ਲਗਭਗ 5 ਸਾਲ ਪਹਿਲਾਂ ਚੀਨ ਦੇ ‘ਵੁਹਾਨ’ ਸ਼ਹਿਰ ਤੋਂ ਸ਼ੁਰੂ ਹੋਏ ‘ਕੋਰੋਨਾ ਵਾਇਰਸ’ ਨੇ ਤਬਾਹੀ ਮਚਾ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਦੁਨੀਆ ਭਰ ਵਿਚ 71 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ।
ਇਨ੍ਹੀਂ ਦਿਨੀਂ ਚੀਨ ‘ਹਿਊਮਨ ਮੈਟਾਪਨਿਊਮੋ ਵਾਇਰਸ’ (ਐੱਚ. ਐੱਮ. ਪੀ. ਵੀ.) ਨਾਮਕ ਤੇਜ਼ੀ ਨਾਲ ਫੈਲ ਰਹੇ ਇਕ ਨਵੇਂ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਉੱਥੇ ਸਰਦੀਆਂ ਸ਼ੁਰੂ ਹੁੰਦੇ ਹੀ ਹਸਪਤਾਲਾਂ ਵਿਚ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧ ਵੀ ਗਈ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਬਾਲਗਾਂ ਤੋਂ ਇਲਾਵਾ 14 ਸਾਲ ਤੱਕ ਦੀ ਉਮਰ ਦੇ ਵੱਡੀ ਗਿਣਤੀ ਵਿਚ ਬੱਚੇ ਇਸ ਤੋਂ ਪ੍ਰਭਾਵਿਤ ਦੇਖੇ ਜਾ ਰਹੇ ਹਨ, ਪਰ ਸਭ ਤੋਂ ਵੱਧ ਪ੍ਰਭਾਵਿਤ 2 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ, ਜਿਸ ਕਾਰਨ ਚੀਨ ਵਿਚ ਹਾਲਾਤ ਇੰਨੀ ਤੇਜ਼ੀ ਨਾਲ ਵਿਗੜ ਰਹੇ ਹਨ ਕਿ ਉੱਥੋਂ ਦੀ ਸਰਕਾਰ ਨੇ ਸਿਹਤ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਹੈ।
‘ਵਿਸ਼ਵ ਸਿਹਤ ਸੰਗਠਨ’ ਦੇ ਅਨੁਸਾਰ ਹਾਲਾਂਕਿ ਡੱਚ ਵਿਗਿਆਨੀਆਂ ਨੇ ਇਸ ਦੀ ਖੋਜ 2001 ਵਿਚ ਹੀ ਕਰ ਲਈ ਸੀ ਪਰ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਸ ਦੇ ਇਲਾਜ ਲਈ ਕੋਈ ਖਾਸ ‘ਐਂਟੀ-ਵਾਇਰਲ ਥੈਰੇਪੀ’ ਜਾਂ ‘ਟੀਕਾ’ ਨਹੀਂ ਬਣਿਆ।
ਇਸ ਵਾਇਰਸ ਦੇ ਲੱਛਣ ਸਰਦੀਆਂ ਵਿਚ ਹੋਣ ਵਾਲੇ ਹੋਰ ਵਾਇਰਲ ਇਨਫੈਕਸ਼ਨਾਂ ਦੇ ਸਮਾਨ ਹਨ। ਇਸ ਕਾਰਨ ਖੰਘ, ਬੁਖਾਰ, ਨੱਕ ਬੰਦ ਹੋਣਾ, ਸਾਹ ਲੈਣ ਵਿਚ ਮੁਸ਼ਕਲ ਨਾਲ ਬ੍ਰੌਂਕਾਈਟਿਸ ਜਾਂ ਨਿਮੋਨੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਮ ਮਾਮਲਿਆਂ ਵਿਚ ਇਸ ਨਾਲ ਗਲੇ ਵਿਚ ਘਰਘਰਾਹਟ ਜਾਂ ਖਰਾਸ਼ ਹੁੰਦੀ ਹੈ ਅਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਇਹ ਲਾਗ ਗੰਭੀਰ ਰੂਪ ਲੈ ਸਕਦੀ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਲਾਹ ਅਨੁਸਾਰ ਇਸ ਤੋਂ ਬਚਣ ਲਈ ਮਾਸਕ ਲਾਉਣ, ਜ਼ਿਆਦਾ ਪਾਣੀ ਪੀਣ ਅਤੇ ਪੌਸ਼ਟਿਕ ਭੋਜਨ ਖਾਣ, ਇਨਫੈਕਸ਼ਨ ਨੂੰ ਘਟਾਉਣ ਲਈ ਕਮਰੇ ਨੂੰ ਹਵਾਦਾਰ ਰੱਖਣ, ਭੀੜ ਵਾਲੀਆਂ ਥਾਵਾਂ ਤੋਂ ਬਚਣ, ਘਰ ਆਉਣ ’ਤੇ ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਜਾਂ ਅਲਕੋਹਲ-ਅਾਧਾਰਿਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨ, ਬਿਨਾਂ ਧੋਤੇ ਹੱਥਾਂ ਨਾਲ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਣ ਅਤੇ ਸੰਕ੍ਰਮਿਤ ਲੋਕਾਂ ਤੋਂ ਦੂਰੀ ਬਣਾਈ ਰੱਖਣ ਦੀ ਲੋੜ ਹੈ।
ਇਸ ਤੋਂ ਇਲਾਵਾ ਛਿੱਕਦੇ ਸਮੇਂ ਆਪਣੇ ਹੱਥਾਂ ਅਤੇ ਮੂੰਹ ਨੂੰ ਢਕਣ, ਸੰਕ੍ਰਮਿਤ ਲੋਕਾਂ ਨਾਲ ਖਾਣ ਵਾਲੇ ਭਾਂਡੇ ਸਾਂਝੇ ਨਾ ਕਰਨ ਅਤੇ ਬਿਮਾਰ ਹੋਣ ਦੀ ਸਥਿਤੀ ਵਿਚ ਘਰ ਹੀ ਰਹਿਣ ਦੀ ਲੋੜ ਹੈ।
ਲੋਕਾਂ ਨਾਲ ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰੋ। ਛਿੱਕਦੇ-ਖੰਘਦੇ ਸਮੇਂ ਨੱਕ, ਮੂੰਹ ਨੂੰ ਢਕਣਾ ਅਤੇ ਹੱਥਾਂ ਨੂੰ ਸਾਫ਼ ਕਰਨਾ ਵੀ ਜ਼ਰੂਰੀ ਹੈ। ਖੰਘਣ ਅਤੇ ਛਿੱਕਣ ਨਾਲ ਨਿਕਲਣ ਵਾਲੀਆਂ ‘ਡ੍ਰਾਪਲੈਟਸ’ (ਕਣਾਂ) ਤੋਂ ਇਸ ਲਾਗ ਦਾ ਖ਼ਤਰਾ ਹੋ ਸਕਦਾ ਹੈ। ਫੇਫੜਿਆਂ ਦੀ ਬਿਮਾਰੀ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਬਿਮਾਰੀ ਭਾਰਤ ਵਿਚ ਵੀ ਪਹੁੰਚ ਗਈ ਹੈ ਅਤੇ ਇਥੇ ਵੀ ਚੀਨ ’ਚ ਫੈਲੇ ਐੱਚ. ਐੱਮ. ਪੀ. ਵੀ. ਵਾਇਰਸ ਦੇ 3 ਕੇਸ ਮਿਲੇ ਹਨ। ਪਹਿਲਾ ਕੇਸ 2 ਮਹੀਨੇ ਦੇ ਬੱਚੇ ਦਾ ਹੈ, ਜੋ ਰਾਜਸਥਾਨ ਤੋਂ ਇਲਾਜ ਲਈ ਅਹਿਮਦਾਬਾਦ ਆਇਆ ਸੀ ਅਤੇ 15 ਦਿਨ ਪਹਿਲਾਂ ਉਸ ਨੂੰ ਅਹਿਮਦਾਬਾਦ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਸ਼ੁਰੂ ਵਿਚ ਪੰਜ ਦਿਨਾਂ ਲਈ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਅਤੇ ਬਾਅਦ ਦੇ ਟੈਸਟਾਂ ਤੋਂ ਪਤਾ ਲੱਗਾ ਕਿ ਉਹ ਵਾਇਰਸ ਨਾਲ ਸੰਕ੍ਰਮਿਤ ਸੀ।
ਦੂਜਾ ਅਤੇ ਤੀਜਾ ਮਾਮਲਾ ਕਰਨਾਟਕ ਦੇ ਬੈਂਗਲੁਰੂ ਵਿਚ ਇਕ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਬੱਚੇ ਦਾ ਹੈ। ਇਨ੍ਹਾਂ ਦੋਵਾਂ ਬੱਚਿਆਂ ਦੀ ਬੈਂਗਲੁਰੂ ਦੇ ਇਕ ਹਸਪਤਾਲ ਵਿਚ ਜਾਂਚ ਕੀਤੀ ਗਈ ਸੀ। ਸਰਦੀ ਅਤੇ ਤੇਜ਼ ਬੁਖਾਰ ਤੋਂ ਪੀੜਤ ਉਕਤ ਦੋਵਾਂ ਬੱਚਿਆਂ ਦੇ ਕੇਸ ’ਚ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੋਵੇਂ ਬੱਚੇ ਰੁਟੀਨ ਚੈੱਕਅਪ ਲਈ ਹਸਪਤਾਲ ਪਹੁੰਚੇ ਸਨ ਅਤੇ ਜਾਂਚ ਕਰਨ ’ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।
ਭਾਰਤੀ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਚੀਨ ਵਿਚ ਫੈਲੇ ਐੱਚ. ਐੱਮ. ਪੀ. ਵੀ. ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਫਿਰ ਵੀ ਇਸ ਸਬੰਧ ਵਿਚ ਸਾਵਧਾਨੀ ਵਰਤਣ ’ਚ ਹੀ ਭਲਾਈ ਹੈ ਕਿਉਂਕਿ ਜਿਵੇਂ-ਜਿਵੇਂ ਚੀਨ ਵਿਚ ਇਸ ਛੂਤ (ਸੰਕ੍ਰਮਣ) ਰੋਗ ਦੇ ਮਾਮਲੇ ਵਧ ਰਹੇ ਹਨ, ਇਸ ਵਾਇਰਸ ਦੇ ਖ਼ਤਰਿਆਂ ਅਤੇ ਇਲਾਜ ਦੀ ਘਾਟ ਬਾਰੇ ਚਿੰਤਾਵਾਂ ਵੀ ਵਧ ਰਹੀਆਂ ਹਨ।
-ਵਿਜੇ ਕੁਮਾਰ
ਕੀ ‘ਵਾਇਸਰਾਏ’ ਬਣ ਜਾਣਗੇ ਚਾਂਸਲਰ
NEXT STORY