26 ਮਈ 2014 ਨੂੰ ਨਰਿੰਦਰ ਮੋਦੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਚੰਗੇ ਦਿਨਾਂ ਦੀ ਉਮੀਦ ਬੱਝੀ ਸੀ ਪਰ ਖੁਦ ਕੇਂਦਰ ਅਤੇ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਹੀ ਵੱਖ-ਵੱਖ ਸਮੱਸਿਆਵਾਂ 'ਚ ਫਸਦੀਆਂ ਜਾ ਰਹੀਆਂ ਹਨ।
22 ਸਾਲਾ ਹਾਰਦਿਕ ਪਟੇਲ ਦੀ ਅਗਵਾਈ ਹੇਠ ਲੱਗਭਗ ਡੇਢ ਮਹੀਨੇ ਤੋਂ ਗੁਜਰਾਤ ਦੇ ਪਟੇਲ ਭਾਈਚਾਰੇ ਵੱਲੋਂ ਆਪਣੇ ਲਈ ਕਾਲਜਾਂ ਤੇ ਨੌਕਰੀਆਂ 'ਚ ਰਾਖਵੇਂਕਰਨ ਵਾਸਤੇ ਓ. ਬੀ. ਸੀ. ਸਟੇਟਸ ਦੀ ਮੰਗ ਨੂੰ ਲੈ ਕੇ ਚਲਾਇਆ ਜਾ ਰਿਹਾ ਅੰਦੋਲਨ ਹਿੰਸਕ ਰੂਪ ਅਖਤਿਆਰ ਕਰ ਗਿਆ ਹੈ। ਇਸ ਹਫਤੇ ਹੁਣ ਤਕ ਉਥੇ 100 ਤੋਂ ਜ਼ਿਆਦਾ ਥਾਵਾਂ 'ਤੇ ਹਿੰਸਕ ਘਟਨਾਵਾਂ 'ਚ 10 ਵਿਅਕਤੀਆਂ ਦੀ ਮੌਤ ਹੋਣ ਤੋਂ ਇਲਾਵਾ 150 ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਸੂਬੇ ਦੇ ਗ੍ਰਹਿ ਮੰਤਰੀ ਰਜਨੀ ਪਟੇਲ ਦੇ ਘਰ 'ਚ ਵੀ ਤੋੜ-ਭੰਨ ਕੀਤੀ ਗਈ।
ਇਸ ਨਾਲ ਹੁਣ ਤਕ 3500 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ। 13 ਸਾਲਾਂ ਬਾਅਦ ਅਹਿਮਦਾਬਾਦ 'ਚ ਫੌਜ ਬੁਲਾਉਣੀ ਪਈ ਤੇ ਇਕ ਦਰਜਨ ਸ਼ਹਿਰਾਂ 'ਚ ਕਰਫਿਊ ਲਗਾਉਣਾ, ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰਨਾ ਪਿਆ। ਪ੍ਰਧਾਨ ਮੰਤਰੀ ਵਲੋਂ ਸ਼ਾਂਤੀ ਦੀ ਅਪੀਲ ਦੇ ਬਾਵਜੂਦ ਹਿੰਸਾ ਜਾਰੀ ਰਹੀ। ਲੋਕਾਂ ਨੇ ਰੇਲ ਪਟੜੀਆਂ ਉਖਾੜ ਕੇ ਕੋਲੇ ਨਾਲ ਲੱਦੀ ਇਕ ਮਾਲ ਗੱਡੀ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਅਹਿਮਦਾਬਾਦ, ਮਹਿਸਾਣਾ, ਰਾਜਕੋਟ, ਜਾਮਨਗਰ, ਪਾਟਨ ਅਤੇ ਸੂਰਤ 'ਚ ਅੰਦੋਲਨ ਦਾ ਸਭ ਤੋਂ ਜ਼ਿਆਦਾ ਅਸਰ ਰਿਹਾ।
ਜਿਥੇ ਭਾਜਪਾ ਨੇ ਇਸ ਅੰਦੋਲਨ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ, ਉਥੇ ਹੀ ਹਾਰਦਿਕ ਪਟੇਲ ਨੇ ਇਸ ਦੇ ਜਵਾਬ 'ਚ ਭਾਜਪਾ ਦੇ ਉਪ ਪ੍ਰਧਾਨ ਪੁਰਸ਼ੋਤਮ ਰੂਪਾਲਾ ਅਤੇ ਵਿਹਿਪ ਨੇਤਾ ਪ੍ਰਵੀਨ ਤੋਗੜੀਆ ਨਾਲ ਆਪਣੀਆਂ ਫੋਟੋਆਂ ਜਾਰੀ ਕਰ ਦਿੱਤੀਆਂ ਹਨ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਰਾਜਦ ਸੁਪਰੀਮੋ ਲਾਲੂ ਯਾਦਵ ਨੇ ਪਟੇਲਾਂ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਆਪਣੇ ਲਈ ਵਿਸ਼ੇਸ਼ ਸਹੂਲਤਾਂ ਦੀ ਮੰਗ 'ਤੇ ਜ਼ੋਰ ਦੇਣ ਲਈ ਲੰਬੇ ਸਮੇਂ ਤੋਂ ਅੰਦੋਲਨ ਚਲਾਉਣ ਵਾਲੇ ਰਾਜਸਥਾਨ ਦੇ ਗੁੱਜਰ ਵੀ ਖੁੱਲ੍ਹ ਕੇ ਪਟੇਲਾਂ ਦੇ ਸਮਰਥਨ 'ਚ ਆ ਗਏ ਹਨ।
ਇਸੇ ਤਰ੍ਹਾਂ ਭਾਜਪਾ ਦੇ ਸ਼ਾਸਨ ਵਾਲੇ ਹਰਿਆਣਾ ਦੇ ਜਾਟਾਂ ਨੇ ਵੀ ਮਨੋਹਰ ਲਾਲ ਖੱਟੜ ਦੀ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਸਿੱਖਿਆ ਅਤੇ ਨੌਕਰੀਆਂ 'ਚ ਰਾਖਵੇਂਕਰਨ ਨੂੰ ਲਾਗੂ ਨਾ ਕਰਨ 'ਤੇ ਉਹ ਮੁੜ ਆਪਣਾ ਅੰਦੋਲਨ ਤੇਜ਼ ਕਰ ਦੇਣਗੇ।
ਮੱਧ ਪ੍ਰਦੇਸ਼ ਦੇ ਵਿਆਪਮ ਭਰਤੀ ਘਪਲੇ ਨੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੋਇਆ ਹੈ ਤੇ ਵਸੁੰਧਰਾ ਰਾਜੇ ਅਤੇ ਸੁਸ਼ਮਾ ਸਵਰਾਜ ਵੱਲੋਂ ਲਲਿਤ ਮੋਦੀ ਦੀ ਸਹਾਇਤਾ ਕਰਨ 'ਤੇ ਉੱਠੇ ਵਿਵਾਦ ਤੇ ਇਨ੍ਹਾਂ ਦੋਹਾਂ ਦੇ ਅਸਤੀਫੇ ਦੀ ਮੰਗ 'ਤੇ ਜ਼ੋਰ ਦੇਣ ਲਈ ਕਾਂਗਰਸ ਨੇ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਚੱਲਣ ਹੀ ਨਹੀਂ ਦਿੱਤਾ।
ਰੇਲਵੇ ਦੇ ਮੁਲਾਜ਼ਮ ਤਾਂ 'ਇਕ ਰੈਂਕ ਇਕ ਪੈਨਸ਼ਨ' ਦੀ ਮੰਗ ਕਰਦੇ ਆ ਹੀ ਰਹੇ ਹਨ, ਹੁਣ ਸਾਬਕਾ ਫੌਜੀਆਂ ਨਾਲ 'ਇਕ ਰੈਂਕ ਇਕ ਪੈਨਸ਼ਨ' ਲਾਗੂ ਕਰਨ ਦਾ ਕੀਤਾ ਵਾਅਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਗਲੇ ਦੀ ਹੱਡੀ ਬਣ ਗਿਆ ਹੈ।
ਸਾਬਕਾ ਫੌਜੀਆਂ ਦੇ ਮਰਨ ਵਰਤ 'ਚ ਦੋ ਹੋਰ ਸਾਬਕਾ ਫੌਜੀਆਂ ਤੋਂ ਇਲਾਵਾ ਸਾਬਕਾ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਦੀ ਧੀ ਵੀ ਸ਼ਾਮਿਲ ਹੋ ਗਈ ਹੈ ਤੇ ਅੰਦੋਲਨਕਾਰੀਆਂ ਨੇ ਸਰਕਾਰ ਦੀਆਂ ਤਿੰਨ ਨਵੀਆਂ ਸ਼ਰਤਾਂ ਠੁਕਰਾ ਕੇ ਉਸ ਨੂੰ ਮੁਸ਼ਕਿਲ 'ਚ ਫਸਾ ਦਿੱਤਾ ਹੈ।
ਅੰਦੋਲਨਕਾਰੀਆਂ ਅਨੁਸਾਰ ਸਰਕਾਰ 2011 ਨੂੰ ਆਧਾਰ ਵਰ੍ਹਾ ਮੰਨਣਾ ਚਾਹੁੰਦੀ ਹੈ ਤੇ ਤਿੰਨ ਫੀਸਦੀ ਸਾਲਾਨਾ ਵਾਧਾ ਵੀ ਨਹੀਂ ਦੇਣਾ ਚਾਹੁੰਦੀ। ਸਰਕਾਰ ਹੁਣ ਭੁਗਤਾਨ 1 ਅਪ੍ਰੈਲ 2015 ਤੋਂ ਕਰਨਾ ਚਾਹੁੰਦੀ ਹੈ ਜਦਕਿ ਇਸ ਤੋਂ ਪਹਿਲਾਂ ਉਹ 1 ਅਪ੍ਰੈਲ 2014 ਤੋਂ ਦੇਣ 'ਤੇ ਸਹਿਮਤ ਸੀ।
ਬਿਹਾਰ ਭਾਜਪਾ 'ਚ ਵੀ ਫੁੱਟ ਦੇ ਸੰਕੇਤ ਦਿਖਾਈ ਦੇ ਰਹੇ ਹਨ। ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਵਲੋਂ ਨਿਤੀਸ਼ ਕੁਮਾਰ ਨੂੰ 'ਵਿਕਾਸ ਪੁਰਸ਼' ਕਹਿਣ ਅਤੇ ਨਿਤੀਸ਼ ਦੀ ਰਿਹਾਇਸ਼ 'ਤੇ ਮੁਲਾਕਾਤ ਨੇ ਸ਼ਤਰੂਘਨ ਦੇ ਭਾਜਪਾ ਤੋਂ ਮੋਹ ਭੰਗ ਦੀਆਂ ਅਟਕਲਾਂ ਨੂੰ ਜਨਮ ਦੇ ਦਿੱਤਾ ਹੈ।
ਪਿਆਜ਼, ਦਾਲਾਂ, ਸਬਜ਼ੀਆਂ ਤੇ ਹੋਰ ਖਪਤਕਾਰ ਵਸਤਾਂ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਪਿਆਜ਼ 80 ਰੁਪਏ ਕਿੱਲੋ ਤੋਂ ਉੱਪਰ, ਟਮਾਟਰ 40 ਰੁਪਏ ਪ੍ਰਤੀ ਕਿੱਲੋ ਦੇ ਆਸਪਾਸ ਤੇ ਦਾਲਾਂ 150 ਰੁਪਏ ਕਿੱਲੋ ਜਾਂ ਉਸ ਤੋਂ ਉੱਪਰ ਪਹੁੰਚ ਗਈਆਂ ਹਨ।
ਇਹੋ ਨਹੀਂ, ਪਾਕਿਸਤਾਨ ਸਰਕਾਰ ਵੱਲੋਂ ਸਰਹੱਦ 'ਤੇ ਘੁਸਪੈਠ ਤੇ ਜੰਗਬੰਦੀ ਦੀ ਵਾਰ-ਵਾਰ ਉਲੰਘਣਾ, ਮਾਓਵਾਦੀਆਂ ਵੱਲੋਂ ਜਾਰੀ ਹਿੰਸਾ ਅਤੇ ਅੱਤਵਾਦੀਆਂ ਨਾਲ ਨਜਿੱਠਣ, ਨਸ਼ਿਆਂ ਤੇ ਹੋਰਨਾਂ ਮੁੱਦਿਆਂ 'ਤੇ ਮਤਭੇਦਾਂ ਕਾਰਨ ਜੰਮੂ-ਕਸ਼ਮੀਰ 'ਚ ਭਾਜਪਾ-ਪੀ. ਡੀ. ਪੀ. ਅਤੇ ਪੰਜਾਬ 'ਚ ਭਾਜਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ 'ਚ ਵੀ ਤਣਾਅ ਬਣਿਆ ਹੋਇਆ ਹੈ।
ਦੇਸ਼ ਦੇ ਲੋਕ ਤਾਂ ਚੰਗੇ ਦਿਨਾਂ ਦੀ ਉਡੀਕ ਕਰ ਰਹੇ ਹਨ ਪਰ ਚੰਗੇ ਦਿਨਾਂ ਦੀ ਗੱਲ ਤਾਂ ਇਕ ਪਾਸੇ, ਲੱਗਦਾ ਹੈ ਜਿਵੇਂ ਦੇਸ਼ 'ਚ ਚਲ ਰਹੇ ਵੱਖ-ਵੱਖ ਅੰਦੋਲਨਾਂ, ਸਰਹੱਦ ਪਾਰਲੇ ਸੰਕਟ ਅਤੇ ਪਾਰਟੀ ਦੇ ਅੰਦਰੂਨੀ ਕਲੇਸ਼ ਵਰਗੀਆਂ ਸਥਿਤੀਆਂ ਦਰਮਿਆਨ ਭਾਜਪਾ ਖੁਦ ਹੀ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਚੱਕਰਵਿਊ 'ਚ ਫਸਦੀ ਜਾ ਰਹੀ ਹੈ।
—ਵਿਜੇ ਕੁਮਾਰ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਭਾਰਤੀ ਰੇਲਾਂ ਆਈ. ਸੀ. ਯੂ. 'ਚ ਰੇਲ ਮੰਤਰੀ ਸੁਰੇਸ਼ ਪ੍ਰਭੂ ਦਾ ਬਿਆਨ
NEXT STORY