ਸੱਤਾ ਪ੍ਰਤਿਸ਼ਠਾਨ ਨਾਲ ਜੁੜੇ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕਾਰਜ ਨਹੀਂ ਕਰਨਗੇ ਤਾਂ ਕਿ ਸੱਤਾ ਨਾਲ ਜੁੜੇ ਲੋਕਾਂ ਦੀ ਬਦਨਾਮੀ ਨਾ ਹੋਵੇ ਪਰ ਅੱਜ ਅਜਿਹੇ ਲੋਕਾਂ ’ਚੋਂ ਕਈ ਗਲਤ ਕੰਮ ਕਰ ਰਹੇ ਹਨ :
* 4 ਦਸੰਬਰ, 2023 ਨੂੰ ਮੈਸੂਰ ’ਚ ਕਿਤੇ ਜਾਂਦੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇੇਵੇਗੌੜਾ ਦੀ ਨੂੰਹ ‘ਭਵਾਨੀ ਰੇਵੰਨਾ’ ਦੀ ਕਾਰ ਨੂੰ ਰਸਤੇ ’ਚ ਇਕ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ। ਉਹ ਬਾਈਕ ਸਵਾਰ ’ਤੇ ਇਹ ਕਹਿੰਦੇ ਹੋਏ ਭੜਕ ਉੱਠੀ ਕਿ ‘‘ਮਰਨ ਲਈ ਤੈਨੂੰ ਮੇਰੀ ਕਾਰ ਹੀ ਮਿਲੀ? ਮਰਨਾ ਹੈ ਤਾਂ ਕਿਸੇ ਬੱਸ ਹੇਠਾਂ ਜਾ ਕੇ ਮਰੋ। ਮੇਰੀ ਡੇਢ ਕਰੋੜ ਦੀ ਕਾਰ ਨੂੰ ਹੋਏ ਨੁਕਸਾਨ ਦੀ ਪੂਰਤੀ ਕੌਣ ਕਰੇਗਾ?’’
ਇਸ ਦੇ ਇਲਾਵਾ ਵੀ ‘ਭਵਾਨੀ ਰੇਵੰਨਾ’ ਨੇ ਬਾਈਕ ਸਵਾਰ ਨੂੰ ਲੱਗੀਆਂ ਸੱਟਾਂ ਵੱਲ ਧਿਆਨ ਨਾ ਦਿੰਦੇ ਹੋਏ ਉਸ ਨੂੰ ਬਹੁਤ ਖਰੀਆਂ-ਖੋਟੀਆਂ ਸੁਣਾਈਆਂ ਅਤੇ ਬਹੁਤ ਬੇਇੱਜ਼ਤ ਕੀਤਾ। ਜਦੋਂ ਲੋਕਾਂ ਨੇ ਬਾਈਕ ਸਵਾਰ ਦਾ ਪੱਖ ਲਿਆ ਤਾਂ ਉਹ ਉਨ੍ਹਾਂ ’ਤੇ ਵੀ ਭੜਕ ਉੱਠੀ ਅਤੇ ਕਹਿਣ ਲੱਗੀ, ‘‘ਮੇਰੀ ਕਾਰ ਦਾ ਇੰਨਾ ਨੁਕਸਾਨ ਹੋ ਗਿਆ ਹੈ ਪਰ ਲੋਕ ਬਾਈਕ ਸਵਾਰ ਦੀ ਸੁਰੱਖਿਆ ਦੀ ਚਿੰਤਾ ਕਰ ਰਹੇ ਹਨ।’’
* 30 ਦਸੰਬਰ, 2023 ਨੂੰ ਬਿਹਾਰ ਦੇ ਗੋਪਾਲਪੁਰ ’ਚ ਇਕ ਸੜਕ ਹਾਦਸੇ ’ਚ ਕੇਲੇ ਵੇਚਣ ਵਾਲੇ ਇਕ ਬਜ਼ੁਰਗ ਦੀ ਮੌਤ ਵਿਰੁੱਧ ਪ੍ਰਦਰਸ਼ਨ ਕਰ ਰਹੀ ਭੀੜ ਨੂੰ ਸਮਝਾਉਣ ਪੁੱਜੇ ਜਦ (ਯੂ) ਵਿਧਾਇਕ ਨਰਿੰਦਰ ਕੁਮਾਰ ਨੀਰਜ ਉਰਫ ਗੋਪਾਲ ਮੰਡਲ ਨੇ ਮ੍ਰਿਤਕ ਦੇ ਰਿਸ਼ਤੇਦਾਰ ਵੱਲੋਂ ਡੀ. ਐੱਮ. ਨੂੰ ਸੱਦਣ ਅਤੇ ਮੁਆਵਜ਼ਾ ਦੇਣ ਦੀ ਮੰਗ ਕਰਨ ’ਤੇ ਇਹ ਕਹਿੰਦੇ ਹੋਏ ਉਸ ਨੂੰ ਥੱਪੜ ਜੜ ਦਿੱਤਾ ਕਿ ‘‘ਅਸੀਂ ਹੀ ਡੀ. ਐੱਮ. ਦੇ ਬਾਪ ਹਾਂ ਅਤੇ ਅਸੀਂ ਸਰਕਾਰ ਦੇ ਆਦਮੀ ਹਾਂ।’’
* 31 ਦਸੰਬਰ, 2023 ਨੂੰ ਮੱਧ ਪ੍ਰਦੇਸ਼ ਦੇ ‘ਪਿਛੋਰ’ ਤੋਂ ਭਾਜਪਾ ਵਿਧਾਇਕ ਪ੍ਰੀਤਮ ਲੋਧੀ ਦੇ ਬੇਟੇ ਦਿਨੇਸ਼ ਲੋਧੀ ਨੂੰ ਰੰਜਿਸ਼ ਕਾਰਨ ਗਵਾਲੀਅਰ ’ਚ ਇਕ ਿਵਅਕਤੀ ਅਤੇ ਉਸ ਦੇ ਡੇਢ ਸਾਲ ਦੇ ਮਾਸੂਮ ਭਤੀਜੇ ਨੂੰ ਦਰੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਸ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਵੀ ਮਾਰੀ ਸੀ।
* 31 ਦਸੰਬਰ, 2023 ਨੂੰ ਹੀ ਕਰਨਾਟਕ ’ਚ 50 ਤੋਂ 60 ਸਾਲ ਪੁਰਾਣੇ ਅਤੇ ਵਣ ਵਿਭਾਗ ਵੱਲੋਂ ਸੁਰੱਖਿਅਤ 150 ਤੋਂ ਵੱਧ ਰੁੱਖਾਂ ਨੂੰ ਨਾਜਾਇਜ਼ ਤੌਰ ’ਤੇ ਕੱਟਣ ਅਤੇ ਉਨ੍ਹਾਂ ਦੀ ਸਮੱਗਲਿੰਗ ਕਰਨ ਦੇ ਦੋਸ਼ ’ਚ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਦੇ ਭਰਾ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ।
ਉਕਤ ਘਟਨਾਵਾਂ ’ਚ ਸੱਤਾ ਨਾਲ ਜੁੜੇ ਸਾਰੇ ਲੋਕਾਂ ਨੇ ਸੰਵੇਦਨਹੀਣਤਾ ਹੀ ਦਿਖਾਈ ਹੈ। ਇਹ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਇਕ ਬਹੁਤ ਗਲਤ ਪ੍ਰੰਪਰਾ ਨੂੰ ਜਨਮ ਦੇਣ ਵਾਲਾ ਖਤਰਨਾਕ ਰੁਝਾਨ ਹੈ।
- ਵਿਜੇ ਕੁਮਾਰ
ਛੋਟੇ ਜਿਹੇ ਝਗੜੇ ਦਾ ਨਤੀਜਾ ਮੌਤ, ਪਰਿਵਾਰਾਂ ’ਤੇ ਟੁੱਟਿਆ ਦੁੱਖਾਂ ਦਾ ਪਹਾੜ!
NEXT STORY