1970 ਤੋਂ ਹੁਣ ਤਕ ਹਵਾਈ ਫੌਜ ਦੇ 1000 ਤੋਂ ਜ਼ਿਆਦਾ ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ 1 ਅਪ੍ਰੈਲ 2007 ਤੋਂ ਲੈ ਕੇ 31 ਮਈ 2015 ਤਕ ਹਵਾਈ ਫੌਜ ਦੇ ਕੁਲ 83 ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਇਨ੍ਹਾਂ 'ਚ ਮਿੱਗ, ਜੈਗੁਆਰ, ਐੱਮ. ਆਈ., ਏ. ਐੱਨ. 32, ਚੇਤਕ ਹੈਲੀਕਾਪਟਰ, ਹਾਕ ਐੱਮ. ਕੇ. ਆਈ., ਏ. ਐੱਲ. ਐੱਚ. ਸੀ. 130-ਜੇ ਸ਼ਾਮਲ ਹਨ।
ਸਭ ਤੋਂ ਮਹਿੰਗਾ ਜਹਾਜ਼ ਸੁਖੋਈ ਹੈ, ਜਿਸ ਦੀ ਕੀਮਤ 1500 ਕਰੋੜ ਰੁਪਏ ਦੇ ਲੱਗਭਗ ਹੈ। ਇਸ ਸਾਲ ਘੱਟੋ-ਘੱਟ 2 ਐੱਮ. ਕੇ. ਆਈ.-30 ਸੁਖੋਈ ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਪਿਛਲੇ 5 ਸਾਲਾਂ 'ਚ 5 ਸੁਖੋਈ ਜਹਾਜ਼ ਹਾਦਸਿਆਂ ਦੇ ਸ਼ਿਕਾਰ ਹੋਏ।
1970 ਤੋਂ ਬਾਅਦ ਮਿੱਗ-21 ਦੇ ਹਾਦਸਿਆਂ 'ਚ ਭਾਰਤੀ ਹਵਾਈ ਫੌਜ ਦੇ 170 ਪਾਇਲਟ ਮਾਰੇ ਗਏ, ਜਦਕਿ 2010 ਤੋਂ 2013 ਦੇ ਦਰਮਿਆਨ ਘੱਟੋ-ਘੱਟ 14 ਮਿੱਗ-21 ਜਹਾਜ਼ ਹਾਦਸਿਆਂ ਦੇ ਸ਼ਿਕਾਰ ਹੋਏ। ਇਸ ਸਾਲ ਮਿੱਗ-21 ਲੜਾਕੂ ਜਹਾਜ਼ਾਂ ਦੇ ਹੋਏ ਕੁਝ ਹਾਦਸੇ ਹੇਠ ਲਿਖੇ ਹਨ :
* 27 ਜਨਵਰੀ 2015 ਨੂੰ ਰਾਜਸਥਾਨ ਦੇ ਬਾੜਮੇਰ ਜ਼ਿਲੇ 'ਚ ਇਕ ਮਿੱਗ-27 ਜੈੱਟ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।
*31 ਜਨਵਰੀ ਨੂੰ ਭਾਰਤੀ ਹਵਾਈ ਫੌਜ ਦਾ ਮਿੱਗ-21 ਲੜਾਕੂ ਜੈੱਟ ਜਹਾਜ਼ ਗੁਜਰਾਤ ਦੇ ਜਾਮਨਗਰ ਜ਼ਿਲੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ।
* 8 ਮਈ ਦੀ ਰਾਤ ਨੂੰ ਬੰਗਾਲ ਦੇ ਤਾਂਤਿਪਾੜਾ ਇਲਾਕੇ 'ਚ ਇਕ ਮਿੱਗ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ।
* ਤੇ ਹੁਣ 24 ਅਗਸਤ ਨੂੰ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਭਾਰਤੀ ਹਵਾਈ ਫੌਜ ਦਾ ਇਕ ਮਿੱਗ-21 ਬਾਈਸਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।
ਭਾਰਤੀ ਹਵਾਈ ਫੌਜ ਦੇ ਬੇੜੇ 'ਚ ਘੱਟੋ-ਘੱਟ 1588 ਲੜਾਕੂ ਜਹਾਜ਼ ਹਨ, ਜਿਨ੍ਹਾਂ 'ਚੋਂ 361 ਟ੍ਰੇਨੀ ਜਹਾਜ਼ ਹਨ। ਹਾਲਾਂਕਿ ਮਿੱਗ ਹਾਦਸਿਆਂ ਤੋਂ ਬਾਅਦ 2014 'ਚ ਹਵਾਈ ਫੌਜ ਨੇ ਇਸ ਦੇ ਬਦਲ ਵਜੋਂ ਇਸ ਨਾਲੋਂ ਜ਼ਿਆਦਾ ਆਧੁਨਿਕ ਸੁਖੋਈ ਜਹਾਜ਼ ਖਰੀਦੇ ਸਨ ਪਰ ਲੱਗਦਾ ਹੈ ਕਿ ਇਹ ਦੋਵੇਂ ਹੀ ਹਾਦਸਿਆਂ ਤੋਂ ਮੁਕਤ ਨਹੀਂ।
ਰੱਖਿਆ ਮੰਤਰਾਲੇ ਨਾਲ ਸੰਬੰਧਤ ਸੰਸਦ ਦੀ ਸਥਾਈ ਕਮੇਟੀ ਨੇ 4 ਅਗਸਤ 2011 ਨੂੰ ਪੇਸ਼ ਕੀਤੀ ਰਿਪੋਰਟ 'ਚ ਮੰਨਿਆ ਸੀ ਕਿ ਮਿੱਗ ਜਹਾਜ਼ਾਂ ਦੇ ਜ਼ਿਆਦਾਤਰ ਹਾਦਸੇ ਪੁਰਾਣੀ ਤਕਨਾਲੋਜੀ ਕਾਰਨ ਹੋਏ ਹਨ, ਇਸ ਲਈ ਮਿੱਗ-21 ਤੇ ਮਿੱਗ-27 ਦੇ ਇੰਜਣਾਂ 'ਚ ਖਰਾਬੀ ਆਉਣ ਦੀਆਂ ਘਟਨਾਵਾਂ ਆਮ ਹਨ ਤੇ ਇਨ੍ਹਾਂ ਜਹਾਜ਼ਾਂ ਦੀ ਸਪਲਾਈ ਕਰਨ ਵਾਲੇ ਦੇਸ਼ ਰੂਸ ਨੇ ਵੀ ਇਨ੍ਹਾਂ ਨੂੰ ਆਪਣੀ ਹਵਾਈ ਫੌਜ ਦੀ ਸੇਵਾ ਤੋਂ ਬਾਹਰ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਕਮੇਟੀ ਨੇ ਨਵੇਂ ਜਹਾਜ਼ਾਂ ਦੀ ਖਰੀਦ ਦੀ ਪ੍ਰਕਿਰਿਆ ਨੂੰ ਯੋਜਨਾਬੱਧ ਤਰੀਕੇ ਨਾਲ ਪੂਰੀ ਕਰਨ ਦੀ ਵਕਾਲਤ ਕਰਦਿਆਂ ਰੱਖਿਆ ਮੰਤਰਾਲੇ ਨੂੰ ਕਿਹਾ ਸੀ ਕਿ ਮੌਜੂਦਾ ਜਹਾਜ਼ਾਂ ਦਾ ਜੀਵਨ ਕਾਲ ਵਧਾਉਣ ਅਤੇ ਪਾਇਲਟਾਂ ਦੀ ਟ੍ਰੇਨਿੰਗ 'ਤੇ ਨਵੇਂ ਸਿਰਿਓਂ ਵਿਚਾਰ ਕੀਤਾ ਜਾਵੇ ਅਤੇ ਮਿੱਗ ਜਹਾਜ਼ਾਂ ਨੂੰ ਜਿੰਨੀ ਛੇਤੀ ਸੰਭਵ ਹੋਵੇ ਰਿਟਾਇਰ ਕਰ ਦਿੱਤਾ ਜਾਵੇ।
ਇਕ ਲੜਾਕੂ ਪਾਇਲਟ ਦੀ ਟ੍ਰੇਨਿੰਗ 'ਤੇ 10 ਕਰੋੜ 35 ਲੱਖ ਰੁਪਏ ਖਰਚ ਆਉਂਦੇ ਹਨ ਪਰ ਪਾਇਲਟਾਂ ਦੀ ਟ੍ਰੇਨਿੰਗ ਲਈ ਸਮੁੱਚੇ ਟ੍ਰੇਨੀ ਜਹਾਜ਼ਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਵੇਲੇ ਦੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ 2012 'ਚ ਇਹ ਕਹਿ ਕੇ ਸੰਸਦ ਨੂੰ ਹੈਰਾਨ ਕਰ ਦਿੱਤਾ ਸੀ ਕਿ ਰੂਸ ਤੋਂ ਖਰੀਦੇ ਗਏ ਮਿੱਗ ਜਹਾਜ਼ਾਂ 'ਚ ਅੱਧੇ ਤੋਂ ਜ਼ਿਆਦਾ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।
ਭਾਰਤੀ ਹਵਾਈ ਫੌਜ ਅੱਜ ਘੱਟੋ-ਘੱਟ 600 ਪਾਇਲਟਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਮੁੱਖ ਕਾਰਨ ਨਿੱਜੀ ਹਵਾਈ ਸੇਵਾਵਾਂ 'ਚ ਦਿਲਖਿੱਚਵੇਂ ਤਨਖਾਹ ਭੱਤਿਆਂ ਅਤੇ ਸਹੂਲਤਾਂ ਦੀ ਭਰਮਾਰ ਹੋਣਾ ਹੈ, ਜਿਸ ਕਾਰਨ ਇਹ ਸਮੱਸਿਆ ਵਧੀ ਹੈ।
ਇਸੇ ਕਰਕੇ ਹਵਾਈ ਫੌਜ ਦੇ ਸਾਬਕਾ ਮੁਖੀ ਏਅਰ ਮਾਰਸ਼ਲ ਅਰਜੁਨ ਸਿੰਘ ਨੇ ਕਿਹਾ ਸੀ ਕਿ ''ਭਾਰਤੀ ਹਵਾਈ ਫੌਜ ਨੂੰ ਨਾ ਸਿਰਫ ਅਤਿ-ਆਧੁਨਿਕ ਜਹਾਜ਼ ਚਾਹੀਦੇ ਹਨ ਸਗੋਂ ਸਮੁੱਚੀ ਗਿਣਤੀ 'ਚ ਕੁਸ਼ਲ ਟ੍ਰੇਂਡ ਪਾਇਲਟ ਵੀ ਹੋਣੇ ਚਾਹੀਦੇ ਹਨ।''
ਇਹ ਇਕ ਤ੍ਰਾਸਦੀ ਹੀ ਹੈ ਕਿ ਭਾਰਤ 'ਚ ਬਣੇ ਲੜਾਕੂ ਜਹਾਜ਼ ਅਜੇ ਵੀ ਐਕਸ਼ਨ 'ਚ ਹਿੱਸਾ ਲੈਣ ਲਈ ਤਿਆਰ ਨਹੀਂ ਹਨ ਅਤੇ ਫਰਾਂਸ ਤੋਂ ਲੜਾਕੂ ਜਹਾਜ਼ ਖਰੀਦਣ ਦਾ ਜੋ ਸੌਦਾ 2 ਸਾਲ ਪਹਿਲਾਂ ਹੋਇਆ ਸੀ, ਉਹ ਵੀ ਅਜੇ ਤਕ ਠੰਡੇ ਬਸਤੇ 'ਚ ਪਿਆ ਹੋਇਆ ਹੈ।
ਅੱਜ ਜਦੋਂ ਭਾਰਤ ਨੂੰ ਸਰਹੱਦ 'ਤੇ ਭਾਰੀ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੌਮਾਂਤਰੀ ਰਣਨੀਤਕ ਮਾਹਿਰਾਂ ਅਨੁਸਾਰ ਪਾਕਿਸਤਾਨ ਨਾਲ ਜੰਗ ਦਾ ਖਤਰਾ ਸਿਰ 'ਤੇ ਮੰਡਰਾ ਰਿਹਾ ਹੈ, ਅਜਿਹੀ ਸਥਿਤੀ 'ਚ ਕਿਸੇ ਵੀ ਤਰ੍ਹਾਂ ਦੀ ਭੁੱਲ ਦੇਸ਼ ਨੂੰ ਮਹਿੰਗੀ ਪੈ ਸਕਦੀ ਹੈ। ਇਸ ਲਈ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਛੇਤੀ ਤੋਂ ਛੇਤੀ ਬਿਹਤਰੀਨ ਜੰਗੀ ਜਹਾਜ਼ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।
—ਵਿਜੇ ਕੁਮਾਰ
'ਬੀਮਾਰ' ਹਨ ਦਿੱਲੀ ਦੇ ਸਰਕਾਰੀ ਹਸਪਤਾਲ
NEXT STORY