ਕੇਰਲ ’ਚ ਸ਼ੈਵ ਅਤੇ ਵੈਸ਼ਣਵਾਂ ਵਿਚਾਲੇ ਵਧਦੀ ਨਫਰਤ ਕਾਰਨ ਇਕ ਵਿਚਲੇ ਰਾਹ ਦੇ ਰੂਪ ’ਚ ਅਯੱਪਾ ਸਵਾਮੀ ਦਾ ਸਬਰੀਮਾਲਾ ਮੰਦਿਰ ਬਣਾਇਆ ਗਿਆ ਸੀ, ਜੋ ਇਨ੍ਹੀਂ ਦਿਨੀਂ ਔਰਤਾਂ ਦੇ ਦਾਖਲੇ ’ਤੇ ਪਾਬੰਦੀ ਨੂੰ ਲੈ ਕੇ ਚਰਚਾ ’ਚ ਹੈ।
ਅਯੱਪਾ ਸਵਾਮੀ ਨੂੰ ਬ੍ਰਹਮਚਾਰੀ ਮੰਨਿਆ ਗਿਆ ਹੈ। ਇਸੇ ਕਾਰਨ ਮੰਦਿਰ ’ਚ 10 ਤੋਂ 50 ਸਾਲ ਦੀ ਉਮਰ ਦੀਆਂ ਉਨ੍ਹਾਂ ਔਰਤਾਂ ਦਾ ਦਾਖਲਾ ਮਨ੍ਹਾ ਸੀ, ਜਿਨ੍ਹਾਂ ਨੂੰ ਮਾਹਵਾਰੀ ਆ ਸਕਦੀ ਸੀ। ਮੰਦਿਰ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮੰਦਿਰ ਦਾ ਨਿਰਮਾਣ ਰਾਜਾ ਰਾਜਸ਼ੇਖਰ ਨੇ ਕਰਵਾਇਆ ਸੀ, ਜਿਨ੍ਹਾਂ ਨੂੰ ਪੰਬਾ ਨਦੀ ਦੇ ਕਿਨਾਰੇ ਅਯੱਪਾ ਭਗਵਾਨ ਬਾਲ ਰੂਪ ’ਚ ਮਿਲੇ ਸਨ। ਉਹ ਉਨ੍ਹਾਂ ਨੂੰ ਆਪਣੇ ਨਾਲ ਮਹੱਲ ’ਚ ਲੈ ਆਏ ਸਨ ਅਤੇ ਇਸ ਤੋਂ ਕੁਝ ਸਮੇਂ ਬਾਅਦ ਹੀ ਰਾਣੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ।
ਅਯੱਪਾ ਦੇ ਵੱਡੇ ਹੋਣ ’ਤੇ ਰਾਜਾ ਉਨ੍ਹਾਂ ਨੂੰ ਸ਼ਾਸਨ ਸੌਂਪਣਾ ਚਾਹੁੰਦੇ ਸਨ ਪਰ ਰਾਣੀ ਇਸ ਦੇ ਲਈ ਤਿਆਰ ਨਹੀਂ ਸੀ। ਰਾਣੀ ਨੇ ਇਕ ਵਾਰ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਕਿਹਾ ਕਿ ਉਸ ਦੀ ਬੀਮਾਰੀ ਸਿਰਫ ਸ਼ੇਰਨੀ ਦੇ ਦੁੱਧ ਨਾਲ ਹੀ ਠੀਕ ਹੋ ਸਕਦੀ ਹੈ।
ਅਯੱਪਾ ਜੀ ਜੰਗਲ ’ਚ ਦੁੱਧ ਲੈਣ ਚਲੇ ਗਏ। ਉਥੇ ਉਨ੍ਹਾਂ ਦਾ ਸਾਹਮਣਾ ਇਕ ਰਾਖਸ਼ਸੀ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ ਮਾਰ ਦਿੱਤਾ। ਖੁਸ਼ ਹੋ ਕੇ ਇੰਦਰ ਨੇ ਉਨ੍ਹਾਂ ਨਾਲ ਸ਼ੇਰਨੀ ਨੂੰ ਮਹੱਲ ’ਚ ਭੇਜ ਦਿੱਤਾ। ਸ਼ੇਰਨੀ ਨੂੰ ਉਨ੍ਹਾਂ ਨਾਲ ਦੇਖ ਕੇ ਲੋਕਾਂ ਨੂੰ ਬਹੁਤ ਹੈਰਾਨੀ ਹੋਈ।
ਇਸ ਤੋਂ ਬਾਅਦ ਪਿਤਾ ਨੇ ਅਯੱਪਾ ਨੂੰ ਰਾਜਾ ਬਣਨ ਲਈ ਕਿਹਾ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਅਤੇ ਗਾਇਬ ਹੋ ਗਏ। ਦੁਖੀ ਹੋ ਕੇ ਉਨ੍ਹਾਂ ਦੇ ਪਿਤਾ ਨੇ ਭੋਜਨ ਤਿਆਗ ਦਿੱਤਾ। ਇਸ ’ਤੇ ਭਗਵਾਨ ਅਯੱਪਾ ਨੇ ਪਿਤਾ ਨੂੰ ਦਰਸ਼ਨ ਦਿੱਤੇ ਅਤੇ ਇਸ ਜਗ੍ਹਾ ’ਤੇ ਆਪਣਾ ਮੰਦਿਰ ਬਣਵਾਉਣ ਲਈ ਕਿਹਾ, ਜੋ ਤਿਰੂਅਨੰਤਪੁਰਮ ਤੋਂ 175 ਕਿਲੋਮੀਟਰ ਦੂਰ ਪਹਾੜੀਆਂ ’ਤੇ ਹੈ।
ਇਸ ਮੰਦਿਰ ’ਚ ਸ਼ਰਧਾਲੂ ਸਿਰ ’ਤੇ ਪੋਟਲੀ ਰੱਖ ਕੇ ਪਹੁੰਚਦੇ ਹਨ। ਮਾਨਤਾ ਹੈ ਕਿ ਇਥੇ ਤੁਲਸੀ ਜਾਂ ਰੁਦਰਾਕਸ਼ ਦੀ ਮਾਲਾ ਪਹਿਨ ਕੇ, ਵਰਤ ਰੱਖ ਕੇ ਅਤੇ ਸਿਰ ’ਤੇ ਪ੍ਰਸ਼ਾਦ ਰੱਖ ਕੇ ਆਉਣ ਵਾਲੇ ਸ਼ਰਧਾਲੂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਜਿਥੋਂ ਤਕ ਮੰਦਿਰ ’ਚ ਔਰਤਾਂ ਦੇ ਦਾਖਲੇ ’ਤੇ ਪਾਬੰਦੀ ਦਾ ਸਬੰਧ ਹੈ, 1987 ’ਚ ਅਭਿਨੇਤਰੀ ਜਯਮਾਲਾ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਆਪਣੇ ਪਤੀ ਨਾਲ ਮੰਦਿਰ ’ਚ ਦਰਸ਼ਨ ਕਰਨ ਗਈ ਤਾਂ ਭੀੜ ’ਚ ਧੱਕਾ ਲੱਗਣ ਕਰ ਕੇ ਉਹ ਗਰਭ ਗ੍ਰਹਿ ’ਚ ਪਹੁੰਚ ਗਈ ਤੇ ਭਗਵਾਨ ਅਯੱਪਾ ਦੇ ਚਰਨਾਂ ’ਚ ਡਿੱਗ ਗਈ।
ਜਯਮਾਲਾ ਦੇ ਇਸ ਦਾਅਵੇ ’ਤੇ ਹੰਗਾਮਾ ਹੋਣ ਤੋਂ ਬਾਅਦ ਮੰਦਿਰ ’ਚ ਔਰਤਾਂ ਦਾ ਦਾਖਲਾ ਵਰਜਿਤ ਹੋਣ ਦੇ ਮੁੱਦੇ ’ਤੇ ਲੋਕਾਂ ਦਾ ਧਿਆਨ ਗਿਆ ਤੇ 2006 ’ਚ ਸੂਬੇ ਦੇ ‘ਯੁਵਾ ਵਕੀਲ ਸੰਘ’ ਨੇ ਸੁਪਰੀਮ ਕੋਰਟ ’ਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ।
7 ਨਵੰਬਰ 2017 ਨੂੰ ਸੁਪਰੀਮ ਕੋਰਟ ਨੇ ਇਸ ’ਤੇ ਕਿਹਾ ਕਿ ਉਹ ਸਬਰੀਮਾਲਾ ਮੰਦਿਰ ’ਚ ਹਰ ਉਮਰ ਦੀਆਂ ਔਰਤਾਂ ਨੂੰ ਦਾਖਲਾ ਦੇਣ ਦੇ ਪੱਖ ’ਚ ਹੈ। ਆਖਿਰ 28 ਸਤੰਬਰ 2018 ਨੂੰ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਸਬਰੀਮਾਲਾ ਮੰਦਿਰ ’ਚ ਔਰਤਾਂ ਨੂੰ ਦਾਖਲੇ ਦੀ ਇਜਾਜ਼ਤ ਦੇ ਦਿੱਤੀ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸਾਡੀ ਸੱਭਿਅਤਾ ’ਚ ਔਰਤਾਂ ਦਾ ਸਥਾਨ ਆਦਰਯੋਗ ਹੈ। ਇਥੇ ਔਰਤਾਂ ਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੈ ਪਰ ਮੰਦਿਰ ’ਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜੋ ਸਵੀਕਾਰਯੋਗ ਨਹੀਂ ਹੈ।
ਬੇਸ਼ੱਕ ਕੇਰਲ ਦੀ ਪਿਨਰਾਈ ਵਿਜਯਨ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਖੜ੍ਹੀ ਹੈ ਅਤੇ ਇਸ ਨੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਮੁੜ ਵਿਚਾਰ ਪਟੀਸ਼ਨ ਦਾਇਰ ਨਾ ਕਰਨ ਦਾ ਫੈਸਲਾ ਦੁਹਰਾਇਆ ਹੈ ਪਰ ਸ਼ਿਵ ਸੈਨਾ ਦੀ ਕੇਰਲ ਇਕਾਈ ਨੇ ਮੰਦਿਰ ’ਚ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਦਾਖਲਾ ਦੇਣ ’ਤੇ ਆਪਣੇ ਵਰਕਰਾਂ ਵਲੋਂ ਸਮੂਹਿਕ ਖੁਦਕੁਸ਼ੀਆਂ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ।
ਇਹੋ ਨਹੀਂ, ਮਾਸਿਕ ਪੂਜਾ ਲਈ ਬੁੱਧਵਾਰ ਨੂੰ ਮੰਦਿਰ ਖੁੱਲ੍ਹਣ ਤੋਂ ਪਹਿਲਾਂ ਹੀ ਮੰਦਿਰ ਦਾ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ‘ਨਿਲਾਕਲ’ ਵਿਚ ਤਣਾਅ ਪੈਦਾ ਹੋ ਗਿਆ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੰਦਿਰ ਦੇ ਦਰਵਾਜ਼ੇ ਪਹਿਲੀ ਵਾਰ ਬੁੱਧਵਾਰ ਸ਼ਾਮ ਨੂੰ ਖੁੱਲ੍ਹਣ ਵਾਲੇ ਸਨ, ਜੋ 5 ਦਿਨਾਂ ਦੀ ਮਾਸਿਕ ਪੂਜਾ ਤੋਂ ਬਾਅਦ 22 ਅਕਤੂਬਰ ਨੂੰ ਫਿਰ ਬੰਦ ਹੋ ਜਾਣਗੇ।
ਫਿਲਹਾਲ ਸਬਰੀਮਾਲਾ ਮੰਦਿਰ ’ਚ ਔਰਤਾਂ ਨੂੰ ਦਾਖਲੇ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਹੁਕਮ ਦੇ ਵਿਰੋਧ ’ਚ ਬੁੱਧਵਾਰ ਨੂੰ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਪੁਲਸ ਦੇ ਲਾਠੀਚਾਰਜ ਤੇ ਝੜਪਾਂ ਦੌਰਾਨ ਸੈਂਕੜੇ ਮੁਜ਼ਾਹਰਾਕਾਰੀ ਸ਼ਰਧਾਲੂ ਤੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਦੋਵੇਂ ਪਾਸਿਓਂ ਖੂਬ ਪਥਰਾਅ ਕੀਤਾ ਗਿਆ।
ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਖੂਬ ਲਾਠੀਆਂ ਵਰ੍ਹਾਈਆਂ ਅਤੇ ਕਈ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ। ਇਸ ਦਰਮਿਆਨ ਸ਼ਾਮ 5 ਵਜੇ ਮਾਸਿਕ ਪੂਜਾ ਲਈ ਮੰਦਿਰ ਨੂੰ ਖੋਲ੍ਹ ਦਿੱਤਾ ਗਿਆ।
ਕਿਉਂਕਿ ਹਿੰਦੂ ਧਰਮ ’ਚ ਔਰਤਾਂ ਨੂੰ ਸਨਮਾਨਜਨਕ ਦਰਜਾ ਪ੍ਰਾਪਤ ਹੈ ਅਤੇ ਧਾਰਮਿਕ ਆਯੋਜਨਾਂ ’ਚ ਔਰਤਾਂ ਦੀ ਮੌਜੂਦਗੀ ਹੀ ਜ਼ਿਆਦਾ ਹੁੰਦੀ ਹੈ ਅਤੇ ਉਹ ਮਰਦਾਂ ਨੂੰ ਧਾਰਮਿਕ ਆਯੋਜਨਾਂ ’ਚ ਲਿਆਉਣ ਲਈ ਇਕ ਪ੍ਰੇਰਣਾਸਰੋਤ ਵਰਗੀ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ, ਇਸ ਲਈ ਸਬਰੀਮਾਲਾ ਮੰਦਿਰ ’ਚ ਔਰਤਾਂ ਦੇ ਦਾਖਲੇ ’ਤੇ ਪਾਬੰਦੀ ਅਤੇ ਇਸ ਮੁੱਦੇ ਨੂੰ ਲੈ ਕੇ ਝੜਪਾਂ ਤੇ ਲਾਠੀਚਾਰਜ ਆਦਿ ਨੂੰ ਕਿਸੇ ਵੀ ਨਜ਼ਰੀਏ ਤੋਂ ਠੀਕ ਨਹੀਂ ਕਿਹਾ ਜਾ ਸਕਦਾ।
ਹੁਣ ਜਦੋਂ ਦੇਰ ਤੋਂ ਚੱਲੇ ਆ ਰਹੇ ਇਸ ਵਿਵਾਦ ’ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਸੂਬਾ ਸਰਕਾਰ ਨੇ ਉਸ ਨੂੰ ਮੰਨ ਵੀ ਲਿਆ ਹੈ, ਇਸ ਲਈ ਕਿਸੇ ਵੀ ਧਿਰ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਅਤੇ ਹੁਕਮ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
–ਵਿਜੇ ਕੁਮਾਰ
ਨੌਜਵਾਨਾਂ ’ਚ ਅੰਤਰਜਾਤੀ ਵਿਆਹਾਂ ਪ੍ਰਤੀ ਵਧ ਰਿਹਾ ‘ਸ਼ਲਾਘਾਯੋਗ ਰੁਝਾਨ’
NEXT STORY