12 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਪੋਲਿੰਗ ਪੂਰੀ ਹੋ ਗਈ ਹੈ ਅਤੇ ਗੁਜਰਾਤ ’ਚ 1 ਅਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਗੁਜਰਾਤ ਦੀਆਂ ਚੋਣਾਂ ਦੀਆਂ ਕੁਝ ਦਿਲਚਸਪ ਗੱਲਾਂ ਅਸੀਂ ਹੇਠਾਂ ਪੇਸ਼ ਕਰ ਰਹੇ ਹਾਂ :
* ਗੁਜਰਾਤ ’ਚ ਚੋਣਾਂ ਦੇ ਐਲਾਨ ਦੇ ਕੁਝ ਹੀ ਦਿਨਾਂ ਦੇ ਅੰਦਰ 11 ਨਵੰਬਰ ਤੱਕ 71.88 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ, ਜੋ 2017 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਦਰਸ਼ ਚੋਣ ਜ਼ਾਬਤਾ’ ਲਾਗੂ ਹੋਣ ਦੇ ਪੂਰੇ ਅਰਸੇ ’ਚ ਜ਼ਬਤ ਕੀਤੀ ਗਈ 27.21 ਕਰੋੜ ਰੁਪਏ ਤੋਂ ਕਿਤੇ ਵੱਧ ਹੈ।
* ਚੋਣਾਂ ਦੇ ਦੌਰਾਨ ਟਿਕਟ ਨਾ ਮਿਲਣ ’ਤੇ ਨਾਰਾਜ਼ਗੀ ਦੇ ਕਾਰਨ ਦਲ ਬਦਲ ਦੀ ਖੇਡ ਵੀ ਸ਼ੁਰੂ ਹੋ ਗਈ ਹੈ। ‘ਖੇੜਾ’ ਜ਼ਿਲੇ ’ਚ ‘ਮਾਤਰ’ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਕੇਸਰੀ ਸਿੰਘ ਸੋਲੰਕੀ ਟਿਕਟ ਕੱਟਣ ’ਤੇ ‘ਆਮ ਆਦਮੀ ਪਾਰਟੀ’ ’ਚ ਚਲੇ ਗਏ ਅਤੇ ‘ਤਲਾਲਾ’ ਤੋਂ ਕਾਂਗਰਸ ਵਿਧਾਇਕ ਭਗਵਾਨ ਭਾਈ ਬਰਾੜ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ।
* ਚੋਣਾਂ ਦੇ ਦੌਰਾਨ ਇਤਰਾਜ਼ਯੋਗ ਬਿਆਨਬਾਜ਼ੀ ਦਾ ਸਿਲਸਿਲਾ ਵੀ ਸ਼ੁਰੂ ਹੈ। ਕਾਂਗਰਸ ਦੇ ਸੀਨੀਅਰ ਆਗੂ ਮਧੁਸੂਦਨ ਮਿਸਤਰੀ ਨੇ ਪ੍ਰਧਾਨ ਮੰਤਰੀ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਗੁਜਰਾਤ ’ਚ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਔਕਾਤ ਦਿਖਾਉਣਗੇ। ਪ੍ਰਧਾਨ ਮੰਤਰੀ ਕਿੰਨੀ ਵੀ ਕੋਸ਼ਿਸ਼ ਕਰ ਲੈਣ ਉਹ ਸਰਦਾਰ ਪਟੇਲ ਨਹੀਂ ਬਣ ਸਕਦੇ। ਭਾਜਪਾ ਨੇ ਇਸ ਦੇ ਜਵਾਬ ’ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਲਈ ਅਪਸ਼ਬਦਾਂ ਦੀ ਵਰਤੋਂ ਕਰਨ ’ਤੇ ਗੁਜਰਾਤ ਦੀ ਜਨਤਾ ਇਨ੍ਹਾਂ ਨੂੰ ਜ਼ਰੂਰ ਸਬਕ ਸਿਖਾਵੇਗੀ।
* ਵਡੋਦਰਾ ਦੇ ‘ਸਯਾਜੀਗੰਜ’ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ‘ਸਵੇਜਲ ਵਿਆਸ’ ਆਪਣੇ ਸਮਰਥਕਾਂ ਕੋਲੋਂ ਚੰਦਾ ਇਕੱਠਾ ਕਰ ਕੇ ਆਪਣੀ ਜ਼ਮਾਨਤ ਦੀ ਰਕਮ ਭਰਨ ਦੇ ਲਈ ਪੈਸੇ ਇਕੱਠੇ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਦੇ ਸਮਰਥਕ ਵੀ ਚੋਣ ਹਲਕੇ ’ਚ ਦਾਨ ਪਾਤਰ ਲੈ ਕੇ ਘੁੰਮ ਰਹੇ ਹਨ।
* ਸੂਬੇ ’ਚ ਕਿਤੇ ਨਨਾਣ-ਭਰਜਾਈ, ਕਿਤੇ ਭਰਾ-ਭਰਾ ਅਤੇ ਕਿਤੇ ਪਿਓ-ਪੁੱਤ ਦੇ ਦਰਮਿਆਨ ਰੋਚਕ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਭਾਜਪਾ ਨੇ ਜਾਮਨਗਰ ਤੋਂ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ‘ਰਿਵਾਬਾ ਸੋਲੰਕੀ’ ਨੂੰ ਮੈਦਾਨ ’ਚ ਉਤਾਰਿਆ ਹੈ ਤਾਂ ਕਾਂਗਰਸ ਨੇ ਇੱਥੋਂ ਰਵਿੰਦਰ ਜਡੇਜਾ ਦੀ ਭੈਣ ‘ਨੈਨਾ ਜਡੇਜਾ’ ਨੂੰ ਉਤਾਰ ਦਿੱਤਾ ਹੈ। ਇਸ ਸਮੇਂ ਇਸ ਸੀਟ ’ਤੇ ਭਾਜਪਾ ਦਾ ਕਬਜ਼ਾ ਹੈ।
ਰਿਵਾਬਾ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਈ ਸੀ ਅਤੇ ਉਸ ਦੇ ਕੁਝ ਹੀ ਸਮੇਂ ਬਾਅਦ ਨੈਨਾ ਕਾਂਗਰਸ ’ਚ ਸ਼ਾਮਲ ਹੋ ਗਈ। ਉਹ ਜਾਮਨਗਰ ਕਾਂਗਰਸ ਮਹਿਲਾ ਮੋਰਚਾ ਦੀ ਪ੍ਰਧਾਨ ਹੈ, ਜਦਕਿ ‘ਰਿਵਾਬਾ ਸੋਲੰਕੀ’ ਰਾਜਪੂਤਾਂ ਦੇ ਸੰਗਠਨ ‘ਕਰਣੀ ਸੇਨਾ’ ਨਾਲ ਰਹਿ ਕੇ ਸਮਾਜ ਸੇਵਾ ਦਾ ਕੰਮ ਕਰ ਚੁੱਕੀ ਹੈ। ‘ਰਿਵਾਬਾ ਸੋਲੰਕੀ’ ਅਤੇ ‘ਨੈਨਾ ਜਡੇਜਾ’ ’ਚ ਟੱਕਰ ਨਾਲ ਮੁਕਾਬਲਾ ਕਾਂਗਰਸ ਬਨਾਮ ਭਾਜਪਾ ਤੋਂ ਨਨਾਣ-ਭਰਜਾਈ ਦੀ ਲੜਾਈ ’ਚ ਬਦਲ ਜਾਣ ਦੇ ਕਾਰਨ ਕਾਫੀ ਦਿਲਚਸਪ ਹੋ ਗਿਆ ਹੈ।
* ਭਾਜਪਾ ਦੀ ਸੁਰੱਖਿਅਤ ਮੰਨੀ ਜਾਣ ਵਾਲੀ ਭਰੂਚ ਜ਼ਿਲੇ ਦੀ ਅਲੰਕੇਸ਼ਵਰ ਸੀਟ ’ਤੇ ਜਿੱਥੇ ਭਾਜਪਾ ਨੇ ਮੌਜੂਦਾ ਵਿਧਾਇਕ ਈਸ਼ਵਰ ਸਿੰਘ ਪਟੇਲ ’ਤੇ ਭਰੋਸਾ ਪ੍ਰਗਟਾਇਆ ਹੈ, ਉੱਥੇ ਹੀ ਕਾਂਗਰਸ ਨੇ ਉਨ੍ਹਾਂ ਦੇ ਘਰ ’ਚ ਹੀ ਸੰਨ੍ਹ ਲਾ ਕੇ ਉਨ੍ਹਾਂ ਦੇ ਸਕੇ ਛੋਟੇ ਭਰਾ ਵਿਜੇ ਸਿੰਘ ਪਟੇਲ ਨੂੰ ਉਨ੍ਹਾਂ ਦੇ ਮੁਕਾਬਲੇ ’ਤੇ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ।
ਹੁਣ ਤੱਕ ਵਿਜੇ ਸਿੰਘ ਚੋਣਾਂ ’ਚ ਵੱਡੇ ਭਰਾ ਦਾ ਸਾਥ ਦਿੰਦੇ ਆ ਰਹੇ ਸਨ ਪਰ ਇਸ ਵਾਰ ਉਹ ਵੱਡੇ ਭਰਾ ਦੇ ਮੁਕਾਬਲੇ ’ਤੇ ਖੜ੍ਹੇ ਹੋ ਗਏ ਹਨ। ਇਸ ਸੀਟ ’ਤੇ 1990 ਤੋਂ ਭਾਜਪਾ ਦਾ ਕਬਜ਼ਾ ਹੈ।
* ਸੂਰਤ ਦੀ ‘ਝਗੜੀਆ’ ਸੀਟ ’ਤੇ ‘ਭਾਰਤੀ ਟ੍ਰਾਈਬਲ ਪਾਰਟੀ’ ਦੇ ਮੁਖੀ ਅਤੇ ਸੀਨੀਅਰ ਆਦਿਵਾਸੀ ਨੇਤਾ ‘ਛੋਟੂ ਬਸਾਵਾ’ ਦਾ ਆਪਣੇ ਬੇਟੇ ਮਹੇਸ਼ ਬਸਾਵਾ, ਜੋ ਜਨਤਾ ਦਲ (ਯੂ) ਤੋਂ ਉਮੀਦਵਾਰ ਹਨ, ਦੇ ਨਾਲ ਮੁਕਾਬਲਾ ਹੋਣ ਦੀ ਪੂਰੀ ਸੰਭਾਵਨਾ ਹੈ।
* ਨਰੋਦਾ ਸੀਟ ਦੇ ਲਈ ਭਾਜਪਾ ਨੇ ਸਭ ਤੋਂ ਘੱਟ ਉਮਰ ਦੀ ਮਹਿਲਾ ਡਾਕਟਰ ‘ਪਾਇਲ ਕੁਲਕਰਣੀ’ ਨੂੰ ਉਮੀਦਵਾਰ ਬਣਾਇਆ ਹੈ। ਉਹ ਰੂਸ ਤੋਂ ਐੱਮ. ਡੀ. ਦੀ ਪੜ੍ਹਾਈ ਕਰ ਕੇ ਆਈ ਹੈ ਅਤੇ 2002 ’ਚ ਹੋਏ ‘ਨਰੋਦਾ ਪਾਟਿਆ’ ਦੰਗੇ ਦੇ ਦੋਸ਼ੀ ਕਰਾਰ ਦਿੱਤੇ ਗਏ 16 ਵਿਅਕਤੀਆਂ ’ਚੋਂ ਇਕ ਮਨੋਜ ਕੁਲਕਰਣੀ ਦੀ ਧੀ ਹੈ।
* ਸੂਰਤ ਦੀ ‘ਵਰਛਾ’ ਇਕ ਅਜਿਹੀ ਸੀਟ ਹੈ, ਜਿੱਥੇ ਪਾਟੀਦਾਰ ਭਾਈਚਾਰੇ ਦੀ ਬਹੁਗਿਣਤੀ ਹੋਣ ਕਾਰਨ ਭਾਜਪਾ, ਕਾਂਗਰਸ ਅਤੇ ‘ਆਪ’ ਤਿੰਨਾਂ ਹੀ ਪਾਰਟੀਆਂ ਨੇ ਪਾਟੀਦਾਰ ਉਮੀਦਵਾਰ ਨੂੰ ਖੜ੍ਹਾ ਕੀਤਾ ਹੈ।
* ਗੁਜਰਾਤ ’ਚ ਇਕ ‘ਅਮਿਤ ਸ਼ਾਹ’ ਵੀ ਚੋਣ ਲੜ ਰਹੇ ਹਨ ਪਰ ਇਹ ਕੇਂਦਰੀ ਗ੍ਰਹਿ ਮੰਤਰੀ ‘ਅਮਿਤ ਸ਼ਾਹ’ ਨਹੀਂ। ‘ਐਲਿਸਬ੍ਰਿਜ’ ਸੀਟ ਤੋਂ ਭਾਜਪਾ ਨੇ ਪਿਛਲੇ ਵਿਧਾਇਕ ਨੂੰ ਬਦਲ ਕੇ ‘ਅਮਿਤ ਸ਼ਾਹ’ ਨਾਂ ਦੇ ਪਾਰਟੀ ਵਰਕਰ ਨੂੰ ਉਮੀਦਵਾਰ ਬਣਾਇਆ ਹੈ। ਇਸ ਸੀਟ ’ਤੇ ਕਾਂਗਰਸ ਨੂੰ 40 ਸਾਲਾਂ ਤੋਂ ਜਿੱਤ ਨਸੀਬ ਨਹੀਂ ਹੋਈ ਹੈ।
* ਇਹ ਚੋਣ ‘ਮੋਰਬੀ ਪੁਲ ਹਾਦਸੇ’ ਦੇ ਪਰਛਾਵੇਂ ’ਚ ਹੋਣ ਕਾਰਨ ਭਾਜਪਾ ਨੇ ਇੱਥੋਂ ਮੌਜੂਦਾ ਵਿਧਾਇਕ ਬ੍ਰਜੇਸ਼ ਮੇਰਜਾ ਦੀ ਟਿਕਟ ਕੱਟ ਕੇ ਇਸ ਹਾਦਸੇ ’ਚ ਆਪਣੀ ਜਾਨ ਨੂੰ ਜੋਖਮ ’ਚ ਪਾ ਕੇ ਦੂਜਿਆਂ ਦੀ ਜਾਨ ਬਚਾਉਣ ਵਾਲੇ 5 ਵਾਰ ਦੇ ਸਾਬਕਾ ਵਿਧਾਇਕ ਕਾਂਤੀ ਲਾਲ ਅਮ੍ਰਤਿਯਾ ਨੂੰ ਉਮੀਦਵਾਰ ਬਣਾ ਦਿੱਤਾ ਹੈ।
ਅਜੇ ਕੁਝ ਅਜਿਹੀਆਂ ਗੱਲਾਂ ਗੁਜਰਾਤ ਦੀਆਂ ਚੋਣਾਂ ’ਚ ਦੇਖਣ ਨੂੰ ਮਿਲੀਆਂ ਹਨ ਪਰ ਕਿਉਂਕਿ ਵੋਟਾਂ ਪੈਣ ’ਚ ਕਾਫੀ ਦਿਨ ਬਾਕੀ ਹਨ, ਇਸ ਲਈ ਆਉਣ ਵਾਲੇ ਦਿਨਾਂ ’ਚ ਇੱਥੋਂ ਦੇ ਚੋਣਾਂ ਦੇ ਰੰਗਮੰਚ ’ਤੇ ਕੁਝ ਹੋਰ ਰੋਚਕ ਦ੍ਰਿਸ਼ ਵੀ ਉੱਭਰ ਕੇ ਆਉਣਗੇ। ਉਨ੍ਹਾਂ ਦੇ ਬਾਰੇ ’ਚ ਵੀ ਅਸੀਂ ਆਪਣੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ।
-ਵਿਜੇ ਕੁਮਾਰ
ਰਾਜਪਾਲਾਂ ਅਤੇ ਸੂਬਾ ਸਰਕਾਰਾਂ ਦੇ ਦਰਮਿਆਨ ਟਕਰਾਅ ਕਿਸੇ ਵੀ ਨਜ਼ਰੀਏ ਤੋਂ ਉੱਚਿਤ ਨਹੀਂ
NEXT STORY