68 ਸਾਲ ਪਹਿਲਾਂ 9 ਜੂਨ ਵਾਲੇ ਦਿਨ 'ਏਅਰ ਇੰਡੀਆ' ਨੇ ਮੁੰਬਈ ਤੋਂ ਲੰਡਨ ਤਕ 24 ਘੰਟਿਆਂ ਦੀ ਆਪਣੀ ਪਹਿਲੀ ਕੌਮਾਂਤਰੀ ਉਡਾਣ ਭਰੀ। ਜਹਾਜ਼ 'ਤੇ ਲਿਖਿਆ ਸੀ 'ਏਅਰ ਇੰਡੀਆ ਇੰਟਰਨੈਸ਼ਨਲ' ਅਤੇ ਉਸ ਜਹਾਜ਼ ਦਾ ਨਾਂ ਸੀ 'ਮਾਲਾਬਾਰ ਪ੍ਰਿੰਸੇਸ'। 40 ਸੀਟਾਂ ਵਾਲੇ ਉਸ ਜਹਾਜ਼ ਦੀ ਪਹਿਲੀ ਉਡਾਣ 'ਚ ਸਰਵਸ਼੍ਰੀ ਮਹਾਰਾਜਾ ਦਿਲੀਪ ਸਿੰਘ, ਨਵਾਨਗਰ ਦੇ ਜਾਮ ਸਾਹਿਬ, ਸੌਰਾਸ਼ਟਰ ਦੇ ਰਾਜ ਪ੍ਰਮੁੱਖ, ਭਾਰਤੀ ਹਵਾਬਾਜ਼ੀ ਉਦਯੋਗ ਦੇ ਪਿਤਾਮਾ ਜੇ. ਆਰ. ਡੀ. ਟਾਟਾ ਵਰਗੀਆਂ 35 ਹਸਤੀਆਂ ਸਵਾਰ ਸਨ। ਕਿਸੇ ਸਮੇਂ ਹਵਾਬਾਜ਼ੀ ਉਦਯੋਗ 'ਚ ਚੋਟੀ 'ਤੇ ਰਹਿਣ ਤੋਂ ਬਾਅਦ ਭਾਰਤ ਦੀ ਕੌਮੀ ਹਵਾਈ ਸੇਵਾ ਦਾ ਦਰਜਾ ਹਾਸਿਲ ਕਰਨ ਵਾਲੀ 'ਏਅਰ ਇੰਡੀਆ' ਹੁਣ ਮਾੜੇ ਪ੍ਰਬੰਧਾਂ, ਸਟਾਫ ਦੀਆਂ ਮਨਮਰਜ਼ੀਆਂ ਤੇ ਪ੍ਰਾਈਵੇਟ ਹਵਾਈ ਸੇਵਾਵਾਂ ਤੋਂ ਸਖਤ ਚੁਣੌਤੀ ਮਿਲਣ ਕਰਕੇ ਧਰਾਤਲ 'ਤੇ ਪਹੁੰਚ ਗਈ ਹੈ। 'ਏਅਰ ਇੰਡੀਆ' ਅਤੇ 'ਇੰਡੀਅਨ ਏਅਰਲਾਈਨਜ਼' ਦੇ ਰਲੇਵੇਂ ਤੋਂ ਬਾਅਦ 2007 ਤੋਂ ਹੁਣ ਤਕ ਇਹ ਲਗਾਤਾਰ ਘਾਟੇ 'ਚ ਚਲ ਰਹੀ ਹੈ ਤੇ ਇਸ 'ਚ ਬੇਨਿਯਮੀਆਂ ਰੁਕ ਨਹੀਂ ਰਹੀਆਂ ਜਿਨ੍ਹਾਂ 'ਚੋਂ ਚੰਦ ਹੇਠਾਂ ਦਰਜ ਹਨ :
* 29 ਮਾਰਚ ਨੂੰ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਜਹਾਜ਼ ਤਕਨੀਕੀ ਖਰਾਬੀ ਕਾਰਨ ਹੰਗਾਮੀ ਹਾਲਤ 'ਚ ਕੋਲਕਾਤਾ ਹਵਾਈ ਅੱਡੇ 'ਤੇ ਉਤਾਰਨਾ ਪਿਆ।
* 5 ਅਪ੍ਰੈਲ ਨੂੰ ਚੇਨਈ ਤੋਂ ਮਾਲੇ ਜਾ ਰਹੇ ਜਹਾਜ਼ ਦੇ ਮੁਸਾਫਰਾਂ ਨੂੰ ਸਵਾ ਦੋ ਘੰਟੇ ਉਡੀਕ ਕਰਨੀ ਪਈ ਕਿਉਂਕਿ ਜਹਾਜ਼ ਦਾ ਕਮਾਂਡਰ ਇਕ ਖਾਸ ਮਹਿਲਾ ਕੋ-ਪਾਇਲਟ ਨੂੰ ਆਪਣੇ ਨਾਲ ਲਿਜਾਣ 'ਤੇ ਅੜਿਆ ਹੋਇਆ ਸੀ।
* 19 ਮਈ ਨੂੰ ਫਲਾਈਟ ਨੰ. 317 ਰਾਹੀਂ ਦਿੱਲੀ ਤੋਂ ਮੁੰਬਈ ਜਾਣ ਵਾਲੇ 300 ਮੁਸਾਫਰਾਂ ਨੂੰ 2 ਘੰਟਿਆਂ ਦਾ ਸਫਰ ਬਿਨਾਂ ਏਅਰ ਕੰਡੀਸ਼ਨ ਦੇ ਕਰਨਾ ਪਿਆ। ਇਸ ਬੋਇੰਗ-747 ਜਹਾਜ਼ 'ਚ ਸਵਾਰ ਹੋਣ ਦੌਰਾਨ ਵੀ ਜਹਾਜ਼ ਦੇ ਏ. ਸੀ. ਨਹੀਂ ਚਲ ਰਹੇ ਸਨ।
ਮੁਸਾਫਰਾਂ ਵੱਲੋਂ ਜਹਾਜ਼ ਦੇ ਸਟਾਫ ਨੂੰ ਸ਼ਿਕਾਇਤ ਕਰਨ 'ਤੇ ਵੀ ਉਸ ਦੇ ਕੈਪਟਨ ਐੱਸ. ਕੇ. ਝਾਅ ਨੇ ਉਸੇ ਹਾਲਤ 'ਚ ਉਡਾਣ ਭਰ ਦਿੱਤੀ ਤੇ ਮੁਸਾਫਰਾਂ ਨੇ ਦੋ ਘੰਟਿਆਂ ਦਾ ਸਫਰ ਸਰੀਰ ਸਾੜਨ ਵਾਲਾ ਸੇਕ ਝੱਲਦਿਆਂ ਤਹਿ ਕੀਤਾ। ਇਕ 4 ਸਾਲਾ ਬੱਚਾ ਜਦੋਂ ਬੁਰੀ ਤਰ੍ਹਾਂ ਤੜਫਣ ਲੱਗਾ ਤਾਂ ਜਹਾਜ਼ ਦੇ ਸਟਾਫ ਨੇ ਉਸ ਦੇ ਮਾਂ ਪਿਓ ਨੂੰ ਕਿਹਾ, ''ਜੇ ਬੱਚਾ ਬੇਹੋਸ਼ ਹੋ ਗਿਆ ਤਾਂ ਅਸੀਂ ਹਾਲਾਤ ਸੰਭਾਲ ਲਵਾਂਗੇ।''
* 31 ਮਈ ਦੀ ਸ਼ਾਮ ਨੂੰ ਦਿਲ 'ਚ ਸੁਰਾਖ ਤੋਂ ਪੀੜਤ 11 ਸਾਲਾ ਜਸਰਾਜ ਅਮਰੀਕਾ 'ਚ ਨੇਵਾਰਕ ਦੀ ਉਡਾਣ ਫੜਨ ਲਈ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚਿਆ। ਜਸਰਾਜ ਨਾਲ ਉਸ ਦੇ ਪਰਿਵਾਰ ਦੇ 20 ਮੈਂਬਰ ਸਨ। 6 ਜੂਨ ਨੂੰ ਹੋਣ ਵਾਲੇ ਆਪ੍ਰੇਸ਼ਨ ਬਾਰੇ ਜ਼ਰੂਰੀ ਹਦਾਇਤਾਂ ਲਈ 2 ਜੂਨ ਨੂੰ ਉਸ ਦੀ ਉਥੇ ਮਾਹਿਰ ਡਾਕਟਰ ਨਾਲ ਮੁਲਾਕਾਤ ਤੈਅ ਸੀ ਪਰ ਉਨ੍ਹਾਂ ਨੂੰ ਜਹਾਜ਼ 'ਚ ਚੜ੍ਹਨ ਨਹੀਂ ਦਿੱਤਾ ਗਿਆ ਕਿਉਂਕਿ ਸਫਰ ਦੌਰਾਨ ਜਸਰਾਜ ਨੂੰ ਦੇਣ ਲਈ ਆਕਸੀਜਨ ਦਾ ਪ੍ਰਬੰਧ ਜਹਾਜ਼ 'ਚ ਨਹੀਂ ਸੀ।
* 9 ਜੂਨ ਨੂੰ ਲਖਨਊ ਤੋਂ ਮੁੰਬਈ ਲਈ 'ਏਅਰ ਇੰਡੀਆ' ਦੇ ਜਹਾਜ਼ ਦੇ ਉਡਾਣ ਭਰਦਿਆਂ ਹੀ ਉਸ ਦਾ ਇਕ ਟਾਇਰ ਫਟ ਗਿਆ ਤੇ ਇਕ ਪਰ ਵੀ ਟੁੱਟਿਆ ਹੋਇਆ ਸੀ। ਹਾਲਾਂਕਿ ਸਮੇਂ ਸਿਰ ਇਸ ਦਾ ਪਤਾ ਲੱਗ ਜਾਣ 'ਤੇ ਪਾਇਲਟ ਇਹ ਉਡਾਣ ਰੱਦ ਵੀ ਕਰ ਸਕਦਾ ਸੀ ਪਰ ਉਸ ਨੇ ਇਸੇ ਹਾਲਤ 'ਚ ਨਾ ਸਿਰਫ ਉਡਾਣ ਭਰੀ ਸਗੋਂ ਫਟੇ ਹੋਏ ਟਾਇਰ ਨਾਲ ਹੀ ਜਹਾਜ਼ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ।
* 11 ਜੂਨ ਨੂੰ ਮੁੰਬਈ ਤੋਂ ਬੈਂਕਾਕ ਜਾਣ ਵਾਲੇ ਜਹਾਜ਼ 'ਚ 200 ਮੁਸਾਫਰ ਸਵਾਰ ਹੋ ਚੁੱਕੇ ਸਨ ਪਰ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ ਤੇ ਨਾ ਹੀ 'ਏਅਰ ਇੰਡੀਆ' ਦੇ ਕਿਸੇ ਅਧਿਕਾਰੀ ਨੇ ਮੁਸਾਫਰਾਂ ਨੂੰ ਦੱਸਿਆ ਕਿ ਇਹ ਫਲਾਈਟ ਕਦੋਂ ਚੱਲੇਗੀ। ਮੁਸਾਫਰ ਹਵਾਈ ਅੱਡੇ 'ਤੇ 22 ਘੰਟੇ ਫਸੇ ਰਹੇ। ਮੈਨੇਜਮੈਂਟ ਨੇ ਉਨ੍ਹਾਂ ਦੇ ਖਾਣ-ਪੀਣ ਤੇ ਠਹਿਰਨ ਦਾ ਪ੍ਰਬੰਧ ਵੀ ਨਹੀਂ ਕੀਤਾ।
'ਏਅਰ ਇੰਡੀਆ' ਦੇ ਜਹਾਜ਼ਾਂ 'ਚ ਤਕਨੀਕੀ ਨੁਕਸ ਤੇ ਸਟਾਫ ਦੀਆਂ ਮਨਮਰਜ਼ੀਆਂ ਦੇ ਇਹ ਤਾਂ ਚੰਦ ਨਮੂਨੇ ਮਾਤਰ ਹਨ। ਅਸਲ 'ਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਹਵਾਬਾਜ਼ੀ ਰਾਜ ਮੰਤਰੀ ਮਹੇਸ਼ ਸ਼ਰਮਾ ਅਨੁਸਾਰ, ''2014 'ਚ ਏਅਰ ਇੰਡੀਆ ਦੀਆਂ ਸੇਵਾਵਾਂ ਸੰਬੰਧੀ 1943 ਸ਼ਿਕਾਇਤਾਂ ਮਿਲੀਆਂ ਸਨ, ਜੋ 2015 'ਚ ਵਧ ਕੇ 3507 ਹੋ ਗਈਆਂ ਹਨ।''
2016 'ਚ ਵੀ ਇਹ ਸਿਲਸਿਲਾ ਜਾਰੀ ਹੈ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੇਸ਼ ਦੀ ਕੌਮੀ ਹਵਾਈ ਸੇਵਾ ਕਿੱਧਰ ਜਾ ਰਹੀ ਹੈ? ਇਸੇ 'ਤੇ 9 ਜੂਨ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਰਾਜੂ ਨੇ ਕਿਹਾ ਹੈ ਕਿ ''ਏਅਰ ਇੰਡੀਆ ਦੀ 'ਬੈਲੇਂਸ ਸ਼ੀਟ' ਇੰਨੀ ਖਰਾਬ ਹੈ ਕਿ ਜੇ ਸਰਕਾਰ ਇਸ ਨੂੰ ਵੇਚਣਾ ਵੀ ਚਾਹੇ ਤਾਂ ਕੋਈ ਨਹੀਂ ਖਰੀਦੇਗਾ।''
'ਏਅਰ ਇੰਡੀਆ' ਦੀ ਸਥਿਤੀ 'ਤੇ ਉਕਤ ਟਿੱਪਣੀ ਤੋਂ ਬਾਅਦ ਹੋਰ ਕੁਝ ਕਹਿਣ ਦੀ ਗੁੰਜਾਇਸ਼ ਨਹੀਂ ਬਚਦੀ। ਸਪੱਸ਼ਟ ਤੌਰ 'ਤੇ ਇਸ ਨੂੰ ਆਪਣੇ ਪੈਰਾਂ 'ਤੇ ਖੜ੍ਹੀ ਕਰਨ ਦੀਆਂ ਹੁਣ ਤਕ ਦੀਆਂ ਕੋਸ਼ਿਸ਼ਾਂ ਨਾਕਾਮ ਹੀ ਰਹੀਆਂ ਹਨ। ਇਸ ਲਈ ਇਸ ਨੂੰ ਨਵਾਂ ਜੀਵਨ ਕਿਵੇਂ ਦਿੱਤਾ ਜਾਵੇ, ਇਹ ਕੇਂਦਰ ਸਰਕਾਰ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। —ਵਿਜੇ ਕੁਮਾਰ
ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ 'ਅੱਤਵਾਦ ਦੇ ਖੂਨੀ ਪੰਜੇ'
NEXT STORY