ਆਸਟ੍ਰੇਲੀਆ ਦੇ ਸੈਰ-ਸਪਾਟਾ ਵਿਭਾਗ ਅਨੁਸਾਰ 2016 ਦੌਰਾਨ ਵਿਸ਼ਵ ਭਰ 'ਚੋਂ 2.62 ਮਿਲੀਅਨ ਲੋਕ ਸੈਰ-ਸਪਾਟੇ ਦੇ ਮੌਸਮ ਦੌਰਾਨ 'ਗ੍ਰੇਟ ਬੈਰੀਅਰ ਰੀਫ' ਦੇਖਣ ਪਹੁੰਚੇ। ਯੂਨੈਸਕੋ ਵਲੋਂ ਸਾਲ 2014 'ਚ ਵਿਰਾਸਤੀ ਥਾਂ ਦੇ ਰੂਪ 'ਚ ਐਲਾਨੀ 25 ਮਿਲੀਅਨ ਸਾਲ ਪੁਰਾਣੀ ਗ੍ਰੇਟ ਬੈਰੀਅਰ ਰੀਫ ਨੂੰ ਚੌਗਿਰਦਾ ਮਾਹਿਰਾਂ ਵਲੋਂ ਮ੍ਰਿਤ ਐਲਾਨ ਦਿੱਤਾ ਗਿਆ ਸੀ ਪਰ ਆਸਟ੍ਰੇਲੀਆ ਸਰਕਾਰ ਨੇ ਇਥੇ ਪ੍ਰਦੂਸ਼ਣ ਘਟਾਉਣ ਲਈ ਚੌਗਿਰਦਾ ਸੁਧਾਰ ਲਾਗੂ ਕਰ ਕੇ ਅਤੇ ਸਮੁੰਦਰ ਦੇ ਪਾਣੀਆਂ ਨੂੰ ਗਰਮ ਹੋਣ ਦੇ ਕਾਰਨਾਂ ਨੂੰ ਖਤਮ ਕਰ ਕੇ ਇਸ ਨੂੰ 'ਸਜੀਵ' ਕਰ ਦਿੱਤਾ।
ਦੂਸਰੇ ਪਾਸੇ ਭਾਰਤ ਸਰਕਾਰ ਨੇ ਹੁਣ ਤਕ ਵੱਖ-ਵੱਖ ਸੰਗਠਨਾਂ ਵਲੋਂ ਧਾਰਮਿਕ ਅਤੇ ਚੌਗਿਰਦੇ ਦੇ ਆਧਾਰ 'ਤੇ ਵਿਰੋਧ ਕਰਨ ਦੇ ਬਾਵਜੂਦ ਰਾਮਸੇਤੂ ਦੇ ਦੁਆਲੇ ਖਾੜੀ ਵਿਚ ਜਹਾਜ਼ਰਾਨੀ ਮਾਰਗ ਕਾਇਮ ਕਰਨ ਲਈ ਮਨਜ਼ੂਰ ਬਹੁ-ਕਰੋੜੀ ਸੇਤੂ ਸਮੁਦਰਮ ਕੈਨਾਲ ਪ੍ਰਾਜੈਕਟ ਨੂੰ ਰੱਦ ਨਹੀਂ ਕੀਤਾ ਹੈ। ਸ਼੍ਰੀਲੰਕਾ ਦੇ ਉੱਤਰ-ਪੱਛਮੀ ਕੰਢੇ 'ਤੇ ਮਨਾਰ ਟਾਪੂਆਂ ਤੋਂ ਕੁਝ ਹੀ ਦੂਰ ਭਾਰਤ ਵਿਚ ਤਾਮਿਲਨਾਡੂ ਦੇ ਦੱਖਣ-ਪੂਰਬੀ ਕੰਢੇ 'ਤੇ ਪੰਬਨ ਦੀਪ ਨੂੰ ਰਾਮੇਸ਼ਵਰ ਦੀਪ ਵੀ ਕਿਹਾ ਜਾਂਦਾ ਹੈ ਪਰ 'ਰਾਮ ਦਾ ਪੁਲ' ਅਰਥਾਤ 'ਰਾਮਸੇਤੂ' ਨਾਂ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ।
ਇਨ੍ਹਾਂ ਸਮੁੰਦਰੀ ਢਾਂਚਿਆਂ 'ਤੇ ਕਾਫੀ ਸਮੇਂ ਤੋਂ ਵਿਵਾਦ ਰਿਹਾ ਹੈ ਅਤੇ ਸੇਤੂ ਸਮੁਦਰਮ ਪ੍ਰਾਜੈਕਟ ਤੋਂ ਬਾਅਦ ਖਾਸ ਤੌਰ 'ਤੇ ਇਹ ਵਿਸ਼ਾ ਵਿਵਾਦ ਦਾ ਕੇਂਦਰ ਰਿਹਾ ਹੈ। ਸੇਤੂ ਸਮੁਦਰਮ ਸ਼ਿਪਿੰਗ ਕੈਨਾਲ ਪ੍ਰਾਜੈਕਟ ਵਿਚ ਇਸ ਖੇਤਰ ਨੂੰ ਵੱਡੇ ਬੇੜਿਆਂ ਦੀ ਆਵਾਜਾਈ ਦੇ ਯੋਗ ਬਣਾਉਣਾ ਅਤੇ ਨਾਲ ਹੀ ਤੱਟਵਰਤੀ ਇਲਾਕਿਆਂ ਵਿਚ ਮੱਛੀ ਅਤੇ ਜਹਾਜ਼ਰਾਨੀ ਬੰਦਰਗਾਹ ਬਣਾਉਣ ਦੀ ਯੋਜਨਾ ਹੈ ਪਰ ਇਸ ਨੂੰ ਲੈ ਕੇ ਕੁਝ ਲੋਕਾਂ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ।
ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਰਾਮਸੇਤੂ ਭਗਵਾਨ ਰਾਮ ਅਤੇ ਉਨ੍ਹਾਂ ਦੀ ਵਾਨਰ ਸੈਨਾ ਵਲੋਂ ਬਣਾਇਆ ਗਿਆ ਪੁਲ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਤੋੜਿਆ ਨਹੀਂ ਜਾ ਸਕਦਾ। ਉਧਰ ਕੁਝ ਲੋਕਾਂ ਦਾ ਦਾਅਵਾ ਹੈ ਕਿ ਇਸ ਦਾ ਨਿਰਮਾਣ ਕੁਦਰਤੀ ਤੌਰ 'ਤੇ ਹੋਇਆ ਹੈ।
ਭੂ-ਗਰਭੀ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਪੁਲ ਅਤੀਤ 'ਚ ਭਾਰਤ ਤੇ ਲੰਕਾ ਵਿਚਾਲੇ ਪਹਿਲਾਂ ਹੀ ਜ਼ਮੀਨੀ ਸੰਪਰਕ ਸੀ। ਇਹ ਪੁਲ 50 ਕਿਲੋਮੀਟਰ ਲੰਬਾ ਹੈ ਅਤੇ ਕੁਝ ਰੇਤਲੇ ਕੰਢੇ ਸੁੱਕੇ ਹਨ ਤੇ ਇਸ ਖੇਤਰ ਵਿਚ ਸਮੁੰਦਰ 1 ਤੋਂ 10 ਮੀਟਰ ਤਕ ਡੂੰਘਾ ਹੈ।
15ਵੀਂ ਸਦੀ 'ਚ ਸਮੁੰਦਰੀ ਤੂਫਾਨਾਂ ਵਲੋਂ ਇਸ ਮਾਰਗ ਨੂੰ ਡੂੰਘਾ ਕੀਤੇ ਜਾਣ ਤਕ ਇਹ ਪੁਲ ਪੈਦਲ ਆਉਣ-ਜਾਣ ਦੇ ਯੋਗ ਸੀ। ਇਸ ਪੁਲ ਦਾ ਸਭ ਤੋਂ ਪਹਿਲਾ ਵਰਣਨ ਈਸਾ ਪੂਰਵ 1500 ਦੇ ਲੱਗਭਗ ਰਚੀ ਗਈ ਭਗਵਾਨ ਵਾਲਮੀਕਿ ਜੀ ਦੀ 'ਰਾਮਾਇਣ' ਵਿਚ ਕੀਤਾ ਗਿਆ ਸੀ।
9ਵੀਂ ਸਦੀ ਵਿਚ ਆਪਣੀ ਕਿਤਾਬ 'ਬੁੱਕ ਆਫ ਰੋਡਸ ਐਂਡ ਕਿੰਗਡਮਸ' ਵਿਚ ਇਬਨ ਖੋਰਦਾਬੇਚ ਨੇ 'ਸੇਤਬੰਧਈ' ਜਾਂ 'ਸਮੁੰਦਰ ਦਾ ਪੁਲ' ਦਾ ਵਰਣਨ ਕੀਤਾ ਸੀ। ਡੱਚ ਨਕਸ਼ਾ ਨਵੀਸ ਵਲੋਂ 1747 ਵਿਚ ਬਣਾਏ ਗਏ ਨਕਸ਼ੇ ਵਿਚ ਇਸ ਢਾਂਚੇ ਦਾ ਵਰਣਨ ਹੈ, ਜੋ ਅਜੇ ਵੀ ਤੰਜਾਵੁਰ ਸਥਿਤ 'ਸਰਸਵਤੀ ਮਹੱਲ ਪੁਸਤਕਾਲਯਾ' ਵਿਚ ਉਪਲੱਬਧ ਹੈ।
ਮਾਰਕੋਪੋਲੋ ਨੇ ਵੀ ਇਸ ਪੁਲ ਦਾ ਵਰਣਨ ਕੀਤਾ ਹੈ ਅਤੇ ਅਸਲ ਵਿਚ ਅਜਿਹਾ ਮੰਨਿਆ ਜਾਂਦਾ ਹੈ ਕਿ 1480 'ਚ ਇਕ ਚੱਕਰਵਾਤ ਵਲੋਂ ਤਬਾਹ ਕਰ ਦਿੱਤੇ ਜਾਣ ਤਕ ਇਹ ਸਮੁੰਦਰ ਤਲ ਦੇ ਉਪਰ ਮੌਜੂਦ ਸੀ।
ਮੁੱਢਲੇ ਇਸਲਾਮੀ ਸੋਮਿਆਂ 'ਚ ਸ਼੍ਰੀਲੰਕਾ ਵਿਚ ਇਕ ਪਹਾੜ ਦਾ ਵਰਣਨ ਆਦਮ ਦੀ ਚੋਟੀ ਦੇ ਰੂਪ ਵਿਚ ਕੀਤਾ ਗਿਆ ਸੀ ਅਤੇ ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਇਸੇ ਤੋਂ ਹੇਠਾਂ ਡਿਗ ਕੇ ਆਦਮ ਨੇ ਇਸ ਨੂੰ 'ਆਦਮ ਦੀ ਚੋਟੀ' ਨਾਂ ਦੇ ਕੇ ਭਾਰਤ ਦਾ ਰੁਖ਼ ਕੀਤਾ ਸੀ ਅਤੇ ਬ੍ਰਿਟਿਸ਼ ਇਤਿਹਾਸਕਾਰ ਤੇ ਨਕਸ਼ਾ ਨਵੀਸ ਇਸ ਨੂੰ ਇਸੇ ਨਾਂ ਨਾਲ ਪੁਕਾਰਦੇ ਸਨ, ਉਸੇ ਤਰ੍ਹਾਂ ਅਲਬਰੂਨੀ ਨੇ ਇਸ ਨੂੰ 'ਆਦਮ ਦਾ ਪੁਲ' (ਐਡਮਸ ਬ੍ਰਿਜ) ਕਿਹਾ ਸੀ।
ਹਾਲਾਂਕਿ ਸੈਟੇਲਾਈਟ ਦੇ ਰਿਮੋਟ ਸੈਂਸਿੰਗ ਡਾਟਾ ਰਾਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਢਾਂਚਾ ਲੱਗਭਗ 7 ਹਜ਼ਾਰ ਅਤੇ 18 ਹਜ਼ਾਰ ਸਾਲ ਪੂਰਵ ਦੇ ਵਿਚਾਲੇ ਬਣਾਇਆ ਗਿਆ ਹੋਵੇਗਾ ਪਰ ਇਸ ਸੰਬੰਧ ਵਿਚ ਜ਼ਿਆਦਾ ਖੋਜ ਨਹੀਂ ਕੀਤੀ ਗਈ ਹੈ।
ਜੇਕਰ ਕੋਈ ਹੋਰ ਦੇਸ਼ ਹੁੰਦਾ ਤਾਂ ਆਪਣੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਇਸ ਪੁਲ ਨੂੰ ਸੈਰ-ਸਪਾਟਾ ਉਤਸ਼ਾਹ ਦਾ ਵੱਡਾ ਮਾਧਿਅਮ ਬਣਾ ਸਕਦਾ ਸੀ। ਆਪਣੀ ਪ੍ਰਕਿਰਤੀ ਅਤੇ ਭੂਗੋਲਿਕ ਮਹੱਤਤਾ ਕਾਰਨ ਪੁਰਾਤੱਤਵ ਮਾਹਿਰ ਹੀ ਨਹੀਂ ਸਗੋਂ ਇਤਿਹਾਸਕਾਰ ਵੀ ਇਸ 'ਤੇ ਵੱਡੀ ਖੋਜ ਕਰਦੇ।
ਭਾਰਤ ਸਰਕਾਰ ਤੇ ਵੱਖ-ਵੱਖ ਸਰਕਾਰੀ ਸੰਗਠਨਾਂ ਵਿਚ ਇਸ ਮਾਮਲੇ 'ਚ ਰੁਚੀ ਦੀ ਦੁਖਦਾਈ ਹੱਦ ਤਕ ਘਾਟ ਹੈ। ਪ੍ਰਸੰਗਵਸ 'ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ' (ਆਈ. ਸੀ. ਐੱਚ. ਆਰ.) ਨੇ ਸਮੁੰਦਰੀ ਪੁਰਾਤੱਤਵ 'ਤੇ 15-30 ਰਿਸਰਚਰਾਂ ਨੂੰ ਇਸ ਸੰਬੰਧ ਵਿਚ ਦੋ ਹਫਤਿਆਂ ਦੀ ਟਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਨੁਸਾਰ ਇਸ ਵਿਚ ਕੋਈ ਮੰਤਰਾਲਾ ਸ਼ਾਮਲ ਨਹੀਂ ਹੈ ਅਤੇ ਇਸ ਪ੍ਰਾਜੈਕਟ ਦਾ ਉਦੇਸ਼ ਇਸ ਢਾਂਚੇ ਨੂੰ ਸਮਝਣਾ ਹੈ। ਸ਼ਾਇਦ ਸੈਰ-ਸਪਾਟਾ ਵਿਭਾਗ, ਏ. ਐੱਸ. ਆਈ. (ਭਾਰਤੀ ਪੁਰਾਤੱਤਵ ਵਿਭਾਗ) ਅਤੇ ਇਤਿਹਾਸਕਾਰਾਂ ਨੂੰ ਇਕ ਮੰਚ 'ਤੇ ਆ ਕੇ ਨਾ ਸਿਰਫ ਆਪਣੀਆਂ ਮਹਾਨ ਇਤਿਹਾਸਕ ਯਾਦਗਾਰਾਂ ਨੂੰ ਸਮਝਣ ਦੀ ਲੋੜ ਹੈ ਸਗੋਂ ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਵਿਸ਼ਵ ਨੂੰ ਇਨ੍ਹਾਂ ਦੀ ਵਿਸ਼ੇਸ਼ਤਾ ਦਰਸਾਉਣ ਦੀ ਵੀ ਲੋੜ ਹੈ।
ਭਾਰਤ 'ਚ ਇਹ ਕੀ ਕਰ ਰਹੇ ਹੋ! ਇਹ ਕੀ ਹੋ ਰਿਹਾ ਹੈ!!
NEXT STORY