ਭਾਰਤ ’ਚ ਅੱਗ ਤਿੰਨ ਸਭ ਤੋਂ ਵੱਡੇ ਖਤਰਿਆਂ ਵਿਚੋਂ ਇਕ ਹੈ ਅਤੇ ਸਰਕਾਰ ਵੱਲੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਸਮੇਂ-ਸਮੇਂ ’ਤੇ ਪਟਾਕਾ ਫੈਕਟਰੀਆਂ ’ਚ ਅੱਗ ਲੱਗਣ ਦੇ ਸਿੱਟੇ ਵਜੋਂ ਹੋਣ ਵਾਲੇ ਧਮਾਕਿਆਂ ਨਾਲ ਵੱਡੀ ਗਿਣਤੀ ’ਚ ਜਾਨ-ਮਾਲ ਦੀ ਹਾਨੀ ਹੁੰਦੀ ਰਹਿੰਦੀ ਹੈ।
ਇਕ ਰਿਪੋਰਟ ਅਨੁਸਾਰ ਸਾਲ 2021 ’ਚ ਪਟਾਕਾ ਫੈਕਟਰੀਆਂ ’ਚ ਅਗਨੀਕਾਂਡਾ ਅਤੇ ਧਮਾਕਿਆਂ ਕਾਰਨ 64 ਲੋਕ ਅਤੇ 2022 ’ਚ 60 ਲੋਕ ਮਾਰੇ ਗਏ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :
* 27 ਅਗਸਤ, 2023 ਨੂੰ ਉੱਤਰ 24 ਪਰਗਨਾ (ਪੱਛਮੀ ਬੰਗਾਲ) ਜ਼ਿਲੇ ਦੇ ‘ਦੱਤਾਪੁਕਰ’ ਥਾਣਾ ਖੇਤਰ ਦੇ ਇਕ ਪਿੰਡ ’ਚ ਇਕ ਪਟਾਕਾ ਫੈਕਟਰੀ ’ਚ ਅੱਗ ਲੱਗਣ ਨਾਲ ਹੋਏ ਜ਼ਬਰਦਸਤ ਧਮਾਕੇ ਦੇ ਸਿੱਟੇ ਵਜੋਂ 7 ਲੋਕ ਮਾਰੇ ਗਏ।
* 9 ਅਕਤੂਬਰ, 2023 ਨੂੰ ਮੇਦਿਨੀਪੁਰ (ਪੱਛਮੀ ਬੰਗਾਲ) ਜ਼ਿਲੇ ਦੇ ‘ਐਗਰਾ’ ਵਿਚ ਪਟਾਕਾ ਬਣਾਉਣ ਦੀ ਨਾਜਾਇਜ਼ ਫੈਕਟਰੀ ’ਚ ਧਮਾਕੇ ਅਤੇ ਅੱਗ ਲੱਗਣ ਨਾਲ 9 ਲੋਕਾਂ ਦੀ ਮੌਤ ਅਤੇ ਦਰਜਨਾਂ ਜ਼ਖਮੀ ਹੋ ਗਏ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਰਿਹਾਇਸ਼ੀ ਇਮਾਰਤ ਵਿਚ ਨਾਜਾਇਜ਼ ਫੈਕਟਰੀ ਸੀ ਉਹ ਪੂਰੀ ਤਰ੍ਹਾਂ ਢਹਿ ਗਈ।
* 9 ਅਕਤੂਬਰ, 2023 ਨੂੰ ਹੀ ‘ਅਰਿਯਾਲੁਰ’ (ਤਾਮਿਲਨਾਡੂ) ਜ਼ਿਲੇ ਦੇ ਵਿਰਾਗਲੁਰ ਪਿੰਡ ’ਚ ਇਕ ਪਟਾਕਾ ਫੈਕਟਰੀ ’ਚ ਧਮਾਕੇ ਨਾਲ ਅੱਗ ਲੱਗਣ ਨਾਲ 9 ਲੋਕਾਂ ਦੀ ਜਾਨ ਚਲੀ ਗਈ ਅਤੇ 5 ਲੋਕ ਬੁਰੀ ਤਰ੍ਹਾਂ ਝੁਲਸ ਗਏ।
* 17 ਅਕਤੂਬਰ, 2023 ਨੂੰ ਵਿਰੁਧੂਨਗਰ (ਤਾਮਿਲਨਾਡੂ) ਜ਼ਿਲੇ ਦੇ ‘ਰੰਗਾਪਲਯਮ’ ਅਤੇ ‘ਕਿਚੰਨਿਆਕਾਨਪੱਟੀ’ ’ਚ 2 ਵੱਖ-ਵੱਖ ਪਟਾਕਾ ਫੈਕਟਰੀਆਂ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 11 ਲੋਕਾਂ ਦੀ ਜਾਨ ਚਲੀ ਗਈ।
* 10 ਜਨਵਰੀ, 2024 ਨੂੰ ਸਿਰਸਾ (ਹਰਿਆਣਾ) ਦੇ ਡੱਬਵਾਲੀ ’ਚ ਇਕ ਮਕਾਨ ਅੰਦਰ ਚਲਾਈ ਜਾ ਰਹੀ ਨਾਜਾਇਜ਼ ਪਟਾਕਾ ਫੈਕਟਰੀ ’ਚ ਧਮਾਕੇ ਪਿੱਛੋਂ ਅੱਗ ਲੱਗ ਜਾਣ ਕਾਰਨ ਇਕ ਮਜ਼ਦੂਰ ਦੀ ਜਾਨ ਚਲੀ ਗਈ ਅਤੇ ਉਸ ਦੇ ਪਿੱਛੋਂ ਇਲਾਜ ਦੌਰਾਨ 2 ਹੋਰ ਮਜ਼ਦੂਰਾਂ ਦੀ ਮੌਤ ਹੋ ਗਈ।
* 25 ਜਨਵਰੀ, 2024 ਨੂੰ ‘ਵਿਰੁਧੂਨਗਰ’ (ਤਾਮਿਲਨਾਡੂ) ’ਚ ‘ਵਚਕਾਰਾਪੱਟੀ’ ਪਿੰਡ ’ਚ ਇਕ ਪਟਾਕਾ ਫੈਕਟਰੀ ’ਚ ਧਮਾਕੇ ਨਾਲ ਇਕ ਨਾਬਾਲਗ ਸਮੇਤ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਕਮਰੇ ਸੜ ਕੇ ਪੂਰੀ ਤਰ੍ਹਾਂ ਰਾਖ ਹੋ ਗਏ।
* 29 ਜਨਵਰੀ, 2024 ਨੂੰ ‘ਬੇਲਤਾਂਗੜੀ’ (ਕਰਨਾਟਕ) ਦੇ ‘ਕੁੱਕੇੜੀ’ ਪਿੰਡ ’ਚ ਇਕ ਪਟਾਕਾ ਫੈਕਟਰੀ ’ਚ ਅੱਗ ਲੱਗ ਜਾਣ ਨਾਲ 3 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਗੰਭੀਰ ਤੌਰ ’ਤੇ ਝੁਲਸ ਗਏ।
* 7 ਫਰਵਰੀ, 2024 ਨੂੰ ‘ਹਰਦਾ’ (ਮੱਧ ਪ੍ਰਦੇਸ਼) ਦੀ ਇਕ ਪਟਾਕਾ ਫੈਕਟਰੀ ’ਚ ਅੱਗ ਲੱਗਣ ਅਤੇ ਉਸ ਪਿੱਛੋਂ ਉਸ ’ਚ ਹੋਏ ਧਮਾਕੇ ਦੀ ਵਜ੍ਹਾ ਕਾਰਨ 11 ਲੋਕ ਲਾਸ਼ਾਂ ਦੇ ਢੇਰ ’ਚ ਬਦਲ ਗਏ ਅਤੇ 174 ਲੋਕ ਜ਼ਖਮੀ ਹੋ ਗਏ।
ਧਮਾਕੇ ਕਾਰਨ ਦੂਰ-ਦੂਰ ਦੇ ਮਕਾਨਾਂ ਦੀਆਂ ਖਿੜਕੀਆਂ ਦੇ ਕੱਚ ਟੁੱਟ ਕੇ ਡਿੱਗੇ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਅਤੇ ਫੈਕਟਰੀ ਦੇ ਆਸ-ਪਾਸ ਖੜ੍ਹੀਆਂ ਗੱਡੀਆਂ ਦੇ ਵੀ ਪਰਖੱਚੇ ਉੱਡ ਗਏ।
* 12 ਫਰਵਰੀ, 2024 ਨੂੰ ਕੋਚੀ (ਕੇਰਲ) ਕੋਲ ‘ਤ੍ਰਿਪੁਨੀਥੁਰਾ’ ’ਚ ਇਕ ਰਿਹਾਇਸ਼ੀ ਖੇਤਰ ’ਚ ਸਥਿਤ ਨਾਜਾਇਜ਼ ਪਟਾਕਾ ਗੋਦਾਮ ’ਚ ਹੋਏ ਭਿਆਨਕ ਧਮਾਕੇ ’ਚ 2 ਲੋਕਾਂ ਦੀ ਮੌਤ ਅਤੇ 13 ਹੋਰ ਝੁਲਸ ਗਏ। ਪਟਾਕਿਆਂ ਅਤੇ ਬਰੂਦ ਦੇ ਧਮਾਕੇ ਕਾਰਨ ਆਸ-ਪਾਸ ਦੇ 25 ਤੋਂ ਵੱਧ ਮਕਾਨ ਅਤੇ ਕੁਝ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
* ਅਤੇ ਹੁਣ 17 ਫਰਵਰੀ ਨੂੰ ਵਿਰੁਧੂਨਗਰ (ਤਾਮਿਲਨਾਡੂ) ’ਚ ਇਕ ਪਟਾਕਾ ਫੈਕਟਰੀ ’ਚ ਹੋਏ ਧਮਾਕੇ ’ਚ 4 ਮਹਿਲਾ ਮੁਲਾਜ਼ਮਾਂ ਸਮੇਤ 10 ਲੋਕਾਂ ਦੀ ਜਾਨ ਚਲੀ ਗਈ।
ਸਪੱਸ਼ਟ ਹੈ ਕਿ ਨਾਜਾਇਜ਼ ਪਟਾਕਿਆਂ ਦਾ ਨਿਰਮਾਣ ਅਤੇ ਭੰਡਾਰਨ ਕਰਨ ਵਾਲੇ ਲੋਕਾਂ ਨੇ ਅਤੀਤ ਦੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਲਗਾਤਾਰ ਖਤਰਾ ਬਣੇ ਹੋਏ ਹਨ।
ਇਸ ਮਾਮਲੇ ’ਚ ਸਬੰਧਤ ਅਧਿਕਾਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਨੂੰ ਆਪਣੇ ਇਲਾਕਿਆਂ ’ਚ ਚੱਲਣ ਵਾਲੇ ਮੌਤ ਦੇ ਕਾਰਖਾਨਿਆਂ ਦਾ ਪਤਾ ਹੀ ਨਹੀਂ ਲੱਗਦਾ। ਲਿਹਾਜ਼ਾ, ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਦੇ ਨਾਲ-ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਜਾਨ-ਮਾਲ ਦਾ ਨੁਕਸਾਨ ਨਾ ਹੋਵੇ।
- ਵਿਜੇ ਕੁਮਾਰ
ਭਾਰਤ ਦੇ ਨਾਲ ਲੱਗਦੀ ਸਰਹੱਦ ’ਤੇ ਬਣਾਏ ਪਿੰਡਾਂ ’ਚ ਚੀਨ ਆਬਾਦੀ ਵਸਾਉਣ ਲੱਗਾ
NEXT STORY