ 43 ਜਹਾਜ਼ਾਂ ਅਤੇ ਪਣਡੁੱਬੀਆਂ ਦਾ ਨਿਰਮਾਣ ਚੱਲ ਰਿਹਾ ਹੈ ਜਦੋਂਕਿ 51 ਜਹਾਜ਼ਾਂ, 6 ਪਣਡੁੱਬੀਆਂ ਅਤੇ 111 ਸਮੁੰਦਰੀ ਫੌਜ ਦੀ ਵਰਤੋਂ ਲਈ ਹੈਲੀਕਾਪਟਰਾਂ ਦੇ ਸਵਦੇਸ਼ੀ ਨਿਰਮਾਣ ਲਈ ਮੁੱਢਲੀ ਪ੍ਰਵਾਨਗੀ ਮੌਜੂਦ ਹੈ।
ਇਸ ਤੋਂ ਇਲਾਵਾ ਅਨਿਲ ਚੌਹਾਨ ਨੇ ਉੱਭਰਦੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਸਮੁੰਦਰੀ ਫੌਜ ਦੇ ਇਕ ਸੰਤੁਲਿਤ ਨਿਰਮਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ ਭਾਵੇਂ ਉਹ ਜਹਾਜ਼, ਪਣਡੁੱਬੀ ਜਾਂ ਹਵਾਈ ਜਹਾਜ਼ ਹੋਵੇ, ਜਿਸ ਨੂੰ ਸਿਰਫ ਸਥਾਈ ਤੌਰ ’ਤੇ ਯਕੀਨੀ ਪੈਸਿਆਂ ਨਾਲ ਹੀ ਸਮਰੱਥ ਕੀਤਾ ਜਾ ਸਕਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਕਮੇਟੀ ਇਹ ਕਹਿਣਾ ਚਾਹੁੰਦੀ ਹੈ ਕਿ ਮੰਤਰਾਲਾ ਨੂੰ ਖਤਰੇ ਦੀ ਧਾਰਨਾ ਦਾ ਅਨੁਮਾਨ ਲਾਉਣਾ ਚਾਹੀਦਾ ਹੈ ਜੋ ਗੁਆਂਢ ’ਚ ਦੁਸ਼ਮਣੀ ਭਰੇ ਦੇਸ਼ਾਂ ਅਤੇ ਹਿੰਦ ਮਹਾਸਾਗਰ ਖੇਤਰ ’ਚ ਵਪਾਰ ’ਚ ਵਾਧੇ ਨੂੰ ਧਿਆਨ ’ਚ ਰੱਖਦਿਆਂ ਕਈ ਗੁਣਾ ਵਧ ਗਿਆ ਹੈ।
ਵਰਣਨਯੋਗ ਹੈ ਕਿ ਚੀਨ ਦੇ ਹੁਕਮਰਾਨਾਂ ਨੇ ਭਾਰਤ ਸਮੇਤ ਕਈ ਦੇਸ਼ਾਂ ਨਾਲ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦ ਸ਼ੁਰੂ ਕੀਤਾ ਹੋਇਆ ਹੈ। ਉਦਾਹਰਣ ਵਜੋਂ ਜਿਥੇ ਚੀਨ ਭਾਰਤ ਦੇ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਲੰਬੇ ਸਮੇਂ ਤੋਂ ਜਤਾਉਂਦਾ ਆ ਰਿਹਾ ਹੈ, ਉਥੇ ਉਸ ਨੇ ਮਨਮਰਜ਼ੀ ਵਾਲੇ ਢੰਗ ਨਾਲ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦਾ ਚੀਨੀ ਨਾਮਕਰਨ ਤੱਕ ਕਰ ਦਿੱਤਾ ਹੈ।
ਇਸ ਨੂੰ ਭਾਰਤ ਸਰਕਾਰ ਰੱਦ ਕਰ ਚੁੱਕੀ ਹੈ ਅਤੇ ਅਮਰੀਕਾ ਨੇ ਵੀ ਇਸ ਲਈ ਚੀਨ ਦੀ ਆਲੋਚਨਾ ਕੀਤੀ ਹੈ। ਇਹੀ ਨਹੀਂ, ਅੱਜਕਲ ਚੀਨ ਦਾ ਤਾਈਵਾਨ ਨਾਲ ਵੀ ਵਿਵਾਦ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਅਤੇ ਇਸ ਵੱਲੋਂ ਕਿਸੇ ਵੀ ਸਮੇਂ ਤਾਈਵਾਨ ’ਤੇ ਹਮਲਾ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।
ਚੀਨ ਦੇ ਇਸੇ ਤਰ੍ਹਾਂ ਦੇ ਹਮਲਾਵਰ ਤੇਵਰਾਂ ਨੂੰ ਦੇਖਦੇ ਹੋਏ ਭਾਰਤ ਨੂੰ ਕਿਸੇ ਵੀ ਮਾੜੀ ਸਥਿਤੀ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਆਪਣੀ ਫੌਜੀ ਸ਼ਕਤੀ ਵਧਾਉਣ ਦੀ ਤੁਰੰਤ ਲੋੜ ਹੈ।
ਸੱਟੇਬਾਜ਼ੀ ਅਤੇ ਦਾਅ ਲਾਉਣ ਵਾਲੀਆਂ ਆਨਲਾਈਨ ਗੇਮਾਂ ਖੇਡਣ ਦਾ ਵਧ ਰਿਹਾ ਰੁਝਾਨ ਚਿੰਤਾਜਨਕ
NEXT STORY