3 ਨਵੰਬਰ ਨੂੰ ਦੇਸ਼ ਦੇ 6 ਸੂਬਿਆਂ ’ਚ 7 ਵਿਧਾਨ ਸਭਾ ਸੀਟਾਂ ’ਤੇ ਉਪ-ਚੋਣ ਦੇ ਲਈ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ’ਚ ਸਭ ਦੀ ਖਿੱਚ ਦਾ ਕੇਂਦਰ ਹਰਿਆਣਾ ਦੀ ਆਦਮਪੁਰ ਸੀਟ ਬਣੀ ਹੋਈ ਹੈ, ਜਿਸ ’ਤੇ 50 ਸਾਲਾਂ ਤੋਂ ਸਾਬਕਾ ਮੁੱਖ ਮੰਤਰੀ ਸਵ. ਭਜਨ ਲਾਲ ਦੇ ਪਰਿਵਾਰ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਇਸ ਉਪ-ਚੋਣ ਦੀ ਖਾਸ ਗੱਲ ਇਹ ਹੈ ਕਿ ਇੱਥੇ ਚੋਣ ਲੜ ਰਹੀਆਂ ਚਾਰਾਂ ਮੁੱਖ ਪਾਰਟੀਆਂ ਦੇ ਉਮੀਦਵਾਰ ਦਲ-ਬਦਲੂ ਹਨ, ਜਿਨ੍ਹਾਂ ਨੇ ਆਪਣੀਆਂ ਵਫਾਦਾਰੀਆਂ ਬਦਲ ਕੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਜੋੜ ਲਈਆਂ ਹਨ।
ਭਾਜਪਾ ਦੇ ਉਮੀਦਵਾਰ ਭਵਯ ਬਿਸ਼ਨੋਈ ਪਹਿਲਾਂ ਕਾਂਗਰਸ ’ਚ ਸਨ। ਇਨ੍ਹਾਂ ਨੇ 2019 ’ਚ ਹਿਸਾਰ ਲੋਕ ਸਭਾ ਦੀ ਚੋਣ ਕਾਂਗਰਸ ਉਮੀਦਵਾਰ ਦੇ ਰੂਪ ’ਚ ਲੜੀ ਸੀ ਅਤੇ ਹਾਰ ਗਏ ਸਨ। ਇਨ੍ਹਾਂ ਦੇ ਪਿਤਾ ਕੁਲਦੀਪ ਬਿਸ਼ਨੋਈ ਨੇ 2007 ’ਚ ਕਾਂਗਰਸ ਛੱਡ ਦਿੱਤੀ ਸੀ ਅਤੇ ‘ਹਰਿਆਣਾ ਜਨਹਿੱਤ ਕਾਂਗਰਸ’ ਦਾ ਗਠਨ ਕੀਤਾ ਸੀ, ਜਿਸ ਦਾ ਉਨ੍ਹਾਂ ਨੇ 2016 ’ਚ ਕਾਂਗਰਸ ’ਚ ਰਲੇਵਾਂ ਕਰ ਦਿੱਤਾ। ਕੁਲਦੀਪ ਬਿਸ਼ਨੋਈ ਨੇ ਕੁਝ ਹੀ ਸਮਾਂ ਪਹਿਲਾਂ ਹੋਈ ਰਾਜ ਸਭਾ ਦੀ ਚੋਣ ’ਚ ਭਾਜਪਾ ਸਮਰਥਿਤ ਉਮੀਦਵਾਰ ਦੇ ਪੱਖ ’ਚ ਵੋਟ ਪਾਈ ਸੀ ਅਤੇ 4 ਅਗਸਤ ਨੂੰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਕਾਂਗਰਸ ਦੇ ਉਮੀਦਵਾਰ ਜੈ ਪ੍ਰਕਾਸ਼ ਉਰਫ ਜੇ. ਪੀ. ਹਰਿਆਣਾ ’ਚ ਲਗਭਗ ਹਰੇਕ ਸਿਆਸੀ ਪਾਰਟੀ ’ਚ ਰਹਿ ਚੁੱਕੇ ਹਨ। ਇਨ੍ਹਾਂ ਨੇ ਆਪਣਾ ਸਿਆਸੀ ਕਰੀਅਰ 1984 ’ਚ ‘ਲੋਕਦਲ’ ਤੋਂ ਸ਼ੁਰੂ ਕੀਤਾ ਸੀ ਅਤੇ 1989 ’ਚ ਹਿਸਾਰ ਤੋਂ ਸੰਸਦ ਮੈਂਬਰ ਚੁਣੇ ਗਏ। ਬਾਅਦ ’ਚ ਉਹ ਚੌ. ਬੰਸੀ ਲਾਲ ਦੀ ‘ਹਰਿਆਣਾ ਵਿਕਾਸ ਪਾਰਟੀ’ ’ਚ ਸ਼ਾਮਲ ਹੋ ਗਏ ਅਤੇ ਇਸ ਦੀ ਟਿਕਟ ’ਤੇ ਲੋਕ ਸਭਾ ਲਈ ਚੁਣੇ ਗਏ। ਉਹ 2000 ’ਚ ਕਾਂਗਰਸ ’ਚ ਸ਼ਾਮਲ ਹੋ ਕੇ ਬਰਵਾਲਾ ਤੋਂ ਵਿਧਾਇਕ ਅਤੇ 2004 ’ਚ ਹਿਸਾਰ ਤੋਂ ਸੰਸਦ ਮੈਂਬਰ ਚੁਣੇ ਗਏ। 2009 ’ਚ ਉਨ੍ਹਾਂ ਨੇ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਦੇ ਵਿਰੁੱਧ ਚੋਣ ਲੜੀ ਅਤੇ ਹਾਰ ਗਏ।
ਇਨੈਲੋ ਉਮੀਦਵਾਰ ਕੁਰੜਾਰਾਮ ਨੰਬਰਦਾਰ ਨੇ 13 ਅਕਤੂਬਰ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਅਤੇ ਉਸੇ ਦਿਨ ‘ਇਨੈਲੋ’ ’ਚ ਸ਼ਾਮਲ ਹੋਣ ਦੇ 2 ਘੰਟੇ ਬਾਅਦ ਹੀ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਮਿਲ ਗਈ। ਕੁਰੜਾਰਾਮ ਆਦਮਪੁਰ ਦੇ ਸਭ ਤੋਂ ਵੱਡੇ ਪਿੰਡ ਬਾਲਸਮੰਦ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਸੰਨ 2000 ’ਚ ਬੰਸੀ ਲਾਲ ਦੀ ‘ਹਰਿਆਣਾ ਵਿਕਾਸ ਪਾਰਟੀ’ ਦੀ ਟਿਕਟ ’ਤੇ ਇੱਥੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਹਾਰ ਗਏ। ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਸਤੇਂਦਰ ਸਿੰਘ ਇਸ ’ਚ ਸ਼ਾਮਲ ਹੋਣ ਤੋਂ ਪਹਿਲਾਂ ‘ਭਾਜਪਾ’ ’ਚ ਸਨ। ਉਹ ਪਿਛਲੇ ਮਹੀਨੇ ਹੀ ਹਿਸਾਰ ’ਚ ਆਯੋਜਿਤ ਸਮਾਰੋਹ ’ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ‘ਆਪ’ ’ਚ ਸ਼ਾਮਲ ਹੋਏ ਸਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦਲ-ਬਦਲੂਆਂ ਦੇ ਇਸ ਮੁਕਾਬਲੇ ’ਚ ਕੌਣ ਬਾਜ਼ੀ ਮਾਰਦਾ ਹੈ।
-ਵਿਜੇ ਕੁਮਾਰ
ਪੱਤਰਕਾਰਾਂ ’ਤੇ ਜ਼ੁਲਮਾਂ ਦੇ ਮਾਮਲੇ ’ਚ ਚੀਨ ਤੋਂ ਵੀ ਅੱਗੇ ਨਿਕਲਿਆ ਮਿਆਂਮਾਰ
NEXT STORY