ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਡਾ. ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਨੇ ਆਪਣੀ ਸਵੈ-ਜੀਵਨੀ ‘ਆਤਿਸ਼ੇ ਚਿਨਾਰ’ ’ਚ ਮੰਨਿਆ ਸੀ ਕਿ ਕਸ਼ਮੀਰੀ ਮੁਸਲਮਾਨਾਂ ਦੇ ਵੱਡੇ-ਵਡੇਰੇ ਹਿੰਦੂ ਸਨ ਅਤੇ ਉਨ੍ਹਾਂ ਦੇ ਪੜਦਾਦਾ ਦਾ ਨਾਂ ਬਾਲਮੁਕੁੰਦ ਕੌਲ ਸੀ।
ਇਹ ਮੂਲ ਤੌਰ ’ਤੇ ਸਪਰੂ ਗੋਤਰ ਦੇ ਕਸ਼ਮੀਰੀ ਬ੍ਰਾਹਮਣ ਸਨ ਅਤੇ ਇਨ੍ਹਾਂ ਦੇ ਇਕ ਵੱਡੇ-ਵਡੇਰੇ ਰਘੂਰਾਮ ਨੇ ਇਕ ਸੂਫੀ ਦੇ ਹੱਥੋਂ ਇਸਲਾਮ ਧਰਮ ਪ੍ਰਵਾਨ ਕੀਤਾ ਸੀ। ਇਨ੍ਹਾਂ ਦਾ ਪਰਿਵਾਰ ਪਸ਼ਮੀਨੇ ਦਾ ਵਪਾਰ ਕਰਦਾ ਸੀ ਅਤੇ ਛੋਟੇ ਜਿਹੇ ਕਾਰਖਾਨੇ ’ਚ ਸ਼ਾਲ ਅਤੇ ਦੋਸ਼ਾਲੇ ਬਣਾ ਕੇ ਬਾਜ਼ਾਰ ’ਚ ਵੇਚਦਾ ਸੀ।
ਖੁਦ ਡਾ. ਫਾਰੂਕ ਅਬਦੁੱਲਾ ਕਸ਼ਮੀਰ ਦੇ ਬਾਹਰ ਦਿੱਤੀਆਂ ਗਈਆਂ ਇੰਟਰਵਿਊਜ਼ ਅਤੇ ਭਾਸ਼ਣਾਂ ’ਚ ਆਪਣੇ ਵੱਡੇ-ਵਡੇਰਿਆਂ ਦੇ ਹਿੰਦੂ ਹੋਣ ਦਾ ਵਰਨਣ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਭਗਵਾਨ ਰਾਮ ਦੀ ਪੂਜਾ ਕਰਦੇ ਹੋਏ ਵੀ ਦੇਖਿਆ ਗਿਆ ਹੈ।
ਅਤੇ ਹੁਣੇ ਹਾਲ ਹੀ ’ਚ ਰਾਜਸਥਾਨ ਕਾਂਗਰਸ ਤੋਂ ਵਿਧਾਇਕ ਸ਼ਫੀਆ ਜੁਬੈਰ ਨੇ ਕਿਹਾ,‘ਮੇਰੇ ਸਮੇਤ ‘ਮੇਵ ਭਾਈਚਾਰੇ’ ਦੇ ਲੋਕ ਰਾਮ ਅਤੇ ਕ੍ਰਿਸ਼ਨ ਦੇ ਵੰਸ਼ਜ਼ ਹਨ ਅਤੇ ਧਰਮ ਬਦਲਣ ਨਾਲ ਖੂਨ ਨਹੀਂ ਬਦਲਦਾ। ਸਾਡੇ ’ਚ ਰਾਮ ਅਤੇ ਕ੍ਰਿਸ਼ਨ ਦਾ ਹੀ ਖੂਨ ਹੈ।’’
ਇਸ ਦਰਮਿਆਨ ਆਮ ਤੌਰ ’ਤੇ ਵੱਖਵਾਦੀਆਂ ਤੇ ਕੱਟੜਵਾਦੀਆਂ ਦੀ ਪੈਰਵੀ ਕਰਦੀ ਨਜ਼ਰ ਆਉਣ ਵਾਲੀ ਪੀ. ਡੀ. ਪੀ. ਸੁਪਰੀਮੋ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ 14 ਮਾਰਚ ਨੂੰ ਆਪਣੀ ਪੁੰਛ ਯਾਤਰਾ ਦੇ ਦੌਰਾਨ ਨੇੜਲੇ ‘ਅਜੋਟ’ ਸਥਿਤ ਇਤਿਹਾਸਕ ਨਵਗ੍ਰਹਿ ਮੰਦਰ ਦਾ ਦੌਰਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਮਹਿਬੂਬਾ ਮੁਫਤੀ ਨੇ ਮੰਦਰ ’ਚ ਕਾਫੀ ਸਮਾਂ ਬਿਤਾਇਆ ਅਤੇ ਇਸ ਦੌਰਾਨ ਉਨ੍ਹਾਂ ਨੇ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਦੇ ਇਲਾਵਾ ਹੋਰ ਦੇਵ ਮੂਰਤੀਆਂ ਦੇ ਦਰਸ਼ਨ-ਮੰਦਰ ਦੀ ਪਰਿਕਰਮਾ ਅਤੇ ਸੂਬੇ ’ਚ ਸੁਖ-ਸ਼ਾਂਤੀ ਦੀ ਕਾਮਨਾ ਕੀਤੀ।
ਮਹਿਬੂਬਾ ਦੇ ਇਸ ਕਦਮ ’ਤੇ ਸਿਆਸੀ ਹਲਕਿਆਂ ’ਚ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਦੇਵਬੰਦ ਦੇ ਮੌਲਾਨਾ ਅਤੇ ‘ਇੱਤੇਹਾਦ ਉਲੇਮਾ-ਏ-ਹਿੰਦ’ ਦੇ ਰਾਸ਼ਟਰੀ ਉਪ ਪ੍ਰਧਾਨ ਮੁਫਤੀ ਅਸਦ ਕਾਸਮੀ ਨੇ ਇਸ ਨੂੰ ਇਸਲਾਮ ਦੇ ਸਿਧਾਂਤਾਂ ਦੇ ਵਿਰੁੱਧ ਕਰਾਰ ਦਿੱਤਾ ਹੈ।
ਜੰਮੂ-ਕਸ਼ਮੀਰ ਭਾਜਪਾ ਦੇ ਬੁਲਾਰੇ ਰਣਵੀਰ ਸਿੰਘ ਪਠਾਨੀਆ ਨੇ ਕਿਹਾ ਹੈ ਕਿ , ‘‘ਮਹਿਬੂਬਾ ਨੇ 2008 ’ਚ ਅਮਰਨਾਥ ਧਾਮ ਦੀ ਯਾਤਰਾ ਦੇ ਦੌਰਾਨ ਤੀਰਥ ਯਾਤਰੀਆਂ ਲਈ ‘ਹਟ’ ਦੇ ਨਿਰਮਾਣ ਲਈ ਜ਼ਮੀਨ ਦੇਣ ਦਾ ਵਿਰੋਧ ਕੀਤਾ ਸੀ। ਮਹਿਬੂਬਾ ਦੀ ਡਰਾਮੇਬਾਜ਼ੀ ਤੋਂ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਜੇਕਰ ਸਿਆਸੀ ਡਰਾਮੇਬਾਜ਼ੀ ਬਦਲਾਅ ਲਿਆ ਸਕਦੀ ਤਾਂ ਅੱਜ ਜੰਮੂ-ਕਸ਼ਮੀਰ ’ਚ ਖੁਸ਼ਹਾਲੀ ਹੁੰਦੀ।’’
ਇਸ ਦੇ ਜਵਾਬ ’ਚ ਮਹਿਬੂਬਾ ਮੁਫਤੀ ਨੇ ਮੋੜਵਾਂਵਾਰ ਕਰਦੇ ਹੋਏ ਕਿਹਾ, ‘‘ਮੈਨੂੰ ਆਪਣੇ ਧਰਮ ਦੇ ਬਾਰੇ ’ਚ ਚੰਗੀ ਤਰ੍ਹਾਂ ਪਤਾ ਹੈ। ਇਹ ਮੇਰਾ ਨਿੱਜੀ ਮਾਮਲਾ ਹੈ ਲਿਹਾਜ਼ਾ ਦੇਵਬੰਦ ਦੇ ਮੌਲਾਨਾ ਆਪਣੇ ਕੰਮ ਨਾਲ ਹੀ ਮਤਲਬ ਰੱਖਣ। ਅਸੀਂ ਇਕ ਧਰਮ ਨਿਰਪੱਖ ਅਤੇ ਗੰਗਾ-ਜਮਨੀ ਤਹਿਜ਼ੀਬ ਦੇ ਦੇਸ਼ ’ਚ ਰਹਿੰਦੇ ਹਾਂ ਅਤੇ ਇਸ ’ਚ ਕਿਸੇ ਨੂੰ ਵੱਧ ਬੋਲਣ ਦੀ ਲੋੜ ਨਹੀਂ ਹੈ।’’
ਮਹਿਬੂਬਾ ਮੁਫਤੀ ਨੇ ਇਹ ਵੀ ਕਿਹਾ ਕਿ, ‘‘ਸਾਡੇ ਦੇਸ਼ ’ਚ ਹਿੰਦੂ ਅਤੇ ਮੁਸਲਮਾਨ ਇਕੱਠੇ ਰਹਿੰਦੇ ਹਨ ਤੇ ਮੁਸਲਮਾਨਾਂ ਦੀਆਂ ਇਬਾਦਤਗਾਹਾਂ (ਧਾਰਮਿਕ ਅਸਥਾਨਾਂ) ’ਤੇ ਮੁਸਲਮਾਨਾਂ ਤੋਂ ਵੱਧ ਹਿੰਦੂ ‘ਚਾਦਰ’ ਚੜ੍ਹਾਉਂਦੇ ਹਨ।’’
ਕੁਝ ਲੋਕਾਂ ਦਾ ਕਹਿਣਾ ਹੈ ਕਿ ਮਹਿਬੂਬਾ ਮੁਫਤੀ ਨੇ ਇਹ ਕਦਮ ਆਪਣੇ ਅਕਸ ਨੂੰ ਸੁਧਾਰਨ ਅਤੇ ਖੁਦ ਨੂੰ ਧਰਮ-ਨਿਰਪੱਖ ਸਿੱਧ ਕਰਨ ਦੇ ਮਕਸਦ ਨਾਲ ਚੁੱਕਿਆ ਹੈ।
ਮਹਿਬੂਬਾ ’ਚ ਇਹ ਬਦਲਾਅ ਅਤੇ ਵਿਵਹਾਰ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਮਹਿਬੂਬਾ ਮੁਫਤੀ ਨੇ ਜਨਤਕ ਤੌਰ ’ਤੇ ਕਿਸੇ ਮੰਦਰ ਦਾ ਦੌਰਾ ਕਰ ਕੇ ਸ਼ਿਵਲਿੰਗ ’ਤੇ ਜਲ ਚੜ੍ਹਾਇਆ ਹੈ।
ਇਸ ਲਈ ਜੇਕਰ ਮਹਿਬੂਬਾ ਮੁਫਤੀ ਦੀ ਸੋਚ ’ਚ ਇਹ ਬਦਲਾਅ ਜਾਰੀ ਰਹਿੰਦਾ ਹੈ ਤਾਂ ਯਕੀਨਨ ਹੀ ਇਹ ਇਸ ਅਸ਼ਾਂਤ ਸੂਬੇ ’ਚ ਸ਼ਾਂਤੀ ਅਤੇ ਭਾਈਚਾਰਾ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ, ਜਿਸ ਨਾਲ ਆਉਣ ਵਾਲੀਆਂ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਕੁਝ ਲਾਭ ਹੋ ਸਕਦਾ ਹੈ। ਖਾਸ ਤੌਰ ’ਤੇ ਉਦੋਂ ਜਦੋਂ ਉਨ੍ਹਾਂ ਦੀ ਪ੍ਰਸਿੱਧੀ ਅਤੇ ਉਨ੍ਹਾਂ ਦੀ ਪਾਰਟੀ ਦਾ ਪ੍ਰਭਾਵ ਕੁਝ ਹੀ ਵਰਗ ਤੱਕ ਹੀ ਸੀਮਤ ਰਿਹਾ ਹੈ।
- ਵਿਜੇ ਕੁਮਾਰ
ਚਾਅ ’ਚ ਕੀਤੀ ਫਾਇਰਿੰਗ ਦਾ ਲਗਾਤਾਰ ਵਧਦਾ ਰੁਝਾਨ ਬਦਲ ਰਿਹਾ ਖੁਸ਼ੀ ਨੂੰ ਮਾਤਮ ’ਚ
NEXT STORY