‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਕੀਤੀ ਗਈ ਸਾਲ 2021 ਦੀ ਰਿਪੋਰਟ ਦੇ ਅਨੁਸਾਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਬਜ਼ੁਰਗ ਨਾਗਰਿਕਾਂ ਲਈ ਤੀਜਾ ਸਭ ਤੋਂ ਵੱਧ ਅਸੁਰੱਖਿਅਤ ਸੂਬਾ ਹੈ। ਰਿਪੋਰਟ ਦੇ ਅਨੁਸਾਰ ਮੱਧ ਪ੍ਰਦੇਸ਼ ’ਚ ਬਜ਼ੁਰਗਾਂ ਦੇ ਵਿਰੁੱਧ ਅਪਰਾਧਾਂ ਦੀ ਦਰ 92 ਫੀਸਦੀ, ਛੱਤੀਸਗੜ੍ਹ ’ਚ 70 ਫੀਸਦੀ ਅਤੇ ਹਿਮਾਚਲ ਪ੍ਰਦੇਸ਼ ’ਚ 60 ਫੀਸਦੀ ਦੇ ਲਗਭਗ ਹੈ। ਵਰਨਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀ ਕੁਲ 70 ਲੱਖ ਆਬਾਦੀ ’ਚ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਲਗਭਗ 7 ਲੱਖ ਹੈ। ਸਾਲ 2019 ’ਚ ਬਜ਼ੁਰਗਾਂ ਦੇ ਵਿਰੁੱਧ ਸੂਬੇ ’ਚ 166, ਸਾਲ 2020 ’ਚ 394 ਅਤੇ 2021 ’ਚ 419 ਅਪਰਾਧ ਦਰਜ ਕੀਤੇ ਗਏ ਅਤੇ 59.6 ਫੀਸਦੀ ਦੀ ਇਹ ਅਪਰਾਧ ਦਰ 25.1 ਫੀਸਦੀ ਦੀ ਰਾਸ਼ਟਰੀ ਦਰ ਦੇ ਦੁੱਗਣੇ ਤੋਂ ਵੀ ਵੱਧ ਹੈ।
ਸੂਬੇ ’ਚ ਬਜ਼ੁਰਗਾਂ ਦੇ ਵਿਰੁੱਧ ਵਧ ਰਹੇ ਤਸ਼ੱਦਦ ਅਤੇ ਨਿਰਾਦਰ ਦੀ ਭਾਵਨਾ ਦਾ ਅਨੁਮਾਨ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ :
* 19 ਅਗਸਤ ਨੂੰ ‘ਬਨੇਹੜ’ ’ਚ ਇਕ ਨੌਜਵਾਨ ਨੇ ਨਸ਼ੇ ਦੀ ਹਾਲਤ ’ਚ ਆਪਣੀ ਮਾਂ ਨਾਲ ਕੁੱਟਮਾਰ ਕੀਤੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
* 20 ਅਗਸਤ ਨੂੰ ਬਿਲਾਸਪੁਰ ਦੀ ‘ਨਮਹੋਲ’ ਪੁਲਸ ਚੌਕੀ ਦੇ ਅਧੀਨ ਇਕ ਪਿੰਡ ’ਚ ਇਕ ਨੌਜਵਾਨ ਨੇ ਆਪਣੇ ਪਿਤਾ ਨੂੰ ਗਊਸ਼ਾਲਾ ’ਚ ਇਕੱਲਿਆਂ ਦੇਖ ਕੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਦੀ ਬਾਂਹ ਤੋੜ ਦੇਣ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ।
* 23 ਅਗਸਤ ਨੂੰ ਥਾਣਾ ਲੰਬਾ ਗਾਂਵ ਦੇ ‘ਟਿਕਰੀ ਕੁਮਹਾਰਨੂੰ’ ਪਿੰਡ ’ਚ ਇਕ ਨੌਜਵਾਨ ਨੇ ਆਪਣੇ ਪਿਤਾ ਦੇ ਸਿਰ ’ਤੇ ਲੋਹੇ ਦੀ ਛੜ ਮਾਰ ਕੇ ਉਸ ਨੂੰ ਮਾਰ ਦਿੱਤਾ।
* 23 ਅਗਸਤ ਨੂੰ ਹੀ ਬਿਲਾਸਪੁਰ ਦੇ ਸਦਰ ਉਪ ਮੰਡਲ ਧਾਰਟਟੋਹ ਇਲਾਕੇ ਦੇ ਇਕ ਪਿੰਡ ’ਚ ਇਕ ਕਲਯੁਗੀ ਪੁੱਤਰ ਨੇ ਆਪਣੀ ਬੁੱਢੀ ਬੀਮਾਰ ਮਾਂ ਦੀ ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕਰ ਦਿੱਤੀ।
* 03 ਸਤੰਬਰ ਨੂੰ ਬਿਲਾਸਪੁਰ ਜ਼ਿਲ੍ਹੇ ’ਚ ਬਰਮਾਣਾ ਦੇ ਡੋਬਾ ਕਸਬੇ ’ਚ ਨਸ਼ੇ ’ਚ ਧੁੱਤ ਨੌਜਵਾਨ ਨੇ ਆਪਣੇ ਪਿਤਾ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ।
* 05 ਸਤੰਬਰ ਨੂੰ ਊਨਾ ਦੇ ਕੁਨੈਰਨ ’ਚ ਇਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 05 ਸਤੰਬਰ ਨੂੰ ਹੀ ਬਡੂਖਰ ਦੇ ਪਿੰਡ ਭਵਰੌਲੀ ’ਚ ਇਕ ਸ਼ਰਾਬੀ ਨੌਜਵਾਨ ਨੇ ਆਪਣੇ ਪਿਤਾ ’ਤੇ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 06 ਸਤੰਬਰ ਨੂੰ ਮੈਹਤਪੁਰ ਦੇ ਭਟੌਲੀ ਪਿੰਡ ’ਚ ਇਕ ਨੌਜਵਾਨ ਨੇ ਬਿਨਾਂ ਕਿਸੇ ਗੱਲ ਦੇ ਹੀ ਆਪਣੇ ਬਜ਼ੁਰਗ ਮਾਂ-ਬਾਪ ਨੂੰ ਕੁੱਟ ਸੁੱਟਿਆ।
ਅਜਿਹੀਆਂ ਹੀ ਘਟਨਾਵਾਂ ਨੂੰ ਦੇਖਦੇ ਹੋਏ ਦੇਵਭੂਮੀ ਅਖਵਾਉਣ ਵਾਲੇ ਹਿਮਾਚਲ ਪ੍ਰਦੇਸ਼ ’ਚ ਬਜ਼ੁਰਗ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਈ ਸਾਲਾਂ ਤੋਂ ਸੂਬੇ ਦੇ ਬਜ਼ੁਰਗਾਂ ਦੀ ਸਥਿਤੀ ਦਾ ਅਧਿਐਨ ਕਰਦੀ ਆ ਰਹੀ ਸਮਾਜਸੇਵੀ ਸੰਸਥਾ ‘ਹੈਲਪਏਜ ਇੰਡੀਆ’ ਲੋਕਾਂ ਦਾ ਧਿਆਨ ਬਜ਼ੁਰਗਾਂ ਦੀ ਸਥਿਤੀ ਵੱਲ ਦਿਵਾਉਣ ਲਈ ਹਰ ਸਾਲ 15 ਜੂਨ ਨੂੰ ‘ਵਰਲਡ ਐਲਡਰ ਅਬਿਊਜ਼ ਅਵੇਅਰਨੈੱਸ ਡੇ’ ਮਨਾ ਕੇ ਇਕ ਰਿਪੋਰਟ ਜਾਰੀ ਕਰਦੀ ਹੈ। ਇਸ ਸਾਲ ਜਾਰੀ ਰਿਪੋਰਟ ’ਚ ਲਿਖਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ 92 ਫੀਸਦੀ ਬਜ਼ੁਰਗਾਂ ਨੂੰ ਉਨ੍ਹਾਂ ਦੇ ਆਪਣੇ ਪ੍ਰਤੀ ਪਰਿਵਾਰ ਦੇ ਗਲਤ ਵਤੀਰੇ ਤੋਂ ਸ਼ਿਕਾਇਤ ਹੈ। ਬਜ਼ੁਰਗਾਂ ਦੇ ਅਨੁਸਾਰ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨਾਲ ਬੁਰਾ ਸਲੂਕ ਕਰਦੇ ਹਨ, ਜਦਕਿ ਉਹ ਪਰਿਵਾਰ ਦੇ ਆਸ਼ਰਿਤਾਂ ਦੇ ਰੂਪ ’ਚ ਨਹੀਂ ਸਗੋਂ ਪਰਿਵਾਰ ’ਚ ਯੋਗਦਾਨ ਦੇਣ ਵਾਲੇ ਦੇ ਰੂਪ ’ਚ ਦੇਖਣਾ ਅਤੇ ਸਵਾਭਿਮਾਨ ਨਾਲ ਜਿਊਣਾ ਪਸੰਦ ਕਰਦੇ ਹਨ।
ਰਿਪੋਰਟ ’ਚ ਸ਼ਾਮਲ 66 ਫੀਸਦੀ ਬਜ਼ੁਰਗਾਂ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਨਾਲ ਸਮਾਂ ਨਹੀਂ ਬਿਤਾਉਂਦੇ, ਜਿਸ ਦੇ ਨਤੀਜੇ ਵਜੋਂ ਉਹ ਇਕੱਲਾਪਨ ਮਹਿਸੂਸ ਕਰਦੇ ਹਨ ਅਤੇ 39 ਫੀਸਦੀ ਬਜ਼ੁਰਗ ਖੁਦ ਨੂੰ ਨੌਜਵਾਨ ਪੀੜ੍ਹੀ ਵੱਲੋਂ ਅਪਮਾਨਿਤ ਮਹਿਸੂਸ ਕਰਦੇ ਹਨ। ਵੱਡੀ ਗਿਣਤੀ ’ਚ ਬਜ਼ੁਰਗ ਆਪਣੇ ਨਾਲ ਘਟੀਆ ਸਲੂਕ ਦੇ ਲਈ ਰਿਸ਼ਤੇਦਾਰਾਂ, ਪੁੱਤਰਾਂ ਅਤੇ ਨੂੰਹਾਂ ਨੂੰ ਜ਼ਿੰਮੇਵਾਰ ਮੰਨਦੇ ਹਨ। ਔਲਾਦਾਂ ਵੱਲੋਂ ਬਜ਼ੁਰਗਾਂ ਦੀ ਅਣਦੇਖੀ ਨੂੰ ਰੋਕਣ ਅਤੇ ਉਨ੍ਹਾਂ ਦੇ ‘ਜੀਵਨ ਦੀ ਸੰਧਿਆ’ ਨੂੰ ਸੁਖਮਈ ਬਣਾਉਣਾ ਯਕੀਨੀ ਬਣਾਉਣ ਲਈ ਸਭ ਤੋਂ ਪਹਿਲਾਂ ਹਿਮਾਚਲ ਸਰਕਾਰ ਨੇ 2002 ’ਚ ‘ਬਿਰਧ ਮਾਤਾ-ਪਿਤਾ ਅਤੇ ਆਸ਼ਰਿਤ ਭਰਨ-ਪੋਸ਼ਣ ਕਾਨੂੰਨ’ ਬਣਾਇਆ ਸੀ। ਇਸ ਦੇ ਅਧੀਨ ਪੀੜਤ ਮਾਤਾ-ਪਿਤਾ ਨੂੰ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਦੇ ਕੋਲ ਸ਼ਿਕਾਇਤ ਕਰਨ ਦਾ ਅਧਿਕਾਰ ਦਿੱਤਾ ਗਿਆ ਤੇ ਦੋਸ਼ੀ ਪਾਏ ਜਾਣ ’ਤੇ ਔਲਾਦ ਨੂੰ ਮਾਤਾ-ਪਿਤਾ ਦੀ ਜਾਇਦਾਦ ਤੋਂ ਵਾਂਝੇ ਕਰਨ, ਸਰਕਾਰੀ ਜਾਂ ਜਨਤਕ ਖੇਤਰ ’ਚ ਨੌਕਰੀਆਂ ਨਾ ਦੇਣ ਅਤੇ ਉਨ੍ਹਾਂ ਦੀ ਤਨਖਾਹ ’ਚੋਂ ਢੁੱਕਵੀਂ ਰਕਮ ਕੱਟ ਕੇ ਮਾਤਾ-ਪਿਤਾ ਨੂੰ ਦੇਣ ਦੀ ਵਿਵਸਥਾ ਹੈ।
ਇਸ ਦੇ ਬਾਵਜੂਦ ਸੂਬੇ ’ਚ ਬਜ਼ੁਰਗਾਂ ਦਾ ਖੁਦ ਨੂੰ ਅਸੁਰੱਖਿਅਤ ਅਤੇ ਅਣਡਿੱਠ ਮਹਿਸੂਸ ਕਰਨਾ ਯਕੀਨਨ ਹੀ ਸੂਬੇ ਦੀਆਂ ਉਕਤ ਕਾਨੂੰਨੀ ਧਾਰਾਵਾਂ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ, ਜਿਸ ਨੂੰ ਤੇਜ਼ ਅਤੇ ਚੁਸਤ ਕਰ ਕੇ ਸੂਬੇ ’ਚ ਅਜਿਹਾ ਵਾਤਾਵਰਣ ਪੈਦਾ ਕਰਨ ਦੀ ਲੋੜ ਹੈ, ਜਿਸ ਵਿਚ ਬਜ਼ੁਰਗ ਖੁਦ ਨੂੰ ਅਸੁਰੱਖਿਅਤ, ਅਣਡਿੱਠ ਅਤੇ ਇਕੱਲਾ ਮਹਿਸੂਸ ਨਾ ਕਰਨ।
-ਵਿਜੇ ਕੁਮਾਰ
ਇਕ ਭੁੱਲੀ-ਵਿਸਰੀ ਯਾਦ: ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਬਲਿਦਾਨ ਦਿਵਸ 'ਤੇ
NEXT STORY