ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਕੋਲੋਂ ਵਿਛੜਿਆਂ ਅੱਜ 40 ਸਾਲ ਹੋ ਗਏ ਹਨ। ਬੇਸ਼ੱਕ ਉਹ ਸਰੀਰਕ ਪੱਖੋਂ ਸਾਡੇ ਦਰਮਿਆਨ ਨਹੀਂ ਹਨ ਪਰ ਸੂਖਮ ਰੂਪ ਤੋਂ ‘ਪੰਜਾਬ ਕੇਸਰੀ ਪੱਤਰ ਸਮੂਹ’ ’ਤੇ ਉਨ੍ਹਾਂ ਦਾ ਆਸ਼ੀਰਵਾਦ ਅੱਜ ਵੀ ਬਣਿਆ ਹੋਇਆ ਹੈ। ਹਾਲ ਹੀ ’ਚ ਮੈਂ ‘ਸ਼੍ਰੀ ਰਾਧਾਕ੍ਰਿਸ਼ਨ ਜਨਸੇਵਾ ਸਮਿਤੀ (ਰਜਿ.)’ ਵੱਲੋਂ ਪਿਤਾ ਜੀ ਦੇ ਬਲਿਦਾਨ ਦਿਵਸ ਦੇ ਸਬੰਧ ’ਚ ਆਯੋਜਿਤ ਵਿਸ਼ਾਲ ਖੂਨਦਾਨ ਕੈਂਪ ’ਚ ਬਤੌਰ ਮੁੱਖ ਮਹਿਮਾਨ ਹਿੱਸਾ ਲੈਣ ਪਟਿਆਲਾ ਗਿਆ, ਜਿਸ ’ਚ 532 ਦਾਨੀਆਂ ਨੇ ਖੂਨਦਾਨ ਕੀਤਾ। ਇਹ ਸਮਿਤੀ ਹਰ ਸਾਲ ਲਾਲਾ ਜੀ ਦੀ ਯਾਦ ’ਚ ਖੂਨਦਾਨ ਕੈਂਪ ਆਯੋਜਿਤ ਕਰਨ ਤੋਂ ਇਲਾਵਾ ਵੱਖ-ਵੱਖ ਸਮਾਜ ਭਲਾਈ ਦੇ ਕਾਰਜ ਵੀ ਕਰਦੀ ਹੈ, ਜਿਨ੍ਹਾਂ ’ਚ ਲੋੜਵੰਦਾਂ ਨੂੰ ਰਾਸ਼ਨ ਦੇਣਾ, ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕੇ ’ਚ ਰਾਹਤ ਸਮੱਗਰੀ ਦੇ ਟਰੱਕ ਭਿਜਵਾਉਣਾ, ਨੇਤਰਹੀਣ ਤੇ ਹੋਰਨਾਂ ਵਿਦਿਆਰਥੀਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਆਦਿ ਸ਼ਾਮਲ ਹਨ।
ਆਯੋਜਕਾਂ ਨੇ ਇਸ ਮੌਕੇ ’ਤੇ ਮੈਨੂੰ ਬੋਲਣ ਲਈ ਕਿਹਾ ਤਾਂ ਮੈਂ ਕਿਹਾ- ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਇੰਨੇ ਚੰਗੇ ਲੋਕਾਂ ਦੇ ਦਰਮਿਆਨ ਹਾਂ, ਜੋ ਵੱਖ-ਵੱਖ ਕਾਰਜਾਂ ਦੁਆਰਾ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਪਰ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਮੇਰਾ ਮਨ ਪਟਿਆਲਾ ਤੋਂ ‘ਬੜਾ ਉਚਾਟ’ ਹੋ ਗਿਆ ਸੀ। ਇਹ 25 ਜੂਨ, 1975 ਦੀ ਗੱਲ ਹੈ। ਮੈਂ ਪਿਤਾ ਜੀ ਦੇ ਨਾਲ ਹਰਿਦੁਆਰ ਜਾ ਰਿਹਾ ਸੀ। ਅਸੀਂ ਕੁਰੂਕਸ਼ੇਤਰ ਦੇ ਨੇੜੇ ਪਹੁੰਚੇ ਹੀ ਸੀ ਕਿ ਸਾਨੂੰ ਦੇਸ਼ ’ਚ ਐਮਰਜੈਂਸੀ ਲਗਾਏ ਜਾਣ ਦਾ ਪਤਾ ਲੱਗਾ, ਜਿਸ ’ਤੇ ਅਸੀਂ ਉੱਥੋਂ ਜਲੰਧਰ ਪਰਤ ਆਏ। ਪਿਤਾ ਜੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਸਾਡੇ ਘਰ ਪਹੁੰਚ ਚੁੱਕੀ ਸੀ। ਇਹ ਐਮਰਜੈਂਸੀ ਦੇ ਸਬੰਧ ’ਚ ਪੰਜਾਬ ’ਚ ਪਹਿਲੀ ਗ੍ਰਿਫਤਾਰੀ ਸੀ।
ਕੁਝ ਹੀ ਸਮੇਂ ’ਚ ਪੁਲਸ ਪਿਤਾ ਜੀ ਨੂੰ ਗ੍ਰਿਫਤਾਰ ਕਰ ਕੇ ਜਲੰਧਰ ਜੇਲ੍ਹ ’ਚ ਲੈ ਗਈ, ਜਿੱਥੇ ਉਨ੍ਹਾਂ ਨੂੰ ਦੇਖਦੇ ਹੀ ਉੱਥੋਂ ਦੇ ਸੁਪਰਿੰਟੈਂਡੈਂਟ ਨੇ ਆ ਕੇ ਪਿਤਾ ਜੀ ਦੇ ਪੈਰ ਛੂਹ ਲਏ। ਪਿਤਾ ਜੀ ਉਸ ਨੂੰ ਆਸ਼ੀਰਵਾਦ ਦਿੰਦੇ ਹੋਏ ਬੋਲੇ, ‘‘ਅਜਿਹਾ ਨਾ ਕਰੋ। ਸਰਕਾਰ ਨੂੰ ਪਤਾ ਲੱਗਣ ’ਤੇ ਜਾਂ ਤਾਂ ਇੱਥੋਂ ਤੁਹਾਡਾ ਤਬਾਦਲਾ ਹੋ ਜਾਵੇਗਾ ਜਾਂ ਮੇਰਾ।’’ ਪਿਤਾ ਜੀ ਦਾ ਕਿਹਾ ਸੱਚ ਨਿਕਲਿਆ ਅਤੇ ਜਲਦੀ ਹੀ ਉਨ੍ਹਾਂ ਦਾ ਤਬਾਦਲਾ ਪਹਿਲਾਂ ਜਲੰਧਰ ਤੋਂ ਫਿਰੋਜ਼ਪੁਰ, ਉੱਥੋਂ ਨਾਭਾ ਅਤੇ ਫਿਰ ਪਟਿਆਲਾ ਜੇਲ੍ਹ ’ਚ ਹੋ ਗਿਆ। ਉੱਥੇ ਹੀ ਜਦੋਂ ਪਿਤਾ ਜੀ ਨੂੰ ਜਾਪਿਆ ਕਿ ਉਨ੍ਹਾਂ ਦਾ ਤਾਂ ਇਸੇ ਤਰ੍ਹਾਂ ਇਕ ਤੋਂ ਦੂਜੀ ਜੇਲ੍ਹ ’ਚ ਤਬਾਦਲਾ ਹੁੰਦਾ ਰਹੇਗਾ ਤਾਂ ਉਨ੍ਹਾਂ ਨੇ ਉੱਥੋਂ ਦੇ ਰਾਜਿੰਦਰਾ ਹਸਪਤਾਲ ’ਚ ਆਪਣੀਆਂ ਅੱਖਾਂ, ਬਾਂਹ ਅਤੇ ਹਾਈਡ੍ਰੋਸੀਲ ਦੀ ਤਕਲੀਫ ਦੇ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ।
ਉੱਥੇ ‘ਡਾ. ਕੇ. ਸੀ. ਸਾਰੋਂਵਾਲਾ’ ਹੀ ਉਨ੍ਹਾਂ ਦੀ ਦੇਖਭਾਲ ਕਰਦੇ ਹੁੰਦੇ ਸਨ ਕਿਉਂਕਿ ਹਸਪਤਾਲ ’ਚ ਇਲਾਜ ਦੇ ਦੌਰਾਨ ਸਾਡੇ ਪਰਿਵਾਰ ’ਚੋਂ ਕਿਸੇ ਮੈਂਬਰ ਨੂੰ ਵੀ ਉਨ੍ਹਾਂ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹੀਂ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਨ, ਜਿਨ੍ਹਾਂ ਨਾਲ ਲਾਲਾ ਜੀ ਦੀ ਚੰਗੀ ਮਿੱਤਰਤਾ ਰਹੀ ਸੀ ਅਤੇ ਉਹ ਪੈਪਸੂ ਨੂੰ ਪੰਜਾਬ ’ਚ ਸ਼ਾਮਲ ਕਰਨ ਦੇ ਲਈ ਚਲਾਏ ਗਏ ‘ਪ੍ਰਜਾਮੰਡਲ ਅੰਦੋਲਨ’ ’ਚ ਵੀ ਸ਼ਾਮਲ ਰਹੇ ਸਨ। ਕੁਝ ਹੀ ਦਿਨਾਂ ਬਾਅਦ ਅਚਾਨਕ ਪਿਤਾ ਜੀ ਦੇ ਬੜੇ ਚੰਗੇ ਦੋਸਤ ਅਤੇ ਲੋਕ ਸਭਾ ਦੇ ਸਪੀਕਰ ਸ਼੍ਰੀ ਗੁਰਦਿਆਲ ਸਿੰਘ ਢਿੱਲੋਂ ਜਲੰਧਰ ਸਾਡੇ ਦਫਤਰ ’ਚ ਆ ਗਏ। ਮੈਂ ਹੈਰਾਨੀ ਨਾਲ ਉਨ੍ਹਾਂ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਬੋਲੇ, ‘‘ਕੀ ਮੈਂ ਇੱਥੇ ਨਹੀਂ ਆ ਸਕਦਾ? ਸਿਆਸਤ ’ਚ ਮੈਨੂੰ ਤੇ ਗਿਆਨੀ ਜ਼ੈਲ ਸਿੰਘ ਨੂੰ ਅੱਗੇ ਲਿਆਉਣ ਵਾਲੇ ਤਾਂ ਲਾਲਾ ਜੀ ਹੀ ਹਨ।’’
ਉਨ੍ਹਾਂ ਨੇ ਪੁੱਛਿਆ ਕਿ ਕੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਲਾਲਾ ਜੀ ਦੇ ਨਾਲ ਰਹਿਣ ਦੀ ਇਜਾਜ਼ਤ ਮਿਲੀ ਹੈ? ਮੇਰੇ ‘ਨਾਂਹ’ ’ਚ ਜਵਾਬ ਦੇਣ ’ਤੇ ਉਹ ਬੋਲੇ, ‘‘ਤੁਸੀਂ ਲੋਕ ਪਟਿਆਲਾ ਜਾਣ ਦੀ ਤਿਆਰੀ ਕਰੋ, ਮੈਂ ਅੰਮ੍ਰਿਤਸਰ ਪਹੁੰਚ ਕੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨਾਲ ਗੱਲ ਕਰਕੇ ਹਸਪਤਾਲ ’ਚ ਜ਼ਰੂਰੀ ਹੁਕਮ ਭਿਜਵਾਉਂਦਾ ਹਾਂ।’’ ਦੋ ਘੰਟੇ ਬਾਅਦ ਹੀ ਅੰਮ੍ਰਿਤਸਰ ਤੋਂ ਫੋਨ ਆ ਗਿਆ ਅਤੇ ਅਸੀਂ ਪਟਿਆਲਾ ਚਲੇ ਗਏ। ਉਨ੍ਹੀਂ ਦਿਨੀਂ ਇਕ ਹਫਤਾ ਭਾਬੀ ਜੀ (ਸਵ. ਰਮੇਸ਼ ਚੰਦਰ ਜੀ ਦੀ ਧਰਮਪਤਨੀ ਸੁਦਰਸ਼ਨ ਚੋਪੜਾ ਜੀ) ਅਤੇ ਇਕ ਹਫਤਾ ਮੇਰੀ ਧਰਮਪਤਨੀ (ਸਵ. ਸਵਦੇਸ਼ ਚੋਪੜਾ ਜੀ) ਹਸਪਤਾਲ ’ਚ ਰਹਿੰਦੀਆਂ। ਕਿਉਂਕਿ ਅਖਬਾਰ ’ਤੇ ਮੁਕੱਦਮਿਆਂ ਦੇ ਕਾਰਨ ਰਮੇਸ਼ ਚੰਦਰ ਜੀ ਅਦਾਲਤੀ ਮਾਮਲਿਆਂ ’ਚ ਰੁੱਝੇ ਰਹਿੰਦੇ ਸਨ, ਇਸ ਲਈ ਮੈਂ ਸ਼ਾਮ ਨੂੰ ਸਾਢੇ ਪੰਜ ਵਜੇ ਖੁਦ ਕਾਰ ਡਰਾਈਵ ਕਰ ਕੇ ਪਟਿਆਲਾ ਲਈ ਚੱਲ ਕੇ ਰਾਤ 8 ਵਜੇ ਉੱਥੇ ਪਹੁੰਚ ਜਾਂਦਾ।
ਰਾਤ ਦਾ ਖਾਣਾ ਪਿਤਾ ਜੀ ਦੇ ਨਾਲ ਖਾਂਦਾ ਅਤੇ ਅਗਲੀ ਸਵੇਰ ਸਾਢੇ ਸੱਤ ਵਜੇ ਉਨ੍ਹਾਂ ਨਾਲ ਨਾਸ਼ਤਾ ਕਰ ਕੇ ਦਫਤਰ ਦਾ ਕੰਮ ਦੇਖਣ ਵਾਪਸ ਜਲੰਧਰ ਚਲਾ ਆਉਂਦਾ। ਐਮਰਜੈਂਸੀ ਦੇ ਦੌਰਾਨ ਲਗਾਤਾਰ ਇਹੀ ਸਿਲਸਿਲਾ ਚੱਲਦਾ ਰਿਹਾ। ਇਕ ਦਿਨ ਪਟਿਆਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਜੋਗਿੰਦਰ ਸਿੰਘ ਕੌਮੀ, ਜਿਨ੍ਹਾਂ ਨਾਲ ਲਾਹੌਰ ਦੇ ਦਿਨਾਂ ਤੋਂ ਹੀ ਸਾਡੇ ਪਰਿਵਾਰਕ ਸਬੰਧ ਹਨ, ਪਿਤਾ ਜੀ ਨੂੰ ਮਿਲਣ ਆਏ ਅਤੇ ਕਿਹਾ, ‘‘ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੁਹਾਨੂੰ ਦੇਖਣ ਆ ਰਹੇ ਹਨ।’’ਇਹ ਸੁਣ ਕੇ ਪਿਤਾ ਜੀ ਨੇ ਕਿਹਾ, ‘‘ਬੇਟਾ ਉਹ ਇਥੇ ਨਹੀਂ ਆਵੇਗਾ! ਕੀ ਉਸ ਨੇ ਆਪਣੀ ਮੁੱਖ ਮੰਤਰੀ ਦੀ ਗੱਦੀ ਗਵਾਉਣੀ ਹੈ।’’ ਡਿਪਟੀ ਕਮਿਸ਼ਨਰ ਕੌਮੀ ਨੇ ਕਿਹਾ ਕਿ ਉਹ ਜ਼ਰੂਰ ਆਉਣਗੇ। ਡੇਢ-ਦੋ ਘੰਟਿਆਂ ਬਾਅਦ ਉਨ੍ਹਾਂ ਦੱਸਿਆ ਕਿ ਗਾਰਦ ਲੱਗ ਗਈ ਹੈ ਅਤੇ ਉਹ ਪਟਿਆਲਾ ’ਚ ਦਾਖਲ ਹੋ ਗਏ ਹਨ। ਤਦ ਪਿਤਾ ਜੀ ਨੇ ਇਕ ਵਾਰ ਫਿਰ ਇਹੀ ਕਿਹਾ, ‘‘ਉਹ ਨਹੀਂ ਆਵੇਗਾ।’’
ਗਿਆਨੀ ਜ਼ੈਲ ਸਿੰਘ ਪਿਤਾ ਜੀ ਨੂੰ ਮਿਲਣ ਆਏ ਤਾਂ ਜ਼ਰੂਰ ਪਰ ਉਹ ਜਦੋਂ ‘ਠੀਕਰੀ ਵਾਲਾ ਚੌਕ’ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਆਏ ਦੋ ਮੰਤਰੀਆਂ ਨੇ ਉਨ੍ਹਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ, ‘‘ਭਗਵਾਨ ਦੇ ਲਈ ਕਾਰ ਪਿੱਛੇ ਮੋੜ ਲਓ।’’ ‘‘ਇੰਦਰਾ ਗਾਂਧੀ ਨੂੰ ਖਬਰ ਲੱਗ ਗਈ ਤਾਂ ਮੁੱਖ ਮੰਤਰੀ ਦੀ ਗੱਦੀ ਜਾਂਦੀ ਰਹੇਗੀ।’’ ਅਤੇ ਗਿਆਨੀ ਜ਼ੈਲ ਸਿੰਘ ਪਿਤਾ ਜੀ ਨੂੰ ਮਿਲੇ ਬਗੈਰ ਉੱਥੋਂ ਵਾਪਸ ਮੁੜ ਗਏ। ਤਦ ਜੋਗਿੰਦਰ ਸਿੰਘ ਕੌਮੀ ਨੇ ਪਿਤਾ ਜੀ ਦੇ ਆ ਕੇ ਪੈਰ ਫੜੇ ਅਤੇ ਕਿਹਾ, ‘‘ਤੁਹਾਡੀ ਗੱਲ ਬਿਲਕੁਲ ਸੱਚ ਹੋਈ।’’
ਬਸ, ਐਮਰਜੈਂਸੀ ਦੇ ਦੌਰਾਨ ਰੋਜ਼ ਪਟਿਆਲਾ ਆਉਣ-ਜਾਣ ਦੇ ਕਾਰਨ ਮੇਰਾ ਪਟਿਆਲਾ ਤੋਂ ਮਨ ‘ਉਚਾਟ’ ਹੋ ਗਿਆ। ਸੱਚਮੁੱਚ ਉਹ ਦਿਨ ਬੜੇ ਔਖੇ ਅਤੇ ਸਾਡੇ ਪਰਿਵਾਰ ਦੇ ਲਈ ਅਗਨੀ ਪ੍ਰੀਖਿਆ ਦੇ ਬਰਾਬਰ ਸਨ। ਲਾਲਾ ਜੀ ਦੇ ਬਲਿਦਾਨ ਦਿਵਸ ’ਤੇ ਆਈ ਉਹ ਯਾਦ ਉਨ੍ਹਾਂ ਨੂੰ ਸ਼ਰਧਾਂਜਲੀ ਸਵਰੂਪ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਯਕੀਨੀ ਹੀ ਅਜਿਹੇ ਸੰਕਲਪ ਦੀਆਂ ਧਨੀ ਮਹਾਨ ਆਤਮਾਵਾਂ ਪ੍ਰਿਥਵੀ ’ਤੇ ਵਿਰਲੀਆਂ ਹੀ ਆਉਂਦੀਆਂ ਹਨ, ਜਿਨ੍ਹਾਂ ਦੀ ਯਾਦ ਹਮੇਸ਼ਾ ਪ੍ਰੇਰਨਾਦਾਇਕ ਹੁੰਦੀ ਹੈ ਅਤੇ ਜਿਨ੍ਹਾਂ ਦੇ ਦਿਖਾਏ ਰਸਤੇ ’ਤੇ ਚੱਲਣ ਨਾਲ ਹਮੇਸ਼ਾ ਭਲਾ ਹੀ ਹੁੰਦਾ ਹੈ।
-ਵਿਜੇ ਕੁਮਾਰ
ਦੇਸ਼ ’ਚ ਵਿਰੋਧੀ ਧਿਰ ਦੀ ਏਕਤਾ ਦੇ ਯਤਨ, ਆਗਾਜ਼ ਤੋਂ ਅੱਛਾ ਹੈ...
NEXT STORY